ਅਮਰੀਕਾ ਦੀਆਂ ਪ੍ਰਮੁੱਖ ਯੁਨੀਵਰਸਿਟੀਆਂ ਦੇ ਅਨੇਕਾਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਇਮੀਗ੍ਰੇਸ਼ਨ ਪ੍ਰਸ਼ਾਸਨ ਵੱਲੋਂ ਹਾਵਰਡ,ਟਫਟਸ ਤੇ ਸਟੈਂਫੋਰਡ ਸਮੇਤ ਪ੍ਰਮੁੱਖ ਯੁਨੀਵਰਸਿਟੀਆਂ ਦੇ ਅਨੇਕਾਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਦੀ ਖਬਰ ਹੈ। ਮਾਸ ਮੀਡੀਆ ਬਲੂਮਬਰਗ ਅਨੁਸਾਰ ਇਮੀਗ੍ਰੇਸ਼ਨ ਪ੍ਰਸ਼ਾਸਨ ਦੀ ਇਸ ਕਾਰਵਾਈ ਨੇ ਯੁਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਜਿਨਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ ਉਨਾਂ ਵਿਚ ਯੁਨੀਵਰਸਿਟੀਆਂ ਵਿਚ ਇਸ ਸਮੇ ਪੜ ਰਹੇ ਵਿਦਿਆਰਥੀ ਤੇ ਹਾਲ ਹੀ ਵਿਚ ਗਰੈਜੂਏਟ ਬਣੇ ਵਿਦਿਆਰਥੀ ਵੀ ਸ਼ਾਮਿਲ ਹਨ। ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਅਨੁਸਾਰ ਇਕੱਲੇ ਕੈਲੀਫੋਰਨੀਆ ਵਿਚ ਯੂ ਸੀ ਐਲ ਏ, ਯੂ ਸੀ ਬਰਕਲੇ, ਯੂ ਸੀ ਡੇਵਿਸ, ਯੂ ਸੀ ਸੈਨ ਡਇਏਗੋ, ਯੂ ਸੀ ਸਾਂਤਾ ਕਰੂਜ਼ ਤੇ ਸਟੈਂਫੋਰਡ ਸਮੇਤ ਅਨੇਕਾਂ ਸਿੱਖਿਆ ਸੰਸਥਾਵਾਂ ਦੇੇ ਦਰਜ਼ਨਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਸਟੈਂਫੋਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨਾਂ ਨੂੰ ਆਪਣੇ 6 ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਬਾਰੇ ਜਾਣਕਾਰੀ ਹੈ। ਉਨਾਂ ਇਹ ਵੀ ਕਿਹਾ ਹੈ ਕਿ ਜੇਕਰ ਕਾਨੂੰਨੀ ਮਜਬੂਰੀ ਨਾ ਹੋਵੇ ਤਾਂ ਉਹ ਇਮੀਗ੍ਰੇਸ਼ਨ ਪ੍ਰਸ਼ਾਸਨ ਨਾਲ ਵਿਦਿਆਰਥੀਆਂ ਦਾ ਨਿੱਜੀ ਰਿਕਾਰਡ ਸਾਂਝਾ ਨਹੀਂ ਕਰਦੇ। ਹਾਵਰਡ ਦੇ 3 ਮੌਜੂਦਾ ਤੇ 2 ਸਾਬਕਾ ਗਰੈਜੂਏਟ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਏ ਪੀ ਦੀ ਇਕ ਰਿਪੋਰਟ ਵਿਚ ਡਾਰਟਮਾਊਥ ਕਾਲਜ, ਮਿਨੀਸੋਟਾ ਸਟੇਟ ਯੁਨੀਵਰਸਿਟੀ, ਐਰੀਜ਼ੋਨਾ ਸਟੇਟ ਯੁਨੀਵਰਸਿਟੀ ਤੇ ਯੁਨੀਵਰਸਿਟੀ ਆਫ ਓਰੇਗੋਨ ਦੇ ਕਈ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਦੀ ਪੁਸ਼ਟੀ ਕੀਤੀ ਗਈ ਹੈ। ਇਮੀਗ੍ਰ੍ਰੇਸ਼ਨ ਪ੍ਰਸ਼ਾਸਨ ਵੱਲੋਂ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਸਮੇਤ ਛੋਟੇ ਮੋਟੇ ਅਪਰਾਧ ਤਹਿਤ ਵਿਦਿਆਰਥੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤੋਂ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕ ਪ੍ਰੇਸ਼ਾਨ ਹਨ।











Comments (0)