ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਦਰਬਾਰ ਸਾਹਿਬ ਸਮੂਹ ਅੰਦਰ ਸ਼ਰਧਾਂਜਲੀ ਸਮਾਗਮ 5 ਜੁਲਾਈ ਨੂੰ

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਦਰਬਾਰ ਸਾਹਿਬ ਸਮੂਹ ਅੰਦਰ ਸ਼ਰਧਾਂਜਲੀ ਸਮਾਗਮ 5 ਜੁਲਾਈ ਨੂੰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ- ਦਲ ਖ਼ਾਲਸਾ ਦੇ ਬਾਨੀ ਅਤੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਭਾਈ ਹਰਦੀਪ ਸਿੰਘ ਨਿੱਝਰ ਜਿੰਨਾ ਦੀ ਕੈਨੇਡਾ ਵਿਖੇ ਦੋ ਵਰ੍ਹੇ ਪਹਿਲਾਂ 19 ਜੂਨ ਨੂੰ ਭਾਰਤੀ ਏਜੰਸੀ ਵਲੋਂ ਕਤਲ ਕੀਤਾ ਗਿਆ ਸੀ, ਦੀ ਨਿੱਘੀ ਤੇ ਪਿਆਰੀ ਯਾਦ ਵਿੱਚ ਦਲ ਖ਼ਾਲਸਾ ਵੱਲੋਂ ਦਰਬਾਰ ਸਾਹਿਬ ਸਮੂਹ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ 5 ਜੁਲਾਈ ਨੂੰ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ। 

ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਸਰਦਾਰ ਗਜਿੰਦਰ ਸਿੰਘ ਜੀ ਨੇ ਬੀਤੇ ਵਰ੍ਹੇ 3 ਜੁਲਾਈ ਨੂੰ ਆਪਣੇ ਆਖਰੀ ਸਵਾਸ ਲਏ ਅਤੇ 4 ਜੁਲਾਈ ਸ਼ਾਮ ਨੂੰ ਉਹਨਾਂ ਦਾ ਸੰਸਕਾਰ ਨਨਕਾਣਾ ਸਾਹਿਬ ਦੇ ਸਮਸ਼ਾਨਘਾਟ ਵਿਚ ਉਹਨਾਂ ਦੀ ਬੇਟੀ ਦੀ ਹਾਜ਼ਰੀ ਵਿਚ ਕੀਤਾ ਗਿਆ। 

ਉਹਨਾਂ ਦੱਸਿਆ ਕਿ ਭਾਈ ਗਜਿੰਦਰ ਸਿੰਘ ਜੀ ਨਮਿੱਤ ਸ਼ਰਧਾਂਜਲੀ ਸਮਾਗਮ ਕੈਨੇਡਾ, ਜਰਮਨੀ ਅਤੇ ਇੰਗਲੈਂਡ ਵਿੱਚ ਵੀ ਆਯੋਜਿਤ ਕੀਤੇ ਜਾ ਰਹੇ ਹਨ।  ਭਾਈ ਗਜਿੰਦਰ ਬਾਰੇ ਬੋਲਦੇ ਕਿਹਾ ਕਿ ਉਹਨਾਂ ਆਪਣੀ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਲੇਖੇ ਲਾਈ ਜਿਸ ਵਿੱਚੋਂ 14 ਸਾਲ ਜੇਲ੍ਹ ਅਤੇ 29 ਸਾਲ ਜਲਾਵਤਨੀ ਦੀ ਜ਼ਿੰਦਗੀ ਬਤੀਤ ਕੀਤੀ ਹੈ ਅਤੇ ਆਪਣੇ ਆਖਰੀ ਸਵਾਸਾਂ ਤਕ ਸੰਘਰਸ਼ ਪ੍ਰਤੀ ਅਡੋਲ ਅਤੇ ਬੇਦਾਗ਼ ਰਹੇ ਹਨ।

ਉਹਨਾਂ ਦੱਸਿਆ ਕਿ ਭਾਈ ਨਿੱਝਰ ਦੀ ਭਾਈ ਗਜਿੰਦਰ ਸਿੰਘ ਨਾਲ ਗੂੜ੍ਹੀ ਸਿਧਾਂਤਕ ਸਾਂਝ ਸੀ ਜਿਸ ਨਾਤੇ ਦੋਨਾਂ ਦੀ ਯਾਦ ਵਿੱਚ 5 ਨੂੰ ਸਵੇਰੇ 08 ਵਜੇ ਅਕਾਲ ਤਖ਼ਤ ਨਾਲ ਸੰਬਧਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ ਸਿੰਘ (ਦਰਬਾਰ ਸਾਹਿਬ) ਵਿਖੇ ਸਾਂਝਾ ਸਮਾਗਮ ਰੱਖਿਆ ਗਿਆ ਹੈ । 

ਉਹਨਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਬੀਤੇ ਸਾਲ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਖੁਫੀਆ ਏਜੰਸੀ ਨੂੰ ਦੋਸ਼ੀ ਠਹਿਰਾ ਕੇ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ ਜਿਸ ਦੀ ਬੁਖਲਾਹਟ ਵਜੋਂ ਭਾਰਤੀ ਲੀਡਰਸ਼ਿਪ ਨੇ ਕੈਨੇਡਾ ਨੂੰ ਪਾਕਿਸਤਾਨ ਵਾਂਗ ਖਾਲਿਸਤਾਨੀ ਸਮਰਥਕਾਂ ਦੀ ਪਨਾਹਗਾਹ ਘੋਸ਼ਿਤ ਕਰ ਦਿੱਤਾ ਸੀ ।

ਉਹਨਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਜੀ 7 ਸੰਮੇਲਨ ਵਿਚ ਸੱਦਾ ਦੇ ਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ ਹੈ । ਏਥੇ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਦੋਨਾਂ ਮੁਲਕਾਂ ਵਿਚਾਲੇ ਤਣਾਅ ਅਤੇ ਨਫ਼ਰਤ ਨਹੀਂ ਚਾਹੁੰਦੇ। ਅਸੀਂ ਤਾਂ ਚਾਹੁੰਦੇ ਹਾਂ ਕਿ ਭਾਈ ਨਿੱਝਰ ਦੇ ਮਾਮਲੇ ਵਿੱਚ ਇਨਸਾਫ਼ ਹੋਵੇ ਅਤੇ ਭਾਰਤ ਸਰਕਾਰ ਵਿਦੇਸ਼ਾਂ ਅੰਦਰ ਖਾਲਿਸਤਾਨੀਆਂ ਨੂੰ ਗੈਰ-ਸੰਵਿਧਾਨਕ ਗਤੀਵਿਧੀਆਂ ਰਾਹੀਂ ਨਿਸ਼ਾਨਾ ਬਜਾਉਣਾ ਬੰਦ ਕਰੇ। 

ਉਹਨਾਂ ਕਿਹਾ ਕਿ ਕੈਨੇਡਾ ਦੀ ਜਾਂਚ ਏਜੰਸੀ ਨੇ ਦੋ ਸਾਲ ਬੀਤ ਗਏ ਪਰ ਅਜੇ ਤੱਕ ਭਾਈ ਨਿੱਝਰ ਨੂੰ ਮਰਵਾਉਣ ਵਾਲੇ ਸਾਜ਼ਿਸ਼ ਘਾੜਿਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਸਾਹਮਣੇ ਨਹੀਂ ਲਿਆਂਦਾ । ਉਹਨਾਂ ਕਿਹਾ ਕਿ ਭਾਈ ਨਿੱਝਰ ਦਾ ਮਾਮਲਾ ਕੇਵਲ ਸਿੱਖਾਂ ਨਾਲ ਨਹੀ ਜੁੜਿਆ ਸਗੋਂ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਰਾਜ ਨਾਲ ਵੀ ਜੁੜਿਆ ਹੈ। ਉਹਨਾਂ ਕਿਹਾ ਕਿ ਜੀ 7 ਸੰਮੇਲਨ ਵਿੱਚ ਪਹਿਲੀ ਵਾਰ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਹੋਈ ਹੈ ਅਤੇ ਭਾਈ ਨਿੱਝਰ ਦੀ ਸ਼ਹਾਦਤ ਤੋਂ ਬਾਅਦ ਹੀ ਅਮਰੀਕਾ-ਕੈਨੇਡਾ ਮੁਲਕਾਂ ਵਿੱਚ ਇਸ ਸ਼ਬਦ ਦੀ ਵਰਤੋਂ ਸ਼ੁਰੂ ਹੋਈ ਹੈ ਅਤੇ ਇਹ ਸਭ ਸਿੱਖਾਂ ਦੀਆਂ ਕੋਸ਼ਿਸ਼ਾਂ ਸਦਕਾ ਹੋ ਸਕਿਆ ਹੈ। ਉਹਨਾਂ ਦਾਅਵਾ ਕੀਤਾ ਕਿ ਸਿੱਖ ਪ੍ਰਤੀਨਿਧ ਜੀ 7 ਵਿੱਚ ਮੌਜੂਦ ਨਾ ਹੋਣ ਦੇ ਬਾਵਜੂਦ ਉਹਨਾਂ ਦੀਆਂ ਚਿੰਤਾਵਾਂ ਨੇ ਉੱਥੇ ਆਪਣੀ ਮੌਜੂਦਗੀ ਦਿਖਾ ਦਿੱਤੀ ਹੈ ।

ਉਹਨਾਂ ਕਿਹਾ ਕਿ ਕੈਨੇਡਾ ਦੀ ਨਵੀਂ ਬਣੀ ਸਰਕਾਰ ਨੇ ਵਪਾਰ ਅਤੇ ਆਰਥਿਕਤਾ ਨੂੰ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਤੋ ਉੱਪਰ ਪਹਿਲ ਦਿੱਤੀ ਗਈ ਹੈ ਜਿਸ ਨਾਲ ਸਿੱਖ ਅਵਾਮ ਅੰਦਰ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ । 

ਜੀ-7 ਮੀਟਿੰਗ ਵਿੱਚ ਟਰਾਂਸਨੇਸ਼ਨਲ ਰਿਪ੍ਰੈਸ਼ਨ ਦਾ ਮਸਲਾ ਉਠਾਏ ਜਾਣ ਤੇ ਅੱਗੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਕੈਨੇਡਾ ਭਾਰਤ ਨਾਲ ਆਪਣੇ ਵਪਾਰਕ ਰਿਸ਼ਤੇ ਮਜ਼ਬੂਤ ਕਰਨ ਲਈ ਭਾਈ ਨਿੱਝਰ ਦੀ ਸ਼ਹਾਦਤ ਦੀ ਬਲੀ ਨਹੀਂ ਦੇਵੇਗਾ ਅਤੇ ਇਨਸਾਫ਼ ਹੋਵੇਗਾ। ਉਹਨਾਂ ਉਮੀਦ ਜਤਾਈ ਕਿ ਭਾਈ ਨਿੱਝਰ ਦੀ ਮੌਤ ਲਈ ਜ਼ਿੰਮੇਵਾਰ ਪਰਦੇ ਪਿੱਛੇ ਕੰਮ ਕਰਦੀ ਤਾਕਤ (ਭਾਰਤੀ ਖੂਫ਼ੀਆਂ ਏਜੰਸੀ) ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਜ਼ਰੂਰ ਮਿਲੇਗੀ।

ਦਲ ਖ਼ਾਲਸਾ ਆਗੂ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੇ ਵਿਧੀ ਵਿਧਾਨ ਬਨਾਉਣ ਦੀ ਆਰੰਭੀ ਪ੍ਰਕਿਰਿਆ ਵਿੱਚ ਵਰਤੀ ਜਾ ਰਹੀ ਢਿੱਲ-ਮੱਠ ਦਾ ਸਖ਼ਤ ਨੋਟਿਸ ਲਿਆ। ਉਹਨਾਂ ਕਿਹਾ ਕਿ ਅਜੇ ਤੱਕ ਸਿੱਖ ਵਿਦਵਾਨਾਂ ਤੇ ਮਾਹਿਰਾਂ ਦੀ ਕਮੇਟੀ ਦਾ ਗਠਨ ਤੱਕ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਸਿੱਖ ਅਵਾਮ ਤੇ ਸੰਸਥਾਵਾਂ ਵੱਲੋਂ ਆਏ ਸੁਝਾਵਾਂ ਦੀ ਘੋਖ ਕਰਨੀ ਹੈ। ਉਹਨਾਂ 6 ਜੂਨ ਤੋਂ ਪਹਿਲਾਂ ਅਕਾਲੀ ਦਲ ਅਤੇ ਦਮਦਮੀ ਟਕਸਾਲ ਦੇ ਮੁਖੀ ਦਰਮਿਆਨ ਬਣੇ ਤਣਾਅ ਪੂਰਨ ਹਾਲਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੂਰਾ ਜ਼ੋਰ ਬਾਬਾ ਹਰਨਾਮ ਸਿੰਘ ਨੂੰ ਸੰਤੁਸ਼ਟ ਕਰਨ ਤੇ ਲੱਗਾ ਹੈ ਅਤੇ ਅਕਾਲੀ ਦਲ ਨੂੰ ਬਾਕੀ ਪੰਥ ਭੁੱਲਿਆ ਹੋਇਆ ਹੈ । ਉਹਨਾਂ ਕਿਹਾ ਕਿ ਹਾਲ ਹੀ ਵਿਚ ਜਥੇਦਾਰਾਂ ਦੀਆਂ ਹੋਈਆਂ ਨਿਯੁਕਤੀਆਂ ਨੂੰ ਪੰਥ ਦੇ ਵੱਡੇ ਹਿੱਸੇ ਨੇ ਪ੍ਰਵਾਨ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਵਿਧੀ ਵਿਧਾਨ ਅਨੁਸਾਰ ਅਤੇ ਪੰਥ ਨੂੰ ਭਰੋਸੇ ਵਿੱਚ ਲੈ ਕੇ ਪੰਥਕ ਸਿਸਟਮ ਅਨੁਸਾਰ ਹੋਈ ਨਿਯੁਕਤੀ ਹੀ ਪੰਥ ਨੂੰ ਪ੍ਰਵਾਨ ਹੋਵੇਗੀ।