ਹੈਲੀਕਾਪਟਰ ਤਬਾਹ ਹੋ ਕੇ ਹਡਸਨ ਦਰਿਆ ਵਿਚ ਡਿੱਗਾ, ਪਾਇਲਟ ਸਮੇਤ ਸਪੇਨੀ ਪਰਵਿਾਰ ਦੇ 5 ਜੀਆਂ ਦੀ ਮੌਤ

ਹੈਲੀਕਾਪਟਰ ਤਬਾਹ ਹੋ ਕੇ ਹਡਸਨ ਦਰਿਆ ਵਿਚ ਡਿੱਗਾ, ਪਾਇਲਟ ਸਮੇਤ ਸਪੇਨੀ ਪਰਵਿਾਰ ਦੇ 5 ਜੀਆਂ ਦੀ ਮੌਤ
ਕੈਪਸ਼ਨ ਹੈਲੀਕਾਪਟਰ ਦਰਿਆ ਵਿਚ ਡਿੱਗਣ ਉਪਰੰਤ ਮੌਕੇ 'ਤੇ ਪੁੱਜੀ ਰਾਹਤ ਟੀਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਹੈਲੀਕਾਪਟਰ ਤਬਾਹ ਹੋ ਕੇ ਹਡਸਨ ਦਰਿਆ ਵਿਚ ਡਿੱਗ ਜਾਣ ਦੀ ਖਬਰ ਹੈ ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 6 ਜਣਿਆਂ ਦੀ ਮੌਤ ਹੋ ਗਈ। ਹੈਲੀਕਾਪਟਰ ਵਿਚ ਸਪੇਨ ਤੋਂ ਆਇਆ ਸੈਲਾਨੀ ਪਰਿਵਾਰ ਸਵਾਰ ਸੀ ਜੋ ਅਸਮਾਨ ਉਪਰੋਂ ਨਿਊਯਾਰਕ ਸ਼ਹਿਰ ਤੇ ਇਸ ਦੇ ਆਸ ਦੇ ਖੇਤਰ ਦਾ ਨਜ਼ਾਰਾ ਵੇਖਣਾ ਚਹੁੰਦਾ ਸੀ। ਨਿਊ ਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਜ ਨੇ ਕਿਹਾ ਹੈ ਕਿ ਸਾਈਟਸੀਇੰਗ ਕੰਪਨੀ ਨਿਊ ਯਾਰਕ ਦਾ ਇਕ ਇੰਜਣ ਵਾਲਾ ਬੈੱਲ 206 ਹੈਲੀਕਾਪਟਰ ਦੁਪਹਿਰ ਬਾਅਦ 3.15 ਵਜੇ ਉਡਾਣ ਭਰਨ ਤੋਂ ਛੇਤੀ ਬਾਅਦ ਦਰਿਆ ਵਿਚ ਜਾ ਡਿੱਗਾ। ਉਨਾਂ ਕਿਹਾ ਕਿ ਮਾਰੇ ਗਏ ਸਪੇਨੀ ਪਰਿਵਾਰ ਦੇ ਜੀਆਂ ਵਿਚ ਦੋ ਬਾਲਗ ਤੇ 3 ਬੱਚੇ ਸ਼ਾਮਿਲ ਹਨ। ਹਾਲਾਂ ਕਿ ਰਾਹਤ ਟੀਮ ਨੇ ਤੁਰੰਤ ਸਾਰੇ 6 ਲੋਕਾਂ ਨੂੰ ਪਾਣੀ ਵਿਚੋਂ ਕੱਢ ਲਿਆ ਸੀ ਪਰੰਤੂ ਉਨਾਂ ਨੂੰ ਬਚਾਇਆ ਨਹੀਂ ਜਾ ਸਕਿਆ। 4 ਨੂੰ ਤਾਂ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ 2 ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਏ। ਮਾਰੇ ਗਏ ਪਰਿਵਾਰ ਦੇ ਜੀਆਂ ਦੇ ਨਾਂ ਤੁਰੰਤ ਜਾਰੀ ਨਹੀਂ ਕੀਤੇ ਹਨ। ਐਡਮਜ ਨੇ ਕਿਹਾ ਹੈ ਕਿ ਘਟਨਾ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਪਰੰਤੂ ਲੱਗਦਾ ਹੈ ਕਿ ਹੈਲੀਕਾਪਟਰ ਉਲਟਾ ਦਰਿਆ ਵਿਚ ਡਿੱਗਾ ਹੈ। ਜਿਸ ਸਮੇ ਇਹ ਹਾਦਸਾ ਹੋਇਆ ਉਸ ਸਮੇ ਅਸਮਾਨ ਵਿਚ ਬਦਲ ਛਾਏ ਹੋਏ ਸਨ ਤੇ 10 ਤੋਂ 15 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਸੀ। ਇਥੇ ਜਿਕਰਯੋਗ ਹੈ ਕਿ ਸੈਲਾਨੀ ਅਕਸਰ ਹੀ ਸਟੈਚੂ ਆਫ ਲਿਬਰਟੀ, ਏਲਿਸ ਆਈਲੈਂਡ, ਦ ਐਂਪਾਇਰ ਸਟੇਟ ਬਿਲਡਿੰਗ ਤੇ ਵਾਲ ਸਟਰੀਟ ਸਮੇਤ ਸਮੁੱਚੇ ਨਿਊ ਯਾਰਕ ਸ਼ਹਿਰ ਉਪਰ ਅਸਮਾਨ ਉਪਰੋਂ ਝਾਤੀ ਮਾਰਨ ਲਈ ਹੈਲੀਕਾਪਟਰ ਕਿਰਾਏ 'ਤੇ ਲੈਂਦੇ ਹਨ। ਕੰਪਨੀ ਪ੍ਰਤੀ ਵਿਅਕਤੀ ਤਕਰੀਬਨ 274 ਡਾਲਰ ਲੈਂਦੀ ਹੈ।