ਓਪਨ ਡੋਰ ਰਿਪੋਰਟ ਅਨੁਸਾਰ 3.3 ਲੱਖ ਤੋਂ ਵੱਧ ਭਾਰਤੀ ਪੜ੍ਹ ਰਹੇ ਨੇ ਅਮਰੀਕਾ ਵਿਚ

ਓਪਨ ਡੋਰ ਰਿਪੋਰਟ ਅਨੁਸਾਰ 3.3 ਲੱਖ ਤੋਂ ਵੱਧ ਭਾਰਤੀ ਪੜ੍ਹ ਰਹੇ ਨੇ ਅਮਰੀਕਾ ਵਿਚ

ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲਾ 'ਭਾਰਤ ਚੋਟੀ ਦਾ ਦੇਸ਼' ਬਣਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ- ਬੀਤੇ ਦਿਨੀਂ ਜਾਰੀ ਕੀਤੀ ਗਈ ਓਪਨ ਡੋਰ ਰਿਪੋਰਟ 2024 ਅਨੁਸਾਰ 3.3 ਲੱਖ ਤੋਂ ਵੱਧ ਭਾਰਤੀ ਅਮਰੀਕਾ ਵਿਚ ਪੜ੍ਹ ਰਹੇ ਹਨ, ਜਿਸ ਨਾਲ ਭਾਰਤ 15 ਸਾਲਾਂ ਵਿਚ ਪਹਿਲੀ ਵਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲਾ 'ਚੋਟੀ ਦਾ ਦੇਸ਼' ਬਣ ਗਿਆ ਹੈ । ਅਕਾਦਮਿਕ ਸਾਲ 2022-23 ਵਿਚ, ਅਮਰੀਕਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪ੍ਰਮੁੱਖ ਸਰੋਤ ਦੇਸ਼ ਚੀਨ ਸੀ, ਉਸ ਤੋਂ ਬਾਅਦ ਭਾਰਤ ਸੀ । ਓਪਨ ਡੋਰਜ਼ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਅਕਾਦਮਿਕ ਸਾਲ 2023-24 ਵਿਚ ਅਮਰੀਕਾ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2022-23 ਦੇ ਮੁਕਾਬਲੇ 23 ਫੀਸਦੀ ਵੱਧ ਕੇ 3,31,602 ਹੋ ਗਈ ਹੈ ।

ਓਪਨ ਡੋਰ ਰਿਪੋਰਟ 2024 'ਤੇ ਅਮਰੀਕੀ ਦੂਤਾਵਾਸ ਦੁਆਰਾ ਸਾਂਝੇ ਕੀਤੇ ਗਏ ਨੋਟ ਦੇ ਅਨੁਸਾਰ, 'ਭਾਰਤ ਹੁਣ ਸੰਯੁਕਤ ਰਾਜ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੋਹਰੀ ਦੇਸ਼ ਹੈ, ਜਿੱਥੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ 29 ਫੀਸਦੀ ਹੈ । ਤਾਜ਼ਾ ਰਿਪੋਰਟ ਨਾਲ ਜੁੜੇ ਅਧਿਕਾਰਤ ਅੰਕੜਿਆਂ ਅਨੁਸਾਰ, 2023-24 ਲਈ ਅਮਰੀਕਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚੋਟੀ ਦੇ ਪੰਜ ਦੇਸ਼ ਹਨ - ਭਾਰਤ, ਚੀਨ (2,77,398), ਦੱਖਣੀ ਕੋਰੀਆ (43,149), ਕੈਨੇਡਾ (28,998) ਤੇ ਤਾਈਵਾਨ (23,157) | ਅਮਰੀਕੀ ਦੂਤਾਵਾਸ ਦੇ ਨੋਟ ਵਿਚ ਕਿਹਾ ਗਿਆ ਹੈ, 'ਭਾਰਤ ਦੇ ਅਮਰੀਕਾ ਵਿਚ ਪੜ੍ਹ ਰਹੇ 3,31,602 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਭੇਜਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ । ਭਾਰਤੀ ਵਿਦਿਆਰਥੀਆਂ ਦੀ ਗਿਣਤੀ ਹੁਣ ਤੱਕ ਸਭ ਤੋਂ ਵੱਧ ਹੈ । ਭਾਰਤ ਲਗਾਤਾਰ ਦੂਜੇ ਸਾਲ ਅਮਰੀਕਾ ਨੂੰ ਅੰਤਰਰਾਸ਼ਟਰੀ ਗ੍ਰੈਜੂਏਟ (ਮਾਸਟਰਸ ਤੇ ਪੀ.ਐਚ.ਡੀ. ਪੱਧਰ) ਵਿਦਿਆਰਥੀ ਭੇਜਣ ਵਾਲਾ 'ਚੋਟੀ ਦਾ ਦੇਸ਼' ਰਿਹਾ ।ਰਿਪੋਰਟ ਮੁਤਾਬਕ ਭਾਰਤੀ ਅੰਡਰਗਰੈਜੂਏਟ ਵਿਦਿਆਰਥੀਆਂ ਦੀ ਗਿਣਤੀ 19 ਫੀਸਦੀ ਵਧ ਕੇ 1,96,567 ਹੋ ਗਈ ਹੈ ।ਰਿਪੋਰਟ ਮੁਤਾਬਕ ਭਾਰਤ ਦੇ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਵੀ 13 ਫੀਸਦੀ ਤੋਂ ਵਧ ਕੇ 36,053 ਹੋ ਗਈ, ਜਦਕਿ ਗੈਰ-ਡਿਗਰੀ ਵਿਦਿਆਰਥੀਆਂ ਦੀ ਗਿਣਤੀ 28 ਫੀਸਦੀ ਤੋਂ ਘਟ ਕੇ 1,426 ਹੋ ਗਈ । ਇਹ ਰਿਪੋਰਟ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਜੂਕੇਸ਼ਨ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ ।