ਜੂਨ ਚੁਰਾਸੀ ਸਿੱਖ ਘੱਲੂਘਾਰੇ ਨੂੰ ਯਾਦ ਕਰਦਿਆਂ.......

ਜੂਨ ਚੁਰਾਸੀ ਸਿੱਖ ਘੱਲੂਘਾਰੇ ਨੂੰ ਯਾਦ ਕਰਦਿਆਂ.......

41 ਸਾਲ ਪਹਿਲਾਂ ਹੋਏ ਜੂਨ ਚੁਰਾਸੀ ਸਿੱਖ ਘੱਲੂਘਾਰੇ ਨੂੰ ਭਾਵੇਂ ਸਰਕਾਰਾਂ ਨੇ ਮੰਨ ਲਿਆ ਕਿ ਲੋਕ ਭੁੱਲ ਭੁਲਾ ਗਏ ਨੇ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਜ਼ਖ਼ਮ ਹਰ ਸਾਲ ਆਪਣੇ ਆਪ ਹੀ ਅੱਲੇ ਹੋ ਜਾਂਦੇ ਨੇ।

ਭੁੱਲਣ ਵਾਲੀ ਗੱਲ ਤਾਂ ਦੂਰ ਰਹੀ, ਭਲਿਓ ਲੋਕੋ, ਸਾਡੀ ਤਾਂ ਅਰਦਾਸ ਦੇ ਵਿੱਚ ਵੀ 200 ਸਾਲ ਪਹਿਲਾਂ ਧਰਮ ਹੇਤ ਜੂਝਣ ਵਾਲੇ ਸਿੰਘਾਂ-ਸਿੰਘਣੀਆਂ ਦਾ ਜ਼ਿਕਰ ਆਉਂਦਾ ਹੈ ਤੇ ਹਰ ਰੋਜ਼ ਅਸੀਂ ਯਾਦ ਕਰਦੇ ਹਾਂ। ਸਾਡੀ ਅਰਦਾਸ ਹੀ ਸਾਡਾ ਇਤਿਹਾਸ ਹੈ। ਕਈ ਸਰਕਾਰਾਂ ਆਈਆਂ ਤੇ ਕਈ ਗਈਆਂ। ਇੱਥੋਂ ਤੱਕ ਕਿ ਪੰਜਾਬ ਦੇ ਅਸਲੀ ਦਰਦੀ ਕਹਾਉਣ ਵਾਲੇ ਅਕਾਲੀ ਵੀ ਸੱਤਾ ਵਿੱਚ ਰਹੇ ਪਰ ਅੱਜ ਤੱਕ ਜੂਨ ਚੁਰਾਸੀ ਦੇ ਘੱਲੂਘਾਰੇ ਦੀ ਆਫ਼ਿਸ਼ੀਅਲੀ ਰਿਪੋਰਟ ਨਹੀਂ ਲੈ ਸਕੇ। ਏਨੇ ਸਾਲਾਂ ਬਾਅਦ ਸਾਡੇ ਤੱਕ ਰਿਪੋਰਟ ਨਾ ਆਉਣਾ ਕਿੱਡੀ ਵੱਡੀ ਸ਼ਰਮ ਵਾਲੀ ਗੱਲ ਹੈ। ਖ਼ੈਰ ਇਸ ਰਿਪੋਰਟ ਦੀ ਲੋੜ ਇਸ ਕਰਕੇ ਹੈ ਕਿ ਸਾਨੂੰ ਪਤਾ ਚੱਲੇ ਕਿ ਇਸ ਹਮਲੇ ਦੀ ਤਿਆਰੀ ਕਿੰਨੀ ਦੇਰ ਪਹਿਲਾਂ ਕੀਤੀ ਗਈ ਸੀ? ਇੰਟੈਲੀਜੈਂਸ ਰਿਪੋਰਟਾਂ ਕੀ ਸਨ? ਟੈਂਕ ਕਿਵੇਂ ਦਰਬਾਰ ਸਾਹਿਬ ਦੇ ਅੱਗੇ ਲਿਆਂਦੇ ਗਏ?

 ਦਸਤਾਵੇਜ਼ ਕੀ ਸਨ? ਚਿੱਠੀਆਂ ਰਾਹੀਂ ਕੀ ਗੱਲਬਾਤ ਹੋਈ? ਮੀਟਿੰਗਾਂ ਕੀਹਦੇ ਹੱਕ ਦੇ ਵਿੱਚ ਭੁਗਤੀਆਂ? ਇਹ ਸਮਾਂ ਅਜਿਹਾ ਸੀ ਕਿ ਦੱਸਣ ਵਾਲੇ ਦੱਸਦੇ ਹਨ ਕਿ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਦੇ ਬਾਹਰ ਇੱਕ ਵੱਡਾ ਬੋਰਡ ਲਗਾ ਦਿੱਤਾ ਗਿਆ ਸੀ, ਜਿਸ ’ਤੇ ਲਿਖਿਆ ਸੀ ‘5nemy “erritory’ ਭਾਵ ਦੁਸ਼ਮਣ ਦਾ ਇਲਾਕਾ। ਇਹ ਸਾਰਾ ਕੁੱਝ ਨਾ-ਭੁੱਲਣਯੋਗ ਹੈ। ਦੁੱਖ ਤਾਂ ਉਦੋਂ ਵੀ ਸੀ ਤੇ ਚੀਸ ਹੁਣ ਵੀ ਹੈ। ਜਦੋਂ ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਬਾਅਦ ਆਫ਼ਿਸ਼ੀਅਲੀ ਐਵਾਰਡ ਸੈਰੀਮਨੀ ਹੁੰਦੀ ਹੈ ਤੇ ਵਿਕਟਰੀ ਪਰੇਡ ਦੇ ਐਵਾਰਡ ਵਿੱਚ 9 ਅਫ਼ਸਰਾਂ ਨੂੰ ਇਨਾਮ ਮਿਲਦੇ ਹਨ। ਪਰ ਉਸ ਤੋਂ ਵੱਡਾ ਦੁੱਖ ਇਹ ਹੈ ਕਿ ਜਦੋਂ ਇਹ ਇਨਾਮ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਦੇਣ ਦੇ ਲਈ ਕਿਹਾ ਜਾਂਦਾ ਹੈ। ਗਿਆਨੀ ਜੈਲ ਸਿੰਘ ਨੇ ਐਵਾਰਡ ਦੇਣ ਤੋਂ ਇਨਕਾਰ ਤਾਂ ਕੀਤਾ ਕਿਉਂਕਿ ਉਸ ’ਤੇ ਬਲਿਊ ਸਟਾਰ ਅੰਮ੍ਰਿਤਸਰ ਲਿਖਿਆ ਸੀ। ਫਿਰ ਹਵਾਲਾ ਬਦਲ ਕੇ ਉਹੀ ਇਨਾਮ ਗਿਆਨੀ ਜੈਲ ਸਿੰਘ ਤੋਂ ਦਿਵਾਏ ਗਏ। ਗਿਆਨੀ ਨੇ ਇਹ ਐਵਾਰਡ ਦੁਬਾਰਾ ਕਿਸ ਹੌਂਸਲੇ ਨਾਲ ਦੇ ਦਿੱਤੇ , ਉਹ ਵੀ ਸਿੱਖ ਹੋ ਕੇ, ਇਹ ਗੱਲ ਸਮਝੋ ਬਾਹਰ ਹੈ। ਨਾ ਇਨਾਮ ਲੈਣ ਵਾਲਿਆਂ ਨੇ ਸ਼ਰਮ ਕੀਤੀ ਤੇ ਨਾ ਇਨਾਮ ਦੇਣ ਵਾਲਿਆਂ ਨੇ ਕੀਤੀ। 
    ਜੂਨ ਚੁਰਾਸੀ ਤੋਂ ਬਾਅਦ ਬਹੁਤ ਸਾਰੇ ਅਫ਼ਸਰਾਂ ਨੇ ਕਿਤਾਬਾਂ ਲਿਖੀਆਂ, ਅੱਖੀਂ ਡਿੱਠਾ ਬਿਆਨ ਕੀਤਾ ਪਰ ਬਹੁਤਿਆਂ ਨੇ ਜਨਰਲ ਵੈਦਿਆ ਅਤੇ ਇੰਦਰਾ ਗਾਂਧੀ ਨੂੰ ਦੋਸ਼ੀ ਕਹਿ ਕੇ ਆਪਣੇ ਆਪ ਨੂੰ ਬਰੀ ਕਰ ਲਿਆ। ਦੋਸ਼ੀ ਤਾਂ ਅਸੀਂ ਵੀ ਹਾਂ ਕਿਉਂਕਿ ਸਾਡੇ ਆਪਣੇ ਹੀ ਗਲ ਨਾਲ ਲਗਾ ਕੇ ਗੱਦਾਰੀ ਕਰ ਗਏ। ਮੁੱਕਦੀ ਗੱਲ ਕਿਸੇ ਕੌਮ ਲਈ ਕਿੰਨਾ ਔਖਾ ਹੁੰਦਾ ਹੈ, ਐਹੋ ਜਿਹੇ ਖ਼ੂਨੀ ਮੰਜ਼ਰ ਵਿਚੋਂ ਨਿਕਲ ਕੇ ਪੈਰਾਂ ’ਤੇ ਫਿਰ ਖੜੇ ਹੋਣਾ। ਸਾਡੀ ਤੀਜੀ ਪੀੜੀ ਇਸ ਦੁੱਖ ਨੂੰ ਹੰਢਾ ਰਹੀ ਹੈ। ਇਹ ਦਰਦ ਝੱਲਣਾ ਬਹੁਤ ਦੁੱਖਦਾਈ ਹੈ ਪਰ ਸਵਾਲ ਉੱਠਦਾ ਹੈ ਕਿ ਅਸੀਂ ਇਸ ਪੀੜ ਵਿਚੋਂ ਆਪ ਨਿਕਲਾਂਗੇ ਜਾਂ ਸਾਨੂੰ ਕੋਈ ਹੋਰ ਕੱਢੇਗਾ? ਕੀ ਅਸੀਂ ਸੋਚਾਂਗੇ ਕਿ ਸਾਡੇ ਤੋਂ ਵੀ ਕੋਈ ਭੁੱਲ ਹੋਈ ਹੈ।  ਕੀ ਅਸੀਂ ਕਦੇ ਸ਼ਰਮਸਾਰ ਹੋਵਾਂਗੇ ਕਿ ਸਾਡਾ ਭਾਈਚਾਰਾ ਖਿੰਡਿਆ ਹੋਇਆ ਹੈ ਤੇ ਸਾਡਾ ਹੰਕਾਰ ਵੱਡਾ ਹੋ ਗਿਆ ਹੈ। ਕਿਧਰੇ ਅਸੀਂ ਭਟਕ ਤਾਂ ਨਹੀਂ ਗਏ ਕਿ ਏਨੇ ਸਾਲਾਂ ਤੋਂ ਅਸੀਂ ਉੱਥੇ ਹੀ ਅਟਕੇ ਹੋਏ ਹਾਂ, ਅਸੀਂ ਕੋਈ ਹੱਲ ਨਹੀਂ ਕੱਢ ਸਕੇ। ਆਪਣੀ ਆਪਸੀ ਪਾਟੋਧਾੜ ਦੇ ਉੱਤੇ ਗਿਲਾ ਵੀ ਹੈ ਤੇ ਮਣਖ ਵੀ। ਸਿੱਖੀ ਦਾ ਮਕਸਦ ਹੈ ਸਾਰੀ ਮਨੁੱਖਤਾ ਦਾ ਭਲਾ। ਸਿੱਖੀ ਦਾ ਮਕਸਦ ਹੈ ਵੱਡਾ ਵਿਜ਼ਨ। ਕੀ ਅਸੀਂ ਕਦੇ ਸੋਚਿਆ ਹੈ ਕਿ ਭਾਰਤੀ ਸਟੇਟ ਸਾਡੇ ਨਾਲ ਕਿਉਂ ਅੜੀ ਹੋਈ ਹੈ। ਜੇ ਭਾਰਤੀ ਸਟੇਟ ਸਾਡੀ ਦੁਸ਼ਮਣ ਹੈ ਤਾਂ ਫਿਰ ਆਸ ਹੀ ਕਿਉਂ ਕਰੀਏ? ਜੇ ਨਹੀਂ ਤਾਂ ਫਿਰ ਸਾਡੀ ਗਲਤੀ ਕਿੱਥੇ ਹੈ? ਕੀ ਉਸ ਸਮੇਂ ਸਾਰੇ ਸਿੱਖ ਸਿਆਸਤਦਾਨ ਇਮਾਨਦਾਰ ਸਨ ਜਾਂ ਅਸੀਂ ਗੱਦਾਰੀ ਦੀ ਭੇਟ ਚੜੇ੍ਹ। ਜੇ ਸਿੱਖ ਸਿਆਸਤਦਾਨ ਇਮਾਨਦਾਰ ਸਨ ਤਾਂ ਦੁਸ਼ਮਣ ਕਾਮਯਾਬ ਕਿਵੇਂ ਹੋਇਆ? ਐਹੋ ਜਿਹੇ ਕੁੱਝ ਸਵਾਲ ਸਾਡੀ ਨਵੀਂ ਪੀੜੀ ਦੇ ਅੰਦਰ ਕਈ ਗੁਣਾ ਵੱਧ ਕੇ ਪੈਦਾ ਹੋ ਰਹੇ ਹਨ। ਜਾਗੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੂਰੀ ਮੁਗ਼ਲ ਸਲਤਨਤ ਨਾਲ ਮੱਥਾ ਲਾਉਣ ਵਾਲੇ ਕੁਝ ਕੁ ਲੋਕ ਤੁਹਾਡੇ ਵਿਚੋਂ ਹੀ ਸਨ ਤੇ ਹੁਣ ਬੇਬਸੀ ਇਹ ਹੈ ਕਿ ਅਸੀਂ ਤੱਥ ਹੀ ਇਕੱਠੇ ਨਹੀਂ ਕਰ ਸਕੇ। ਅਸੀਂ ਸਿਰਫ਼ ਜ਼ਖ਼ਮ ਗਿਣ ਰਹੇ ਹਾਂ, ਅਸੀਂ ਗਲਤੀਆਂ ਦੂਜੇ ਦੀਆਂ ਗਿਣ ਰਹੇ ਹਾਂ। ਭੁੱਲ ਤਾਂ ਸਾਡੇ ਤੋਂ ਵੀ ਹੋਈ ਹੈ। ਸਿੱਖ ਧਰਮ ਦਾ ਆਧਾਰ ਸੱਚ ’ਤੇ ਖੜ੍ਹਾ ਹੈ। ਫਿਰ ਸੱਚ ਦੀ ਤੰਦ ਤੱਕ ਪਹੁੰਚਣ ਲਈ ਦੇਰ ਕਿਉਂ? ਅਸੀਂ ਇਸ ਭਾਰ ਨੂੰ ਅੱਗੇ ਲੈ ਕੇ ਨਾ ਚੱਲੀਏ, ਇਸ ਦਾ ਹੱਲ ਸੋਚੀਏ। ਕੋਈ ਏਜੰਡਾ ਕਿਉਂ ਨਹੀਂ ਸੋਚਿਆ ਜਾਂਦਾ। ਘੱਟੋ ਘੱਟ ਹੋਰ ਕੁਝ ਨਹੀਂ ਤਾਂ ਨਵੀਂ ਪੀੜੀ ਦੇ ਅੱਗੇ ਸੱਚੋ ਸੱਚ ਰਿਕਾਰਡ ਤਾਂ ਰੱਖਿਆ ਜਾਵੇ ਤਾਂ ਕਿ ਉਹ ਵੀ ਅੱਗੇ ਨਿਕਲ ਸਕੇ।

 

ਸੰਪਾਦਕੀ