ਸਿੱਖ ਕਤਲੇਆਮ ਲਈ ਦੋਸ਼ੀ ਮੰਨੇ ਜਾਂਦੇ ਇਜ਼ਹਾਰ ਆਲਮ ਦੇ ਪਰਿਵਾਰ 'ਤੇ ਮੁੜ ਮਿਹਰਬਾਨ ਹੋਇਆ ਬਾਦਲ ਪਰਿਵਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਦਰਬਾਰ ਸਾਹਿਬ 'ਤੇ ਭਾਰਤੀ ਹਮਲੇ ਤੋਂ ਬਾਅਦ ਪੰਜਾਬ ਵਿਚ ਚੱਲੇ ਸਿੱਖ ਸੰਘਰਸ਼ ਦੌਰਾਨ ਪੰਜਾਬ ਪੁਲਸ ਦੇ ਉੱਚ ਅਹੁਦਿਆਂ 'ਤੇ ਰਹਿੰਦਿਆਂ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਦੇ ਦੋਸ਼ੀ ਇਜ਼ਹਾਰ ਆਲਮ ਦੀ ਪਤਨੀ ਫਰਜਾਨਾ ਆਲਮ ਨੂੰ ਬਾਦਲ ਪਰਿਵਾਰ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਇਸਤਰੀ ਇਕਾਈ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ।
ਆਲਮ ਪਰਿਵਾਰ ਨਾਲ ਬਾਦਲ ਪਰਿਵਾਰ ਦੇ ਇਹ ਕਰੀਬੀ ਰਿਸ਼ਤੇ ਨਵੇਂ ਨਹੀਂ ਹਨ। ਇਸ ਤੋਂ ਪਹਿਲਾਂ ਫਰਜਾਨਾ ਆਲਮ ਬਾਦਲ ਦਲ ਦੀ ਟਿਕਟ 'ਤੇ ਮਲੇਰਕੋਟਲਾ ਤੋਂ ਵਿਧਾਇਕ ਰਹਿ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਖਾੜਕੂਵਾਦ ਦੇ ਦੌਰ ਚ ਪੰਜਾਬ ਪੁਲਿਸ ਦੇ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਇਜਹਾਰ ਆਲਮ ਵਲੋਂ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਸੀ । ਅੱਜ ਵੀ ਪਿੰਡਾਂ ਵਿਚ "ਆਲਮ ਸੈਨਾ" ਨਾਮ ਦੇ ਉਸ ਟੋਲੇ ਦੇ ਚਰਚੇ ਆਮ ਹੁੰਦੇ ਹਨ ਜੋ ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡਦਾ ਸੀ।
ਸਾਕਾ ਨਕੋਦਰ ਸਮੇਂ ਇਜ਼ਹਾਰ ਆਲਮ ਜਿਲ੍ਹੇ ਦਾ ਐਸਐਸਪੀ ਸੀ। ਇਸ ਸਾਕੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਚ ਪ੍ਰਦਰਸ਼ਨ ਕਰ ਰਹੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਗੋਲੀਬਾਰੀ ਵਿੱਚ ਫੈਡਰੇਸ਼ਨ ਦੇ ਚਾਰ ਨੌਜਵਾਨ ਸਿੰਘ ਸ਼ਹੀਦ ਹੋਏ ਸਨ। ਉਹਨਾਂ ਦਾ ਸਸਕਾਰ ਪੁਲਿਸ ਵਲੋਂ ਪਰਿਵਾਰ ਦੀ ਗੈਰ ਹਾਜ਼ਰੀ 'ਚ ਹੀ ਕਰ ਦਿੱਤਾ ਗਿਆ ਸੀ। ਜਾਂਚ ਵਿਚ ਇਜ਼ਹਾਰ ਆਲਮ ਦਾ ਨਾਮ ਮੁੱਖ ਦੋਸ਼ੀ ਵਜੋਂ ਸਾਹਮਣੇ ਆਇਆ ਸੀ। ਉਸ ਸਮੇਂ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਸੀ। ਇਸ ਤੋਂ ਬਾਅਦ ਤਰੱਕੀ ਕਰਦਾ ਹੋਇਆ ਆਲਮ ਪੁਲਿਸ ਮੁਖੀ ਦੇ ਅਹੁਦੇ ਤੱਕ ਪਹੁੰਚ ਗਿਆ।
ਸਿੱਖ ਨੌਜਵਾਨਾਂ ਦੇ ਘਾਣ ਬਦਲੇ ਇਸਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪਦਮ ਸ਼੍ਰੀ ਅਵਾਰਡ ਮਿਲਿਆ ਸੀ। ਅਕਾਲੀ ਦਲ ਬਾਦਲ ਵਲੋਂ ਇਜ਼ਹਾਰ ਆਲਮ ਨੂੰ ਪਾਰਟੀ ਦੇ ਉਚ ਅਹੁਦੇ ਸੌਂਪੇ ਗਏ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਬੀਬੀਆਂ ਦੀ ਇਕਾਈ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਫਰਜ਼ਾਨਾ ਆਲਮ ਤੋਂ ਇਲਾਵਾ ਬੀਬੀ ਕਿਰਨਜੋਤ ਕੌਰ ਮੈਂਬਰ ਐੱਸ.ਜੀ.ਪੀ.ਸੀ ਅੰਮ੍ਰਿਤਸਰ, ਬੀਬੀ ਗੁਰਪ੍ਰੀਤ ਕੌਰ ਸਿਬੀਆ ਲੁਧਿਆਣਾ, ਬੀਬੀ ਬਲਜਿੰਦਰ ਕੌਰ ਖੀਰਨੀਆਂ ਸਮਰਾਲਾ, ਬੀਬੀ ਇੰਦਰਜੀਤ ਕੌਰ ਮਾਨ ਜਲੰਧਰ, ਬੀਬੀ ਸੀਮਾ ਸ਼ਰਮਾ ਪਟਿਆਲਾ, ਬੀਬੀ ਰਾਜਵੰਤ ਕੌਰ ਦਾਦੂਵਾਲ ਜਲੰਧਰ, ਬੀਬੀ ਗੁਰਪ੍ਰੀਤ ਕੌਰ ਵਾਲੀਆ ਜਲੰਧਰ, ਬੀਬੀ ਪੂਨਮ ਅਰੋੜਾ ਲੁਧਿਆਣਾ, ਬੀਬੀ ਵੀਨਾ ਜੈਰਥ ਲੁਧਿਆਣਾ, ਬੀਬੀ ਦਲਜੀਤ ਕੌਰ ਦਾਊਦਪੁਰ ਕਪੂਰਥਲਾ ਅਤੇ ਬੀਬੀ ਦਲਜੀਤ ਕੌਰ ਐਮ.ਸੀ ਬੇਗੋਵਾਲ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਦਿੱਤੇ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।











Comments (0)