ਹਿਊਸਟਨ ਹਵਾਈ ਅੱਡੇ 'ਤੇ ਉਡਾਣ ਭਰਨ ਸਮੇ ਜਹਾਜ਼ ਦੇ ਇੰਜਣ ਵਿਚ ਆਈ ਅਚਾਨਕ ਖਰਾਬੀ , ਯਾਤਰੀ ਸੁਰੱਖਿਅਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਹਿਊਸਟਨ (ਟੈਕਸਾਸ) ਤੋਂ ਨਿਊਯਾਰਕ ਨੂੰ ਉਡਾਣ ਭਰਨ ਸਮੇ ਜਹਾਜ਼ ਦੇ ਇੰਜਣ ਵਿਚ ਨੁਕਸ ਪੈ ਜਾਣ ਦੀ ਖਬਰ ਹੈ। ਪਾਇਲਟ ਨੇ ਹੁਸ਼ਿਆਰੀ ਵਰਤਦਿਆਂ ਉਡਾਣ ਨੂੰ ਤੁਰੰਤ ਰੋਕ ਲਿਆ ਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਨੁਸਾਰ ਜਹਾਜ਼ ਵਿਚ ਸਵਾਰ ਸਾਰੇ 104 ਯਾਤਰੀ ਤੇ ਅਮਲੇ ਦੇ 5 ਮੈਂਬਰ ਸੁਰੱਖਿਅਤ ਹਨ। ਜਹਾਜ਼ ਨੂੰ ਤੁਰੰਤ ਪਟੜੀ ਉਪਰ ਹੀ ਪੌੜੀਆਂ ਲਾ ਕੇ ਖਾਲੀ ਕਰਵਾ ਲਿਆ ਗਿਆ।

ਯੁਨਾਈਟਿਡ ਏਅਰਲਾਈਨਜ ਦੇ ਜਹਾਜ਼ ਨੇ ਜਾਰਜ ਬੁਸ਼ ਕੌਮਾਂਤਰੀ ਹਵਾਈ ਅੱਡੇ ਤੋਂ ਸਥਾਨਕ ਸਮੇ ਅਨੁਸਾਰ ਸਵੇਰੇ 8.35 ਵਜੇ ਉਡਾਣ ਭਰੀ ਸੀ। ਯੁਨਾਈਟਿਡ ਏਅਰਲਾਈਨਜ ਦੇ ਇਕ ਬੁਲਾਰੇ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਡਾਣ ਭਰਨ ਸਮੇ ਜਹਾਜ਼ ਦੇ ਇਕ ਇੰਜਣ ਵਿਚ ਨੁਕਸ ਹੋਣ ਦਾ ਸੰਕੇਤ ਮਿਲਿਆ। ਉਸ ਸਮੇ ਜਹਾਜ਼ ਪੱਟੜੀ ਉਪਰ ਹੀ ਦੌੜ ਰਿਹਾ ਸੀ ਤੇ ਉਡਾਣ ਭਰਨ ਦੀ ਤਿਆਰੀ ਵਿਚ ਸੀ। ਇਕ ਯਾਤਰੀ ਵੱਲੋਂ ਸ਼ੋਸਲ ਮੀਡੀਆ ਉਪਰ ਪਾਈ ਇਕ ਵੀਡੀਓ ਵਿਚ ਜਹਾਜ਼ ਦੇ ਇਕ ਪਰ ਵਿਚੋਂ ਧੂੰਆਂ ਤੇ ਅੱਗ ਦੇ ਚੰਗਿਆੜੇ ਨਿਕਲਦੇ ਹੋਏ ਵਿਖਾਈ ਦੇ ਰਹੇ ਹਨ। ਹਿਊਸਟਨ ਫਾਇਰ ਵਿਭਾਗ ਨੇ ਕਿਹਾ ਹੈ ਕਿ ਉਹ ਸ਼ੋਸਲ ਮੀਡੀਆ ਉਪਰ ਪਾਈ ਵੀਡੀਓ ਬਾਰੇ ਜਾਣਦੇ ਹਨ ਪਰੰਤੂ ਜਦੋਂ ਅੱਗ ਬੁਝਾਊ ਅਮਲਾ ਮੌਕੇ ਉਪਰ ਪੁੱਜਾ ਸੀ ਤਾਂ ਉਸ ਸਮੇ ਅੱਗ ਨਹੀਂ ਲੱਗੀ ਹੋਈ ਸੀ। ਯੁਨਾਈਟਿਡ ਏਅਰਲਾਈਨਜ ਅਨੁਸਾਰ ਘਟਨਾ ਦੀ ਸੰਘੀ ਹਵਾਬਾਜੀ ਪ੍ਰਸ਼ਾਸਨ ਜਾਂਚ ਕਰੇਗਾ।











Comments (0)