ਲੀਡਰਸ਼ਿਪ ਦੀ ਆਪਸੀ ਖਿਚੋਤਾਣ ਕਾਰਣ ਨਵੇਂ ਅਕਾਲੀ ਦਲ ਦੇ ਦੋ ਨਵੇਂ ਕੇਂਦਰ ਬਣੇ
*ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ , ਸਤਵੰਤ ਕੌਰ ਪੰਥਕ ਕੌਂਸਲ ਦੀ ਚੇਅਰਪਰਸਨ ਬਣੀ
*ਕੀ ਨਵਾਂ ਅਕਾਲੀ ਦਲ ਪੰਜਾਬ ਤੇ ਪੰਥ ਦਾ ਭਵਿੱਖ ਘੜ ਸਕੇਗਾ?
ਨਵਾਂ ਸ਼੍ਰੋਮਣੀ ਅਕਾਲੀ ਦਲ, ਜੋ ਪੰਜਾਬ ਤੇ ਪੰਥਕ ਹਿਤਾਂ ਦੀ ਦਾਅਵੇਦਾਰੀ ਕਰਨ ਲਈ ਸਿਰਜਿਆ ਗਿਆ ਸੀ,ਉਹ ਤਾਜ਼ਾ ਸਥਿਤੀ ਵਿਚ ਧੜੇਬੰਦੀ ਦੇ ਤੂਫਾਨ ਵਿੱਚ ਘਿਰਿਆ ਜਾਪਦਾ ਹੈ।ਅਕਾਲ ਤਖਤ ਵੱਲੋਂ ਬਣਾਈ ਭਰਤੀ ਕਮੇਟੀ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਤੇ ਦੂਜੇ ਪਾਸੇ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਬਣਾ ਕੇ ਧਾਰਮਿਕ ਵਿੰਗ ਨੂੰ ਅਲੱਗ ਰੰਗਤ ਦਿੱਤੀ ਗਈ ਹੈ।ਅਰਥਾਤ ਅਕਾਲੀ ਦਲ ਦੇ ਦੋ ਕੇਂਦਰ ਸਥਾਪਤ ਕਰ ਦਿਤੇ ਜੋ ਅੱਜ ਤਕ ਅਕਾਲੀ ਇਤਿਹਾਸ ਵਿਚ ਨਹੀਂ ਵਾਪਰਿਆ।ਇਹ ਢੰਗ ਅੱਜ ਤਕ ਨਾ ਅਕਾਲੀ ਦਲ ਨੇ ਅਪਨਾਇਆ ਨਾ ਸਿਆਸੀ ਜਥੇਬੰਦੀ ਨੇ।ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਇਹ ਨਵੀਂ ਵਿਧੀ ਕਿਉਂ ਰਚੀ ਗਈ? ਕੀ ਇਹ ਨਵੇਂ ਅਕਾਲੀ ਦਲ ਧੜੇਬੰਦੀ ਦਾ ਸ਼ਿਕਾਰ ਹੈ?
ਕੀ ਇਹ ਨਵਾਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਿਰੁੱਧ ਕਾਮਯਾਬ ਹੋ ਸਕੇਗਾ?
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਲਈ ਭਰਤੀ ਕਮੇਟੀ ਬਣਾਈ ਸੀ। ਇਹ ਕਮੇਟੀ ਨੂੰ ਅਕਾਲੀ ਦਲਾਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਅਤੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ। ਹੁਣੇ ਜਿਹੇ ਇਸ ਕਮੇਟੀ ਨੇ ਲਗਭਗ 15 ਲੱਖ ਮੈਂਬਰ ਅਤੇ 500 ਡੈਲੀਗੇਟ ਬਣਾ ਕੇ ਨਵੇਂ ਅਕਾਲੀ ਦਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ। ਨਿਹੰਗ ਜਥੇਬੰਦੀ ਬੁੱਢਾ ਦਲ ਦੀ ਛਾਉਣੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਇਜਲਾਸ ਵਿੱਚ ਬਾਬਾ ਸਰਬਜੋਤ ਸਿੰਘ ਬੇਦੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਨੂੰ ਗੋਬਿੰਦ ਸਿੰਘ ਲੌਂਗੋਵਾਲ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਤਾਈਦ ਕੀਤੀ। ਕਿਸੇ ਵਿਰੋਧ ਨਾ ਹੋਣ ਕਰਕੇ ਗਿਆਨੀ ਹਰਪ੍ਰੀਤ ਨੂੰ ਪ੍ਰਧਾਨ ਚੁਣ ਲਿਆ ਗਿਆ।
ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਵਿਧਾਨ ਵਿਰੁੱਧ ਇੱਕ ਧਾਰਮਿਕ ਵਿੰਗ ਪੰਥਕ ਕੌਂਸਲ ਬਣਾਇਆ ਗਿਆ, ਜਿਸ ਵਿੱਚ ਬੀਬੀ ਸਤਵੰਤ ਕੌਰ ਨੂੰ ਚੇਅਰਪਰਸਨ ਚੁਣਿਆ ਗਿਆ। ਬੀਬੀ ਸਤਵੰਤ ਕੌਰ, ਜੋ ਸ਼ਹੀਦ ਅਮਰੀਕ ਸਿੰਘ ਦੀ ਬੇਟੀ ਹਨ ਅਤੇ ਜਿਨ੍ਹਾਂ ਦੇ ਦਾਦਾ ਗਿਆਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ ਮੁਖੀ ਰਹੇ, ਇੱਕ ਪੰਥਕ ਪਰਿਵਾਰ ਨਾਲ ਜੁੜੀ ਹੋਈ ਹੈ। ਅਮਰੀਕ ਸਿੰਘ ਫੌਜੀ ਹਮਲੇ ਵੇਲੇ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਏ ਸਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਨੇੜਲੇ ਸਾਥੀ ਸਨ। ਪਰ ਸਵਾਲ ਉੱਠਦਾ ਹੈ ਕਿ ਇਹ ਦੋ ਕੇਂਦਰ ਕਿਉਂ ਬਣਾਏ ਗਏ? ਸਿਆਸੀ ਮਾਹਿਰਾਂ ਅਨੁਸਾਰ, ਇਹ ਧੜੇਬੰਦੀ ਦਾ ਨਤੀਜਾ ਹੈ। ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਰਾਜਸੀ ਵਿੰਗ ਨੂੰ ਸੰਭਾਲਣਗੇ, ਦੂਜੇ ਪਾਸੇ ਬੀਬੀ ਸਤਵੰਤ ਕੌਰ ਧਾਰਮਿਕ ਵਿੰਗ ਨੂੰ। ਬੀਬੀ ਸਤਵੰਤ ਕੌਰ ਨੂੰ ਇਕਤਰਾਂ ਸੁਪਰੀਮ ਪ੍ਰਧਾਨ ਬਣਾ ਦਿਤਾ ਗਿਆ। ਪਰ ਵਿਧਾਨ ਅਨੁਸਾਰ, ਪੰਥਕ ਕੌਂਸਲ ਵਿੱਚ ਅਕਾਲੀ ਪ੍ਰਧਾਨ ਅਤੇ ਤਿੰਨ ਹੋਰ ਪੰਥਕ ਸਖਸ਼ੀਅਤਾਂ ਸ਼ਾਮਲ ਹੋਣੀਆਂ ਚਾਹੀਦੀਆਂ ਸਨ, ਨਾ ਕਿ ਬੀਬੀ ਸਤਵੰਤ ਨੂੰ ਮੁਖੀ ਬਣਾਉਣਾ ਚਾਹੀਦਾ ਸੀ। ਇਹ ਫੈਸਲਾ ਨਵੇਂ ਅਕਾਲੀ ਦਲ ਵਿਚ ਫੁਟ ਵਧਾਉਣ ਵਾਲਾ ਹੈ।
ਯਾਦ ਰਹੇ ਕਿ ਇਜਲਾਸ ਤੋਂ ਪਹਿਲਾਂ ਹੀ ਪ੍ਰਧਾਨਗੀ ਲਈ ਦੋ ਨਾਂ – ਗਿਆਨੀ ਹਰਪ੍ਰੀਤ ਅਤੇ ਬੀਬੀ ਸਤਵੰਤ ਕੌਰ ਨੂੰ ਲੈ ਕੇ ਖਿੱਚੋਤਾਣ ਸੀ। ਬੀਬੀ ਜਗੀਰ ਕੌਰ ਗਿਆਨੀ ਹਰਪ੍ਰੀਤ ਸਿੰਘ ਜਾ ਸੁਰਜੀਤ ਸਿੰਘ ਰੱਖੜਾ ਨੂੰ ਪ੍ਰਧਾਨਗੀ ਦਾ ਉਮੀਦਵਾਰ ਬਣਾਉਣ ਲਈ ਅੜੀ ਰਹੀ, ਪਰ ਆਖਿਰ ਗਿਆਨੀ ਹਰਪ੍ਰੀਤ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਪੰਜ ਮੈਂਬਰੀ ਕਮੇਟੀ ਨੇ ਬੀਬੀ ਸਤਵੰਤ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਬਣਾਕੇ ਨਵਾਂ ਝੁਰਲੂ ਛੱਡ ਦਿੱਤਾ। ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਕੁਝ ਅਕਾਲੀ ਆਗੂ, ਜੋ ਗਿਆਨੀ ਹਰਪ੍ਰੀਤ ਨੂੰ ਪ੍ਰਧਾਨ ਨਹੀਂ ਚਾਹੁੰਦੇ ਸਨ, ਉਹ ਹੁਣ ਬੀਬੀ ਸਤਵੰਤ ਰਾਹੀਂ ਆਪਣੀ ਸਿਆਸਤ ਚਲਾਉਣਗੇ ਤੇ ਅਕਾਲੀ ਦਲ ਉਪਰ ਹਾਵੀ ਹੋਣਗੇ। ਇਸ ਤਰ੍ਹਾਂ ਅਕਾਲੀ ਦਲ ਕਿਵੇਂ ਚੱਲੇਗਾ? ਮਾਹਿਰਾਂ ਅਨੁਸਾਰ ਬੀਬੀ ਸਤਵੰਤ ਨੂੰ ਨਾ ਸਿਆਸੀ ਤਜਰਬਾ ਹੈ ਅਤੇ ਨਾ ਧਰਮ ਦੀ ਲਹਿਰ ਚਲਾਉਣ ਵਿੱਚ ਸਰਗਰਮ ਰਹੀ ਹੈ, ਫਿਰ ਵੀ ਉਹਨਾਂ ਨੂੰ ਚੇਅਰਪਰਸਨ ਬਣਾਉਣਾ ਇੱਕ ਰਾਜਸੀ ਚਾਲ ਜਾਪਦਾ ਹੈ।
ਬਾਦਲ ਦਲ ਦਾ ਤਿੱਖਾ ਪ੍ਰਤੀਕਰਮ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨਵੇਂ ਅਕਾਲੀ ਦਲ ਦੇ ਗਠਨ ਨੂੰ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ ਹੈ ਅਤੇ ਅਕਾਲੀ ਦਲ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਸੁਖਬੀਰ ਨੇ ਗਿਆਨੀ ਹਰਪ੍ਰੀਤ ਤੇ ਬਾਗੀ ਆਗੂਆਂ ਨੂੰ ਨਿਸ਼ਾਨਾ ਬਣਾਉਦਿਆਂ ਕਿਹਾ ਕਿ ਬਾਦਲ ਪਰਿਵਾਰ ਨੂੰ ਖਤਮ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਸੀ।
ਪਰ ਨਵੇਂ ਅਕਾਲੀ ਦਲ ਨੇ ਆਪਣਾ ਏਜੰਡਾ ਸਾਫ਼ ਕੀਤਾ ਹੈ – ਪੰਜਾਬ ਦੇ ਹਿੱਤਾਂ ਦੀ ਰਾਖੀ, ਕਿਸਾਨਾਂ ਦੀਆਂ ਮੰਗਾਂ, ਪਾਣੀਆਂ ਦਾ ਮਸਲਾ, ਚੰਡੀਗੜ੍ਹ ਨੂੰ ਪੰਜਾਬ ਨੂੰ ਵਾਪਸ ਦਿਵਾਉਣਾ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਸਾਡਾ ਮੁਖ ਮਨੋਰਥ ਹੈ।
ਗਿਆਨੀ ਹਰਪ੍ਰੀਤ ਸਿੰਘ ਦੀ ਸੁਖਬੀਰ ਬਾਦਲ ਵਿਰੁੱਧ ਬਿਆਨਬਾਜ਼ੀ
ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ, ਚੋਣ ਨਿਸ਼ਾਨ ਅਤੇ ਦਫਤਰ ਵੀ ਲੈਣਗੇ। ਉਹਨਾਂ ਨੇ ਸੁਖਬੀਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਮੇਰੇ ਕੋਲ ਤੁਹਾਡੀ ਜਾਇਦਾਦਾਂ ਦੀਆਂ ਲਿਸਟਾਂ ਹਨ ਅਤੇ ਜੇ ਕਿਰਦਾਰਕੁਸ਼ੀ ਕੀਤੀ ਤਾਂ ਬਖਸ਼ਿਆ ਨਹੀਂ ਜਾਵੇਗਾ। ਪਰ ਪੰਥਕ ਮੰਚ ਤੇ ਅਜਿਹੀ ਬਿਆਨਬਾਜ਼ੀ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਸਿਆਸੀ ਮਾਹਿਰ ਜਸਪਾਲ ਸਿੰਘ ਸਿੱਧੂ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਨੂੰ ਅਮਲੀ ਰੂਪ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਅਲੋਚਨਾ ਕਰਨਾ ਆਸਾਨ ਹੈ ਪਰ ਮੈਦਾਨ ਵਿੱਚ ਸੰਘਰਸ਼ ਕਰਨਾ ਔਖਾ ਹੈ।
ਸਿੱਖ ਬੁਧੀਜੀਵੀ ਡਾਕਟਰ ਪਰਮਜੀਤ ਸਿੰਘ ਮਾਨਸਾ ਆਖਦੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਕਰਾਰਬਾਜੀ ਦੀ ਥਾਂ ਪੰਜਾਬ ਤੇ ਪੰਥਕ ਮੁਦਿਆਂ ਉਪਰ ਸੇਧ ਦੇਣੀ ਚਾਹੀਦੀ ਹੈ।ਸੰਘਰਸ਼ ਕਰਨਾ ਚਾਹੀਦਾ ਹੈ।
ਪੰਥਕ ਕੌਂਸਲ ਕਿਹੋ ਜਿਹੀ ਬਣੇ?
ਪੰਥਕ ਕੌਂਸਲ ਵਿੱਚ ਅਕਾਲੀ ਪ੍ਰਧਾਨ ਅਤੇ ਚਾਰ ਹੋਰ ਪੰਥਕ ਸਖਸ਼ੀਅਤਾਂ ਸ਼ਾਮਲ ਹੋਣੀਆਂ ਚਾਹੀਦੀਆਂ ਸਨ, ਨਾ ਕਿ ਇੱਕ ਵਿਅਕਤੀ ਨੂੰ ਮੁਖੀ ਬਣਾਕੇ ਅਕਾਲੀ ਦਲ ਅਗੇ ਰੁਕਾਵਟਾਂ ਖੜੀਆਂ ਕੀਤੀਆਂ ਜਾਣ। ਬੀਬੀ ਸਤਵੰਤ ਕੌਰ ਨੂੰ ਚੇਅਰਪਰਸਨ ਬਣਾਉਣ ਨਾਲ ਧੜੇਬੰਦੀ ਵਧਣ ਦੀ ਸੰਭਾਵਨਾ ਹੈ। ਯੋਗ ਪੰਥਕ ਸਖਸ਼ੀਅਤਾਂ ਨੂੰ ਪੰਥਕ ਕੌਂਸਲ ਵਿਚ ਸ਼ਾਮਲ ਕਰਨ ਨਾਲ ਹੀ ਸਹੀ ਰੂਪ ਮਿਲ ਸਕਦਾ ਸੀ।
ਕੋਣ ਹਨ ਗਿਆਨੀ ਹਰਪ੍ਰੀਤ ਸਿੰਘ
ਗਿਆਨੀ ਹਰਪ੍ਰੀਤ ਸਿੰਘ ਦੇ ਜੀਵਨ ਤੇ ਇੱਕ ਝਾਤ ਮਾਰੀਏ। ਉਹ ਇੱਕ ਸਧਾਰਨ ਪਰਿਵਾਰ ਵਿੱਚ ਜੰਮੇ, ਪੜ੍ਹਾਈ ਕੀਤੀ ਅਤੇ ਅਕਾਲ ਤਖਤ ਦੇ ਜਥੇਦਾਰ ਬਣੇ। ਪੀਐਚਡੀ ਕਰ ਰਹੇ ਹਨ।ਉਹਨਾਂ ਨੇ ਕੁਰਾਨ ਦਾ ਪੰਜਾਬੀ ਅਨੁਵਾਦ ਕੀਤਾ ਅਤੇ ਧਰਮ ਪ੍ਰਚਾਰ ਵਿੱਚ ਸਰਗਰਮ ਰਹੇ। ਪਰ ਸੁਖਬੀਰ ਨੂੰ ਸਜ਼ਾ ਸੁਣਾਉਣ ਵਾਲੇ ਪੈਨਲ ਵਿੱਚ ਸ਼ਾਮਲ ਹੋਣ ਕਰਕੇ ਉਹ ਵਿਵਾਦ ਵਿੱਚ ਆਏ ਸਨ। ਹੁਣ ਉਹ ਨਵੇਂ ਅਕਾਲੀ ਦਲ ਦੇ ਪ੍ਰਧਾਨ ਹਨ।
ਕੀ ਨਵਾਂ ਅਕਾਲੀ ਦਲ ਪੰਜਾਬ ਤੇ ਪੰਥ ਦਾ ਭਵਿੱਖ ਘੜ ਸਕੇਗਾ?
ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਨਵਾਂ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ, ਕਿਸਾਨਾਂ ਦੀਆਂ ਮੰਗਾਂ, ਪਾਣੀਆਂ ਦੇ ਮਸਲੇ, ਅਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਵਾਪਸ ਦਿਵਾਉਣ ਵਰਗੇ ਏਜੰਡਿਆਂ ਨੂੰ ਲੈ ਕੇ ਸਥਾਪਤ ਹੋਇਆ ਹੈ। ਇਜਲਾਸ ਵਿੱਚ ਪਾਸ ਕੀਤੇ 15 ਮਤੇ, ਜਿਵੇਂ ਕਿ ਰਿਪੇਰੀਅਨ ਕਾਨੂੰਨ ਅਨੁਸਾਰ ਪਾਣੀਆਂ ਦਾ ਹੱਕ, ਬਾਹਰੀ ਸੂਬਿਆਂ ਦੇ ਲੋਕਾਂ ’ਤੇ ਪੰਜਾਬ ਵਿੱਚ ਨੌਕਰੀਆਂ ਅਤੇ ਜਾਇਦਾਦ ਖਰੀਦਣ ’ਤੇ ਪਾਬੰਦੀ, ਅਤੇ ਸਿੱਖ ਸੰਸਥਾਵਾਂ ਦੀ ਸੁਰੱਖਿਆ, ਪੰਜਾਬੀਆਂ ਦੇ ਜਜ਼ਬਾਤ ਨੂੰ ਛੂੰਹਦੇ ਨੇ। ਇਹ ਮਤੇ ਅਕਾਲੀ ਦਲ ਦੇ ਸੁਕ ਗਏ ਰੁੱਖ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਲੇ ਹਨ, ਜੋ ਪੰਜਾਬ ਦੀ ਸਿਆਸੀ ਮਿੱਟੀ ਵਿੱਚ ਡੂੰਘੇ ਪੈ ਸਕਦੇ ਨੇ। ਇਸ ਦੇ ਨਾਲ ਹੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਪੁਨਰ ਸੁਰਜੀਤ ਕਰਨ ਅਤੇ ਨੌਜਵਾਨਾਂ ਨੂੰ ਜੋੜਨ ਦਾ ਵਾਅਦਾ ਵੀ ਇਸ ਨੂੰ ਨਵੀਂ ਪੀੜ੍ਹੀ ਨਾਲ ਜੋੜ ਸਕਦਾ ਹੈ।
ਪਰ ਚੁਣੌਤੀਆਂ ਵੀ ਘੱਟ ਨਹੀਂ। ਸਭ ਤੋਂ ਵੱਡੀ ਰੁਕਾਵਟ ਹੈ ਅਕਾਲੀ ਦਲ ਦੀ ਅੰਦਰੂਨੀ ਧੜੇਬੰਦੀ। ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਮੁਖੀ ਬਣਾਉਣ ਨਾਲ ਦੋ ਕੇਂਦਰਾਂ ਦੀ ਸਥਾਪਨਾ ਹੋਈ ਹੈ, ਜੋ ਜਿਵੇਂ ਦੋ ਤਲਵਾਰਾਂ ਨੂੰ ਇੱਕ ਮਿਆਨ ਵਿੱਚ ਰੱਖਣ ਵਰਗਾ ਹੈ। ਸਿਆਸੀ ਮਾਹਿਰਾਂ ਅਨੁਸਾਰ, ਇਹ ਧੜੇਬੰਦੀ ਅਕਾਲੀ ਦਲ ਦੀ ਏਕਤਾ ਨੂੰ ਕਮਜ਼ੋਰ ਕਰ ਸਕਦੀ ਹੈ। ਼
ਗਿਆਨੀ ਹਰਪ੍ਰੀਤ ਸਿੰਘ ਦੀ ਸੁਖਬੀਰ ਵਿਰੁੱਧ ਨੀਵੀਂ ਬਿਆਨਬਾਜ਼ੀ, ਜਿਵੇਂ ਜਾਇਦਾਦਾਂ ਦੀਆਂ ਲਿਸਟਾਂ ਦਾ ਜ਼ਿਕਰ, ਪੰਥਕ ਮੰਚ ’ਤੇ ਵਿਵਾਦ ਨੂੰ ਹੋਰ ਵਧਾ ਰਹੀ ਹੈ। ਇਸ ਤੋਂ ਪਰਹੇਜ਼ ਕਰਕੇ ਪੰਜਾਬ ਤੇ ਪੰਥ ਪਖੀ ਵਿਜਨ ਤੇ ਸੰਘਰਸ਼ ਵਲ ਧਿਆਨ ਦੇਣਾ ਚਾਹੀਦਾ ਹੈ
ਭਵਿੱਖ ਦੀ ਗੱਲ ਕਰੀਏ ਤਾਂ, ਨਵਾਂ ਅਕਾਲੀ ਦਲ ਪੰਜਾਬ ਦੇ ਹਿੱਤਾਂ ਅਤੇ ਪੰਥਕ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾ ਸਕਦਾ ਹੈ, ਪਰ ਇਸ ਦੀ ਕਾਮਯਾਬੀ ਧੜੇਬੰਦੀ ਨੂੰ ਖਤਮ ਕਰਨ ਅਤੇ ਨੌਜਵਾਨਾਂ ਤੇ ਸਿੱਖ ਬੀਬੀਆਂ ਨੂੰ ਜੋੜਨ ’ਤੇ ਨਿਰਭਰ ਕਰਦੀ ਹੈ। ਜੇ ਇਹ ਗੁਰੂ ਦੇ ਸਿਧਾਂਤਾਂ ’ਤੇ ਚੱਲ ਕੇ ਏਕਤਾ ਕਾਇਮ ਕਰ ਸਕਿਆ, ਤਾਂ ਜਿਵੇਂ ਸੂਰਜ ਅੰਧੇਰੇ ਨੂੰ ਖਤਮ ਕਰਦਾ ਹੈ, ਇਹ ਪੰਜਾਬ ਤੇ ਪੰਥ ਦਾ ਭਵਿੱਖ ਘੜ ਸਕਦਾ ਹੈ। ਨਹੀਂ ਤਾਂ, ਧੜੇਬੰਦੀ ਦਾ ਤੂਫਾਨ ਇਸ ਨੂੰ ਨੁਕਸਾਨ ਪਹੁੰਚਾਏਗਾ।
ਆਖਰ ਵਿੱਚ, ਇਹ ਨਵਾਂ ਅਕਾਲੀ ਦਲ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਲਈ ਬਣਿਆ ਹੈ ਜਾਂ ਧੜੇਬੰਦੀ ਨੂੰ ਵਧਾਉਣ ਲਈ, ਇਹ ਵੇਲਾ ਹੀ ਦੱਸੇਗਾ। ਕੀ ਇਹ ਪੰਜਾਬ ਤੇ ਪੰਥ ਨੂੰ ਨਵੀਂ ਸੇਧ ਦੇ ਸਕੇਗਾ।ਇਹ ਸਮੇਂ ਦੇ ਗਰਭ ਵਿਚ ਸੁਆਲ ਹੈ।ਨਵੀਂ ਅਕਾਲੀ ਲੀਡਰਸ਼ਿਪ ਲਈ ਇਹ ਚਿੰਤਨ ਦਾ ਵੇਲਾ ਵੀ ਹੈ।











Comments (0)