ਵਿਦੇਸ਼ ਬੈਠੇ ਸਾਡੇ ਪੁੱਤ ਦਾ ਬੰਬ ਧਮਾਕਿਆਂ ਪਿਛੇ ਕੋਈ ਹੱਥ ਨਹੀਂ -ਪਿਤਾ ਜੋਗਿੰਦਰ ਸਿੰਘ
ਅੰਮ੍ਰਿਤਸਰ ਟਾਈਮਜ਼ ਬਿਊਰੋ
ਝਬਾਲ- ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਧਮਾਕੇ ਕਰਨ ਦੇ ਮਾਮਲੇ 'ਚ ਪੀਲੀਭੀਤ ਦੇ ਪੂਰਨਪੁਰ ਖੇਤਰ ਵਿਚ ਪੰਜਾਬ ਤੇ ਯੂ.ਪੀ. ਪੁਲਿਸ ਦੀ ਸਾਂਝੀ ਟੀਮ ਵਲੋਂ ਐਨਕਾਉਂਟਰ ਕੀਤੇ ਗਏ ਤਿੰਨ ਨੌਜਵਾਨਾਂ ਦੇ ਸਬੰਧ ਖਾਲਿਸਤਾਨ ਕਮਾਂਡੋ ਫੋਰਸ ਤੇ ਪੁਲਿਸ ਵਲੋਂ ਇਨ੍ਹਾਂ ਧਮਾਕਿਆਂ ਪਿੱਛੇ ਯੂ.ਕੇ. ਦੀ ਬਿ੍ਟਿਸ਼ ਆਰਮੀ ਵਿਚ ਤਾਇਨਾਤ ਜਗਜੀਤ ਸਿੰਘ ਵਾਸੀ ਮੀਆਂਪੁਰ ਦਾ ਹੱਥ ਹੋਣ ਸੰਬੰਧੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਜਗਜੀਤ ਸਿੰਘ ਦੇ ਬਜ਼ੁਰਗ ਪਿਤਾ ਜੋਗਿੰਦਰ ਸਿੰਘ ਤੇ ਮਾਤਾ ਬਲਵਿੰਦਰ ਕੌਰ ਨੇ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਜਾਣਬੁਝ ਕੇ ਉਨ੍ਹਾਂ ਦੇ ਪੁੱਤਰ ਦਾ ਨਾਂਅ ਇਨ੍ਹਾਂ ਧਮਾਕਿਆਂ ਨਾਲ ਜੋੜਿਆ ਜਾ ਰਿਹਾ ਹੈ ।ਭਾਰਤੀ ਫੌਜ ਵਿਚ ਸੇਵਾਵਾਂ ਦੇ ਚੁੱਕੇ ਸਾਬਕਾ ਫੌਜੀ ਜੋਗਿੰਦਰ ਸਿੰਘ ਨੇ ਦੱਸਿਆ 2010 ਵਿਚ ਉਸ ਦਾ ਲੜਕਾ ਜਗਜੀਤ ਸਿੰਘ ਇੰਗਲੈਂਡ ਵਿਚ ਸਾਫਟਵੇਅਰ ਇੰਜੀਨਿਅਰ ਦੀ ਪੜ੍ਹਾਈ ਕਰਨ ਲਈ ਗਿਆ ਸੀ ।ਪੜ੍ਹਾਈ ਤੋਂ ਬਾਅਦ ਉਹ 2012 ਵਿਚ ਬਿ੍ਟਿਸ਼ ਆਰਮੀ ਵਿਚ ਭਰਤੀ ਹੋ ਗਿਆ ।2012 ਵਿਚ ਉਸ ਨੇ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੋ ਕੇ ਅੰਤਰਜਾਤੀ ਵਿਆਹ ਕਰਵਾ ਲਿਆ ਸੀ |
ਜਿਸ ਕਰਕੇ ਉਨ੍ਹਾਂ ਨੇ ਆਪਣੇ ਲੜਕੇ ਨਾਲ ਬੋਲਚਾਲ ਬੰਦ ਕਰਕੇ ਉਸ ਨੂੰ ਬੇਦਖ਼ਲ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਉਹ ਖੁਦ ਭਾਰਤੀ ਫੌਜ ਵਿਚ ਨੌਕਰੀ ਕਰਕੇ ਆਇਆ ਹੈ ਤੇ ਉਨ੍ਹਾਂ ਦਾ ਪਿਤਾ ਵੀ ਸੁਤੰਤਰਤਾ ਸੈਨਾਨੀ ਰਿਹਾ ਹੈ ।ਮਾਤਾ ਬਲਵਿੰਦਰ ਕੌਰ ਨੇ ਆਪਣੇ ਪੁੱਤ ਨੂੰ ਨਿਰਦੋਸ਼ ਦੱਸਦਿਆ ਕਿਹਾ ਕਿ ਵਿਦੇਸ਼ ਵਿਚ ਆਪਣੀ ਰੋਜ਼ੀ ਰੋਟੀ ਕਮਾ ਰਹੇ ਉਸ ਦੇ ਪੁੱਤ ਨੂੰ ਪੰਜਾਬ ਪੁਲਿਸ ਵਲੋਂ ਝੂਠਾ ਹੀ ਬੰਬ ਧਮਾਕਿਆਂ ਨਾਲ ਜੋੜਿਆ ਜਾ ਰਿਹਾ । ਜਦੋਂਕਿ ਉਨ੍ਹਾਂ ਦੇ ਪੁੱਤ ਦਾ ਖਾੜਕੂ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਹੈ।











Comments (0)