ਮਾਲ ਗੱਡੀਆਂ ਲਈ ਰੇਲ ਪਟੜੀਆਂ ਖੋਲ੍ਹਣ ਦਾ ਐਲਾਨ ਕੀਤਾ; ਟੋਲ ਪਲਾਜ਼ਿਆਂ, ਤੇਲ ਪੰਪਾਂ 'ਤੇ ਧਰਨੇ ਜਾਰੀ ਰਹਿਣਗੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਧਾਨ ਸਭਾ ਵੱਲੋਂ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਵਿਚ ਸੋਧ ਕਰਕੇ ਪਾਸ ਕੀਤੇ ਬਿੱਲਾਂ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਚ ਅਹਿਮ ਬੈਠਕ ਹੋਈ। ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਨੇ ਫੈਂਸਲਾ ਕੀਤਾ ਕਿ ਅਗਲੇ 15 ਦਿਨਾਂ ਲਈ ਪੰਜਾਬ ਵਿਚ ਮਾਲ ਗੱਡੀਆਂ ਚਲਾਉਣ ਲਈ ਰੇਲ ਪਟੜੀਆਂ ਖਾਲੀ ਕੀਤੀਆਂ ਜਾਣਗੀਆਂ।
ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਟੋਲ ਟੈਕਸ ਅੱਡਿਆਂ, ਰਿਲਾਇੰਸ ਪੰਪਾਂ 'ਤੇ ਚਲ ਰਹੇ ਧਰਨੇ ਲਗਾਤਾਰ ਜਾਰੀ ਰਹਿਣਗੇ।
ਜਥੇਬੰਦੀਆਂ ਨੇ ਉਂਝ ਰੇਲਵੇ ਸਟੇਸ਼ਨਾਂ ਉਪਰ ਧਰਨੇ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਈ ਸਵਾਰੀ ਗੱਡੀ ਨਾ ਚੱਲੇ ਤੇ ਕੋਲੇ ਵਾਲੀ ਗੱਡੀ ਤੋਂ ਬਿਨਾਂ ਕੋਈ ਹੋਰ ਗੱਡੀ ਨਾ ਲੰਘ ਸਕੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਬੇਸ਼ੱਕ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਹੈ ਪਰ ਬਾਰਦਾਨੇ ਦੀ ਵੱਡੀ ਲੋੜ, ਤਾਪਘਰਾਂ ਵਿਚ ਕੋਲੇ ਦੀ ਪੈਦਾ ਹੋ ਰਹੀ ਘਾਟ, ਕਣਕ ਦੀ ਬਿਜਾਈ ਲਈ ਡੀਏਪੀ ਅਤੇ ਯੂਰੀਆ ਖਾਦ ਨੂੰ ਮੁੱਖ ਰੱਖਦਿਆਂ ਮਾਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਗੱਡੀਆਂ ਚਲਾਉਣ ਦਾ ਫੈਸਲਾ ਭਲਕੇ ਤੋਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਸੰਘਰਸ਼ੀਲ ਜਥੇਬੰਦੀਆਂ ਨੇ 5 ਨਵੰਬਰ ਨੂੰ ਅਗਲੀ ਨਜ਼ਰਸਾਨੀ ਮੀਟਿੰਗ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਰੱਖ ਦਿੱਤੀ ਗਈ ਹੈ, ਜਿਸ ਵਿਚ ਸਾਰੀਆਂ ਧਿਰਾਂ ਵਲੋਂ ਭਾਗ ਲਿਆ ਜਾਵੇਗਾ।











Comments (0)