ਬਾਜਵਾ ਵਿਰੁੱਧ ਆਪ ਸਰਕਾਰ ਦੀ ਕਾਰਵਾਈ ਨੇ ਕਾਂਗਰਸ ਲੀਡਰਸ਼ਿਪ ਕੀਤੀ ਇਕਮੁੱਠ
ਬਾਜਵਾ ਦੇ ਸੂਬੇ ਵਿਚ 50 ਬੰਬ ਆਉਣ ਬਾਰੇ ਦਿੱਤੇ ਗਏ ਬਿਆਨ ਕਾਰਨ ਸਿਆਸੀ ਹਲਚਲ ਮੱਚੀ
*ਅਕਾਲੀ ਤੇ ਭਾਜਪਾ ਆਗੂਆਂ ਨੇ ਵੀ ਪੁਲਿਸ ਕਾਰਵਾਈ ਦੀ ਕੀਤੀ ਨਿੰਦਾ
* 'ਆਪ' ਵਲੋਂ ਅਮਨ ਅਰੋੜਾ ਦੀ ਅਗਵਾਈ ਵਿਚ ਬਾਜਵਾ ਖਿਲਾਫ ਰੋਸ ਪ੍ਰਦਰਸ਼ਨ
*ਬੰਬਾਂ ਦੀ ਕਹਾਣੀ ਘੜ ਕੇ ਪੰਜਾਬੀਆਂ ਵਿਚ ਦਹਿਸ਼ਤ ਫੈਲਾ ਰਹੇ ਹਨ ਬਾਜਵਾ : ਮੁੱਖ ਮੰਤਰੀ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਕ ਇੰਟਰਵਿਊ ਦੌਰਾਨ ਸੂਬੇ ਵਿਚ 50 ਬੰਬ ਆਉਣ ਬਾਰੇ ਦਿੱਤੇ ਗਏ ਬਿਆਨ ਕਾਰਨ ਉਨ੍ਹਾਂ ’ਤੇ ਐੱਫਆਈਆਰ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ ਹੈ। ਬਾਜਵਾ ਦਾ ਇਹ ਬਿਆਨ ਉਦੋਂ ਆਇਆ ਜਦੋਂ ਸੂਬੇ ਵਿਚ ਲਗਾਤਾਰ ਗ੍ਰਨੇਡ ਹਮਲਿਆਂ ਕਾਰਨ ਸੁਰੱਖਿਆ ਪ੍ਰਬੰਧ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਜਲੰਧਰ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਧਮਾਕੇ ਤੋਂ ਬਾਅਦ ‘ਆਪ’ ਸਰਕਾਰ ਲਈ ਸੁਰੱਖਿਆ ਪ੍ਰਬੰਧ ਪੁਖਤਾ ਕਰਨੇ ਚੁਣੌਤੀ ਬਣੇ ਹੋਏ ਹਨ।
ਬਾਜਵਾ ਦੇ ਬਿਆਨ ਮਗਰੋਂ ਸਰਕਾਰ ਲਗਾਤਾਰ ਉਨ੍ਹਾਂ ਕੋਲੋਂ ਸਨਸਨੀਖੇਜ਼ ਖ਼ੁਲਾਸੇ ਦੇ ਸਰੋਤ ਬਾਰੇ ਪੁੱਛਣ ਦਾ ਯਤਨ ਕਰ ਰਹੀ ਹੈ। ਅਧਿਕਾਰੀਆਂ ਵੱਲੋਂ ਮੋਹਾਲੀ ਦੇ ਸਾਈਬਰ ਥਾਣੇ ਵਿਚ ਉਨ੍ਹਾਂ ਨੂੰ ਸਵਾਲ-ਜਵਾਬ ਕੀਤੇ ਗਏ। ਇਸ ਪੁੱਛਗਿੱਛ ਦੌਰਾਨ ਥਾਣੇ ਦੇ ਬਾਹਰ ਕਾਂਗਰਸ ਤੇ ‘ਆਪ’ ਦੇ ਵਰਕਰਾਂ ਨੇ ਇਕ-ਦੂਜੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਤੋਹਮਤਬਾਜ਼ੀ ਕੀਤੀ ਹੈ। ਸੂਬੇ ਵਿਚ 50 ਬੰਬ ਆਏ, 18 ਚੱਲੇ ਤੇ 32 ਬਾਕੀ ਹਨ’ ਵਾਲੇ ਬਾਜਵਾ ਦੇ ਇਸ ਬਿਆਨ ਨੇ ਸੂਬੇ ਵਿਚ ਨਵਾਂ ਮੁੱਦਾ ਤਾਂ ਛੇੜਿਆ ਹੀ ਹੈ, ਇਸ ਦੇ ਨਾਲ ਹੀ ਵਿਰੋਧੀਆਂ ਨੂੰ ਜ਼ਰੂਰ ਇਕ ਮੰਚ ’ਤੇ ਇਕੱਠੇ ਕਰ ਦਿੱਤਾ ਹੈ।
ਲੁਧਿਆਣਾ ਦੀ ਜ਼ਿਮਨੀ ਚੋਣ ਵੀ ਸਿਰ ’ਤੇ ਹੈ ਤੇ ਹੁਣ ਤੱਕ ਕਾਂਗਰਸ ਦੀ ਖ਼ਾਨਾਜੰਗੀ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਹੁਣ ਬਾਜਵਾ ਦੇ ਸਮਰਥਨ ਵਿਚ ਉਨ੍ਹਾਂ ਦੀ ਪਾਰਟੀ ਦੇ ਉਹ ਆਗੂ ਵੀ ਆ ਗਏ ਹਨ ਜਿਨ੍ਹਾਂ ਦੀ ਉਨ੍ਹਾਂ ਨਾਲ ਸਿਆਸੀ ਸੁਰ ਨਹੀਂ ਮਿਲਦੀ ਸੀ।
ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਇਹ ਰੋਸ ਧਰਨਾ ਪ੍ਰਤਾਪ ਸਿੰਘ ਬਾਜਵਾ ਦੇ ਥਾਣੇ 'ਚੋਂ ਬਾਹਰ ਆਉਣ ਤੱਕ ਜਾਰੀ ਰਿਹਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ, ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਇਹ ਕਾਰਵਾਈ ਸੱਤਾਧਾਰੀ ਪਾਰਟੀ ਵਲੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀ ਗਈ ਹੈ ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਨਾਲ ਇਕਜੁੱਟ ਹੈ । ਉਹਨਾਂ ਨੇ ਪਰਚੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ । ਧਰਨੇ ਪ੍ਰਦਰਸ਼ਨ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੰਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਰਾਜਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ, ਸਿਮਰਨਜੀਤ ਸਿੰਘ ਬੈਂਸ, ਰਾਣਾ ਕੇ. ਪੀ. ਸਿੰਘ, ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ
ਪੁੱਛਗਿੱਛ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਾਨੂੰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ, ਜੋ ਕਿ ਸੰਵਿਧਾਨਕ ਅਹੁਦੇ ਦੀ ਤੌਹੀਨ ਹੈ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਿਸ ਦਾ ਵਤੀਰਾ ਵੀ ਠੀਕ ਨਹੀਂ ਸੀ | ਉਨ੍ਹਾਂ ਕਿਹਾ ਕਿ ਇਹ ਐਫ. ਆਈ. ਆਰ. ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਸੂਬੇ ਦੇ ਅਸਲ ਮੁੱਦਿਆਂ ਤੋਂ ਹਟਾਉਣ ਲਈ ਦਰਜ ਕੀਤੀ ਗਈ ਹੈ |
ਬਾਦਲ ਅਕਾਲੀ ਦਲ ,ਭਾਜਪਾ ਬਾਜਵਾ ਦੀ ਪਿਠ ਤੇ
ਦਿਲਚਸਪ ਗੱਲ ਇਹ ਸੀ ਕਿ ਅਕਾਲੀ ਆਗੂਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਪੁਲਿਸ ਕਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਿਆ ਗਿਆ ਅਤੇ ਦੋਸ਼ ਲਗਾਏ ਕਿ ਅਮਨ ਕਾਨੂੰਨ ਕਾਇਮ ਰੱਖਣ ਵਿਚ ਅਸਫ਼ਲਤਾ ਦੇ ਮਾਮਲਿਆਂ 'ਤੇ ਸਰਕਾਰ ਕਿਸੇ ਨੂੰ ਬੋਲਣ ਨਹੀਂ ਦੇਣਾ ਚਾਹੁੰਦੀ ।ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਵੀ ਪੁਲਿਸ ਕਾਰਵਾਈ ਦੀ ਤਿੱਖੀ ਨੁਕਤਾਚੀਨੀ ਕੀਤੀ ਗਈ ਅਤੇ ਇਸ ਨੂੰ ਸਿਆਸੀ ਵਿਰੋਧੀਆਂ ਵਿਰੁੱਧ ਪੁਲਿਸ ਦੀ ਦੁਰਵਰਤੋਂ ਦੱਸਿਆ ।
ਕੀ ਕਾਂਗਰਸ ਨੂੰ ਰਾਜਸੀ ਫਾਇਦਾ ਹੋਵੇਗਾ?
ਰਾਜਸੀ ਹਲਕਿਆਂ ਵਿਚ ਬਹਿਸ ਹੁਣ ਇਹ ਹੋ ਰਹੀ ਹੈ ਕਿ ਜੇਕਰ ਬਾਜਵਾ ਦਾ ਬਿਆਨ ਬੇਲੋੜਾ ਸੀ ਤਾਂ ਸਰਕਾਰ ਵਲੋਂ ਉਸ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਅਜਿਹੀ ਮਹੱਤਤਾ ਕਿਉਂ ਦਿੱਤੀ ਗਈ, ਜਿਸ ਨੇ ਸੂਬੇ ਵਿਚ ਸਮੁੱਚੀ ਕਾਂਗਰਸ ਨੂੰ ਹੀ ਲਾਮਬੰਦ ਕਰ ਦਿੱਤਾ । ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਇਕਮੁੱਠ ਤੇ ਲਾਮਬੰਦ ਕਰਨਾ ਸਰਕਾਰ ਜਾਂ ਦੂਜੀਆਂ ਧਿਰਾਂ ਲਈ ਕਿਸੇ ਤਰ੍ਹਾਂ ਵੀ ਫ਼ਾਇਦੇਮੰਦ ਨਹੀਂ ਹੋ ਸਕਦਾ ।ਵੈਸੇ ਵੀ ਪੰਜਾਬ ਦਾ ਇਤਿਹਾਸ ਹੈ, ਜਦੋਂ ਵੀ ਕੋਈ ਸਰਕਾਰ ਕਿਸੇ ਦੂਜੀ ਸਿਆਸੀ ਧਿਰ ਨੂੰ ਪੁਲਿਸ ਜਾਂ ਸਰਕਾਰ ਦੀ ਸ਼ਕਤੀ ਨਾਲ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਉਸ ਦਾ ਦਬਾਏ ਜਾਣ ਵਾਲੀ ਧਿਰ ਨੂੰ ਫ਼ਾਇਦਾ ਹੀ ਮਿਲਦਾ ਰਿਹਾ ਹੈ । ਪ੍ਰਤਾਪ ਸਿੰਘ ਬਾਜਵਾ ਵਲੋਂ ਕੇਸ ਰੱਦ ਕਰਨ ਸੰਬੰਧੀ ਹਾਈਕੋਰਟ ਵਿਚ ਦਾਇਰ ਪਟੀਸ਼ਨ 'ਤੇ ਹਾਈ ਕੋਰਟ ਵਲੋਂ ਵੀ ਸੁਣਵਾਈ ਕੀਤੀ ਜਾ ਰਹੀ ਅਤੇ ਸਰਕਾਰ ਲਈ ਆਪਣੇ ਦੋਸ਼ਾਂ ਨੂੰ ਠੀਕ ਠਹਿਰਾਉਣ ਅਤੇ ਪੁਲਿਸ ਕੇਸ ਨੂੰ ਕਾਇਮ ਰੱਖਣਾ ਵੀ ਇਕ ਵੱਡੀ ਚੁਣੌਤੀ ਹੋਵੇਗੀ, ਕਿਉਂਕਿ ਕਾਂਗਰਸ ਪਾਰਟੀ ਇਸ ਕਾਨੂੰਨੀ ਲੜਾਈ ਲਈ ਵੀ ਪੂਰੀ ਸ਼ਕਤੀ ਝੋਕ ਰਹੀ ਹੈ । ਪੁੱਛਗਿੱਛ ਦੌਰਾਨ ਵੀ ਬਾਜਵਾ ਦਿੱਲੀ ਦੇ ਇਕ ਨਾਮੀ ਵਕੀਲ ਨੂੰ ਨਾਲ ਲੈ ਕੇ ਗਏ ਸਨ, ਜਦੋਂਕਿ ਸਰਕਾਰ ਵਲੋਂ ਵੀ ਇਸ ਕੇਸ ਲਈ ਨਾਮੀ ਵਕੀਲਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਸਰਕਾਰ ਲਈ ਵੀ ਇਹ ਕੇਸ ਵੱਕਾਰ ਦਾ ਮੁੱਦਾ ਬਣਿਆ ਹੋਇਆ ਹੈ ।
ਆਪ ਵੀ ਜਨਤਕ ਤੌਰ ਉਪਰ ਬਾਜਵਾ ਖਿਲਾਫ ਸਰਗਰਮ
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਬੰਬਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਸਥਾਨਕ ਫੇਜ਼-2 ਵਿਖੇ ਬਾਜਵਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਸੂਬਾ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਡਾ. ਬਲਬੀਰ ਸਿੰਘ ਸਮੇਤ ਕਈ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਤੋਂ ਜਵਾਬਦੇਹੀ ਦੀ ਮੰਗ ਕੀਤੀ ਗਈ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ 'ਚ 50 ਗ੍ਰਨੇਡ ਹੋਣ ਬਾਰੇ ਬਾਜਵਾ ਦੇ ਬੇਬੁਨਿਆਦ ਦਾਅਵੇ 'ਆਪ' ਸਰਕਾਰ ਅਧੀਨ ਸੂਬੇ ਵਿਚ ਬਹਾਲ ਹੋਈ ਸ਼ਾਂਤੀ ਨੂੰ ਭੰਗ ਕਰਨ ਅਤੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਹੈ । ਉਨ੍ਹਾਂ ਕਿਹਾ ਕਿ ਜੇਕਰ ਬਾਜਵਾ ਕੋਲ ਭਰੋਸੇਯੋਗ ਜਾਣਕਾਰੀ ਹੈ ਤਾਂ ਉਹ ਇਸ ਨੂੰ ਪੰਜਾਬ ਪੁਲਿਸ ਨਾਲ ਕਿਉਂ ਨਹੀਂ ਸਾਂਝਾ ਕਰ ਰਹੇ ? ਉਨ੍ਹਾਂ ਕਿਹਾ ਕਿ ਜੇਕਰ ਬਾਜਵਾ ਦੇ ਦਾਅਵੇ ਸੱਚੇ ਹਨ ਤਾਂ ਉਨ੍ਹਾਂ ਖ਼ਿਲਾਫ਼ ਦਰਜ ਐਫ. ਆਈ. ਆਰ. ਤੁਰੰਤ ਰੱਦ ਕਰ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਖ਼ੁਫ਼ੀਆ ਏਜੰਸੀਆਂ ਵਿਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਕੇ ਬਾਜਵਾ ਉਨ੍ਹਾਂ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ ਜੋ ਕਿ ਸੂਬੇ ਵਿਚ ਅਸ਼ਾਂਤੀ ਫੈਲਾਉਣਾ ਚਾਹੁੰਦੀਆਂ ਹਨ । ਇਸ ਮੌਕੇ 'ਆਪ' ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਬਾਜਵਾ ਸਹਿਯੋਗ ਨਹੀਂ ਕਰਦੇ ਜਾਂ ਮੁਆਫ਼ੀ ਨਹੀਂ ਮੰਗਦੇ ਤਾਂ ਪਾਰਟੀ ਆਪਣੇ ਵਿਰੋਧ ਪ੍ਰਦਰਸ਼ਨਾਂ ਨੂੰ ਤੇਜ਼ ਕਰੇਗੀ ਅਤੇ ਉਨ੍ਹਾਂ ਦੀ ਰਿਹਾਇਸ਼ ਵੱਲ ਮਾਰਚ ਕਰੇਗੀ ।
ਪ੍ਰਤਾਪ ਸਿੰਘ ਬਾਜਵਾ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਜਵਾ ਆਪਣੇ ਸੌੜੇ ਮੁਫਾਦ ਲਈ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਦੀ ਉਡੀਕ ਕਰ ਰਹੇ ਹਨ ਤਾਂ ਕਿ ਲੋਕਾਂ ਵਿੱਚ ਦਹਿਸ਼ਤ ਫੈਲਾਈ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬਾਜਵਾ ਕੋਲ ਬੰਬਾਂ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਇਸ ਨੂੰ ਜਨਤਕ ਕਰਨ ਤੋਂ ਝਿਜਕ ਕਿਉਂ ਰਹੇ ਹਨ।ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਬਾਜਵਾ ਇਹ ਬੰਬ ਚੱਲਣ ਦੀ ਉਡੀਕ ਵਿੱਚ ਬੈਠੇ ਹਨ ਕਿਉਂਕਿ ਉਹ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਦੀ ਆੜ ਵਿੱਚ ਸਿਆਸੀ ਰੋਟੀਆਂ ਸੇਕਣ ਦੀ ਤਾਕ ਵਿੱਚ ਬੈਠੇ ਹਨ।
ਕੀ ਮਾਮਲਾ ਹੈ
ਜ਼ਿਕਰਯੋਗ ਹੈ ਕਿ ਜਲੰਧਰ ਵਿਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲੇ ਤੋਂ ਬਾਅਦ ਬਾਜਵਾ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਪੰਜਾਬ ਵਿਚ 50 ਬੰਬ ਆਏ ਹਨ, ਇਨ੍ਹਾਂ ਵਿਚੋਂ 18 ਚੱਲ ਗਏ ਹਨ ਅਤੇ 32 ਬਚੇ ਹਨ। ਇਸੇ ਨੂੰ ਲੈ ਕੇ ਪੁਲਿਸ ਨੇ ਲੰਘੇ ਐਤਵਾਰ ਨੂੰ ਉਨ੍ਹਾਂ ’ਤੇ ਮੋਹਾਲੀ ਵਿਚ ਕੇਸ ਦਰਜ ਕੀਤਾ ਸੀ।ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬਾਜਵਾ ਨੂੰ ਲਗਪਗ 25 ਸਵਾਲ ਪੁੱਛੇ ਗਏ ਪਰ ਉਹ ਪੁੱਛਗਿੱਛ ਵਿਚ ਸਹਿਯੋਗ ਨਹੀਂ ਕਰ ਰਹੇ ਸਨ। ਸੂਤਰ ਦੱਸਦੇ ਹਨ ਕਿ ਬਾਜਵਾ ਨੇ ਬਚੇ ਹੋਏ 32 ਬੰਬਾਂ ਦੀ ਸੂਚਨਾ ਦੇਣ ਤੋਂ ਵੀ ਇਨਕਾਰ ਕੀਤਾ। ਪੁਲਿਸ ਜਾਂ ਫ਼ੌਜ ’ਚ ਕਿਸੇ ਸੋਰਸ ਦੀ ਗੱਲ ਤੋਂ ਵੀ ਇਨਕਾਰ ਕੀਤਾ। ਪੁਲਿਸ ਨੇ ਬਾਜਵਾ ਨੂੰ ਪੁੱਛਗਿੱਛ ਲਈ ਅਗਲੀ ਤਰੀਕ ਭਾਵੇਂ ਨਹੀਂ ਦਿੱਤੀ ਪਰ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ ਪੁਲਿਸ ਉਨ੍ਹਾਂ ’ਤੇ ਸ਼ਿਕੰਜਾ ਕੱਸ ਸਕਦੀ ਹੈ।ਮੁੱਦਾ ਤਾਂ ਇਹ ਹੈ ਕਿ ਜੇ ਉਨ੍ਹਾਂ ਕੋਲ ਕੋਈ ਅਜਿਹੀ ਸੰਵੇਦਨਸ਼ੀਲ ਜਾਣਕਾਰੀ ਸੀ ਜਿਸ ਬਾਰੇ ਉਨ੍ਹਾਂ ਨੂੰ ਪੁਖ਼ਤਾ ਹੋਣ ਦਾ ਭਰੋਸਾ ਸੀ, ਤਾਂ ਕਿਸੇ ਟੀਵੀ ਚੈਨਲ ਦੇ ਸਟੂਡੀਓ ਵਿੱਚ ਬਹਿ ਕੇ ਇਸ ਦਾ ਖ਼ੁਲਾਸਾ ਕਰਨ ਦੀ ਬਜਾਏ, ਇਹ ਉਨ੍ਹਾਂ ਨੂੰ ਪੰਜਾਬ ਸਰਕਾਰ ਨਾਲ ਸਾਂਝੀ ਕਰਨੀ ਚਾਹੀਦੀ ਸੀ। ਜੇ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਾ ਲੈਂਦੀ ਤਾਂ ਫਿਰ ਉਹ ਇਸ ਦਾ ਖ਼ੁਲਾਸਾ ਕਰ ਸਕਦੇ ਸਨ। ਖ਼ੈਰ, ਅਜੋਕੇ ਸਮਿਆਂ ਵਿੱਚ ਨੈਤਿਕਤਾ, ਮਰਿਆਦਾ ਅਤੇ ਸਾਫ਼ਗੋਈ ਦੀ ਉਮੀਦ ਕਿਸ ਤੋਂ ਕੀਤੀ ਜਾਵੇ? ਦੂਜੇ ਪਾਸੇ, ਪੰਜਾਬ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੇ ਕਈ ਆਗੂ ਸ੍ਰੀ ਬਾਜਵਾ ਦੇ ਦਾਅਵੇ ਦਾ ਮਜ਼ਾਕ ਉਡਾ ਰਹੇ ਹਨ ਪਰ ਜਿਵੇਂ ਵਿਰੋਧੀ ਧਿਰ ਦੇ ਆਗੂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ, ਉਸ ਤੋਂ ਮਾਮਲਾ ਹੋਰ ਹੀ ਰੰਗਤ ਅਖ਼ਤਿਆਰ ਕਰਦਾ ਜਾ ਰਿਹਾ ਹੈ ਜੋ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਲਈ ਸ਼ੁੱਭ ਨਹੀਂ ਆਖਿਆ ਜਾ ਸਕਦਾ।












Comments (0)