ਅਮਰੀਕਾ ਵਿਚ ਭਾਰਤੀ ਮੂਲ ਦਾ ਵਿਅਕਤੀ ਨਿਕਲੇ ਇਨਾਮ ਵਾਲੀ ਲਾਟਰੀ ਟਿਕਟ ਚੋਰੀ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ

ਅਮਰੀਕਾ ਵਿਚ ਭਾਰਤੀ ਮੂਲ ਦਾ ਵਿਅਕਤੀ ਨਿਕਲੇ ਇਨਾਮ ਵਾਲੀ ਲਾਟਰੀ ਟਿਕਟ ਚੋਰੀ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ
ਕੈਪਸ਼ਨ ਮੀਰ ਪਟੇਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਨੇਸੀ ਰਾਜ ਦੇ ਸ਼ਹਿਰ ਮੂਰਫ੍ਰੀਸਬੋਰੋ ਵਿਚ ਇਕ ਸਟੋਰ ਦੇ ਭਾਰਤੀ ਮੂਲ ਦੇ ਕਲਰਕ ਮੀਰ ਪਟੇਲ ਨੂੰ ਇਕ ਮਿਲੀਅਨ ਡਾਲਰਾਂ ਦੇ ਨਿਕਲੇ ਇਨਾਮ ਵਾਲੀ ਲਾਟਰੀ ਟਿਕਟ ਨੂੰ ਚੋਰੀ ਕਰਨ ਤੇ ਇਨਾਮ ਲੈਣ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਰੂਦਰਫੋਰਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਦਫਤਰ ਅਨੁਸਾਰ 23 ਸਾਲਾ ਪਟੇਲ ਵਿਰੁੱਧ 2,50,000 ਡਾਲਰਾਂ ਤੋਂ ਵਧ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਜਾਂਚਕਾਰਾਂ ਅਨੁਸਾਰ ਲਾਟਰੀ ਦੀ ਟਿਕਟ ਦਾ ਅਸਲ ਮਾਲਕ ਜੋ ਆਪਣਾ ਨਾਂ ਜਨਤਿਕ ਨਹੀਂ ਕਰਨਾ ਚਹੁੰਦਾ, ਐਨਟੀਓਕ ਦਾ ਰਹਿਣ ਵਾਲਾ ਹੈ। ਉਸ ਨੇ 13 ਜੁਲਾਈ ਨੂੰ ਇਕ ਗੈਸ ਸਟੇਸ਼ਨ ਤੋਂ ਲਾਟਰੀ ਦੀਆਂ 2 ਟਿਕਟਾਂ ਖਰੀਦੀਆਂ ਸਨ।

ਉਸ ਨੇ ਇਹ ਦੋਵੇਂ ਟਿਕਟਾਂ ਪਟੇਲ ਨੂੰ ਦੇ ਦਿੱਤੀਆਂ ਜੋ ਉਸ ਕੋਲ ਕਲਰਕ ਵਜੋਂ ਕੰਮ ਕਰਦਾ ਸੀ। ਇਨਾਂ ਦੋਨਾਂ ਟਿਕਟਾਂ ਉਪਰ ਇਨਾਮ ਨਿਕਲ  ਆਇਆ। ਪਟੇਲ ਨੇ ਘੱਟ ਇਨਾਮ ਵਾਲੀ ਟਿਕਟ  ਤਾਂ ਆਪਣੇ ਮਾਲਕ  ਨੂੰ ਦੇ ਦਿੱਤੀ ਪਰੰਤੂ ਦੂਸਰੀ  ਟਿਕਟ ਜਿਸ ਉਪਰ 1 ਮਿਲੀਅਨ ਡਾਲਰ ਦਾ ਇਨਾਮ ਨਿਕਲਿਆ ਸੀ ਨੂੰ ਖੁਰਦ ਬੁਰਦ ਕਰ ਦਿੱਤਾ। ਬਾਅਦ ਵਿਚ ਟੈਨੇਸੀ ਲਾਟਰੀ ਹੈੱਡਕੁਆਰਟਰ ਤੋਂ ਇਸ ਟਿਕਟ ਉਪਰ ਨਿਕਲਿਆ ਇਨਾਮ ਲੈਣ ਦਾ ਯਤਨ ਕੀਤਾ ਪਰੰਤੂ ਸ਼ੱਕ ਪੈਣ 'ਤੇ ਉਸ ਦਾ ਪਰਦਾਫਾਸ਼ ਹੋ ਗਿਆ। ਅਧਿਕਾਰੀਆਂ ਅਨੁਸਾਰ ਪਟੇਲ ਅਜੇ ਪੁਲਿਸ ਹਿਰਾਸਤ ਵਿਚ ਹੈ ਤੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ।