ਟੈਕਸਾਸ ਦੇ ਇਕ ਸਟੋਰ ਦੇ ਬਾਹਰਵਾਰ ਹੋਈ ਗੋਲੀਬਾਰੀ ਵਿੱਚ 3 ਮੌਤਾਂ, ਸ਼ੱਕੀ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਆਸਟਿਨ, ਟੈਕਸਾਸ ਵਿੱਚ ਇੱਕ ਟਾਰਗੈੱਟ ਸਟੋਰ ਦੇ ਬਾਹਰਵਾਰ ਹੋਈ ਗੋਲੀਬਾਰੀ ਵਿੱਚ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਗੋਲੀਬਾਰੀ ਕਰਨ ਉਪਰੰਤ ਫਰਾਰ ਹੋਏ ਸ਼ੱਕੀ ਹਮਲਾਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ 32 ਸਾਲਾ ਈਥਾਨ ਨੀਨੇਕਰ ਵੱਜੋਂ ਹੋਈ ਹੈ। ਆਸਟਿਨ ਪੁਲਿਸ ਵਿਭਾਗ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਅਧਿਕਾਰੀਆਂ ਦੇ ਤਾਲਮੇਲ ਨਾਲ ਘਟਨਾ ਦੀ ਜਾਂਚ ਕਰ ਰਹੇ ਹਨ। ਸੂਚਨਾ ਮਿਲਣ 'ਤੇ ਪੁਲਿਸ ਅਫਸਰ ਦੁਪਹਿਰ ਬਾਅਦ 2.15 ਵਜੇ ਘਟਨਾ ਸਥਾਨ 'ਤੇ ਪੱਜੇ। ਓਦੋਂ ਤੱਕ ਸ਼ੱਕੀ ਸ਼ੂਟਰ ਚੋਰੀ ਦੀ ਕਾਰ ਵਿੱਚ ਫਰਾਰ ਹੋ ਚੁੱਕਾ ਸੀ। ਪੁਲਿਸ ਮੁੱਖੀ ਲੀਸਾ ਡੇਵਿਸ ਨੇ ਕਿਹਾ ਕਿ ਚੋਰੀ ਦੀ ਕਾਰ ਹਾਦਸਾਗ੍ਰਸਤ ਹੋਣ ਉਪਰੰਤ ਸ਼ੱਕੀ ਇੱਕ ਹੋਰ ਗੱਡੀ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤੇ ਆਖਰਕਾਰ ਉਸ ਉੱਪਰ ਟੀਜ਼ਰ ਸਟੱਨ ਗੰਨ ਦੀ ਵਰਤੋਂ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਮੁੱਖੀ ਅਨੁਸਾਰ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਸ਼ੱਕੀ ਲੰਬੇ ਸਮੇ ਤੋਂ ਮਾਨਸਿਕ ਰੋਗ ਤੋਂ ਪੀੜਿਤ ਹੈ। ਉਸ ਵਿਰੁੱਧ ਪਹਿਲਾ ਦਰਜਾ ਕਤਲ ਸਮੇਤ ਹੋਰ ਕਈ ਦੋਸ਼ ਆਇਦ ਕੀਤੇ ਗਏ ਹਨ। ਮ੍ਰਿਤਕਾਂ ਦੀ ਪਛਾਣ ਹੈਕਟਰ ਲਿਓਪੋਲਡੋ ਮਾਰਟਿਨਜ਼ ਮਾਚੂਕਾ, ਐਡਮ ਚੋਅ ਤੇ ਉਸ ਦੀ 4 ਸਾਲਾ ਦੋਹਤੀ ਵਜੋਂ ਹੋਈ ਹੈ। ਐਡਮ ਚੋਅ ਤੇ ਦੋਹਤੀ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਮਾਚੂਕਾ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਗਿਆ।











Comments (0)