ਗ੍ਰਿਫਤਾਰ ਪ੍ਰਵਾਸੀਆਂ ਨੂੰ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਤਾਂ ਜੋ ਉਹ ਵਕੀਲਾਂ ਦੀ ਮੱਦਦ ਨਾ ਲੈ ਸਕਣ, ਦਾਇਰ ਪਟੀਸ਼ਨ ਵਿੱਚ ਖੁਲਾਸਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਵਕੀਲਾਂ ਦੁਆਰਾ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੁਆਰਾ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਘਰਾਂ ਤੋਂ ਹਜਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਹੈ ਤਾਂ ਜੋ ਉਹ ਕਾਨੂੰਨੀ ਮਦਦ ਨਾ ਲੈ ਸਕਣ। ਪਟੀਸ਼ਨ ਅਨੁਸਾਰ ਜਾਰਜਟਾਊਨ ਯੁਨੀਵਰਸਿਟੀ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਬਦਰ ਖਾਨ ਸੂਰੀ ਨੂੰ ਸੰਘੀ ਅਧਿਕਾਰੀਆਂ ਦੁਆਰਾ ਅਰਲਿੰਗਟਨ, ਵਰਜੀਨੀਆ ਵਿਚ ਉਸ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ 1000 ਮੀਲ ਦੂਰ ਇਕ ਦਿਹਾਤੀ ਜੇਲ ਵਿਚ ਲਿਜਾਇਆ ਗਿਆ। ਵਕੀਲਾਂ ਦੁਆਰਾ ਦਾਇਰ ਸੋਧੀ ਅਪੀਲ ਵਿਚ ਕਿਹਾ ਗਿਆ ਹੈ ਕਿ ਖਾਨ ਸੂਰੀ ਕੋਲ ਬਕਾਇਦਾ ਵੀਜਾ ਹੈ ਤੇ ਉਹ ਪ੍ਰੋਫੈਸਰ ਵਜੋਂ ਕੰਮ ਕਰਨ ਦੇ ਨਾਲ ਨਾਲ ਪੜਾਈ ਵੀ ਕਰ ਰਿਹਾ ਹੈ। ਉਸ ਨੂੰ ਹੱਥ ਕੜੀਆਂ ਲਾ ਕੇ ਚਾਂਟਿਲੀ, ਵਰਜੀਨੀਆ ਲਿਜਾਇਆ ਗਿਆ ਜਿਥੇ ਉਸ ਦੇ ਉਂਗਲੀਆਂ ਦੇ ਨਿਸ਼ਾਨ ਲਏ ਗਏ ਤੇ ਹੋਰ ਕਾਗਜ਼ੀ ਕਾਰਵਾਈ ਕੀਤੀ ਗਈ। ਅੱਧੀ ਰਾਤ ਨੂੰ ਉਸ ਨੂੰ ਫਾਰਮਵਿਲੇ , ਵਰਜੀਨੀਆ ਵਿਚ ਇਕ ਬੰਦੀ ਕੇਂਦਰ ਵਿਚ ਲਿਜਾਇਆ ਗਿਆ ਜਿਥੋਂ ਉਸ ਨੂੰ ਆਈ ਸੀ ਈ ਦੇ ਰਿਚਮਾਂਡ ਦਫਤਰ ਵਿਚ ਭੇਜ ਦਿੱਤਾ ਗਿਆ। ਪਟੀਸ਼ਨ ਅਨੁਸਾਰ ਇਸ ਤੋਂ ਬਾਅਦ ਸੂਰੀ ਨੂੰ ਅਲੈਗਜੈਂਡਰੀਆ, ਲੋਇਸਿਆਨਾ ਵਿਖੇ ਬੰਦੀ ਕੇਂਦਰ ਵਿੱਚ ਲਿਜਾਇਆ ਗਿਆ ਜਿਥੇ ਉਸ ਨੂੰ ਕਿਹਾ ਗਿਆ ਅਗਲੇ ਦਿਨ ਉਸ ਨੂੰ ਨਿਊ ਯਾਰਕ ਭੇਜ ਦਿੱਤਾ ਜਾਵੇਗਾ ਪਰੰਤੂ ਇਸ ਦੀ ਬਜਾਏ ਬੇੜੀਆਂ ਵਿਚ ਜਕੜੇ ਸੂਰੀ ਨੂੰ ਅਲਵਰਾਡੋ, ਟੈਕਸਾਸ ਵਿਚ ਪਰੇਰੀਲੈਂਡ ਡਿਟੈਨਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ। ਜਿਥੇ ਉਸ ਨੂੰ ਬਹੁਤ ਹੀ ਭੈੜੇ ਹਾਲਾਤ ਵਿਚ ਰਖਿਆ ਗਿਆ ਹੈ। ਹੋਰ ਗ੍ਰਿਫਤਾਰ ਪ੍ਰਵਾਸੀਆਂ ਨਾਲ ਵੀ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਨਾਂ ਵਿਚ ਟਫਟਸ ਯੁਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਰੂਮੇਸਾ ਉਜ਼ਤੁਰਕ ਤੇ ਸਾਬਕਾ ਕੋਲੰਬੀਆ ਯੁਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਮਹਿਮੂਦ ਖਲੀਲ ਵੀ ਸ਼ਾਮਿਲ ਹੈ।











Comments (0)