ਨਿਊ ਓਰਲੀਨਜ ਜੇਲ ਵਿਚੋਂ ਕੈਦੀਆਂ ਦੇ ਭੱਜਣ ਵਿੱਚ 14 ਲੋਕਾਂ ਨੇ ਮੱਦਦ ਕੀਤੀ, 2 ਕੈਦੀ ਅਜੇ ਵੀ ਫਰਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ ( ਹੁਸਨ ਲੜੋਆ ਬੰਗਾ)- ਦੋ ਹਫਤੇ ਪਹਿਲਾਂ 16 ਮਈ ਨੂੰ ਨਿਊ ਓਰਲੀਨਜ ਜੇਲ ਵਿਚੋਂ ਫਰਾਰ ਹੋਏ 10 ਕੈਦੀਆਂ ਦੀ ਘੱਟੋ ਘੱਟ 14 ਲੋਕਾਂ ਨੇ ਮੱਦਦ ਕੀਤੀ। ਮੱਦਦਗਾਰਾਂ ਵਿਚ ਕੈਦੀਆਂ ਦੇ ਮਿੱਤਰ ਤੇ ਪਰਿਵਾਰਕ ਮੈਂਬਰ ਸ਼ਾਮਿਲ ਹਨ। ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਅਨੁਸਾਰ ਇਨਾਂ ਨੇ ਕੈਦੀਆਂ ਨੂੰ ਖਾਣਾ ਦਿੱਤਾ, ਨਕਦੀ ਦਿੱਤੀ, ਗੱਡੀਆਂ ਦਿੱਤੀਆਂ ਤੇ ਪਨਾਹ ਵੀ ਦਿੱਤੀ। ਕੁਝ ਕੈਦੀਆਂ ਨੂੰ ਤਾਂ ਭੱਜਣ ਤੋਂ ਪਹਿਲਾਂ ਵੀ ਮੱਦਦ ਮਿਲੀ। ਇਨਾਂ ਤੋਂ ਇਲਾਵਾ ਕੁਝ ਹੋਰ ਲੋਕਾਂ ਦੇ ਨਾਂ ਵੀ ਪੁਲਿਸ ਦੀ ਰਿਪੋਰਟ ਵਿਚ ਹਨ ਪਰੰਤੂ ਉਨਾਂ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ। ਇਕ ਸਾਬਕਾ ਜੇਲ ਮੁਲਾਜ਼ਮ ਲੈਨਟਨ ਵੈਨਬੁਰੇਨ ਨਾਮੀ ਕੈਦੀ ਨੂੰ ਆਪਣੀ ਗੱਡੀ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਘਰ ਲੈ ਕੇ ਗਿਆ ਜਦ ਕਿ ਬਾਅਦ ਵਿਚ ਇਕ ਹੋਰ ਦੋਸਤ ਨੇ ਵੈਨਬੁਰੇਨ ਨੂੰ ਲੁੱਕਣ ਵਾਸਤੇ ਇਕ ਫਲੈਟ ਦਿੱਤਾ। ਪੁਲਿਸ ਅਨੁਸਾਰ ਕੁਝ ਨੇ ਐਪਸ ਰਾਹੀਂ ਪੈਸੇ ਭੇਜੇ ਤੇ ਪੁੱਛਗਿੱਛ ਦੌਰਾਨ ਝੂਠ ਬੋਲਿਆ। ਡੈਰਿਕ ਗਰੋਵਸ ਤੇ ਐਨਟੋਨੀ ਮੈਸੀ ਨਾਮੀ ਕੈਦੀ ਅਜੇ ਵੀ ਫਰਾਰ ਹਨ ਜਿਨਾਂ ਉਪਰ ਪੁਲਿਸ ਨੇ 50-50 ਹਜਾਰ ਡਾਲਰ ਦਾ ਇਨਾਮ ਰਖਿਆ ਹੈ।











Comments (0)