ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ, ਤੀਜਾ ਫਰਾਰ
ਰਾਜਪਾਲ ਦੀ ਪੰਜਾਬ ਦੇ ਕਾਰਜਾਂ ਵਿਚ ਦਖਲਅੰਦਾਜ਼ੀ, ਅਖੇ ਮੇਰੀ ਅਗਵਾਈ ਵਿਚ ਜਾਂਚ ਹੋਵੇਗੀ
*ਆਪ ਆਗੂ ਨੇ ਕਿਹਾ ਕਿ ਹਮਲਾ ਸਿਖ ਭਾਵਨਾਵਾਂ ਭੜਕਾਉਣ ਕਾਰਣ ਹੋਇਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੁਧਿਆਣਾ : ਸ਼ਿਵ ਸੈਨਾ ਪੰਜਾਬ ਦੇ ਆਗੂ ਤੇ ਸ਼ਹੀਦ ਸੁਖਦੇਵ ਥਾਪਰ ਦੇ ਕਰੀਬੀ ਰਿਸ਼ਤੇਦਾਰ ਸੰਦੀਪ ਥਾਪਰ ਉਰਫ਼ ਗੋਰਾ ਥਾਪਰ ’ਤੇ ਨਿਹੰਗ ਸਿੰਘਾਂ ਦੇ ਬਾਣੇ ਵਿਚ ਆਏ ਤਿੰਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਸੰਦੀਪ ਥਾਪਰ ਸਿਵਲ ਹਸਪਤਾਲ ਵਿਚ ਕਿਸੇ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਬਾਅਦ ਆਪਣੇ ਸਕੂਟਰ ’ਤੇ ਗੰਨਮੈਨ ਨਾਲ ਵਾਪਸ ਆ ਰਹੇ ਸਨ। ਰਸਤੇ ਵਿਚ ਨਿਹੰਗ ਬਾਣੇ ਵਿਚ ਤਿੰਨ ਹਮਲਵਰਾਂ ਨੇ ਉਨ੍ਹਾਂ ਰੋਕਿਆ ਤੇ ਗੰਨਮੈਨ ਨੂੰ ਸਕੂਟਰ ਤੋਂ ਉਤਾਰ ਕੇ ਉਸ ਕੋਲੋਂ ਪਿਸਤੌਲ ਖੋਹ ਲਿਆ। ਫਿਰ ਇਕ ਹਮਲਾਵਰ ਸੰਦੀਪ ਨੂੰ ਇਕ ਪਾਸੇ ਲੈ ਗਿਆ ਜਿੱਥੇ ਤਿੰਨਾਂ ਹਮਲਾਵਰਾਂ ਨੇ ਤਲਵਾਰਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਉਹ ਸੰਦੀਪ ਦਾ ਸਕੂਟਰ ਲੈ ਕੇ ਫ਼ਰਾਰ ਹੋ ਗਏ। ਹਮਲੇ ਦੀਆਂ ਤਸਵੀਰਾਂ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਵੀ ਹਮਲੇ ਦੀ ਵੀਡੀਓ ਬਣਾਈ ਜਿਹੜੀ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈ। ਜ਼ਖ਼ਮੀ ਸੰਦੀਪ ਨੂੰ ਲੋਕਾਂ ਨੇ ਹਸਪਤਾਲ ਦਾਖ਼ਲ ਕਰਵਾਇਆ।
ਹੁਣ ਇਨ੍ਹਾਂ ਮੁਲਜ਼ਮਾਂਂ ਸਰਬਜੀਤ ਸਿੰਘ ਸਾਬਾ , ਹਰਜੋਤ ਸਿੰਘ ਜੋਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਟਹਿਲ ਸਿੰਘ ਲਾਡੀ ਫਰਾਰ ਹੈ।ਇਸ ਹਮਲੇ ਵਿਚ ਸੰਦੀਪ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਹਮਲਾ ਕਿਉਂ ਹੋਇਆ?

ਸ਼ਿਵ ਸੈਨਾ ਆਗੂ ਉਪਰ ਹਮਲੇ ਦਾ ਕਾਰਣ ਹਮਲਾਵਰ ਨਿਹੰਗ ਸਿੰਘਾਂ ਨੇ ਪੁਲਿਸ ਨੂੰ ਦਸਿਆ ਹੈ ਕਿ ਉਹ ਸੰਤ ਭਿੰਡਰਾਂਵਾਲਿਆਂ ਵਿਰੁਧ ਘਟੀਆ ਭਾਸ਼ਾ ਵਰਤਦਾ ਸੀ।ਥਾਪਰ ਬਾਰੇ ਸਿਖਾਂ ਦਾ ਇਤਰਾਜ਼ ਹੈ ਕਿ ਉਹ ਜੂਨ 84 ਬਾਰੇ ਜਸ਼ਨ ਮਨਾਕੇ ਸਿਖ ਪੰਥ ਦੇ ਹਿਰਦੇ ਦੁਖੀ ਕਰਦਾ ਸੀ।ਉਸਨੇ ਸ਼ੋਸ਼ਲ ਮੀਡੀਆ ਉਪਰ ਇਹ ਵੀ ਵਿਵਾਦ ਛੇੜਿਆ ਕਿ ਗੁਰੂ ਸਾਹਿਬਾਨ ਹਿੰਦੂ ਸਨ।
ਸ਼ਿਵ ਸੈਨਾ ਲੀਡਰ ਸੰਦੀਪ ਥਾਪਰ ’ਤੇ ਹਮਲੇ ਬਾਰੇ ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਦੀਪ ਥਾਪਰ ’ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ। ਐਕਸ ’ਤੇ ਆਪ’ ਸੰਸਦ ਮੈਂਬਰ ਨੇ ਕਿਹਾ ਕਿ ਸੰਦੀਪ ਥਾਪਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਸੀ ਤੇ ਸੰਜਮ ਵਰਤਣਾ ਚਾਹੀਦਾ ਸੀ। ਉਨ੍ਹਾਂ ਨੇ ਅੱਗੇ ਲਿਖਿਆ 6 ਜੂਨ, ਬਲੂਸਟਾਰ ਮਨਾਉਣਾ ਤੇ ਲੱਡੂ ਵੰਡਣਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ। ਉਸ ਨੇ ਪਿਛਲੇ ਸਾਲ ਜਦੋਂ ਪੂਰਾ ਸੂਬਾ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ ਤਾਂ ਉਸ ਨੇ ਪੰਜਾਬ ਦੀ ਤਬਾਹੀ ਦਾ ਮਜ਼ਾਕ ਉਡਾਇਆ ਸੀ। ਇਸ ਕਰਕੇ ਨਫਰਤ ਫੈਲਾਉਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਫਿਰਕੂ ਸਦਭਾਵਨਾ ਨੂੰ ਹਰ ਕੀਮਤ ’ਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
ਦਰਅਸਲ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ ’ਤੇ ਨਿਹੰਗਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਸੂਬੇ ਵਿੱਚ ਸਿਆਸੀ ਜੰਗ ਛਿੜ ਗਈ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਮਾਮਲੇ ’ਤੇ ਮੁੱਖ ਮੰਤਰੀ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ।
ਬੀਜੇਪੀ ਲੀਡਰ ਰਵਨੀਤ ਸਿੰਘ ਬਿੱਟੂ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਹੋਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਵਿਵਸਥਾ ਦੇ ਮੋਰਚੇ ’ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਦੇ ਕਾਰਜਾਂ ਵਿਚ ਦਖਲ ਅੰਦਾਜ਼ੀ
ਓਧਰ ਹਮਲੇ ਤੋਂ ਖਫਾ ਹਿੰਦੂ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਸੂਬਾ ਸਰਕਾਰ ਦੀ ਨਕਾਮੀ ਦੱਸਿਆ ਹੈ।ਉਹ ਇਸ ਬਾਰੇ ਰਾਜਪਾਲ ਨੂੰ ਮਿਲੇ।ਇਸ ਤੋਂ ਸਪਸ਼ਟ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਕਾਰਜਾਂ ਵਿਚ ਦਖਲ ਅੰਦਾਜ਼ੀ ਫਿਰ ਸ਼ੁਰੂ ਕਰ ਦਿਤੀ ਹੈ।ਕੇਂਦਰ ਸਰਕਾਰ ਦੇ ਇਸ਼ਾਰੇ ਉਪਰ ਪੰਜਾਬ ਦੇ ਰਾਜਪਾਲ ਵੀ ਸਰਗਰਮ ਹੋ ਗਏ ਹਨ ਤੇ ਮੁਖ ਮੰਤਰੀ ਤੋਂ ਪੁਛੇ ਬਿਨਾਂ ਉਨ੍ਹਾਂ ਦੇ ਕਾਰਜਾਂ ਵਿਚ ਦਖਲ ਅੰਦਾਜ਼ੀ ਦੇਣੀ ਸ਼ੁਰੂ ਕਰ ਦਿਤੀ ਹੈ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲੁਧਿਆਣਾ ਵਿਚ ਸ਼ਿਵ ਸੈਨਿਕ ਸੰਦੀਪ ਥਾਪਰ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੰਦੀਪ ਥਾਪਰ 'ਤੇ ਹਮਲਾ ਹੋਇਆ ਹੈ। ਉਹ ਉਸਨੂੰ ਮਾਰਨਾ ਚਾਹੁੰਦਾ ਸੀ। ਪਰ ਉਹ ਕਿਸੇ ਤਰ੍ਹਾਂ ਬਚ ਗਿਆ ਅਤੇ ਸਹੀ ਸਮੇਂ 'ਤੇ ਇਲਾਜ ਕਰਵਾ ਲਿਆ, ਜਿਸ ਕਾਰਨ ਉਹ ਹੁਣ ਠੀਕ ਹੋ ਰਿਹਾ ਹੈ।ਡਾਕਟਰਾਂ ਅਨੁਸਾਰ 10 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਦੀਪ ਥਾਪਰ ਦੇ ਮਾਮਲੇ ਸਬੰਧੀ ਉਹ ਖੁਦ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾ ਸਕੇ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੀਤੇ ਦਿਨੀਂ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਸੰਦੀਪ ਥਾਪਰ ਦਾ ਇਲਾਜ ਕਰ ਰਹੇ ਡੀਐਮਸੀ ਡਾਕਟਰਾਂ ਦੇ ਪੈਨਲ ਨਾਲ ਵੀ ਗੱਲਬਾਤ ਕੀਤੀ ਅਤੇ ਮਾਮਲੇ ਦੀ ਜਾਣਕਾਰੀ ਲਈ।
ਰਾਜਪਾਲ ਬਨਵਾਰੀ ਲਾਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਜੋ ਕੁਝ ਸਾਹਮਣੇ ਆਇਆ ਹੈ। ਸੰਦੀਪ ਥਾਪਰ 'ਤੇ ਹਮਲਾ ਕਰਨ ਵਾਲੇ ਨਸ਼ੇੜੀ ਸਨ। ਉਹ ਨਸ਼ੇ ਦਾ ਆਦੀ ਹੈ ਅਤੇ ਉਸ ਸਮੇਂ ਕਿਸੇ ਝਗੜੇ ਕਾਰਨ ਨਿਹੰਗ ਸਿੰਘਾਂ ਨੇ ਸੰਦੀਪ ਥਾਪਰ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਬਰਕਰਾਰ ਹੈ। ਨਸ਼ਾ ਖ਼ਤਮ ਕਰਨ ਦੀ ਲੋੜ ਹੈ। ਪੁਲਿਸ ਨੂੰ ਜਲਦੀ ਤੋਂ ਜਲਦੀ ਨਸ਼ੇ ਦੀ ਜੜ੍ਹ ਨੂੰ ਖ਼ਤਮ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਪੁਲਿਸ ਕਮਿਸ਼ਨਰ ਅਤੇ ਡੀਸੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਥਾਪਰ ਦੇ ਇਲਾਜ ਅਤੇ ਕਾਨੂੰਨੀ ਮਦਦ ਵਿੱਚ ਕੋਈ ਕਮੀ ਨਾ ਆਵੇ।ਇਥੇ ਇਹ ਵੀ ਜਿਕਰਯੋਗ ਹੈ ਕਿ ਪਰਿਵਾਰ ਨੇ ਰਾਜਪਾਲ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ।ਇਸ ਕਾਰਣ ਰਾਜਪਾਲ ਦੀ ਚਲਾਈ ਛੁਰਲੀ ਠੁਸ ਹੋ ਗਈ ਹੈ।ਆਪ ਪਾਰਟੀ ਦੇ ਹਲਕਿਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਵਿਚ ਫਿਰਕੂ ਮਾਹੌਲ ਪੈਦਾ ਕਰ ਰਹੀ ਹੈ।ਸਿਖ ਹਲਕਿਆਂ ਦਾ ਮੰਨਣਾ ਹੈ ਕਿ ਸ਼ਿਵ ਸੈਨਾ ਦੇ ਆਗੂਆਂ ਨੂੰ ਨੱਥ ਪਾਉਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਸਿਖ ਭਾਵਨਾਵਾਂ ਭੜਕਾਉਣ ਤੋਂ ਰੋਕਣਾ ਚਾਹੀਦਾ ਹੈ।











Comments (0)