ਭਾਈ ਮਨਜਿੰਦਰ ਸਿੰਘ ਐਸਐਫਜੇ ਕਾਰਕੁਨ ਉਪਰ ਦਾਗੀ ਅਨਸਰਾਂ ਵਲੋਂ ਹਮਲਾ, ਗੰਭੀਰ ਰੂਪ ਵਿਚ ਜਖਮੀ ਹਾਲਤ ਅੰਦਰ ਅਸਪਤਾਲ ਦਾਖਿਲ
ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੇਲਟਾ ਵਿਖ਼ੇ ਹੋਈ ਭਾਰੀ ਬੇਅਦਬੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 13 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੇਲਟਾ ਵਿਖ਼ੇ ਭਾਈ ਨਿੱਝਰ ਟੀਮ ਅਤੇ ਸਿੱਖ ਫਾਰ ਜਸਟਿਸ ਦੇ ਮੂਹਰਲੀ ਕਤਾਰ ਦੇ ਉੱਘੇ ਕਾਰਕੁੰਨ ਭਾਈ ਮਨਜਿੰਦਰ ਸਿੰਘ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਣ ਦੇ ਨਾਲ ਉਨ੍ਹਾਂ ਉਪਰ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਜਿਸ ਕਰਕੇ ਇਲਾਕੇ ਦੀਆਂ ਸੰਗਤਾਂ ਅੰਦਰ ਭਾਰੀ ਰੋਸ ਦੀ ਲਹਿਰ ਫੈਲ ਗਈ ਹੈ । ਜਦੋ ਇਹ ਘਟਨਾ ਵਾਪਰੀ ਤਦ ਗੁਰਦੁਆਰਾ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਸਨ ਜਿਸ ਕਰਕੇ ਗੁਰੂਘਰ ਅੰਦਰ ਵਡੀ ਬੇਅਦਬੀ ਹੋਈ ਦਸੀ ਜਾ ਰਹੀ ਹੈ। ਜਿਕਰਯੋਗ ਹੈ ਕਿ ਗੁਰੁਘਰ ਦੇ ਕੁਝ ਮੈਂਬਰਾਂ ਕੋਲੋਂ ਸੰਗਤਾਂ ਵਲੋਂ ਵਾਰ ਵਾਰ ਹਿਸਾਬ ਮੰਗਿਆ ਜਾ ਰਿਹਾ ਸੀ ਤੇ ਓਹ ਟਾਲ ਮਟੋਲ ਕਰਦੇ ਰਹਿੰਦੇ ਸੀ ਤੇ ਬੀਤੀ ਰਾਤ ਮੈਨੇਜਰ ਹਰਜੀਤ ਸਿੰਘ ਵਲੋਂ ਸੱਦੀ ਗਈ ਮੀਟਿੰਗ ਨੂੰ ਗੁਰੂਘਰ ਦੇ ਕੁਝ ਪ੍ਰਬੰਧਕਾਂ ਵਲੋਂ ਅੱਗੇ ਕਰਣ ਲਈ ਕਹਿਣ ਦੇ ਬਾਵਜੂਦ ਮੀਟਿੰਗ ਰੱਖ ਲਈ ਗਈ । ਇਸ ਮੌਕੇ ਗੁਰੂਘਰ ਹਾਜਿਰ ਸੰਗਤਾਂ ਦੇ ਇਕੱਠ ਵਿੱਚ ਜਦੋਂ ਭਾਈ ਮਨਜਿੰਦਰ ਸਿੰਘ ਆਪਣੀ ਗੱਲ ਪੇਸ਼ ਕਰਨ ਲਈ ਸਟੇਜ ਕੋਲ ਪੁੱਜੇ ਹੀ ਸਨ ਤਾਂ ਉਹਨਾਂ ਤੇ ਮਲਕੀਤ ਸਿੰਘ ਫੌਜੀ, ਮਨਰੂਪ ਸਿੰਘ ਧਨੋਆ, ਲਖਵੰਤ ਸਿੰਘ, ਕੁਲਵਿੰਦਰ ਸਿੰਘ ਸੰਧੂ ਤੇ ਸਪੀ ਮਾਨ ਆਦਿਕ ਬੰਦਿਆਂ ਨੇ ਇਕਦਮ ਹਮਲਾ ਕਰਕੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ 'ਤੇ ਸਿਰ ਵਿੱਚ ਬੇਅੰਤ ਵਾਰ ਕੀਤੇ, ਕੇਸਾਂ ਦੀ ਭਾਰੀ ਬੇਅਦਬੀ ਕੀਤੀ ਗਈ । ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਰਕੇ ਭਾਈ ਮਨਜਿੰਦਰ ਸਿੰਘ ਸਰੀ ਹਸਪਤਾਲ ਐਮਰਜੈਂਸੀ ਵਿੱਚ ਜੇਰੇ ਇਲਾਜ਼ ਹਨ। ਮਿਲੀ ਜਾਣਕਾਰੀ ਮੁਤਾਬਿਕ ਜ਼ੇਕਰ ਮੌਕੇ ਤੇ ਭਾਈ ਅਜੈਪਾਲ ਸਿੰਘ, ਭਾਈ ਜੈਗ ਸਿੰਘ ਅਤੇ ਰਾਜਿੰਦਰ ਸਿੰਘ ਆਦਿਕ ਸਿੰਘ ਸਮੇਂ ਸਿਰ ਓਥੇ ਨਾਂ ਪਹੁੰਚਦੇ ਤਾਂ ਹੋ ਸਕਦਾ ਸੀ ਇਹ ਲੋਕ ਮਨਜਿੰਦਰ ਸਿੰਘ ਨੂੰ ਵੀ ਭਾਈ ਨਿੱਝਰ ਵਾਂਗ ਸ਼ਹੀਦ ਕਰ ਦੇਂਦੇ । ਭਾਈ ਮਨਜਿੰਦਰ ਸਿੰਘ ਭਾਰਤੀ ਐੱਬੇਸੀ ਮੂਹਰੇ ਕੀਤੇ ਜਾਂਦੇ ਮੁਜਾਹਰਿਆ ਅੰਦਰ ਮੂਹਰਲੀ ਕਤਾਰ ਵਿਚ ਵਿਰੋਧ ਕਰਦੇ ਹੁੰਦੇ ਹਨ ਜਿਸ ਕਰਕੇ ਓਹ ਸਰਕਾਰੀ ਨਜਰਾਂ ਅੰਦਰ ਰੜਕਦੇ ਰਹਿੰਦੇ ਹਨ ।
ਇਥੇ ਦਸਣਯੋਗ ਹੈ ਕਿ ਮਲਕੀਤ ਸਿੰਘ ਫੌਜੀ ਨੂੰ ਕੈਨੇਡਾ ਸਰਕਾਰ ਵਲੋਂ ਡਿਪੋਰਟ ਕਰਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਉਨ੍ਹਾਂ ਦਾ ਕਿਰਦਾਰ ਵੀਂ ਸ਼ਕੀ ਦਸਿਆ ਜਾ ਰਿਹਾ ਹੈ । ਪਹਿਲਾਂ ਵੀ ਬਹੁਤ ਵਾਰੀ ਇਹਨਾਂ ਬੰਦਿਆਂ ਨੇ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਕੇ ਸੰਗਤਾਂ ਨੂੰ ਭੈਅ ਭੀਤ ਕੀਤਾ ਅਤੇ ਸਿੱਧੇ ਰੂਪ ਵਿੱਚ ਖਾਲਿਸਤਾਨ ਸੰਘਰਸ਼ ਨੂੰ ਬੰਦ ਕਰਨ ਲਈ ਬੇਅੰਤ ਕੋਸ਼ਿਸ਼ਾਂ ਕੀਤੀਆਂ ਹਨ ਪਰ ਕਾਮਯਾਬ ਨਹੀਂ ਹੋ ਸਕੇ ਜਿਸ ਕਰਕੇ ਹੁਣ ਇਹ ਹੋਛੀਆਂ ਹਰਕਤਾਂ ਤੇ ਉਤਰ ਗਏ ਹਨ । ਸਿੱਖ ਸੰਗਤਾਂ ਨੂੰ ਸੁਚੇਤ ਹੋਕੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਇਕੱਠੇ ਹੋ ਕਰਕੇ ਨੱਥ ਪਾਉਣੀ ਚਾਹੀਦੀ ਹੈ। ਮਾਮਲੇ ਦੀ ਰਿਪੋਰਟ ਕੈਨੇਡੀਅਨ ਪੁਲਿਸ ਕੋਲ ਪਹੁੰਚ ਗਈ ਹੈ ਤੇ ਉਨ੍ਹਾਂ ਵਲੋਂ ਭਾਈ ਮਨਜਿੰਦਰ ਸਿੰਘ ਕੋਲੋਂ ਬਿਆਨ ਲੈਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਏਗੀ। ਇਸ ਦੌਰਾਨ ਮਲਕੀਤ ਸਿੰਘ ਫੌਜੀ ਜੋ ਕਿ ਮੁੱਖ ਦੋਸ਼ੀ ਮੰਨੇ ਜਾ ਰਹੇ ਹਨ ਪੁਲਿਸ ਕੋਲੋਂ ਛੁਪਦਿਆਂ ਅਣਦਸੀ ਥਾਂ ਤੇ ਚਲੇ ਗਏ ਹਨ । ਇਸ ਦੌਰਾਨ ਗੁਰੂਘਰ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ ਦੇ ਨਾਲ ਭਾਈ ਜਗਜੀਤ ਸਿੰਘ, ਭਾਈ ਅਵਤਾਰ ਸਿੰਘ ਖੈਰਾ, ਭਾਈ ਪਵਨਦੀਪ ਸਿੰਘ ਜੋ ਕਿ ਭਾਈ ਮਨਜਿੰਦਰ ਸਿੰਘ ਦਾ ਪਤਾ ਲੈਣ ਅਸਪਤਾਲ ਪਹੁੰਚੇ ਹੋਏ ਹਨ, ਨੇ ਘਟਨਾ ਦੇ ਦੁੱਖ ਪ੍ਰਗਟ ਕਰਦਿਆਂ ਮਾਮਲੇ ਉਪਰ ਕਾਰਵਾਈ ਦੀ ਮੰਗ ਕੀਤੀ ਹੈ ।











Comments (0)