ਭਾਈ ਚੌੜਾ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜੀਆਂ ਦਲ ਖ਼ਾਲਸਾ ਨੌਜਵਾਨਾਂ ਨੇ ਸਾਰਾਗੜ੍ਹੀ ਤੋ ਦਰਬਾਰ ਸਾਹਿਬ ਤੱਕ ਕੱਢਿਆ ਮਾਰਚ

ਭਾਈ ਚੌੜਾ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜੀਆਂ ਦਲ ਖ਼ਾਲਸਾ ਨੌਜਵਾਨਾਂ ਨੇ ਸਾਰਾਗੜ੍ਹੀ ਤੋ ਦਰਬਾਰ ਸਾਹਿਬ ਤੱਕ ਕੱਢਿਆ ਮਾਰਚ

 ਸ਼੍ਰੋਮਣੀ ਕਮੇਟੀ ਦੇ ਭਾਈ ਚੌੜਾ ਨੂੰ ਪੰਥ ਚੋਂ ਛੇਕਣ ਵਾਲੇ ਤਰਕਹੀਣ ਮਤੇ ਨੂੰ ਰੱਦ ਕਰਕੇ ਰੱਦੀ ਵਿੱਚ ਸੁੱਟਿਆ ਜਾਵੇ : ਸਿੱਖ ਪੰਥਕ ਜੱਥੇਬੰਦੀਆਂ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਭਾਈ ਨਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਤਜਵੀਜ਼ ਦਾ ਸਖ਼ਤ ਵਿਰੋਧ ਕਰਦਿਆਂ ਦਲ ਖ਼ਾਲਸਾ ਨੇ ਪੰਥਕ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨਾਲ ਮਿਲਕੇ ਅਕਾਲ ਤਖ਼ਤ ਸਾਹਿਬ ਤੇ ਮੈਮੋਰੰਡਮ ਸੌਂਪਿਆ ਜਿਸ ਵਿੱਚ ਪੰਜ ਸਿੰਘ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਤਰਕਹੀਣ ਮਤੇ ਨੂੰ ਰੱਦ ਕਰਕੇ ਰੱਦੀ ਵਿੱਚ ਸੁੱਟ ਦੇਣ। 

ਅਕਾਲ ਤਖ਼ਤ ਸਾਹਿਬ ਵਿਖੇ ਦਲ ਖ਼ਾਲਸਾ ਵੱਲੋਂ ਸੱਦੀ ਪੰਥਕ ਇਕੱਤਰਤਾ ਵਿੱਚ ਨਾਮਵਰ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਭਾਈ ਚੌੜਾ ਨਾਲ ਇਕਜੁੱਟਤਾ ਪ੍ਰਗਟਾਈ। 

ਇਕੱਤਰਤਾ ਤੋਂ ਪਹਿਲਾਂ ਦਲ ਖ਼ਾਲਸਾ ਨਾਲ ਜੁੜੇ ਮੈਂਬਰਾਂ ਤੇ ਵਰਕਰਾਂ ਨੇ ਗੁਰਦੁਆਰਾ ਸਾਰਾਗੜ੍ਹੀ ਤੋ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ , ਇਸ ਮੌਕੇ ਉਹਨਾਂ ਦੇ ਹੱਥਾਂ ਵਿੱਚ ਭਾਈ ਚੌੜਾ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜੀਆਂ ਸਨ ਜਿਨਾਂ ਉੱਤੇ ਅਕਾਲ ਤਖ਼ਤ ਨੂੰ ਸ਼੍ਰੋਮਣੀ ਕਮੇਟੀ ਦੀ ਭਾਈ ਚੌੜਾ ਨੂੰ ਛੇਕਣ ਦੀ ਮੰਗ ਨੂੰ ਖਾਰਜ ਕਰਨ ਦੀ ਗੁਹਾਰ ਲਾਈ ਸੀ। 

ਜਥੇਬੰਦੀਆਂ ਦੇ ਆਗੂਆਂ ਨੇ ਇਕੱਤਰਤਾ ਤੋਂ ਬਾਅਦ ਅੱਜ ਦੇ ਦਿਨ ਸੱਚਖੰਡ ਦਰਬਾਰ ਸਾਹਿਬ ਅੰਦਰ ਜੰਗਲਾ ਟੱਪ ਕੇ ਬੇਹੁਰਮਤੀ ਕਰਨ ਦੀ ਹਿਰਦੇਵੇਦਕ ਘਟਨਾ ਦੇ ਤਿੰਨ ਸਾਲ ਪੂਰੇ ਹੋਣ ‘ਤੇ ਅਰਦਾਸ ਕੀਤੀ।

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਹਿੰਦੁਸਤਾਨ ਦੀ ਡੀਪ ਸਟੇਟ ਨੇ ਸਾਜ਼ਿਸ਼ ਤਹਿਤ ਕਿਸੇ ਅਣਪਛਾਤੇ ਬਹੁਰੂਪੀਏ ਨੂੰ ਭੇਜ ਕੇ ਤਿੰਨ ਸਾਲ ਪਹਿਲਾਂ ਇਸ ਗੁਨਾਹ ਨੂੰ ਅੰਜਾਮ ਦਿੱਤਾ ਸੀ, ਜਿਸ ਬਾਰੇ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ। ਉਹਨਾਂ ਮੰਨਿਆ ਕਿ ਸਿੱਖ, ਸਰਕਾਰ ਅਤੇ ਪ੍ਰਸ਼ਾਸਨ ਸਾਜਿਸ਼ਕਾਰਾਂ ਦੀ ਪਛਾਣ ਅਤੇ ਇਰਾਦਿਆਂ ਦਾ ਪਤਾ ਲਾਉਣ ਵਿੱਚ ਬੁਰੀ ਤਰਾਂ ਫੇਲ੍ਹ ਸਿੱਧ ਹੋਏ ਹਨ। ਉਹਨਾਂ ਕਿਹਾ ਕਿ ਇਹ ਹਮਲਾ ਸਿੱਖਾਂ ਦੀ ਆਤਮਾ ‘ਤੇ ਵਾਰ ਸੀ। ਅਤੇ ਇਹ ਕਿਸਾਨ ਅੰਦੋਲਨ ਦੀ ਜਿੱਤ ਦੇ ਠੀਕ ਇਕ ਮਹੀਨੇ ਬਾਅਦ ਵਾਪਰਿਆ ਸੀ। 

ਪੰਥਕ ਆਗੂਆਂ ਨੇ ਬੋਲਦਿਆਂ ਸਾਵਧਾਨ ਕੀਤਾ ਕਿ ਜੇਕਰ ਨਰਾਇਣ ਸਿੰਘ ਨੂੰ ਪੰਖ ਵਿੱਚੋ ਛੇਕਣ ਦਾ ਕੋਈ ਫੈਸਲਾ ਹੁੰਦਾ ਹੈ ਤਾਂ ਉਸਦਾ ਹਸ਼ਰ ਗੁਨਾਹਗਾਰ ਸਾਧ ਗੁਰਮੀਤ ਰਾਮ ਰਹੀਮ ਨੂੰ 2015 ਵਿੱਚ ਬਾਦਲ ਪਰਿਵਾਰ ਦੇ ਆਦੇਸ਼ ‘ਤੇ ਜਥੇਦਾਰਾਂ ਵੱਲੋਂ ਦਿੱਤੀ ਮੁਆਫੀ ਵਾਲੇ ਫੈਸਲੇ ਵਰਗਾ ਹੋਵੇਗਾ।

ਪੰਥਕ ਸੰਸਥਾਵਾਂ, ਜਥੇਬੰਦੀਆਂ ਅਤੇ ਸਿੱਖ ਸ਼ਖ਼ਸੀਅਤਾਂ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੂੰ ਸੌਂਪੇ ਗਏ ਯਾਦ-ਪੱਤਰ ਦੇ ਅਹਿਮ ਅੰਸ਼ - 

……. ਭਾਈ ਨਰਾਇਣ ਸਿੰਘ ਵੱਲੋਂ ਸੁਖਬੀਰ ਬਾਦਲ ‘ਤੇ ਕੀਤੇ ਹਮਲੇ ਨੇ ਦੱਸ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਸਮੇਤ ਹੋਰਨਾਂ ਅਕਾਲੀਆਂ ਨੂੰ ਦਿੱਤੀ ਗਈ ਧਾਰਮਿਕ ਤਨਖਾਹ ਪੰਥ ਦੇ ਇੱਕ ਹਿੱਸੇ ਦੇ ਤਪਦੇ ਤੇ ਛਲਣੀ ਹਿਰਦਿਆਂ ਨੂੰ ਸ਼ਾਂਤ ਨਹੀਂ ਕਰ ਸਕੀ। ਉਸ ਹਿੱਸੇ ਦੀ ਸੋਚ ਅਤੇ ਨਜ਼ਰ ਵਿੱਚ ਸੁਖਬੀਰ ਦੇ ਗੁਨਾਹ ਵੱਡੇ ਅਤੇ ਗੰਭੀਰ ਸਨ ਪਰ ਤਨਖ਼ਾਹ ਘੱਟ ਅਤੇ ਮਾਮੂਲੀ ਲਾਈ ਗਈ ਅਤੇ ਉਸ ਹਿੱਸੇ ਦੀ ਪ੍ਰਤੀਨਿਧਤਾ ਭਾਈ ਨਰਾਇਣ ਸਿੰਘ ਨੇ ਆਪਣੀ ਜਾਨ ਦਾਅ ‘ਤੇ ਲਾ ਕੇ ਕੀਤੀ। ਕੌਮ ਦੇ ਚੇਤੰਨ ਤੇ ਜਾਗਦੇ ਵਰਗ ਦਾ ਮੰਨਣਾ ਹੈ ਕਿ ਪੰਜ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ ਅਕਾਲ ਤਖਤ ਦੀ ਫ਼ਸੀਲ ਤੋਂ ਪੂਰਾ ਇਨਸਾਫ਼ (complete justice) ਨਹੀਂ ਕੀਤਾ।

ਭਾਈ ਨਰਾਇਣ ਸਿੰਘ 1982 ਤੋ ਆਰੰਭ ਹੋਏ ਧਰਮ ਯੁੱਧ ਮੋਰਚੇ ਤੋ ਹੀ ਪੰਥਕ ਸਫਾਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਪੰਥ ਦੇ ਹਰ ਹਿੱਸੇ ਤੇ ਹਰ ਵਰਗ ਵਿੱਚ ਉਹਨਾਂ ਦੀ ਮਕਬੂਲੀਅਤ ਹੈ। ਉਹ ਡਬਲ ਐਮ. ਏ. ਪਾਸ ਇੱਕ ਮਜ਼ਬੂਤ ਅਤੇ ਦ੍ਰਿੜ ਇਰਾਦੇ ਵਾਲੀ ਜੁਝਾਰੂ ਸੋਚ ਦੇ ਮਾਲਕ ਹਨ।

ਸ਼੍ਰੋਮਣੀ ਕਮੇਟੀ ਦੇ ਮਤੇ ਦੀ ਇਬਾਰਤ ਝੂਠ ਅਤੇ ਮੱਕਾਰੀ ਤੇ ਟਿਕੀ ਹੈ। ਤੱਤਾਂ ਨੂੰ ਤੋੜ-ਮਰੋੜ ਕੇ ਤਨਖਾਹ ਭੁਗਤ ਰਹੇ ਸੁਖਬੀਰ ਸਿੰਘ ‘ਤੇ ਹਮਲੇ ਨੂੰ ਦਰਬਾਰ ਸਾਹਿਬ ਵਲ ਚਲਾਈ ਗੋਲ਼ੀ ਪ੍ਰਚਾਰ ਕੇ, ਕੁਫ਼ਰ ਤੋਲਿਆ ਗਿਆ ਹੈ। ਜਦ ਕਿ ਮੀਡੀਆ ਦੇ ਕੈਮਰਿਆਂ ਨੇ ਸਪੱਸ਼ਟ ਦਿਖਾਇਆ ਕਿ ਗੋਲੀ ਨਰਾਇਣ ਸਿੰਘ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਹੋਈ ਗੁਥਮ-ਗੁੱਥਾ ਮੌਕੇ (accidental) ਚੱਲੀ ਹੈ।

 ਮਿਤੀ 18 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਤੇ ਜੁੜ ਬੈਠੀਆਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਜਥੇਬੰਦੀਆਂ, ਸੰਸਥਾਵਾਂ ਅਤੇ ਸ਼ਖ਼ਸੀਅਤਾਂ ਭਾਈ ਨਰਾਇਣ ਸਿੰਘ ਨੂੰ ਛੇਕਣ ਵਾਲੇ ਸ਼੍ਰੋਮਣੀ ਕਮੇਟੀ ਦੇ ਬੇਤੁਕੇ ਅਤੇ ਸਿਧਾਂਤਹੀਣ ਮਤੇ ਨੂੰ ਮੂਲੋਂ ਰੱਦ ਕਰਦੀਆਂ ਹਨ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਅਪੀਲ ਕਰਦੀਆਂ ਹਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਤੇ ਨੂੰ ਪ੍ਰਵਾਨ ਨਾ ਕਰਦਿਆਂ ਇਸ ਮਤੇ ਰੂਪੀ ਮੰਗ ਨੂੰ ਖਾਰਜ ਕਰ ਦੇਣ। ਇਸ ਦੇ ਨਾਲ ਦਸਤਾਰ ਦੀ ਬੇਅਦਬੀ ਕਰਨ ਵਾਲੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਜਸਪ੍ਰੀਤ ਸਿੰਘ ਰਾਣਾ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ।

ਭਾਈ ਨਰਾਇਣ ਸਿੰਘ ਵਲੋਂ ਧਰਮ ਅਤੇ ਕੌਮੀ ਸਵੈਮਾਣ ਖਾਤਰ ਦਿਖਾਈ ਜੁਝਾਰੂ ਸਪਿਰਿਟ ਨੇ ਕੌਮ ਅੰਦਰ ਉਸ ਦਾ ਮਾਣ ਵਧਾਇਆ ਹੈ ਅਤੇ ਉਸ ਮਾਣ ਨੂੰ ਛੁਟਿਆਉਣ ਜਾਂ ਘਟਾਉਣ ਵਾਲਾ ਕੋਈ ਵੀ ਫੈਸਲਾ ਪੰਥ ਨੇ ਕਦਾਚਿਤ ਪ੍ਰਵਾਨ ਨਹੀਂ ਕਰਨਾ।

ਮੈਮੌਰੈਂਡਮ ‘ਤੇ ਦਸਤਖ਼ਤ ਕਰਨ ਵਾਲਿਆਂ ਦੇ ਨਾਮ- 

ਕੰਵਰਪਾਲ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਮੰਡ (ਦਲ ਖ਼ਾਲਸਾ), ਭਾਈ ਜਸਬੀਰ ਸਿੰਘ ਰੋਡੇ (ਸਾਬਕਾ ਜਥੇਦਾਰ), ਈਮਾਨ ਸਿੰਘ ਮਾਨ (ਅਕਾਲੀ ਦਲ ਅੰਮ੍ਰਿਤਸਰ), ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ (ਸ਼ੇਰੇ-ਪੰਜਾਬ ਅਕਾਲੀ ਦਲ), ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਬਲਜਿੰਦਰ ਸਿੰਘ, ਗੁਰਚਰਨ ਸਿੰਘ ਪਟਿਆਲਾ (ਬਾਪੂ ਭਾਈ ਜਗਤਾਰ ਸਿੰਘ ਹਵਾਰਾ), ਭੁਪਿੰਦਰ ਸਿੰਘ ਭਲਵਾਨ (ਅਖੰਡ ਕੀਰਤਨੀ ਜਥਾ), ਮਨਜੀਤ ਸਿੰਘ ਭੋਮਾ (ਧਰਮ ਪ੍ਰਚਾਰ ਦਿੱਲੀ ਕਮੇਟੀ), ਭਾਈ ਰਾਜਿੰਦਰ ਸਿੰਘ (ਪੰਥ ਸੇਵਕ ਜਥਾ), ਹਰਪਾਲ ਸਿੰਘ ਬਲੇਰ (ਅਕਾਲੀ ਦਲ ਅੰਮ੍ਰਿਤਸਰ), ਸੁਖਜੀਤ ਸਿੰਘ ਖੋਸਾ, ਗੁਰਨਾਮ ਸਿੰਘ।