ਟਰੰਪ ਲਈ ਲੱਖਾਂ ਭਾਰਤੀ, ਮੈਕਸੀਕਨ, ਪਾਕਿਸਤਾਨੀ ਗੈਰ ਕਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਸੌਖਾ ਨਹੀਂ
ਟਰੰਪ ਨੇ ਇੰਮੀਗ੍ਰੇਸ਼ਨ ਸਖਤ ਕਰਨ ਦੀ ਜ਼ਿੰਮੇਵਾਰੀ ਟੌਮ ਹੋਮਨ ਨੂੰ ਸੌਂਪੀ
ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਡੋਨਲਡ ਟਰੰਪ ਲੱਖਾਂ ਗੈਰ ਕਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢਣ ਦੇ ਵੱਡੇ-ਵੱਡੇ ਵਾਇਦੇ ਕਰ ਰਹੇ ਹਨ। ਟਰੰਪ ਇਸ ਮੁੱਦੇ 'ਤੇ ਜਿੰਨੀ ਦ੍ਰਿੜਤਾ ਦਿਖਾ ਰਹੇ ਹਨ, ਉਸ ਦੇ ਰਾਹ ਵਿਚ ਕਈ ਕਾਨੂੰਨੀ ਅੜਿੱਕੇ ਹਨ ਅਤੇ ਹਿੰਸਕ ਝੜਪਾਂ ਹੋਣ ਦੀ ਸੰਭਾਵਨਾ ਹੈ। ਡੋਨਾਲਡ ਟਰੰਪ ਇਸ ਮੁੱਦੇ 'ਤੇ ਜਾਣਬੁੱਝ ਕੇ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ। ਟਰੰਪ ਦੇ ਇਹ ਸ਼ਬਦ ਸਕਾਰਾਤਮਕ ਦੇ ਨਾਲ-ਨਾਲ ਨਕਾਰਾਤਮਕ ਸੰਦੇਸ਼ ਵੀ ਦੇ ਰਹੇ ਹਨ। ਸ਼ੱਕ ਸਿਰਫ਼ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਚ ਹੀ ਨਹੀਂ ,ਸਗੋਂ ਉਨ੍ਹਾਂ ਲੋਕਾਂ ਵਿਚ ਵੀ ਪੈਦਾ ਹੋਇਆ ਹੈ ਜੋ ਕਾਨੂੰਨੀ ਤੌਰ 'ਤੇ ਅਮਰੀਕਾ ਆਏ ਹਨ ਅਤੇ ਕੰਮ ਕਰ ਰਹੇ ਹਨ ਅਤੇ ਇੱਥੇ ਪੱਕੇ ਤੌਰ 'ਤੇ ਵਸਣ ਲਈ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਅਮਰੀਕੀ ਮੀਡੀਆ ਮੁਤਾਬਕ ਟਰੰਪ ਦੇ ਨਿਸ਼ਾਨੇ ਉਪਰ ਕਰੀਬ 50 ਲੱਖ ਪ੍ਰਵਾਸੀ ਹਨ।

ਹਾਲਾਤ ਇਹ ਬਣ ਗਏ ਹਨ ਕਿ ਇਸ ਤੋਂ ਬਚਣ ਦੇ ਤਰੀਕੇ ਲੱਭਣ ਲਈ ਇਮੀਗ੍ਰੇਸ਼ਨ ਮਾਮਲਿਆਂ 'ਤੇ ਵਕੀਲਾਂ ਤੋਂ ਸਲਾਹ ਲੈਣ ਵਾਲਿਆਂ ਦੀ ਭੀੜ ਲਗ ਰਹੀ ਹੈ ਅਤੇ ਇਸ ਨਾਲ ਅਫਵਾਹਾਂ ਦਾ ਬਾਜ਼ਾਰ ਗਰਮ ਹੁੰਦਾ ਜਾ ਰਿਹਾ ਹੈ। ਅਫਵਾਹਾਂ ਇਹ ਵੀ ਫੈਲੀਆਂ ਹਨ ਕਿ ਟਰੰਪ ਸਰਕਾਰ ਜਨਮ ਦੇ ਆਧਾਰ 'ਤੇ ਨਾਗਰਿਕਤਾ ਦੇਣ ਦੀ ਪ੍ਰਣਾਲੀ ਨੂੰ ਖਤਮ ਕਰਨ ਜਾ ਰਹੀ ਹੈ, ਜਦਕਿ ਸਰਕਾਰ ਦਾ ਅਜਿਹਾ ਕੋਈ ਏਜੰਡਾ ਨਹੀਂ ਹੈ।
ਨਿਊਜਰਸੀ ਵਿੱਚ ਇੱਕ ਇਮੀਗ੍ਰੇਸ਼ਨ ਅਟਾਰਨੀ, ਲਿਟਜ਼ ਹੈਰੀ ਟਰੰਪ ਦੀ ਦੇਸ਼ ਨਿਕਾਲੇ ਨੀਤੀ ਦੇ ਨਤੀਜੇ ਬਾਰੇ ਕਿਹਾ ਕਿ ਇਹ ਇੱਕ ਲੰਬੀ ਪ੍ਰਕਿਰਿਆ ਹੋਵੇਗੀ। ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ, ਅਜਿਹਾ ਸੰਭਵ ਨਹੀਂ ਹੈ। ਇਸ ਵਿੱਚ ਕਈ ਕਾਨੂੰਨੀ ਪੇਚੀਦਗੀਆਂ ਹਨ। ਹਰ ਕਿਸੇ ਨੂੰ ਅਦਾਲਤ ਵਿੱਚ ਜਾਣ ਦਾ ਹੱਕ ਹੈ। ਵੈਸੇ ਤਾਂ ਟਰੰਪ ਨੇ ਅਪਰਾਧਿਕ ਤੱਤਾਂ ਵਿਚ ਸ਼ਾਮਲ ਲੋਕਾਂ ਨੂੰ ਬਾਹਰ ਕੱਢਣ ਦੀ ਗੱਲ ਹੀ ਕੀਤੀ ਹੈ, ਦੇਖਦੇ ਹਾਂ ਅੱਗੇ ਕੀ ਹੁੰਦਾ ਹੈ।
ਵੇਂਸ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਕੀਤਾ ਵੱਡਾ ਐਲਾਨ

ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਹੁਣ ਕਲੀਵਲੈਂਡ ਵਿੱਚ ਲਾਅ ਫਰਮ ਯੂਬੀ ਗ੍ਰੀਨਸਫੇਲਡਰ ਦੇ ਇੱਕ ਭਾਈਵਾਲ ਡੇਵਿਡ ਡਬਲਯੂ. ਲੀਓਪੋਲਡ, ਦਾ ਕਹਿਣਾ ਹੈ ਕਿ ਦੇਸ਼ ਨਿਕਾਲੇ ਦੀ ਵਿਆਪਕ ਕਾਰਵਾਈ ਦਾ ਅਰਥਚਾਰੇ 'ਤੇ ਮਾੜਾ ਪ੍ਰਭਾਵ ਪਵੇਗਾ। ਬਹੁਤ ਸਾਰੇ ਕਾਮਿਆਂ ਅਤੇ ਪੇਸ਼ੇਵਰਾਂ ਦੇ ਜੀਵਨ ਪ੍ਰਭਾਵਿਤ ਹੋਣਗੇ, ਇਸ ਲਈ ਉਹ ਕਾਨੂੰਨੀ ਸਹਾਇਤਾ ਲਈ ਆਪਣੇ ਮਾਲਕ ਦੀ ਮਦਦ ਲੈਣਗੇ ਅਤੇ ਸਮੂਹਿਕ ਦੇਸ਼ ਨਿਕਾਲੇ ਦੇ ਨਤੀਜਿਆਂ ਨਾਲ ਨਜਿੱਠਣ ਦੀ ਯੋਜਨਾ ਬਣਾਉਣਗੇ। ਟਰੰਪ ਤੇ ਉਪ-ਰਾਸ਼ਟਰਪਤੀ-ਚੁਣੇ ਹੋਏ ਜੇਡੀ ਵੇਂਸ ਨੇ ਅਪਰਾਧਿਕ ਰਿਕਾਰਡ ਵਾਲੇ 5 ਮਿਲੀਅਨ ਤੋਂ 1 ਮਿਲੀਅਨ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਅਤੇ ਦੇਸ਼ ਨਿਕਾਲਾ ਦੇਣ ਬਾਰੇ ਗੱਲ ਕੀਤੀ ਹੈ। ਯੂਐਸ ਫੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ, ਸਤੰਬਰ 2024 ਤੱਕ ਇਮੀਗ੍ਰੇਸ਼ਨ ਅਦਾਲਤਾਂ ਦੁਆਰਾ 314,000 ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਪਿਛਲੇ ਸਾਲ 236,000 ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਆਦੇਸ਼ ਦਿੱਤਾ ਗਿਆ ਸੀ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਅਜੇ ਵੀ ਅਮਰੀਕਾ ਨਹੀਂ ਛੱਡਿਆ। ਵਿਦੇਸ਼ਾਂ ਤੋਂ ਅਮਰੀਕਾ ਆ ਕੇ ਸ਼ਰਨ ਲੈਣ ਵਾਲੇ ਲੋਕਾਂ ਲਈ ਹਰ ਸਾਲ ਸਰਕਾਰ ਵੱਲੋਂ ਇੱਕ ਨੰਬਰ ਤੈਅ ਕੀਤਾ ਜਾਂਦਾ ਹੈ। ਟਰੰਪ ਦੇ ਪਹਿਲੇ ਸ਼ਾਸਨ ਦੌਰਾਨ ਇਸ ਨੂੰ 1 ਲੱਖ 25 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਕਰ ਦਿੱਤਾ ਗਿਆ ਸੀ, ਜਿਸ ਨੂੰ ਬਿਡੇਨ ਸਰਕਾਰ ਨੇ ਵਧਾ ਕੇ 62 ਹਜ਼ਾਰ 500 ਕਰ ਦਿੱਤਾ ਸੀ।
ਇੱਕ ਸਰਕਾਰੀ ਸੰਸਥਾ ਬਿਊਰੋ ਆਫ ਲੇਬਰ ਸਟੈਟਿਸਟਿਕਸ, ਦੇ ਅਨੁਸਾਰ, ਅਮਰੀਕਾ ਦੀ ਕਿਰਤ ਸ਼ਕਤੀ ਵਿੱਚ ਪ੍ਰਵਾਸੀਆਂ ਦੀ ਭਾਗੀਦਾਰੀ ਦੀ ਦਰ ਅਮਰੀਕਾ ਦੇ ਮੂਲ ਨਿਵਾਸੀਆਂ ਨਾਲੋਂ ਵੱਧ ਹੈ। ਉਸਾਰੀ ਅਤੇ ਖੇਤੀ ਵਰਗੇ ਖੇਤਰ ਪੂਰੀ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਹਨ। ਅਜਿਹਾ ਇਸ ਲਈ ਕਿਉਂਕਿ ਇਹ ਲੋਕ ਸਥਾਨਕ ਲੋਕਾਂ ਨਾਲੋਂ ਘੱਟ ਪੈਸਿਆਂ ਵਿੱਚ ਕੰਮ ਕਰਨ ਲਈ ਰਾਜ਼ੀ ਹੋ ਜਾਂਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਕਾਰੋਬਾਰੀਆਂ ਲਈ ਸਸਤੇ ਵਿਚ ਮਜ਼ਦੂਰੀ ਮਿਲਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਉਹ ਪ੍ਰਵਾਸੀ ਹਨ ਜੋ ਮੈਕਸੀਕੋ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸਨ। ਕਈਆਂ ਨੂੰ ਦੋ ਸਾਲਾਂ ਲਈ ਅਮਰੀਕਾ ਵਿਚ ਕੰਮ ਕਰਨ ਦਾ ਅਸਥਾਈ ਲਾਇਸੈਂਸ ਮਿਲ ਗਿਆ ਹੈ, ਪਰ ਜਿਨ੍ਹਾਂ ਦੀ ਮਿਆਦ ਖਤਮ ਹੋਣ ਵਾਲੀ ਹੈ, ਉਹ ਟਰੰਪ ਦੇ ਰਾਸ਼ਟਰਪਤੀ ਬਣਨ ਨੂੰ ਲੈ ਕੇ ਕਾਫੀ ਚਿੰਤਤ ਜਾਪਦੇ ਹਨ।
ਟਰੰਪ ਨੇ ਇਹ ਜ਼ਿੰਮੇਵਾਰੀ ਆਪਣੇ ਕਰੀਬੀ ਦੋਸਤ ਨੂੰ ਦਿੱਤੀ

ਟਰੰਪ ਨੇ ਆਪਣਾ ਸਭ ਤੋਂ ਵੱਡਾ ਚੋਣ ਵਾਅਦਾ ਪੂਰਾ ਕਰਨ ਦੀ ਅਹਿਮ ਜ਼ਿੰਮੇਵਾਰੀ ਟੌਮ ਹੋਮਨ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੂੰ ਸੀਮਾ ਸੁਰੱਖਿਆ ਵਿਭਾਗ ਦਾ ਮੁਖੀ ਚੁਣਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਬਾਰਡਰ ਜ਼ਾਰ ਯਾਨੀ ਅਜਿਹਾ ਵਿਅਕਤੀ ਸਾਬਤ ਹੋਵੇਗਾ ਜਿਸ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਲਈ ਲੋੜੀਂਦੀਆਂ ਸਾਰੀਆਂ ਸ਼ਕਤੀਆਂ ਦਿੱਤੀਆਂ ਜਾਣਗੀਆਂ। ਉਹ ਪਿਛਲੇ 34 ਸਾਲਾਂ ਤੋਂ ਇਨ੍ਹਾਂ ਵਿਭਾਗਾਂ ਨਾਲ ਜੁੜੇ ਹੋਏ ਹਨ ਪਰ ਉਸ ਦੀ ਆਪਣੀ ਨਜ਼ਰ ਵਿੱਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਸਮੱਸਿਆ ਦੇਸ਼ ਦੀ ਇੱਕ ਗੁੰਝਲਦਾਰ ਸਮੱਸਿਆ ਹੈ। ਹੋਮਨ ਅਤੇ ਉਸਦੇ ਪਰਿਵਾਰ ਨੂੰ ਪਿਛਲੇ ਕੁਝ ਦਿਨਾਂ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਪਰ ਉਹ ਆਪਣੀ ਸਥਿਤੀ ਦੇ ਖਤਰੇ ਨੂੰ ਸਮਝਦਾ ਹੈ ਪਰ ਫਿਰ ਵੀ ਆਉਣ ਵਾਲੇ ਟਰੰਪ ਪ੍ਰਸ਼ਾਸਨ ਦੇ ਰੁਖ ਅਤੇ ਯੋਜਨਾਵਾਂ 'ਤੇ ਕਾਇਮ ਹੈ।
ਨਿਊਯਾਰਕ ਟਾਈਮਜ਼ ਨੇ ਸਾਲ 2023 ਦੌਰਾਨ ਕੰਜ਼ਰਵੇਟਿਵ ਐਕਸ਼ਨ ਕਾਨਫਰੰਸ ਵਿੱਚ ਹੋਮਨ ਨੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਜੋ ਕਿਹਾ ਸੀ, ਉਹੀ ਫੌਕਸ ਨਿਊਜ਼ ਦੇ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ ਦੁਹਰਾਉਂਦੇ ਕਿਹਾ ਸੀ ਕਿ ਮੈਂ ਪਰਵਾਸੀ ਵਿਰੋਧੀ ਨਹੀਂ ਹਾਂ, ਭਾਵੇਂ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਮੈਂ ਪਰਵਾਸੀ ਭਾਈਚਾਰੇ ਵਿਰੋਧੀ ਹਾਂ। ਮੈਂ ਆਪਣੇ 34 ਸਾਲਾਂ ਵਿੱਚ ਜੋ ਦੇਖਿਆ ਹੈ, ਉਸ ਕਾਰਨ ਮੈਂ ਗੈਰ-ਕਾਨੂੰਨੀ ਪਰਵਾਸ ਦੇ ਵਿਰੁੱਧ ਹਾਂ। ਲੋਕ ਮੈਨੂੰ ਨਸਲਵਾਦੀ ਜਾਂ ਗੋਰਾ ਰਾਸ਼ਟਰਵਾਦੀ ਕਹਿਣ ਤੋਂ ਨਹੀਂ ਝਿਜਕਦੇ, ਪਰ ਇਸ ਵਿੱਚ ਮੇਰਾ ਕੀ ਕਸੂਰ ਹੈ?
ਇਮੀਗ੍ਰੇਸ਼ਨ ਕਾਨੂੰਨ ਇੱਥੇ ਨੀਤੀ ਨਿਰਮਾਤਾਵਾਂ ਦੁਆਰਾ ਬਣਾਇਆ ਗਿਆ ਹੈ, ਮੇਰਾ ਕੰਮ ਹੈ ਜੋ ਕਾਨੂੰਨ ਬਣਾਇਆ ਗਿਆ ਹੈ, ਉਸ ਨੂੰ ਲਾਗੂ ਕਰਨਾ ਹੈ। ਸਾਡੇ ਕੋਲ ਬਦਲ ਕੀ ਹੈ? ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚ ਸ਼ਰਨ ਲਈ ਅਪੀਲ ਕਰਨ ਦਾ ਅਧਿਕਾਰ ਹੈ। ਤੁਹਾਨੂੰ ਅਦਾਲਤ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ। ਅਸੀਂ ਇਨ੍ਹਾਂ ਲੋਕਾਂ ਨੂੰ ਬਹੁਤ ਆਜ਼ਾਦੀ ਦਿੱਤੀ ਹੈ ਪਰ ਅੰਤ ਵਿੱਚ ਜੇਕਰ ਅਦਾਲਤ ਦਾ ਹੁਕਮ ਇਹ ਕਹਿੰਦਾ ਹੈ ਕਿ ਇਨ੍ਹਾਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਤਾਂ ਸਾਨੂੰ ਅਜਿਹਾ ਕਰਨਾ ਪਵੇਗਾ। ਹੋਮਨ ਨੇ ਕਿਹਾ ਕਿ ਜਦੋਂ ਤੋਂ ਜੋਅ ਬਿਡੇਨ ਰਾਸ਼ਟਰਪਤੀ ਬਣੇ ਹਨ, ਅਮਰੀਕਾ ਦੀਆਂ ਸਰਹੱਦਾਂ 'ਤੇ 10 ਮਿਲੀਅਨ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਇਕੱਠੇ ਹੋਏ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਅੰਦਰ ਆਉਣ ਦਿੱਤਾ ਗਿਆ।
ਹੋਮਨ ਨੇ ਟਰੰਪ ਦੀ ਨੀਤੀ ਦੀ ਵਿਆਖਿਆ ਕੀਤੀ
ਹੋਮਨ ਨੇ ਕਿਹਾ ਕਿ ਇਮੀਗ੍ਰੇਸ਼ਨ 'ਤੇ ਟਰੰਪ ਦੀ ਨੀਤੀ ਸਪੱਸ਼ਟ ਹੈ ਕਿ ਉਹ ਇਸ ਨੂੰ ਜਨਤਕ ਅਤੇ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਮੰਨਦੇ ਹਨ। ਅਜਿਹੇ ਵਿਚ ਅਸੀਂ ਇਸ ਦੇ ਖਿਲਾਫ ਠੋਸ ਕਾਰਵਾਈ ਕਰਨ 'ਤੇ ਜ਼ੋਰ ਦਿੰਦੇ ਹਾਂ। ਗੈਰ-ਕਾਨੂੰਨੀ ਪ੍ਰਵਾਸੀ ਸਭ ਤੋਂ ਵੱਧ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਂਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਦੇਸ਼ ਵਿਚੋਂ ਕੱਢਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਉਨ੍ਹਾਂ ਲੋਕਾਂ ਲਈ ਹੈ ਜੋ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿੱਚ ਪ੍ਰਮਾਣਿਤ ਦਸਤਾਵੇਜ਼ਾਂ ਤੋਂ ਬਿਨਾਂ ਆਉਣਾ ਗੈਰ-ਕਾਨੂੰਨੀ ਹੈ। ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਸ਼ੰਕਿਆਂ ਅਤੇ ਸਰਕਾਰੀ ਦਾਅਵਿਆਂ ਦੇ ਵਿਚਕਾਰ, ਇਹ ਸਮਾਂ ਹੀ ਦੱਸੇਗਾ ਕਿ ਟਰੰਪ ਸਰਕਾਰ ਦੀ ਦੇਸ਼ ਨਿਕਾਲੇ ਦੀ ਨੀਤੀ ਕਿੰਨੀ ਪ੍ਰਭਾਵਸ਼ਾਲੀ ਹੋਵੇਗੀ।












Comments (0)