ਸੀਬੀਆਈ ਅਦਾਲਤ ਵਲੋਂ ਐਸ.ਐਚ.ਓ. ਤੇ ਐਸ.ਆਈ. ਨੂੰ ਉਮਰ ਕੈਦ
ਮਾਮਲਾ 32 ਸਾਲ ਪਹਿਲਾਂ ਹੋਏ ਝੂਠੇ ਪੁਲਿਸ ਮੁਕਾਬਲਾ ਦਾ
*ਪਰਿਵਾਰਾਂ ਨੇ ਕਿਹਾ ਕਿ ਇਨਸਾਫ ਅਧੂਰਾ

ਐੱਸ. ਏ. ਐੱਸ. ਨਗਰ-ਪੰਜਾਬ ਸੰਤਾਪ ਦੌਰਾਨ ਘਰ ਬੈਠੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਤਰੱਕੀ ਦੇ ਲੋਭੀ ਪੁਲਿਸ ਮੁਲਾਜ਼ਮਾਂ ਵਲੋਂ ਖਾੜਕੂ ਕਰਾਰ ਦੇ ਕੇ ਫ਼ਰਜ਼ੀ ਪੁਲਿਸ ਮੁਕਾਬਲੇ ਦਿਖਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ।ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਮੋਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਸਾਹਮਣੇ ਆਇਆ। ਬਲਦੇਵ ਸਿੰਘ ਦੇਬਾ ਅਤੇ ਕੁਲਵੰਤ ਸਿੰਘ ਦੇ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜੋ ਕਿ 32 ਸਾਲ ਪਹਿਲਾਂ 1992 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ।
32 ਸਾਲ ਪਹਿਲਾਂ ਬਲਦੇਵ ਸਿੰਘ ਦੇਬਾ ਵਾਸੀ ਪਿੰਡ ਬਾਸਰਕੇ ਭੈਣੀ ਨੂੰ ਐਸ. ਆਈ. ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਐੱਸ. ਐੱਚ. ਓ. ਥਾਣਾ ਛੇਹਰਟਾ ਦੀ ਅਗਵਾਈ ਵਾਲੀ ਇਕ ਟੀਮ ਨੇ ਉਸ ਦੇ ਘਰੋਂ ਹਿਰਾਸਤ ਵਿਚ ਲਿਆ ਸੀ ।ਇਸੇ ਤਰ੍ਹਾਂ ਲਖਵਿੰਦਰ ਸਿੰਘ ਲੱਖਾ ਵਾਸੀ ਪਿੰਡ ਸੁਲਤਾਨਵਿੰਡ ਨੂੰ ਵੀ 12 ਸਤੰਬਰ 1992 ਨੂੰ ਅੰਮਿ੍ਤਸਰ ਦੇ ਪ੍ਰੀਤ ਨਗਰ ਸਥਿਤ ਉਸ ਦੇ ਕਿਰਾਏ ਦੇ ਘਰ ਤੋਂ ਐੱਸ. ਆਈ. ਗੁਰਭਿੰਦਰ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਗਿ੍ਫ਼ਤਾਰ ਕੀਤਾ ਸੀ ਅਤੇ ਦੋਵਾਂ ਨੂੰ ਉਸ ਸਮੇਂ ਦੇ ਮੰਤਰੀ ਦੇ ਪੁੱਤਰ ਦੇ ਕੇਸ ਵਿਚ ਝੂਠਾ ਫਸਾ ਕੇ ਤੇ ਫ਼ਰਜ਼ੀ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ
ਪੰਜਾਬ ਪੁਲਿਸ ਵੱਲੋਂ ਲਾਵਾਰਿਸ ਲਾਸ਼ਾਂ ਦੇ ਵੱਡੇ ਪੱਧਰ 'ਤੇ ਸਸਕਾਰ ਸੰਬੰਧੀ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 1995 ਵਿੱਚ ਸੀਬੀਆਈ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।ਸੀ. ਬੀ. ਆਈ. ਵਲੋਂ ਮਾਮਲੇ ਦੀ ਜਾਂਚ ਕਰ ਕੇ ਦਾਖ਼ਲ ਕੀਤੀ ਗਈ। ਚਾਰਜਸ਼ੀਟ ਵਿਚ 9 ਪੁਲਿਸ ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 5 ਪੁਲਿਸ ਮੁਲਾਜ਼ਮਾਂ (ਹਰਭਜਨ ਸਿੰਘ, ਮਹਿੰਦਰ ਸਿੰਘ, ਪੁਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ) ਦੀ ਮੌਤ ਹੋ ਚੁੱਕੀ ਹੈ। ਜਦਕਿ 2 ਮੁਲਜ਼ਮਾਂ ਇੰਸਪੈਕਟਰ ਚਮਨ ਲਾਲ ਅਤੇ ਡੀਐਸਪੀ ਐਸਐਸ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਸੀ ।ਹਾਲਾਂਕਿ, ਫਰਜ਼ੀ ਮੁਕਾਬਲੇ ਦੇ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਕੱਟੜ ਖਾੜਕੂ ਸਨ ਜਿਨ੍ਹਾਂ 'ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਅਸਲ ਵਿੱਚ ਉਨ੍ਹਾਂ ਵਿੱਚੋਂ ਇੱਕ ਫੌਜ ਦਾ ਜਵਾਨ ਸੀ ਅਤੇ ਦੂਜਾ 16 ਸਾਲ ਦਾ ਨਾਬਾਲਗ ਸੀ।ਇਸ ਮਾਮਲੇ ਵਿਚ ਕੁੱਲ 19 ਵਿਅਕਤੀਆਂ ਦੇ ਬਿਆਨ ਗਵਾਹ ਵਜੋਂ ਕਲਮਬੰਦ ਕੀਤੇ ਗਏ ਸਨ ।
ਬੀਤੇ ਦਿਨੀਂ ਸੀ. ਬੀ. ਆਈ. ਅਦਾਲਤ ਨੇ ਤਤਕਾਲੀ ਐਸ. ਐਚ. ਓ ਪੁਰਸ਼ੋਤਮ ਸਿੰਘ ਅਤੇ ਤਤਕਾਲੀ ਐਸ. ਆਈ. ਗੁਰਭਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ ਨੂੰ ਹੁਣੇ ਜਿਹੇ ਸੀ. ਬੀ. ਆਈ. ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸਮੇਤ 2 ਲੱਖ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ । 32 ਸਾਲਾਂ ਦੇ ਸੰਘਰਸ਼ ਉਪਰੰਤ ਦੋਸ਼ੀਆਂ ਨੂੰ ਬਣਦੀ ਕਾਨੂੰਨੀ ਸਜ਼ਾ ਹੋਈ ਅਤੇ ਦੋਵਾਂ ਮਰਹੂਮ ਸਿੱਖ ਨੌਜਵਾਨਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਨੂੰ ਅਦਾਲਤ ਵਲੋਂ ਇਨਸਾਫ਼ ਮਿਲਿਆ। ਇਸ ਮੌਕੇ ਦੋਵਾਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਿਚ ਅਹਿਮ ਕਿਰਦਾਰ ਨਿਭਾਉਣ ਵਾਲੇ ਸੀ. ਬੀ. ਆਈ. ਦੇ ਵਕੀਲ ਅਨਮੋਲ ਨਾਰੰਗ, ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਐਡਵੋਕੇਟ ਪੁਸ਼ਪਿੰਦਰ ਸਿੰਘ ਤੇ ਐਡਵੋਕੇਟ ਜਗਜੀਤ ਸਿੰਘ ਦਾ ਹਾਜ਼ਰ ਪਰਿਵਾਰਕ ਮੈਂਬਰਾਂ ਵਲੋਂ ਧੰਨਵਾਦ ਕੀਤਾ ਗਿਆ।
ਪਰਿਵਾਰ ਨੇ ਕਿਹਾ ਕਿ ਇਨਸਾਫ ਅਧੂਰਾ

ਬਲਦੇਵ ਸਿੰਘ ਦੀ ਭੈਣ ਨੇ ਦੱਸਿਆ ਕਿ ਅਸੀਂ ਬਹੁਤ ਯਤਨ ਕੀਤੇ ਪਰ ਸਾਨੂੰ ਤਾਂ ਇਨ੍ਹਾਂ ਨੇ ਲਾਸ਼ ਵੀ ਨਹੀਂ ਦਿੱਤੀ। ਇਨ੍ਹਾਂ ਨੂੰ ਸਜ਼ਾ ਤਾਂ ਹੋ ਗਈ ਪਰ ਨਾਲਦਿਆਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਸੀ, ਜਿਨ੍ਹਾਂ ਉਸ ਨੂੰ ਘਰੋਂ ਚੁੱਕ ਕੇ ਲਿਆਂਦਾ।ਛੱਤ ਤੋਂ ਉਤਾਰ ਲੈ ਕੇ ਗਏ ਸਨ, ਕਹਿੰਦੇ ਸਨ ਕਿ ਅਸੀਂ ਕਿਸੇ ਦਾ ਘਰ ਹੀ ਪੁੱਛਣਾ ਹੈ, ਅੱਧੇ ਘੰਟੇ ਤੱਕ ਛੱਡ ਦਿਆਂਗੇ। ਉਸ ਨੂੰ ਕੁੱਟਦੇ-ਮਾਰਦੇ ਰਹੇ ਅਤੇ 8 ਦਿਨ ਜੇਲ੍ਹ ਵਿੱਚ ਰੱਖਿਆ ਤੇ ਐਨਕਾਊਂਟਰ ਬਣਾ ਦਿੱਤਾ। ਉਸ ਵੇਲੇ ਉਹ 25 ਸਾਲ ਦਾ ਸੀ।ਸਾਡਾ ਤਾਂ ਘਰ ਉੱਜੜ ਗਿਆ। ਅਸੀਂ ਤਿੰਨ ਭੈਣਾਂ ਤੇ ਸਾਡਾ ਇੱਕੋ-ਇੱਕ ਵੀਰ ਸੀ। ਇੱਕ ਸਾਲ ਉਸ ਦੇ ਵਿਆਹ ਨੂੰ ਹੋਇਆ ਸੀ ਪਰ ਫਿਰ ਉਸ ਦੀ ਪਤਨੀ ਵੀ ਚਲੀ ਗਈ।
ਲਖਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਵੇਲੇ ਉਨ੍ਹਾਂ ਦੇ ਭਰਾ ਦੀ ਉਮਰ 15-16 ਸਾਲ ਦੀ ਉਮਰ ਸੀ।ਉਨ੍ਹਾਂ ਨੇ ਕਿਹਾ ਕਿ ਘਰੋਂ ਹੀ ਚੁੱਕ ਕੇ ਲੈ ਗਏ ਸਨ। ਸਾਨੂੰ ਤਾਂ ਕੁਝ ਵੀ ਪਤਾ ਨਹੀਂ ਲੱਗਾ, ਨਾ ਲਾਸ਼ ਸਾਨੂੰ ਦਿੱਤੀ। ਸਾਨੂੰ ਅਖ਼ਬਾਰ ਤੋਂ ਪਤਾ ਲੱਗਾ ਸੀ। ਸਾਰਿਆਂ ਨੂੰ ਬਰਾਬਰ ਦੀ ਸਜ਼ਾ ਮਿਲਣੀ ਚਾਹੀਦੀ ਸੀ। ਸਾਨੂੰ ਪੂਰਾ ਇਨਸਾਫ ਨਹੀਂ ਮਿਲਿਆ।"
ਪੀੜਤ ਪੱਖ ਦੇ ਵਕੀਲ ਜਗਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਫੌਜ ਵਿੱਚੋਂ ਛੁੱਟੀ ਆਏ ਬਲਦੇਵ ਸਿੰਘ ਨੂੰ 6 ਸਤੰਬਰ, 1992 ਨੂੰ ਪੁਲਿਸ ਨੇ ਚੁੱਕ ਕੇ ਅਤੇ 8-9 ਦਿਨ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖ ਕੇ 13 ਸਤੰਬਰ, 1992 ਨੂੰ ਐਨਕਾਉਂਟਰ ਦਰਸਾ ਦਿੱਤਾ ਸੀ।ਉਨ੍ਹਾਂ ਨੇ ਦੱਸਿਆ, "ਲਖਵਿੰਦਰ ਸਿੰਘ ਸੁਲਤਾਨ ਵਿੰਡ ਦਾ ਰਹਿਣ ਵਾਲਾ ਸੀ ਪਰ ਪੁਲਿਸ ਦੇ ਡਰੋਂ ਕਿਰਾਏ ਦੇ ਮਕਾਨ ਵਿੱਚ ਨੰਗਲੀ ਰਹਿੰਦਾ ਸੀ। ਉੱਥੋਂ ਉਸ ਨੂੰ ਥਾਣਾ ਮਜੀਠਾ ਦੀ ਪੁਲਿਸ ਨੇ ਚੁੱਕ ਕੇ, ਦੋਵਾਂ ਦਾ ਇਕੱਠਿਆਂ ਝੂਠਾ ਪੁਲਿਸ ਮੁਕਾਬਲਾ 13 ਸਤੰਬਰ 1992 ਨੂੰ ਬਣਾ ਦਿੱਤਾ ਸੀ।"
ਵਕੀਲ ਮੁਤਾਬਕ, "ਪੁਲਿਸ ਨੇ ਕਹਾਣੀ ਇਹ ਬਣਾਈ ਸੀ ਕਿ ਬਲਦੇਵ ਸਿੰਘ ਤਤਕਾਲੀ ਬੇਅੰਤ ਸਿੰਘ ਸਰਕਾਰ ਵਿੱਚ ਐੱਮਐੱਲਏ ਦੇ ਬੇਟੇ ਦਾ ਕਾਤਲ ਹੈ। ਇਸ ਕੇਸ ਵਿੱਚ ਉਸ ਨੂੰ ਨਾਮਜ਼ਦ ਕਰ ਕੇ ਜਦੋਂ ਰਿਕਵਰੀ ਵਿਖਾਉਣ ਲਈ ਲੈ ਕੇ ਜਾ ਰਹੇ ਸਨ ਤਾਂ ਅਣਪਛਾਤੇ ਖਾੜਕੂਆਂ ਨੇ ਉਸ ʼਤੇ ਹਮਲਾ ਕਰ ਦਿੱਤਾ।"
ਵਕੀਲ ਜਗਜੀਤ ਸਿੰਘ ਬਾਜਵਾ ਮੁਤਾਬਕ ਪੁਲਿਸ ਦੀ ਸਾਰੀ ਕਹਾਣੀ ਅਦਾਲਤ ਵਿੱਚ ਫੇਲ੍ਹ ਸਾਬਤ ਹੋ ਗਈ ਅਤੇ ਇਸ ਐਨਕਾਉਂਟਰ ਨੂੰ ਝੂਠਾ ਪਾਇਆ ਗਿਆ।ਤਰੱਕੀਆਂ ਲੈਣ ਦੀ ਪੁਲਿਸ ਵਾਲਿਆਂ ਵੱਲੋਂ ਬੇਗੁਨਾਹ ਬੰਦੇ ਚੁੱਕੇ ਗਏ। ਪਰ ਇਸ ਨੂੰ ਇਨਸਾਫ਼ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਇਨ੍ਹਾਂ ਬੱਚਿਆਂ ਦੇ ਮਾਪੇ, ਜਿਨ੍ਹਾਂ ਇਹ ਕੇਸ ਫਾਇਲ ਕੀਤੇ ਸਨ, ਉਹ ਕਈ ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲੇ ਗਏ ਹਨ।
ਪੰਜਾਬ ਵਿਚ ਅਜਿਹੇ ਮੁਕਾਬਲੇ 1984 ਤੋਂ 1995 ਦੌਰਾਨ ਸਭ ਤੋਂ ਵੱਧ ਹੋਏ ਸਨ। ਪੁਲਿਸ ਅਧਿਕਾਰੀ ਆਪਣੀ ਮਰਜ਼ੀ ਨਾਲ ਕਿਸੇ ਪਿੰਡ ਦੇ ਨੌਜਵਾਨਾਂ ਨੂੰ ਪਹਿਲਾਂ ਇੱਧਰੋਂ–ਉੱਧਰੋਂ ਇਕੱਠੀ ਕੀਤੀ ਗਈ ਕੱਚੀ–ਪਿੱਲੀ ਜਾਣਕਾਰੀ ਦੇ ਆਧਾਰ ’ਤੇ ਚੁਣ ਲੈਂਦਾ ਸੀ। ਫਿਰ ਦੇਰ ਰਾਤੀਂ ਜਾਂ ਵੱਡੇ ਤੜਕੇ ਕਿਸੇ ਇਕ ਜਾਂ ਵੱਧ ਨੌਜਵਾਨਾਂ ਨੂੰ ਘਰੋਂ ਸੁੱਤੇ ਪਿਆਂ ਨੂੰ ਚੁੱਕ ਲਿਆ ਜਾਂਦਾ ਸੀ। ਪਰਿਵਾਰ ਨੂੰ ਆਪਣੇ ਜਿਗਰ ਦੇ ਟੋਟਿਆਂ ਦੀ ਦੋ–ਤਿੰਨ ਦਿਨਾਂ ਤਕ ਕੋਈ ਉੱਘ–ਸੁੱਘ ਨਹੀਂ ਸੀ ਲੱਗਦੀ ਤੇ ਫਿਰ ਉਸ ਦੇ ਕਿਸੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਖ਼ਬਰ ਆ ਜਾਂਦੀ ਸੀ। ਉਸ ਤੋਂ ਬਾਅਦ ਰੋਂਦੇ–ਵਿਲਕਦੇ ਪਰਿਵਾਰ ਲਈ ਕੋਈ ਢੋਈ ਨਹੀਂ ਸੀ ਹੁੰਦੀ। ਉਦੋਂ ਪੀੜਤ ਪਰਿਵਾਰ ਹੰਭ–ਹਾਰ ਕੇ ਅਦਾਲਤਾਂ ਦਾ ਰੁਖ਼ ਕਰਦਾ ਸੀ ਤੇ ਉੱਥੋਂ ਉਸ ਨੂੰ ਇਨਸਾਫ਼ ਦੀ ਆਸ ਹੁੰਦੀ ਸੀ। ਅਦਾਲਤਾਂ ਹੁਣ ਪੀੜਤਾਂ ਦੀਆਂ ਆਸਾਂ ’ਤੇ ਖਰੀਆਂ ਉੱਤਰ ਰਹੀਆਂ ਹਨ ਤੇ ਇਨਸਾਫ਼ ਦਾ ਤਕਾਜ਼ਾ ਵੀ ਇਹੋ ਹੈ।ਭਾਵੇਂ ਇਹ ਇਨਸਾਫ ਤੇ ਦੇਰ ਨਾਲ ਮਿਲਿਆ।ਬਲਦੇਵ ਸਿੰਘ ਦੇਬਾ ਅਤੇ ਕੁਲਵੰਤ ਸਿੰਘ ਦੇ ਫਰਜ਼ੀ ਮੁਕਾਬਲੇ ਦੀ ਦਾਸਤਾਨ ਵੀ ਅਜਿਹੀ ਹੈ।












Comments (0)