ਦਮਦਮੀ ਟਕਸਾਲ, ਦਲ ਖਾਲਸਾ ਤੇ ਹੋਰ ਜਥੇਬੰਦੀਆਂ ਨੇ ਜਥੇਦਾਰ ਹਟਾਉਣ ਬਾਰੇ ਛੇੜੀ ਮੁਹਿੰਮ

ਦਮਦਮੀ ਟਕਸਾਲ, ਦਲ ਖਾਲਸਾ ਤੇ ਹੋਰ ਜਥੇਬੰਦੀਆਂ ਨੇ ਜਥੇਦਾਰ ਹਟਾਉਣ ਬਾਰੇ ਛੇੜੀ ਮੁਹਿੰਮ

* ਸਮੂਹ ਪੰਥਕ ਜਥੇਬੰਦੀਆਂ ਦੀ ਮੰਗ ਸ੍ਰੋਮਣੀ ਕਮੇਟੀ ਸਿੰਘ ਸਾਹਿਬਾਨ ਨੂੰ ਲਾਉਣ ਤੇ ਹਟਾਉਣ ਦੇ ਨਿਯਮ ਬਣਾਵੇ

*ਸ੍ਰੋਮਣੀ ਕਮੇਟੀ ਵਲੋਂ ਫੈਸਲਾ ਬਦਲਣ ਦੀ ਸੰਭਾਵਨਾ ਨਹੀਂ

* ਹਾਲੇ ਤੱਕ ਵਿਰੋਧੀ ਧੜੇ ਇਕਮੁਠ ਨਹੀਂ ਹੋ ਸਕੇ

 ਇਸ ਵੇਲੇ ਅਕਾਲੀ ਦਲ ਤੇ ਬਾਦਲ ਦਲ ਵਿਰੋਧੀ ਪੰਥਕ ਧਿਰਾਂ ਦੀ ਸਾਰੀ ਲੜਾਈ ਮੀਰੀ ਭਾਵ ਰਾਜਸੱਤਾ 'ਤੇ ਕਾਬਜ਼ ਹੋਣ ਦੀ ਹੀ ਦਿਖਾਈ ਦੇ ਰਹੀ ਹੈ ,ਕਿਤੇ ਵੀ ਸਿਧਾਂਤਕ ਪੱਖ ਲਾਗੂ ਕਰਨ ਦੀ ਮੁਹਿੰਮ ਨਹੀਂ ਚਲ ਰਹੀ।  ਦਮਦਮੀ ਟਕਸਾਲ ,ਸੁਧਾਰ ਲਹਿਰ ਤੇ ਦਲ ਖਾਲਸਾ ਵਲੋਂ ਬਾਦਲ ਦਲ ਤੇ ਸ੍ਰੋਮਣੀ ਕਮੇਟੀ ਵਿਰੁਧ ਜਥੇਦਾਰਾਂ ਨੂੰ ਬਹਾਲ ਕਰਨ ਦੀ ਮੁਹਿੰਮ ਜਾਰੀ ਹੈ।

ਦਮਦਮੀ ਟਕਸਾਲ ਦੇ ਮੁਖੀ ਹੋਲੇ ਮਹੱਲੇ ਉਪਰ ਵੱਡਾ ਇਕੱਠ ਕਰਨ ਵਿਚ ਅਸਫਲ ਰਹੇ ਹਨ।ਹੋਲਾ ਮਹੱਲਾ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ ਪੰਥਕ ਇਕੱਤਰਤਾ ਵਿਚ ਛੇ ਮਤੇ ਪਾਸ ਕੀਤੇ ਗਏ ।ਜਿਸ ਵਿਚ ਸਾਰਿਆਂ ਤੋਂ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਬਾ ਟੇਕ ਸਿੰਘ ਧਨੌਲਾ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਨਿਯੁਕਤੀ ਨੂੰ ਰੱਦ ਕਰਨ ਦਾ ਜੈਕਾਰਿਆਂ ਦੀ ਗੂੰਜ ਵਿਚ ਐਲਾਨ ਕੀਤਾ ਗਿਆ ।ਇਸ ਦੇ ਇਲਾਵਾ ਦੂਜੇ ਮਤੇ ਵਿਚ ਕਿਹਾ ਗਿਆ ਕਿ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਤੁਰੰਤ ਸੇਵਾ ਸੰਭਾਲ ਸੌਂਪ ਕੇ ਸ਼੍ਰੋਮਣੀ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ । ਤੀਜੇ ਮਤੇ ਵਿਚ ਅੰਤਰਿਮ ਕਮੇਟੀ ਦੇ ਤਿੰਨ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ । ਜਿੰਨ੍ਹਾਂ ਸਿੰਘ ਸਾਹਿਬਾਨ ਨੂੰ ਹਟਾਉਣ ਦਾ ਵਿਰੋਧ ਕੀਤਾ ਸੀ ਅਤੇ ਬਾਕੀ 11 ਅੰਤਰਿਮ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ 17 ਮਾਰਚ ਤੋਂ ਪਹਿਲਾਂ ਪੁਰਾਣੇ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਰੱਦ ਕਰਵਾਉਣ ਲਈ ਯਤਨਸ਼ੀਲ ਹੋਵੇ ।ਗਿਆਨੀ ਹਰਦੀਪ ਸਿੰਘ ਵਲੋਂ ਪੜ੍ਹੇ ਗਏ ਚੌਥੇ ਮਤੇ ਵਿਚ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਸੰਭਾਲ ਲਈ ਸਿੱਖ ਪੰਥ ਦੀ ਪ੍ਰਵਾਨਗੀ ਨਾਲ ਲਿਖਤੀ ਵਿਧੀ ਵਿਧਾਨ ਬਣਾਇਆ ਜਾਵੇ । ਪੰਜਵੇਂ ਮਤੇ ਵਿਚ ਹਰੇਕ ਸਿੱਖ ਆਪਣੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ 28 ਮਾਰਚ ਨੂੰ ਹੋਣ ਵਾਲੇ ਬਜਟ ਇਜਲਾਸ ਤੋਂ ਪਹਿਲਾਂ ਮਿਲ ਕੇ ਅੰਤਰਿਮ ਕਮੇਟੀ ਵਲੋਂ ਕੀਤੇ ਪੰਥ ਵਿਰੋਧੀ ਫ਼ੈਸਲਿਆਂ ਨੂੰ ਰੱਦ ਕਰਵਾਉਣ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰੇ । ਜੇਕਰ ਇਹ ਸ਼੍ਰੋਮਣੀ ਕਮੇਟੀ ਮੈਂਬਰ ਆਪਣਾ ਫ਼ਰਜ਼ ਨਹੀਂ ਨਿਭਾਉਂਦੇ ਤਾਂ ਸੰਗਤ ਇਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਵਿਰੋਧ ਕਰੇ ।ਇਸ ਤੋਂ ਇਲਾਵਾ ਸੰਗਤਾਂ 28 ਮਾਰਚ ਦੇ ਬਜਟ ਇਜਲਾਸ ਵਿਚ ਵਹੀਰਾਂ ਘੱਤ ਕੇ ਅੰਮਿ੍ਤਸਰ ਪਹੁੰਚਣ ।ਛੇਵੇਂ ਮਤੇ ਵਿਚ ਸੰਗਤ ਵਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਅਪੀਲ ਕੀਤੀ ਗਈ ਕਿ ਉਹ ਸੰਤ ਮਹਾਂਪੁਰਸ਼, ਸਿੱਖ ਸੰਪਰਦਾਵਾਂ ਅਤੇ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਿੱਖ ਪੰਥ ਨੂੰ ਇਨ੍ਹਾਂ ਦਰਪੇਸ਼ ਸੰਕਟਾਂ ਤੋਂ ਬਾਹਰ ਕੱਢਣ ਲਈ ਅਗਵਾਈ ਕਰਨ । ਇਸ ਮੌਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਗੁਰਪ੍ਰਤਾਪ ਸਿੰਘ ਵਡਾਲਾ, ਚਰਨਜੀਤ ਸਿੰਘ ਬਰਾੜ, ਹਰਬੰਸ ਸਿੰਘ ਮੰਝਪੁਰ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ,  ਸੁੱਚਾ ਸਿੰਘ ਛੋਟੇਪੁਰ, ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ।

  ਸੁਪਰੀਮ ਕੌਂਸਲ ਆਫ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ  ਜਸਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਸਮੂਹ ਸਿੱਖ ਸੰਗਤ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਜਥੇਦਾਰਾਂ ਬਾਰੇ ਲਏ ਗਏ ਫ਼ੈਸਲਿਆਂ ਨੂੰ ਵਾਪਸ ਲੈ ਕੇ ਮੁੜ ਤੋਂ ਪਹਿਲਾਂ ਵਾਲੇ ਜਥੇਦਾਰਾਂ ਨੂੰ ਪਦਵੀਆਂ ’ਤੇ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੰਤ  ਹਰਨਾਮ ਸਿੰਘ  ਖ਼ਾਲਸਾ, ਮੁਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ  ਅਨੰਦਪੁਰ ਸਾਹਿਬ ਵਿਖੇ ਹੋਈ ਪੰਥਕ ਇਕੱਠ ਵਿੱਚ ਪਾਸ ਕੀਤੇ ਗਏ ਮਤਿਆਂ ਨਾਲ ਇੱਕਜੁੱਟਤਾ ਵਿੱਚ ਖੜ੍ਹੇ ਹਾਂ। ਅਤੇ ਜਥੇਦਾਰਾਂ ਦਾ ਸਤਿਕਾਰ ਬਹਾਲ ਨਾ ਕੀਤਾ ਗਿਆ ਤਾਂ 28 ਮਾਰਚ ਨੂੰ  ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਸ਼੍ਰੋਮਣੀ ਕਮੇਟੀ ਦੇ ਕੀਤੇ ਜਾਣ ਵਾਲੇ ਘਿਰਾਓ ਵਿਚ ਸ਼ਮੂਲੀਅਤ ਕੀਤੀ ਜਾਵੇਗੀ।  

 ਦਲ ਖ਼ਾਲਸਾ ਦੇ ਮੁਖੀ ਪਰਮਜੀਤ ਸਿੰਘ ਨੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਦੇ ਮੁੱਖ ਗੇਟ ਸਾਹਮਣੇ ਆਪਣਾ ਖ਼ੂਨ ਵਹਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਪਾਰਟੀ ਵਰਕਰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਪਹੁੰਚੇ ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਬਹਾਲ ਕਰਨ ਦੀ ਮੰਗ ਕੀਤੀ। ਮੰਡ ਨੇ ਇਕ ਸਰਿੰਜ ਦੀ ਵਰਤੋਂ ਕਰ ਕੇ ਆਪਣੀ ਬਾਂਹ ਤੋਂ ਖ਼ੂਨ ਕੱਢਿਆ ਤੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਮੁੱਖ ਗੇਟ ਸਾਹਮਣੇ ਖ਼ੂਨ ਡੋਲ੍ਹ ਦਿੱਤਾ। ਪਰਮਜੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਨੂੰ ਐੱਸਜੀਪੀਸੀ ਪ੍ਰਬੰਧ ਤੋਂ ਵੱਖਰਾ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬਾਨ ਸ਼੍ਰੋਮਣੀ ਕਮੇਟੀ ਅਧੀਨ ਨਹੀਂ ਹਨ। ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੱਖਰੀ ਪ੍ਰਭੂਸੱਤਾ ਹੈ, ਉੱਥੇ ਜਥੇਦਾਰਾਂ ਨੂੰ ਵੀ ਸੁਤੰਤਰ ਹੋਣਾ ਚਾਹੀਦਾ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਨ ਤੇ ਅਧਿਕਾਰ ਖੇਤਰ ਤੋਂ ਵੱਖ ਕਰਨ ਦੀ ਵੀ ਮੰਗ ਕੀਤੀ

ਦੂਜੇ ਪਾਸੇ  ਅਕਾਲੀ ਲੀਡਰ ਅਤੇ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਟਕਸਾਲ ਮੁਖੀ  ਬਾਬਾ ਹਰਨਾਮ ਸਿੰਘ ਧੁੰਮਾ  ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਪਹਿਲਾਂ ਨੀਲੀ ਪੱਗ ਤੇ ਗਲ ਵਿਚ ਪਰਨਾ ਪਾਉਂਦਾ ਸੀ, ਹਰ ਇਕ ਨੂੰ ਭਾਈ ਜੀ ਗੁਰੂ ਫਤਿਹ ਬਲਾਉਂਦਾ ਸੀ, ਭਗਵੀਂ ਪੱਗ ਤੇ ਭਗਵਾਂ ਪਰਨਾ ਗਲ ਵਿਚ ਹੁਣ ਸਰਕਾਰਾਂ ਦੇ, ਨਿੱਤ ਰੰਗ ਬਦਲਦੇ ਬਾਬੇ ਧੁੰਮੇ ਦੀਆਂ ਦਸਤਾਰਾਂ ਦੇ ਨਿੱਤ ਰੰਗ ਬਦਲਦੇ।ਫੇਰ ਇਸਦੇ ਨਾਲ ਹੀ ਉਹਨਾਂ ਲਿਖਿਆ ਕਿ ਕੀ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਨ ਵਾਲੇ ਯਾ ਹਵਾ ਦੇ ਰੁੱਖ ਮੁਤਾਬਿਕ ਆਪਣਾ ਸਟੈਂਡ ਬਦਲਣ ਵਾਲੇ ਲੋਕ ਪੰਥਕ ਆਗੂ ਕਹਾਉਣ ਦਾ ਯਾ ਦਮਦਮੀ ਟਕਸਾਲ ਵਰਗੀ ਮਹਾਨ ਜਥੇਬੰਦੀ ਦੀ ਅਗਵਾਈ ਕਰਨ ਦਾ ਹੱਕ ਰੱਖਦੇ ਨੇ?

ਬਾਦਲ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸਿੱਖਾਂ ਦੇ ਵਿੱਚ ਖਾਨਾਜੰਗੀ ਕਰਾਉਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਸਾਜਿਸ਼ ਦੇ ਜ਼ਰੀਏ ਸਿੱਖਾਂ ਦੀਆਂ ਸੰਸਥਾਵਾਂ ’ਤੇ ਕਬਜ਼ਾ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸੂਬਾ ਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਬੀਤੇ ਸਮੇਂ ਤੋਂ ਸਬਕ ਸਿੱਖਣਾ ਚਾਹੀਦਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਮਦਮੀ ਟਕਸਾਲ ਨੂੰ  ਕਿਹਾ ਕਿ, ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਨਤਮਸਤਕ ਹੋਣ ਆਈ ਹੋਵੇ ਅਤੇ ਉਦੋਂ ਪੂਰਾ ਜ਼ੋਰ ਲਗਾਉਣ ਦੇ ਬਾਵਜੂਦ 200 ਲੋਕ ਵੀ ਨਾ ਪਹੁੰਚਣ ਇਸ ਤੋਂ ਇਹ ਗੱਲ ਸਾਫ ਅਤੇ ਸਪੱਸ਼ਟ ਹੋ ਜਾਂਦੀ ਹੈ ਕਿ ਸਮੁੱਚੀ ਸਿੱਖ ਕੌਮ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋ ਕੀਤੇ ਫੈਸਲੇ ਨੂੰ ਸਹੀ ਮੰਨਦੀ ਹੈ। 

ਪੰਥਕ ਵਿਚਾਰਵਾਨਾਂ ਦਾ ਮੰਨਣਾ ਹੈ ਕਿ ਇਸ ਲੜਾਈ  ਨੂੰ ਉਲਝਾਉਣ ਲਈ ਭਾਜਪਾ ਕੁਝ ਆਪਣੇ ਹੱਥਠੋਕੇ ਲੀਡਰਾਂ ਰਾਹੀਂ ਇਸ ਲੜਾਈ ਵਿਚ ਘੁਸਪੈਠ ਕਰ ਚੁਕੀ ਹੈ।

ਇਸ ਵੇਲੇ ਭਾਵੇਂ ਭਾਜਪਾ ਲੀਡਰਸ਼ਿਪ ਲਗਾਤਾਰ ਇਹ ਬਿਆਨ ਦੇ ਰਹੀ ਹੈ ਕਿ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲੇ ਤੌਰ 'ਤੇ ਲੜ ਕੇ ਸਰਕਾਰ ਬਣਾਏਗੀ। ਪਰ ਪੰਜਾਬ ਦੀ ਸਥਿਤੀ ਦੇਸ਼ ਤੋਂ ਵੱਖਰੀ ਹੈ ਇਥੇ ਧਾਰਮਿਕ ਆਬਾਦੀ ਦਾ ਤਨਾਸਬ ਦੇਸ਼ ਵਾਂਗ 80-20 ਦਾ ਨਹੀਂ ਹੈ। ਇਸ ਲਈ ਇਹ ਸਾਫ਼ ਸਪੱਸ਼ਟ ਹੈ ਕਿ ਭਾਜਪਾ ਪੰਜਾਬ ਵਿਚ ਰਾਜ ਸੱਤਾ 'ਤੇ ਕਾਬਜ਼ਾ ਕਰਨ ਲਈ ਅਕਾਲੀ ਦਲ ਦੇ ਇਕ ਧੜੇ ਨਾਲ ਸਮਝੌਤਾ ਜ਼ਰੂਰ ਕਰੇਗੀ ਪਰ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨਾਲ ਸਮਝੌਤਾ ਨਹੀਂ ਕਰੇਗੀ। ਦੂਸਰੀ ਧਿਰ ਦੇ ਕੁਝ ਨੇਤਾ ਸਪੱਸ਼ਟ ਇਸ਼ਾਰੇ ਵੀ ਦੇ ਚੁੱਕੇ ਹਨ ਕਿ ਉਨ੍ਹਾਂ ਦਾ ਭਾਜਪਾ ਨਾਲ ਸਮਝੌਤਾ ਹੋਣਾ ਤੈਅ ਹੈ। ਜਦੋਂ ਕਿ ਇਹ ਵੀ ਪੱਕਾ ਜਾਪਦਾ ਹੈ ਕਿ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਹਥਿਆਰ ਨਹੀਂ ਸੁੱਟੇਗਾ ਤੇ ਰਾਜ ਸੱਤਾ ਦੀ ਇਹ ਲੜਾਈ ਅਜੇ ਜਾਰੀ ਰਹੇਗੀ। ਵੈਸੇ ਇਹ ਸਿਰਫ਼ ਪੰਜਾਬ ਦੀ ਰਾਜਸੀ ਸੱਤਾ ਦੀ ਹੀ ਲੜਾਈ ਨਹੀਂ ਹੈ, ਸਗੋਂ ਇਹ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਬਣਾਈ ਰੱਖਣ ਅਤੇ ਕਬਜ਼ਾ ਕਰਨ ਦੀ ਵੀ ਲੜਾਈ ਹੈ। ਪਰ ਇਸ ਲੜਾਈ ਨਾਲ ਸਿੱਖਾਂ ਤੇ ਦਰਬਾਰ ਸਾਹਿਬ ਦਾ ਅਕਸ ਵਿਗੜ ਰਿਹਾ ਹੈ ,ਕਿਉਂਕਿ ਕਿ ਸ੍ਰੋਮਣੀ ਕਮੇਟੀ ਦੇ ਦਫਤਰ ਅਗੇ ਧਰਨੇ ਮਾਰੇ ਜਾ ਰਹੇ ਹਨ।  ਦੂਸਰਾ ਇਸ ਲੜਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਰੰਪਰਾ ਦਾ ਘਾਣ ਹੋ ਰਿਹਾ ਹੈ।

ਵਿਰੋਧ ਦੇ ਬਾਵਜੂਦ ਸ੍ਰੋਮਣੀ ਕਮੇਟੀ  ਵਲੋਂ ਫੈਸਲੇ  ਬਦਲਣ ਦੀ ਸੰਭਾਵਨਾ ਘੱਟ

 ਜਥੇਦਾਰਾਂ ਨੂੰ ਮਨਮਰਜ਼ੀ ਅਨੁਸਾਰ ਹਟਾਉਣ ਤੇ ਲਾਉਣ ਦਾ ਵੀ ਇਹ ਪਹਿਲਾ ਮੌਕਾ ਨਹੀਂ ਹੈ ਤੇ ਕਈ ਜਥੇਦਾਰਾਂ ਦੇ ਫ਼ੈਸਲੇ ਸੰਗਤ ਵਿਚ ਅਪ੍ਰਵਾਨ ਵੀ ਹੋਏ ਹਨ। ਅਜਿਹੀ ਸਥਿਤੀ ਵਿਚ ਇਸ ਗੱਲ ਦੀ ਲੋੜ ਹੋਰ ਜ਼ਿਆਦਾ ਜਾਪਦੀ ਹੈ ਕਿ ਸ਼੍ਰੋਮਣੀ ਕਮੇਟੀ ਖ਼ੁਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਦੀ ਪੱਕੀ ਬਹਾਲੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਯੋਗਤਾ, ਚੋਣ ਵਿਧੀ, ਕਾਰਜ ਖੇਤਰ, ਅਧਿਕਾਰ, ਡਿਊਟੀਆਂ ਤੇ ਨਿਯੁਕਤੀ 'ਤੇ ਰਹਿਣ ਦਾ ਸਮਾਂ ਅਤੇ ਅਜਿਹੀਆਂ ਸਥਿਤੀਆਂ ਜਿਨ੍ਹਾਂ ਵਿਚ ਜਥੇਦਾਰ ਨੂੰ ਸਮੇਂ ਤੋਂ ਪਹਿਲਾਂ ਲਾਹੁਣ ਦੀ ਜ਼ਰੂਰਤ ਪੈ ਸਕਦੀ ਹੈ ਆਦਿ ਦਾ ਤਰੀਕਾ ਨਿਰਧਾਰਿਤ ਕਰੇ। ਇਹ ਤਰੀਕਾ ਅਜਿਹਾ ਹੋਵੇ ਕਿ ਜਥੇਦਾਰਾਂ ਦੀ ਨਿਯੁਕਤੀ ਲਈ ਸ੍ਰੋਮਣੀ ਕਮੇਟੀ ਵਿਸ਼ਵ ਲੈਵਲ ਦਾ ਸਿੱਖ ਢਾਂਚਾ ਸਥਾਪਤ ਕਰੇ ਕਿ ਜਥੇਦਾਰ ਖ਼ੁਦ-ਬਖ਼ੁਦ ਹੀ ਸਰਬੱਤ ਦੇ ਪ੍ਰਵਾਨਿਤ ਜਥੇਦਾਰ ਬਣ ਜਾਣ।

  ਪਿਛਲੇ 10 ਸਾਲਾਂ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਵੀ ਦੇਸ਼ ਦੀ ਰਾਜਨੀਤੀ ਵਿਚ ਕਾਫੀ ਘਟੀ ਹੈ, ਪਰ ਫਿਰ ਵੀ ਸਿੱਖ ਸਿਰਫ਼ 2 ਕਰੋੜ ਹੋਣ ਦੇ ਬਾਵਜੂਦ ਅਜੇ ਵੀ ਸੱਤਾ ਵਿਚ ਕਿਸੇ ਹੱਦ ਤੱਕ ਹਿੱਸੇਦਾਰ ਹਨ ਤਾਂ ਉਹ ਸਿਰਫ਼ ਇਸ ਲਈ ਕਿ ਸਿੱਖਾਂ ਨੇ ਕਿਸੇ ਪਾਰਟੀ ਨੂੰ ਅਛੂਤ ਕਰਾਰ ਨਹੀਂ ਦਿੱਤਾ। ਸਿੱਖ ਹਰ ਪਾਰਟੀ ਵਿਚ ਸ਼ਾਮਿਲ ਹੋ ਕੇ ਅੱਗੇ ਆਉਣ ਲਈ ਤਤਪਰ ਰਹਿੰਦੇ ਹਨ। ਅਜਿਹਾ ਉਹ ਸਿਰਫ਼ ਭਾਰਤ ਵਿਚ ਹੀ ਨਹੀਂ ਕਰਦੇ ਸਗੋਂ ਵਿਸ਼ਵ ਦੇ ਕਈ ਹੋਰ ਦੇਸ਼ਾਂ ਵਿਚ ਵੀ ਇਸੇ ਕਾਰਨ ਉਹ ਸੱਤਾ ਵਿਚ ਹਿੱਸੇਦਾਰ ਹਨ। ਮੁਸਲਮਾਨ ਹੀ ਨਹੀਂ ਅੱਜਕਲ੍ਹ ਤਾਂ ਇਸਾਈ ਜੋ ਸਿੱਖਾਂ ਨਾਲੋਂ ਡਿਉਢੇ ਹਨ, ਵੀ ਸੱਤਾ ਤੋਂ ਕਾਫੀ ਦੂਰ ਹਨ। ਇਸ ਲਈ ਸਾਨੂੰ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਰਾਜਨੀਤੀ ਨੂੰ ਵਰਤਣ ਦੀ 'ਜੁਗਤ' ਉਸਾਰਨੀ ਪਵੇਗੀ। ਸਾਨੂੰ ਕਿਸੇ ਇਕ ਪਾਰਟੀ ਵਿਚ ਰਹਿਣ ਦੇ ਹੁਕਮ ਨਹੀਂ ਹੋਣੇ ਚਾਹੀਦੇ। ਪਰ ਇਹ ਸਮਝ ਤੇ ਸੋਚ ਬਣਾਉਣੀ ਪਵੇਗੀ ਕਿ ਅਸੀਂ ਕਿਤੇ ਵੀ ਰਹੀਏ ਆਪਣੇ ਧਾਰਮਿਕ ਅਕੀਦੇ ਤੇ ਧਾਰਮਿਕ ਸਮਾਜਿਕ ਸਰੋਕਾਰਾਂ ਸੰਬੰਧੀ ਸੁਚੇਤ ਰਹੀਏ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਨੂੰ ਜਿਥੇ ਧਾਰਮਿਕ ਤੇ ਸਮਾਜਿਕ ਅਗਵਾਈ ਦੇਵੇ ਉਥੇ ਹੀ ਜਦੋਂ ਸਿੱਖ ਧਰਮ ਲਈ ਕੋਈ ਸਾਂਝੀ ਮੁਸ਼ਕਿਲ ਜਾਂ ਕੋਈ ਧਾਰਮਿਕ ਧੱਕਾ ਹੋਵੇ, ਉਸ ਵੇਲੇ ਰਾਜਸੀ ਅਗਵਾਈ ਵੀ ਦੇਵੇ, ਪਰ ਅਜਿਹਾ ਤਦ ਹੀ ਹੋ ਸਕੇਗਾ ਜਦੋਂ ਹਰ ਪਾਰਟੀ ਵਿਚਲਾ ਸਿੱਖ ਆਪਣੇ-ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਮਝੇ।

ਜਥੇਦਾਰ ਸਿੱਖੀ ਦਾ ਪ੍ਰਚਾਰ ਨਾ ਕਰ ਸਕੇ

ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਵੇਲੇ ਜਥੇਦਾਰ ਸਾਹਿਬਾਨ ਸਮੁੱਚੇ ਸਿੱਖ ਜਗਤ ਨੂੰ ਧਾਰਮਿਕ ਤੇ ਰਾਜਨੀਤਕ ਅਗਵਾਈ ਨਹੀਂ ਦੇ ਰਹੇ, ਸਗੋਂ ਸਿਰਫ਼ ਇਕ ਪਾਰਟੀ ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਦੀ ਚੋਣ ਦੇ ਮਸਲੇ ਵਿਚ ਹੀ ਉਲਝ ਗਏ ਹਨ। ਜਦਕਿ ਜਥੇਦਾਰਾਂ ਨੂੰ ਤਾਂ ਸਮੁੱਚੀ ਕੌਮ ਨੂੰ ਆਪਣੇ ਕਲਾਵੇ ਵਿਚ ਲੈ ਕੇ ਅਕਾਲੀ ਤੇ ਪੰਥਕ ਏਕਤਾ ਵਿਚ ਪਰੋਣਾ ਚਾਹੀਦਾ ਸੀ ਪਰ ਅਫ਼ਸੋਸ ਕਿ ਅਸਲ ਵਿਚ ਅਜਿਹਾ ਹੋਇਆ ਨਹੀਂ।ਇਸ ਨਾਲ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਢਹਿ ਢੇਰੀ ਹੋ ਰਹੀ ਹੈ।ਇਹ ਜਥੇਦਾਰ ਸਿਖੀ ਪ੍ਰਚਾਰ ਵਿਚ ਅਜੇ ਤਕ ਹਿਸਾ ਨਹੀਂ ਪਾ ਸਕੇ।ਇਨ੍ਹਾਂ ਦੀ ਦੌੜ ਵਿਦੇਸ਼ ਯਾਤਰਾਵਾਂ ਤੇ ਸੰਤ ਸਮਾਜ ਦੇ ਡੇਰਿਆਂ ਤੱਕ ਸੀਮਤ ਰਹੀ ਹੈ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਹੋਰ ਜਥੇਦਾਰਾਂ ਨੂੰ ਹਟਾਏ ਜਾਣ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਦਾ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪ੍ਰਮੁੱਖ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੇ ਸਾਥੀਆਂ ਵਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਕ ਵਾਰ ਤਾਂ ਤਰਥੱਲੀ ਜਿਹੀ ਮਚ ਗਈ ਸੀ। ਇਹ ਪ੍ਰਭਾਵ ਵੀ ਬਣਨ ਲੱਗਾ ਸੀ ਕਿ ਸ਼੍ਰੋਮਣੀ ਕਮੇਟੀ ਇਹ ਫ਼ੈਸਲਾ ਵਾਪਸ ਲੈ ਸਕਦੀ ਹੈ ਪਰ ਹੁਣ ਸੂਤਰਾਂ ਰਾਹੀਂ ਪਤਾ ਲੱਗਾ ਹੈ ਕਿ ਅਜਿਹਾ ਹੋਣ ਦੇ ਅਸਾਰ ਨਾ-ਮਾਤਰ ਹੀ ਹਨ। ਅਜਿਹਾ ਨਹੀਂ ਹੋਵੇਗਾ, ਸਗੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਅਤੇ ਅਕਾਲੀ ਦਲ ਬਾਦਲ ਵੀ ਇਸ ਫ਼ੈਸਲੇ 'ਤੇ ਕਾਇਮ ਰਹੇਗਾ। ਹਾਂ, ਇਸ ਦਰਮਿਆਨ ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜ਼ਰੂਰ ਤੇਜ਼ ਹੋ ਗਈਆਂ ਹਨ। ਮਜੀਠੀਆ ਦਾ ਇਕ ਵਾਰ ਇਸ ਬਾਰੇ ਬਿਆਨ ਦੇਣ ਤੋਂ ਬਾਅਦ ਚੁੱਪ ਰਹਿਣਾ ਵੀ ਇਹੀ ਪ੍ਰਭਾਵ ਦੇ ਰਿਹਾ ਹੈ ਕਿ ਉਹ ਸ਼ਾਇਦ ਅਕਾਲੀ ਦਲ ਬਾਦਲ ਨਹੀਂ ਛੱਡਣਗੇ। ਪੰਥਕ ਜਥੇਬੰਦੀਆਂ ਵਲੋਂ ਵੀ ਮਜੀਠਿਆ ਨੂੰ ਸਮਰਥਨ ਨਹੀਂ ਦਿਤਾ ਗਿਆ।ਹਾਲੇ ਤਕ ਬਾਦਲ ਵਿਰੋਧੀ ਧੜੇ ਇਕ ਨਹੀਂ ਹੋ ਸਕੇ।