ਆਪਸੀ ਵਿਵਾਦ ਮਿਟਾਉਣ ਲਈ ਵਿਸ਼ਵ ਸਿੱਖ ਕੌਂਸਲ ਸਮੇਂ ਦੀ ਲੋੜ
ਪਿਛਲੇ ਕੁਝ ਸਮੇਂ ਤੋਂ ਸਿੱਖਾਂ ਵਿਚ ਆਪਸੀ ਤਕਰਾਰ ਵਿਚ ਵਾਧਾ ਹੋ ਰਿਹਾ ਹੈ। ਸਿੱਖੀ ਰਵਾਇਤਾਂ ਅਨੁਸਾਰ ਰਲ਼-ਬੈਠ ਵਿਚਾਰ ਕਰਕੇ ਮਤਭੇਦਾਂ ਨੂੰ ਦੂਰ ਕਰਨ ਦੀ ਥਾਂ ਨਿਮਰਤਾ ਤੇ ਮਿੱਠੀ ਬਾਣੀ ਨੂੰ ਤਿਆਗ ਝਗੜੇ ਹੋ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਵਲੋਂ ਬਖਸ਼ਿਸ਼ ਜੀਵਨ-ਜਾਚ ਨੂੰ ਪ੍ਰਚਾਰਨ ਦੀ ਥਾਂ ਆਪਸੀ ਮਤਭੇਦਾਂ ਵਿਚ ਵਾਧਾ ਹੋ ਰਿਹਾ ਹੈ। ਸਾਡੇ ਬਹੁਤੇ ਬੁੱਧਜੀਵੀ ਤੇ ਪ੍ਰਚਾਰਕ, ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਉਹ ਖ਼ੁਦ ਰਾਹ ਤੋਂ ਭਟਕ ਰਹੇ ਹਨ। ਬਹੁਤੇ ਬੁੱਧਜੀਵੀ ਪ੍ਰਚਾਰ ਦੀ ਥਾਂ ਇਹ ਖੋਜ ਕਰ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਦਾ ਪ੍ਰਕਾਸ਼ ਕੱਤਕ ਵਿਚ ਹੋਇਆ ਜਾਂ ਵਿਸਾਖ ਵਿਚ, ਉਨ੍ਹਾਂ ਨਾਲ ਬਾਲਾ ਸੀ ਜਾਂ ਨਹੀਂ, ਉਹ ਮੱਕੇ ਮਦੀਨੇ ਗਏ ਸਨ ਜਾਂ ਨਹੀਂ। ਦੂਜੇ ਪਾਸੇ ਪ੍ਰਚਾਰਕ ਆਪਣਾ ਪ੍ਰਚਾਰ ਕਰਾਮਾਤੀ ਸਾਖੀਆਂ ਤੱਕ ਸੀਮਤ ਕਰ ਰਹੇ ਹਨ। ਆਪਸੀ ਵਧ ਰਹੇ ਝਗੜਿਆਂ ਨੂੰ ਨਜਿੱਠਣ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ।
ਗੁਰੂ ਨਾਨਕ ਦੇਵ ਜੀ ਨੇ ਜ਼ੁਲਮ, ਜਬਰ ਤੇ ਮਨੁੱਖੀ ਨਾ-ਬਰਾਬਰੀ ਵਿਰੁੱਧ ਮੁਹਿੰਮ ਸ਼ੁਰੂ ਕੀਤੀ। ਇਸ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਇਨਕਲਾਬ ਦੀ ਸੰਪੂਰਨਤਾ ਗੁਰੂ ਜੀ ਦੇ ਦਸਵੇਂ ਜਾਮੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਦਸਮੇਸ਼ ਪਿਤਾ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਸੰਸਾਰ 'ਚੋਂ ਮਨੁੱਖੀ ਵਿਤਕਰੇ ਮੇਟ ਸਭਨਾਂ ਨੂੰ ਬਰਾਬਰੀ ਦੀ ਬਖ਼ਸ਼ਿਸ਼ ਕੀਤੀ। ਉਨ੍ਹਾਂ ਸਿਰਫ਼ ਸਮਾਜਿਕ ਬਰਾਬਰੀ ਹੀ ਸਥਾਪਤ ਨਹੀਂ ਕੀਤੀ, ਸਗੋਂ ਅੰਮ੍ਰਿਤ ਦੀ ਦਾਤ ਨਾਲ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਤੇ ਨਿਉਟਿਆਂ ਨੂੰ ਓਟ ਬਖ਼ਸੀ, ਜਿਨ੍ਹਾਂ ਨੇ ਸੱਚ ਤੇ ਹੱਕ ਦੀ ਲੜਾਈ ਲਈ ਆਪਣੇ-ਆਪ ਨੂੰ ਤਿਆਰ ਕੀਤਾ। ਕਿਰਤੀਆਂ ਨੇ ਜਦੋਂ ਹਥਿਆਰ ਚੁੱਕੇ ਤਾਂ ਉਸ ਵੇਲੇ ਦੀ ਸਭ ਤੋਂ ਵੱਡੀ ਜ਼ਾਲਮ ਹਕੂਮਤ ਦਾ ਤਖ਼ਤਾ ਪਲਟ ਕੇ ਰੱਖ ਦਿੱਤਾ। ਸਿੰਘ ਸਜੇ ਲੋਕ ਸੰਤ-ਸਿਪਾਹੀ ਦਾ ਰੂਪ ਬਣੇ, ਜਿਹੜੇ ਗ੍ਰਹਿਸਥੀ ਜੀਵਨ ਵਿਚ ਸੰਤਾਂ ਵਾਲਾ ਜੀਵਨ ਜਿਊਂਦੇ ਸਨ ਪਰ ਜ਼ੁਲਮ ਵਿਰੁੱਧ ਲੜਨ ਤੇ ਮਜ਼ਲੂਮਾਂ ਦੀ ਰਾਖੀ ਸਮੇਂ ਸਿਪਾਹੀ ਦਾ ਰੂਪ ਧਾਰ ਲੈਂਦੇ ਸਨ।
ਸਿੱਖ ਧਰਮ ਕਰਮ ਕਾਂਡਾਂ ਤੋਂ ਰਹਿਤ ਵਿਗਿਆਨਕ ਸੋਚ ਆਧਾਰਿਤ ਇਕ ਨਵਾਂ ਧਰਮ ਹੈ। ਇਸ ਵਿਚ ਸਫ਼ਲ ਤੇ ਸੁਖਾਵਾਂ ਜੀਵਨ ਜਿਊਣ ਦੀ ਅਜਿਹੀ ਜਾਚ ਦਿੱਤੀ ਗਈ ਹੈ, ਜਿਸ ਦੇ ਧਾਰਨੀ ਸਾਰੇ ਪ੍ਰਾਣੀ ਹੋ ਸਕਦੇ ਹਨ। ਇਸੇ ਧਰਮ ਵਿਚ ਸ਼ਬਦ ਨੂੰ ਗੁਰਗੱਦੀ ਦੀ ਬਖਸ਼ਿਸ਼ ਹੋਈ ਹੈ। ਗੁਰੂ ਸਾਹਿਬਾਨ ਨੇ 239 ਸਾਲਾਂ ਦੇ ਲੰਮੇ ਸਮੇਂ ਵਿਚ ਸਿੱਖ ਰਹਿਤ ਮਰਿਯਾਦਾ, ਸਿੱਖ ਦੇ ਜੀਵਨ ਅਤੇ ਸਿੱਖੀ ਅਸੂਲਾਂ ਨੂੰ ਪ੍ਰਪੱਕ ਕੀਤਾ। ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਭ ਤੋਂ ਉੱਚਾ ਸਥਾਨ ਹੈ। ਇੱਥੋਂ ਜਾਰੀ ਹੋਏ ਹੁਕਮਨਾਮੇ ਤੋਂ ਬਾਗ਼ੀ ਹੋਣ ਦੀ ਕੋਈ ਵੀ ਸਿੱਖ ਜੁਰਅੱਤ ਨਹੀਂ ਕਰ ਸਕਦਾ। ਸਿੱਖੀ ਵਿਚ ਧਰਮ ਤੇ ਰਾਜਨੀਤੀ ਨੂੰ ਵੱਖਰਾ ਨਹੀਂ ਕੀਤਾ ਗਿਆ, ਕਿਉਂਕਿ ਰਾਜਨੀਤੀ ਵਿਚ ਕੁਰਾਹੇ ਪਏ ਵਿਅਕਤੀ ਨੂੰ ਧਰਮ ਹੀ ਰੋਕ ਸਕਦਾ ਹੈ। ਸਿੱਖ ਕੌਮ ਨੇ ਜਿੱਥੇ ਖ਼ਤਰੇ ਸਹੇੜਨ ਤੇ ਸ਼ਹੀਦੀਆਂ ਦੇਣ ਵਿਚ ਇਤਿਹਾਸ ਸਿਰਜਿਆ ਹੈ, ਉੱਥੇ ਹਲੀਮੀ, ਨਿਮਰਤਾ ਅਤੇ ਸੇਵਾ ਵਿਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ। ਸਿੱਖਾਂ ਕੋਲ ਜੁਗੋ ਯੁਗ ਅਟਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗੁਰੂ ਸਾਹਿਬਾਨ ਹਨ, ਜਿੱਥੇ ਹਰ ਤਰ੍ਹਾਂ ਦੇ ਸ਼ੰਕੇ ਦੂਰ ਹੁੰਦੇ ਹਨ ਤੇ ਸੱਚੀ ਰਾਹ ਵੇਖੀ ਜਾ ਸਕਦੀ ਹੈ।
ਪਰ ਇਹ ਅਫ਼ਸੋਸ ਨਾਲ ਕਹਿਣ ਪੈਂਦਾ ਹੈ ਕਿ ਇੰਨੇ ਮਹਾਨ ਵਿਰਸੇ ਦੇ ਮਾਲਕ ਸਿੱਖ ਧਰਮ ਦੇ ਆਗੂਆਂ ਵਿਚ ਹਊਮੈ ਭਾਰੂ ਹੋ ਰਹੀ ਹੈ ਤੇ ਹਲੀਮੀ ਖ਼ਤਮ ਹੋ ਰਹੀ ਹੈ। ਸੱਚੇ ਤੇ ਸੁੱਚੇ ਕਿਰਦਾਰ ਵਾਲੇ ਆਗੂ ਅਲੋਪ ਹੋ ਰਹੇ ਹਨ। ਇਸੇ ਕਰਕੇ ਹੀ ਨਵੀਂ ਪੀੜ੍ਹੀ ਸਿੱਖੀ ਤੋਂ ਦੂਰ ਹੋ ਰਹੀ ਹੈ। ਬਾਣੀ ਅਤੇ ਬਾਣੇ ਤੋਂ ਦੂਰੀ ਸਿੱਖੀ ਸਰੂਪ ਲਈ ਘਾਤਕ ਹੈ। ਆਪਸੀ ਮਤਭੇਦਾਂ ਨੂੰ ਦੂਰ ਕਰਨਾ, ਕੁਰਾਹੇ ਪਏ ਹੋਇਆਂ ਨੂੰ ਰਾਹ ਵਿਖਾਉਣ ਵਾਲੀ ਸ਼੍ਰੋਮਣੀ ਸੰਸਥਾ ਦੀ ਅਣਹੋਂਦ ਮਹਿਸੂਸ ਹੋ ਰਹੀ ਹੈ। ਸਿੱਖਾਂ ਦੀ ਇਕ ਅਜਿਹੀ ਸ਼੍ਰੋਮਣੀ ਕੌਂਸਲ ਬਣੇ ਜਿਸ ਦੇ ਮੈਂਬਰ ਸਚਮੁੱਚ ਸੰਤ-ਸਿਪਾਹੀ ਹੋਣ ਅਤੇ ਉਹ ਸੱਚ ਦੇ ਪਹਿਰੇਦਾਰ ਬਣਨ। ਇਹ ਕੌਂਸਲ ਆਪਸੀ ਵਿਵਾਦਾਂ ਦਾ ਨਿਬੇੜਾ ਕਰੇ, ਤਾਂ ਜੋ ਆਪਸੀ ਲੜਾਈ ਜੱਗ ਜ਼ਾਹਰ ਨਾ ਹੋ ਸਕੇ। ਇਸ ਕੌਂਸਲ ਵਲੋਂ ਗੁਰੂ ਗ੍ਰੰਥ ਸਾਹਿਬ ਦਾ ਇਕ ਸਰਬ-ਪ੍ਰਵਾਨਿਤ ਟੀਕਾ ਕਰਵਾਇਆ ਜਾਵੇ। ਮੁੜ ਇਸੇ ਨੂੰ ਹੀ ਸਾਰੇ ਵਿਚਾਰ-ਵਟਾਂਦਰੇ ਦਾ ਆਧਾਰ ਮੰਨਿਆ ਜਾਵੇ। ਇਵੇਂ ਹੀ ਸਿੱਖ ਇਤਿਹਾਸ ਲਿਖਿਆ ਜਾਵੇ ਤੇ ਮੁੜ ਇਸ ਉਤੇ ਕਿੰਤੂ-ਪ੍ਰੰਤੂ ਕਰਨ ਦੀ ਕਿਸੇ ਨੂੰ ਵੀ ਆਗਿਆ ਨਾ ਹੋਵੇ। ਸਾਰੇ ਸਿੱਖ ਜਗਤ ਲਈ ਰਹਿਤ ਮਰਿਯਾਦਾ ਵੀ ਇਹੋ ਹੀ ਹੋਵੇ ਤੇ ਇਹ ਕੌਂਸਲ ਉਸ ਦੀ ਪਹਿਰੇਦਾਰ ਬਣੇ।
ਸਾਰੇ ਧਾਰਮਿਕ ਤੇ ਰਾਜਨੀਤਕ ਸਿੱਖ ਆਗੂਆਂ ਨੂੰ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਅਜਿਹੀ ਕੌਂਸਲ ਦੇ ਗਠਨ 'ਤੇ ਵਿਚਾਰ ਕਰਨੀ ਚਾਹੀਦੀ ਹੈ। ਉਸ ਦੀ ਸ਼ਾਨ ਸਿਰਫ਼ ਬਹਾਲ ਹੀ ਨਾ ਹੋਵੇ, ਸਗੋਂ ਸਾਰੇ ਸੰਸਾਰ ਲਈ ਇਹ ਰਾਹ ਦਸੇਰਾ ਵੀ ਬਣੇ। ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵਲੋਂ ਕੀਤੇ ਗਏ ਫ਼ੈਸਲਿਆਂ 'ਤੇ ਰਾਜਸੀ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਰਾਜਸੀ ਆਗੂ ਹੀ ਕਰਦੇ ਹਨ। ਹੁਣ ਅਜਿਹੀ ਕੋਈ ਸ਼ਕਤੀ ਨਹੀਂ ਹੈ, ਜਿਹੜੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਨੂੰ ਸੁਲਝਾ ਸਕੇ ਅਤੇ ਜਿਸ ਦਾ ਫ਼ੈਸਲਾ ਸਾਰਾ ਸਿੱਖ ਜਗਤ ਪ੍ਰਵਾਨ ਕਰੇ।
ਇਸ ਕਰਕੇ ਹੁਣ ਇਕ ਸ਼੍ਰੋਮਣੀ ਸਿੱਖ ਕੌਂਸਲ ਦੀ ਲੋੜ ਹੈ, ਜਿਹੜੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਕਾਰਜ ਕਰੇ। ਇਸੇ ਕੌਂਸਲ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਚੋਣ ਕੀਤੀ ਜਾਵੇ ਅਤੇ ਜਥੇਦਾਰ ਸਾਹਿਬ ਕੌਂਸਲ ਦੇ ਮੁਖੀ ਹੋਣ। ਉਨ੍ਹਾਂ ਦੀ ਚੋਣ ਇਕ ਮਿੱਥੇ ਸਮੇਂ ਲਈ ਹੋਵੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਹਟਾਉਣ ਦਾ ਹੱਕ ਕਿਸੇ ਕੋਲ ਨਾ ਹੋਵੇ। ਮੌਜੂਦਾ ਸਮੇਂ 'ਚ ਸਿੱਖ ਕੌਮ ਅਗਵਾਈ ਰਹਿਤ ਹੋ ਰਹੀ ਹੈ। ਸ਼੍ਰੋਮਣੀ ਕੌਂਸਲ ਵਲੋਂ ਕੀਤੇ ਗਏ ਫ਼ੈਸਲੇ ਹੀ ਕੌਮ ਦੀ ਅਗਵਾਈ ਕਰ ਸਕਦੇ ਹਨ। ਕੌਮ ਬੜੇ ਨਾਜ਼ੁਕ ਤੇ ਦੁਖਦਾਈ ਦੌਰ 'ਚੋਂ ਲੰਘ ਰਹੀ ਹੈ, ਉਸ ਨੇ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਹੈ, ਇਸ ਸੰਬੰਧੀ ਕੋਈ ਸਰਬ ਪ੍ਰਮਾਣਿਤ ਅਗਵਾਈ ਨਹੀਂ ਹੈ, ਜਿਸ ਕਰਕੇ ਅਨੇਕਾਂ ਕੁਰਬਾਨੀਆਂ ਤੇ ਸ਼ਹੀਦੀਆਂ ਦੇਣ ਪਿੱਛੋਂ ਵੀ ਲੋੜੀਂਦੀਆਂ ਪ੍ਰਾਪਤੀਆਂ ਪ੍ਰਾਪਤ ਨਹੀਂ ਹੋ ਰਹੀਆਂ ਹਨ।
ਇਸ ਕੌਂਸਲ ਵਿਚ ਸਿਰਫ਼ ਭਾਰਤ ਹੀ ਨਹੀਂ, ਸਗੋਂ ਵਿਸ਼ਵ ਭਰ 'ਚੋਂ ਸਿੱਖ ਪ੍ਰਤੀਨਿਧ ਮੈਂਬਰ ਹੋਣ। ਹੁਣ ਦੇ ਸਮੇਂ 'ਚ ਸਿੱਖ ਤੇ ਗੁਰੂ ਘਰ ਵਿਸ਼ਵ ਭਰ ਵਿਚ ਹੀ ਹਨ। ਇਸ ਕਰਕੇ ਵਿਦੇਸ਼ੀ ਸਿੱਖਾਂ ਨੂੰ ਵੀ ਇਸ ਕੌਂਸਲ 'ਚ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਹੈ।
ਹੁਣ ਸਿੱਖ ਲਗਭਗ ਵਿਸ਼ਵ ਦੇ ਹਰ ਦੇਸ਼ ਵਿਚ ਵਿਚ ਹਨ। ਨਵੀਂ ਥਾਂ ਪਹੁੰਚ ਪਹਿਲਾ ਕਾਰਜ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੁੰਦਾ ਹੈ। ਉਹ ਆਪਣੀਆਂ ਧਾਰਮਿਕ, ਰਾਜਨੀਤਕ ਤੇ ਸਮਾਜਿਕ ਉਲਝਣਾਂ ਲਈ ਕਿਸੇ ਕੇਂਦਰ ਵੱਲ ਵੇਖਦੇ ਹਨ। ਹੁਣ ਤੱਕ ਇਹ ਅਗਵਾਈ ਅਕਾਲ ਤਖ਼ਤ ਸਾਹਿਬ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਸੀ ਪਰ ਸ਼੍ਰੋਮਣੀ ਕਮੇਟੀ ਦਾ ਘੇਰਾ ਸੀਮਤ ਹੋਣ ਨਾਲ ਇਸ ਦਾ ਪ੍ਰਭਾਵ ਘਟ ਰਿਹਾ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ 'ਤੇ ਕਿੰਤੂ ਹੋਣ ਲੱਗ ਪਿਆ ਹੈ। ਸਿੱਖਾਂ ਅਤੇ ਸੂਬੇ ਦੇ ਰਾਜਸੀ ਹਿਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਫੁੱਟ ਦਾ ਸ਼ਿਕਾਰ ਹੋ ਗਈ ਹੈ। ਸਿੱਖਾਂ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਬਾਰੇ ਸੋਚਣ ਵੱਲ ਧਿਆਨ ਦੇਣ ਦੀ ਥਾਂ ਇਕ-ਦੂਜੇ 'ਤੇ ਚਿੱਕੜ ਸੁੱਟਿਆ ਜਾ ਰਿਹਾ ਹੈ। ਅਨੇਕਾਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਈ ਇਕ ਸਦੀ ਪੁਰਾਣੀ ਪਾਰਟੀ ਆਪਣੀ ਹੋਂਦ ਬਚਾਉਣ ਦੇ ਸੰਕਟ ਨਾਲ ਜੂਝ ਰਹੀ ਹੈ। ਸਾਰੀਆਂ ਪ੍ਰਮੁੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਆਪਣੀ ਇਕ ਵਿਸ਼ਵ ਵਿਆਪੀ ਸੰਸਥਾ ਦਾ ਗਠਨ ਕਰਨਾ ਚਾਹੀਦਾ ਹੈ, ਤਾਂ ਜੋ ਸਿੱਖਾਂ ਦੀ ਸਿਰਫ਼ ਧਾਰਮਿਕ ਅਗਵਾਈ ਹੀ ਨਾ ਹੋ ਸਕੇ, ਸਗੋਂ ਉਨ੍ਹਾਂ ਦੀ ਰਾਜਨੀਤਕ ਰੱਖਿਆ ਵੀ ਹੋਵੇ।
ਇਸੇ ਕੌਂਸਲ ਦੇ ਨਿਰਦੇਸ਼ਾਂ ਅਨੁਸਾਰ ਸਿੱਖ ਬੱਚਿਆਂ ਵਿਸ਼ੇਸ਼ ਕਰਕੇ ਗਰੀਬ ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਨੂੰ ਹੁਨਰੀ ਬਣਾਉਣ ਅਤੇ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇ। ਅਸੀਂ ਸਾਰੇ ਸੰਸਾਰ ਵਿਚ ਲੋੜਵੰਦਾਂ ਤੇ ਮੁਸੀਬਤ ਵਿਚ ਫਸੇ ਲੋਕਾਂ ਦੀ ਸਹਾਇਤਾ ਕਰਦੇ ਹਾਂ ਪਰ ਆਪਣੇ ਲੋੜਵੰਦਾਂ ਦੀ ਸਹਾਇਤਾ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹ ਹੋਰਾਂ ਦੇ ਬਹਿਕਾਵੇ ਵਿਚ ਆ ਕੇ ਆਪਣਾ ਧਰਮ ਤਿਆਗ ਰਹੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਨੇ ਹੀ ਗਰੀਬ, ਬੇਸਹਾਰਾ, ਧਾਰਮਿਕ ਅਤੇ ਰਾਜਸੀ ਜ਼ੁਲਮ ਦੇ ਸ਼ਿਕਾਰ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਮੁਹਿੰਮ ਸ਼ੁਰੂ ਕੀਤੀ ਸੀ। ਸਿੱਖੀ ਵਿਚ ਭਾਰੂ ਹੋ ਰਹੇ ਵਿਖਾਵੇ ਦੀ ਥਾਂ ਲੋੜਵੰਦਾਂ ਦੀ ਬਾਂਹ ਫੜੀ ਜਾਵੇ, ਤਾਂ ਜੋ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਸ਼ ਜੀਵਨ ਜਾਚ ਨੂੰ ਵਿਸ਼ਵ ਵਿੱਚ ਪ੍ਰਚਾਰਿਆ ਜਾ ਸਕੇ। ਇਸ ਸਮੇਂ ਸੰਸਾਰ ਵਿਚ ਸ਼ਾਂਤੀ, ਬਰਾਬਰੀ ਅਤੇ ਇਨਸਾਫ਼ ਲਈ ਮੁਹਿੰਮ ਦੀ ਲੋੜ ਹੈ, ਜਿਸ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਹੀ ਕਰ ਸਕਦੇ ਹਨ
ਡਾਕਟਰ ਰਣਜੀਤ ਸਿੰਘ












Comments (0)