ਸ਼ਿਕਾਗੋ ਵਿਚ ਇਕ ਚਰਚ ਨੇੜੇ ਹੋਈ ਗੋਲੀਬਾਰੀ ਵਿਚ 7 ਨੌਜਵਾਨ ਜ਼ਖਮੀ, ਹਮਲਾਵਰ ਫਰਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸ਼ਿਕਾਗੋ ਵਿਚ ਤੜਕਸਾਰ ਸੇਂਟ ਸਬੀਨਾ ਚਰਚ ਨੇੜੇ ਹੋਈ ਗੋਲਬਾਰੀ ਵਿਚ 7 ਨੌਜਵਾਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਉਸ ਦੇ ਲੱਤ ਤੇ ਛਾਤੀ ਵਿਚ ਗੋਲੀਆਂ ਵੱਜੀਆਂ ਹਨ ਜਦ ਕਿ ਬਾਕੀਆਂ ਦੇ ਲੱਤਾਂ, ਬਾਹਾਂ ਜਾਂ ਪਿੱਠ 'ਤੇ ਗੋਲੀਆਂ ਵੱਜੀਆਂ ਹਨ। ਇਹ ਜਾਣਕਾਰੀ ਸ਼ਿਕਾਗੋ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬਿਆਨ ਅਨੁਸਾਰ ਪੁਲਿਸ ਪੱਛਮੀ 78 ਵੀਂ ਸਟਰੀਟ 'ਤੇ ਤੜਕਸਾਰ ਤਕਰੀਬਨ 2 ਵਜੇ ਲੋਕਾਂ ਦੇ ਵੱਡੇ ਇਕੱਠ ਨੂੰ ਤਿਤਰ ਬਿਤਰ ਕਰਨ ਦਾ ਯਤਨ ਕਰ ਰਹੀ ਸੀ ਜਦੋਂ ਇਕ ਗੱਡੀ ਵਿਚ ਆਏ ਹਮਲਾਵਰਾਂ ਨੇ ਭੀੜ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਾਉਣ ਉਪਰੰਤ ਹਮਲਾਵਰ ਫਰਾਰ ਹੋ ਗਏ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। 3 ਪੀੜਿਤ 17 ਸਾਲ, 3 ਪੀੜਿਤ 18 ਸਾਲ ਤੇ ਇਕ ਜ਼ਖਮੀ ਦੀ ਉਮਰ 19 ਸਾਲ ਹੈ। ਫਾਦਰ ਮਿਸ਼ੈਲ ਫਲੇਗਰ ਨੇ ਸ਼ੋਸਲ ਮੀਡੀਆ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਸਮੂਹਿਕ ਨ੍ਰਿਤ ਤੋਂ ਬਾਅਦ ਇਕ ਘਰ ਵਿਚ ਇਕੱਤਰ ਹੋਏ ਲੋਕਾਂ 'ਤੇ ਗੋਲੀਆਂ ਵਰਾਈਆਂ ਗਈਆਂ ਹਨ। ''ਉਨਾਂ ਕਿਹਾ ਹੈ ਕਿ ਅਸੀਂ ਦੁੱਖੀ ਹਾਂ ਪਰੰਤੂ ਹਾਰੇ ਨਹੀਂ ਹਾਂ। ਅਸੀਂ ਖੜੇ ਰਹਾਂਗੇ, ਬੋਲਾਂਗੇ ਤੇ ਸੇਵਾ ਕਰਦੇ ਰਹਾਂਗੇ।''











Comments (0)