ਕੀ ਈਰਾਨ-ਇਜ਼ਰਾਈਲ ਦੁਬਾਰਾ ਛਿੜੇਗਾ ਯੁਧ?
*ਇਜ਼ਰਾਈਲ ਵਲੋਂ ਲੇਜ਼ਰ ਹਥਿਆਰਾਂ ਤੋਂ ਗੁਪਤ ਸ਼ਸਤਰਾਂ ਦੀ ਤਿਆਰੀ
*ਕੀ ਈਰਾਨ ਅਜੇ ਵੀ ਬਣਾ ਸਕਦਾ ਹੈ ਐਟਮ ਬੰਬ?
*ਜੰਗ ਦੀ ਤਬਾਹੀ ਕਾਰਣ ਇਜ਼ਰਾਈਲ 'ਤੇ ਈਰਾਨ ਉਪਰ ਕੀ ਪਿਆ ਆਰਥਿਕ ਬੋਝ?
ਅੰਤਰਰਾਸ਼ਟਰੀ ਦੀਆ ਰਿਪੋਟਾਂ ਅਨੁਸਾਰ ਇੱਕ ਵਾਰ ਫਿਰ ਈਰਾਨ ਅਤੇ ਇਜ਼ਰਾਈਲ ਦੀ ਤਣਾਅਪੂਰਨ ਸਥਿਤੀ ਗੂੰਜ ਰਹੀ ਹੈ। ਈਰਾਨ ਦੇ ਸੈਨਿਕ ਕਮਾਂਡਰ ਅਬਦੁਲ ਰਹੀਮ ਮੌਸਵੀ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਕਿਸੇ ਵੀ ਪਲ ਸੀਜ਼ਫਾਇਰ ਨੂੰ ਤੋੜ ਸਕਦਾ ਹੈ। ਸਾਡੀਆਂ ਫੌਜਾਂ ਤਿਆਰ ਹਨ, ਜੇ ਇਜ਼ਰਾਈਲ ਨੇ ਹਮਲਾ ਕੀਤਾ ਤਾਂ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ।
ਇਸ ਦੌਰਾਨ, ਈਰਾਨ ਦੇ ਪ੍ਰਮਾਣੂ ਠਿਕਾਣਿਆਂ 'ਤੇ ਮੁੜ ਸ਼ੁਰੂ ਹੋਏ ਕੰਮ ਨੇ ਅਮਰੀਕਾ ਅਤੇ ਇਜ਼ਰਾਈਲ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਸੈਟੇਲਾਈਟ ਤਸਵੀਰਾਂ ਵਿੱਚ ਫੋਰਡੋ ਅਤੇ ਇਸਫਹਾਨ 'ਤੇ ਬੁਲਡੋਜ਼ਰਾਂ ਦੀ ਹਰਕਤ ਅਤੇ ਨਵੀਆਂ ਸੁਰੰਗਾਂ ਦੀ ਉਸਾਰੀ ਦੀਆਂ ਖਬਰਾਂ ਨੇ ਸੰਕੇਤ ਦਿੱਤਾ ਹੈ ਕਿ ਈਰਾਨ ਆਪਣੀ ਪ੍ਰਮਾਣੂ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਤਿਆਰੀ ਵਿੱਚ ਹੈ। ਨਿਊਯਾਰਕ ਟਾਈਮਜ਼ ਅਤੇ ਰੌਇਟਰਜ਼ ਦੀਆਂ ਰਿਪੋਰਟਾਂ ਮੁਤਾਬਕ, ਈਰਾਨ ਦੀਆਂ ਇਹ ਗਤੀਵਿਧੀਆਂ ਸਿਰਫ਼ ਮਲਬੇ ਨੂੰ ਹਟਾਉਣ ਤੱਕ ਸੀਮਤ ਨਹੀਂ, ਸਗੋਂ ਨਵੀਆਂ ਕਿਲ੍ਹੇਬੰਦੀਆਂ ਅਤੇ ਗੁਪਤ ਸੁਰੰਗਾਂ ਦੀ ਸੰਭਾਵਨਾ ਵੀ ਦਿਖਾਈ ਦਿੰਦੀਆਂ ਹਨ।ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਪ੍ਰਮਾਣੂ ਠਿਕਾਣਿਆਂ 'ਤੇ ਹਵਾਈ ਹਮਲੇ ਕਰਕੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਸੀ। ਪਰ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੀ ਨੇ ਕਤਰ ਵਿੱਚ ਅਮਰੀਕੀ ਫੌਜੀ ਅੱਡੇ 'ਤੇ ਹਮਲੇ ਕਰਕੇ ਸਖਤ ਚਿਤਾਵਨੀ ਦਿੱਤੀ ਸੀ।ਪਰ ਇਸ ਤੋਂ ਬਾਅਦ ਟਰੰਪ ਨੇ ਯੁਧ ਰਕਵਾ ਦਿਤਾ ਸੀ।
ਇਜ਼ਰਾਈਲ ਦੀ ਮੁੜ ਜੰਗੀ ਤਿਆਰੀਆਂ
ਇਜ਼ਰਾਈਲ, ਜਿਸ ਨੂੰ ਈਰਾਨ ਦੀਆਂ ਮਿਸਾਈਲਾਂ ਨੇ ਖੰਡਹਰਾਂ ਵਿੱਚ ਬਦਲ ਦਿੱਤਾ ਸੀ, ਹੁਣ ਆਪਣੇ ਸ਼ਸਤਰਾਗਾਰ ਨੂੰ ਮੁੜ ਭਰਨ ਵਿੱਚ ਜੁਟਿਆ ਹੋਇਆ ਹੈ। ਕੈਲਕੇਲਿਸਟੈਕ ਦੀ ਰਿਪੋਰਟ ਮੁਤਾਬਕ, ਇਜ਼ਰਾਈਲ ਨੇ ਈਰਾਨ ਨਾਲ 12 ਦਿਨਾਂ ਦੀ ਜੰਗ ਵਿੱਚ ਆਪਣੇ ਗੁਪਤ ਹਥਿਆਰਾਂ ਦੀ ਝਲਕ ਦੁਨੀਆ ਨੂੰ ਦਿਖਾਈ ਸੀ। ਇਨ੍ਹਾਂ ਵਿੱਚ ਆਇਰਨ ਬੀਮ ਲੇਜ਼ਰ ਹਥਿਆਰ, ਸਟੈਂਡ-ਆਫ ਵੈਪਨਜ਼ ਅਤੇ ਡਰੋਨ ਸ਼ਾਮਲ ਸਨ, ਜਿਨ੍ਹਾਂ ਨੇ ਈਰਾਨ ਵਿੱਚ ਕਾਫੀ ਤਬਾਹੀ ਮਚਾਈ ਸੀ। ਪੌਪੂਲਰ ਮਕੈਨਿਕਸ ਦੀ ਰਿਪੋਰਟ ਅਨੁਸਾਰ, ਆਇਰਨ ਬੀਮ ਇੱਕ 100 ਕਿਲੋਵਾਟ ਦਾ ਹਾਈ-ਐਨਰਜੀ ਲੇਜ਼ਰ ਸਿਸਟਮ ਹੈ, ਜੋ ਰਾਕੇਟਾਂ ਅਤੇ ਵਿਸਫੋਟਕ ਵਾਰਹੈੱਡਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਸਕਦਾ ਹੈ। ਇਹ ਸਿਸਟਮ ਆਇਰਨ ਡੋਮ ਨਾਲੋਂ ਵੀ ਜ਼ਿਆਦਾ ਕੁਸ਼ਲ ਅਤੇ ਖਰਚੇ ਵਿੱਚ ਕਿਫਾਇਤੀ ਹੈ।ਇਜ਼ਰਾਈਲ ਦੀਆਂ ਰੱਖਿਆ ਕੰਪਨੀਆਂ—ਆਈਏਆਈ, ਰਾਫੇਲ ਅਤੇ ਐਲਬਿਟ ਸਿਸਟਮ—ਹੁਣ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। 2025 ਦੀ ਪਹਿਲੀ ਤਿਮਾਹੀ ਵਿੱਚ ਇਨ੍ਹਾਂ ਕੰਪਨੀਆਂ ਨੇ 235 ਅਰਬ ਸ਼ੇਕਲ ਦੇ ਆਰਡਰ ਬੈਕਲਾਗ ਦੀ ਸੂਚਨਾ ਦਿੱਤੀ ਹੈ। ਪਰ ਇਸ ਜੰਗ ਨੇ ਇਜ਼ਰਾਈਲ ਦੇ ਹਥਿਆਰ ਭੰਡਾਰਾਂ ਨੂੰ ਕਾਫੀ ਖੋਰਾ ਲਾਇਆ ਹੈ। ਸੈਂਕੜੇ ਜਹਾਜ਼ਾਂ ਨੂੰ ਮੁਰੰਮਤ ਦੀ ਲੋੜ ਹੈ, ਅਤੇ ਨਵੇਂ ਹਥਿਆਰਾਂ ਦੀ ਖਰੀਦ ਵਿੱਚ ਦੇਰੀ ਕਾਰਨ ਰੱਖਿਆ ਮੰਤਰਾਲੇ 'ਤੇ ਦਬਾਅ ਵਧ ਰਿਹਾ ਹੈ। ਸੀਐਨਬੀਸੀ ਦੀ ਰਿਪੋਰਟ ਮੁਤਾਬਕ, ਇਜ਼ਰਾਈਲ ਅਰਬਾਂ ਡਾਲਰ ਖਰਚ ਕਰਕੇ ਆਪਣੇ ਸ਼ਸਤਰਾਗਾਰ ਨੂੰ ਮੁੜ ਤਿਆਰ ਕਰ ਰਿਹਾ ਹੈ, ਜਿਸ ਵਿੱਚ ਨਵੇਂ ਗੁਪਤ ਹਥਿਆਰ ਵੀ ਸ਼ਾਮਲ ਹਨ।
ਕੀ ਈਰਾਨ ਅਜੇ ਵੀ ਬਣਾ ਸਕਦਾ ਹੈ ਪ੍ਰਮਾਣੂ ਬੰਬ?
ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਨਤਾਨਜ਼, ਫੋਰਡੋ ਅਤੇ ਇਸਫਹਾਨ ਦੇ ਪ੍ਰਮਾਣੂ ਠਿਕਾਣਿਆਂ 'ਤੇ ਹੋਏ ਹਮਲਿਆਂ ਨੇ ਈਰਾਨ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ। ਪਰ ਮਿਡਲਬਰੀ ਇੰਸਟੀਟਿਊਟ ਦੇ ਹਥਿਆਰ ਨਿਯੰਤਰਣ ਮਾਹਿਰ ਜੈਫਰੀ ਲੁਈਸ ਨੇ ਐਨਬੀਸੀ ਨਿਊਜ਼ ਨੂੰ ਦੱਸਿਆ ਕਿ ਈਰਾਨ ਕੋਲ ਅਜੇ ਵੀ ਮਹੱਤਵਪੂਰਨ ਟੈਕਨਾਲੋਜੀ ਅਤੇ ਸਮਰੱਥ ਯੂਰੇਨੀਅਮ ਦਾ ਭੰਡਾਰ ਹੋ ਸਕਦਾ ਹੈ। ਅਮਰੀਕਾ ਨੇ ਵੀ ਮੰਨਿਆ ਹੈ ਕਿ ਫੋਰਡੋ ਪਲਾਂਟ ਤੋਂ 400 ਕਿਲੋ ਯੂਰੇਨੀਅਮ ਦੀ ਚੋਰੀ ਹੋਈ ਹੈ।ਪਰ ਸਵਾਲ ਇਹ ਹੈ ਕਿ ਕੀ ਈਰਾਨ ਅਜੇ ਵੀ ਪ੍ਰਮਾਣੂ ਬੰਬ ਬਣਾ ਸਕਦਾ ਹੈ? ਇਸਫਹਾਨ ਦੀ ਇੱਕੋ-ਇੱਕ ਜਾਣੀ-ਪਛਾਣੀ ਫੈਕਟਰੀ, ਜੋ ਯੂਰੇਨੀਅਮ ਨੂੰ ਠੋਸ ਮੈਟਲ ਵਿੱਚ ਬਦਲ ਸਕਦੀ ਸੀ, ਇਜ਼ਰਾਈਲੀ ਹਮਲੇ ਵਿੱਚ ਤਬਾਹ ਹੋ ਚੁੱਕੀ ਹੈ। ਜੇਕਰ ਈਰਾਨ ਕੋਲ ਕੋਈ ਗੁਪਤ ਪਲਾਂਟ ਨਹੀਂ, ਤਾਂ ਐਟਮ ਬੰਬ ਬਣਾਉਣਾ ਉਸ ਲਈ ਔਖਾ ਹੋਵੇਗਾ। ਫਿਰ ਵੀ, ਸੈਟੇਲਾਈਟ ਤਸਵੀਰਾਂ ਵਿੱਚ ਫੋਰਡੋ ਅਤੇ ਇਸਫਹਾਨ 'ਤੇ ਮੁੜ ਸ਼ੁਰੂ ਹੋਏ ਨਿਰਮਾਣ ਕਾਰਜਾਂ ਨੇ ਅਮਰੀਕਾ ਅਤੇ ਇਜ਼ਰਾਈਲ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ, ਈਰਾਨ ਦੀ ਇਹ ਤਿਆਰੀ ਸਿਰਫ਼ ਰੱਖਿਆਤਮਕ ਨਹੀਂ, ਸਗੋਂ ਇੱਕ ਵੱਡੇ ਪ੍ਰਮਾਣੂ ਪ੍ਰੋਗਰਾਮ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ।
ਜੰਗ ਵਿਚ ਇਜਰਾਈਲ ਇਰਾਨ ਦੀ ਕਿੰਨੀ ਹੋਈ ਆਰਥਿਕ ਤਬਾਹੀ
ਈਰਾਨ ਅਤੇ ਇਜ਼ਰਾਈਲ ਵਿਚਕਾਰ 13 ਜੂਨ ਤੋਂ ਸ਼ੁਰੂ ਹੋਈ ਜੰਗ ਨੇ ਦੋਹਾਂ ਦੇਸ਼ਾਂ ਵਿੱਚ ਕਾਫੀ ਤਬਾਹੀ ਮਚਾਈ ਸੀ। ਇਜ਼ਰਾਈਲੀ ਮੀਡੀਆ ਅਨੁਸਾਰ, ਈਰਾਨ ਦੀਆਂ ਮਿਸਾਈਲਾਂ ਨੇ ਇਜ਼ਰਾਈਲ ਵਿੱਚ 30,000 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਸੀ। ਤੇਲ ਅਵੀਵ ਅਤੇ ਅਸ਼ਕਲੋਨ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ, ਜਿੱਥੇ 24,932 ਅਤੇ 10,793 ਮੁਆਵਜ਼ੇ ਦੇ ਦਾਅਵੇ ਦਰਜ ਕੀਤੇ ਗਏ ਹਨ। ਇਜ਼ਰਾਈਲੀ ਟੈਕਸ ਅਥਾਰਟੀ ਨੂੰ 38,700 ਦਾਅਵੇ ਮਿਲੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਕਾਨਾਂ, ਵਾਹਨਾਂ ਅਤੇ ਮਸ਼ੀਨਰੀ ਦੇ ਨੁਕਸਾਨ ਨਾਲ ਜੁੜੇ ਹਨ। ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਸ ਤਬਾਹੀ ਦਾ ਆਰਥਿਕ ਬੋਝ ਇਜ਼ਰਾਈਲ 'ਤੇ ਭਾਰੀ ਪੈਣ ਵਾਲਾ ਹੈ।
ਈਰਾਨ ਵੀ ਇਸ ਜੰਗ ਦੀ ਮਾਰ ਤੋਂ ਬਚਿਆ ਨਹੀਂ। ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਨੇ ਈਰਾਨ ਦੇ ਪ੍ਰਮਾਣੂ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਉਸ ਦੀ ਪ੍ਰਮਾਣੂ ਸਮਰੱਥਾ ਨੂੰ ਵੱਡਾ ਝਟਕਾ ਲੱਗਾ। ਪਰ ਈਰਾਨ ਦੀ ਸਰਕਾਰ ਨੇ ਇਸ ਨੁਕਸਾਨ ਦੀ ਸਹੀ ਜਾਣਕਾਰੀ ਜਨਤਕ ਨਹੀਂ ਕੀਤੀ। ਬਿਜ਼ਨਸ ਇਨਸਾਈਡਰ ਦੀ ਰਿਪੋਰਟ ਮੁਤਾਬਕ, ਈਰਾਨ ਦੀਆਂ ਆਰਥਿਕ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਪ੍ਰਮਾਣੂ ਠਿਕਾਣਿਆਂ ਦੀ ਮੁਰੰਮਤ ਅਤੇ ਮੁੜ ਨਿਰਮਾਣ 'ਤੇ ਅਰਬਾਂ ਡਾਲਰ ਦਾ ਖਰਚ ਆਵੇਗਾ। ਇਸ ਦੌਰਾਨ, ਈਰਾਨ ਦੇ ਸ਼ੀਆ ਮੁਸਲਮਾਨਾਂ ਦੇ ਪ੍ਰਮੁੱਖ ਧਰਮਗੁਰੂ ਮੁਫਤੀ ਆਇਤੁੱਲਾ ਮਕਾਰਮ ਸ਼ੀਰਾਜ਼ੀ ਨੇ ਟਰੰਪ ਅਤੇ ਨੇਤਨਯਾਹੂ ਨੂੰ "ਦੁਸ਼ਮਣ" ਐਲਾਨਦੇ ਹੋਏ ਫਤਵਾ ਜਾਰੀ ਕੀਤਾ ਹੈ, ਜਿਸ ਵਿੱਚ ਮੁਸਲਮਾਨਾਂ ਨੂੰ ਇਨ੍ਹਾਂ ਨੇਤਾਵਾਂ ਦਾ ਸਮਰਥਨ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।
ਅਮਰੀਕੀ ਸੰਸਦ ਵਿੱਚ ਟਰੰਪ ਨੂੰ ਈਰਾਨ 'ਤੇ ਹਮਲੇ ਦੀ ਖੁੱਲ੍ਹ ਮਿਲੀ
ਅਮਰੀਕੀ ਸੰਸਦ ਵਿੱਚ ਟਰੰਪ ਨੂੰ ਈਰਾਨ 'ਤੇ ਹਮਲੇ ਦੀ ਖੁੱਲ੍ਹ ਮਿਲਣ ਦੀ ਖਬਰ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਕਰ ਦਿੱਤਾ। ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਟਿਮ ਕੇਨ ਦਾ ਪ੍ਰਸਤਾਵ, ਜਿਸ ਵਿੱਚ ਟਰੰਪ ਨੂੰ ਈਰਾਨ 'ਤੇ ਹਮਲੇ ਲਈ ਸੰਸਦ ਦੀ ਮੰਜ਼ੂਰੀ ਲੈਣ ਦੀ ਸ਼ਰਤ ਸੀ, ਸੈਨੇਟ ਵਿੱਚ ਖਾਰਜ ਹੋ ਗਿਆ। ਰਿਪਬਲੀਕਨ ਪਾਰਟੀ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ, ਜਿਨ੍ਹਾਂ ਦਾ ਮੰਨਣਾ ਹੈ ਕਿ ਈਰਾਨ ਇੱਕ "ਵੱਡਾ ਖਤਰਾ" ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਸ ਫੈਸਲੇ ਨੇ ਟਰੰਪ ਨੂੰ ਈਰਾਨ ਵਿਰੁੱਧ ਅਗਲੀ ਸੈਨਿਕ ਕਾਰਵਾਈ ਲਈ ਖੁੱਲ੍ਹੀ ਛੋਟ ਦੇ ਦਿੱਤੀ ਹੈ।ਪਰ ਈਰਾਨ ਨੇ ਅਮਰੀਕਾ ਨਾਲ ਪ੍ਰਮਾਣੂ ਮੁੱਦੇ 'ਤੇ ਗੱਲਬਾਤ ਦੀ ਸੰਭਾਵਨਾ ਨੂੰ ਸਿਰੇ ਤੋਂ ਨਕਾਰਿਆ ਨਹੀਂ। ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ ਸਰਕਾਰੀ ਟੀਵੀ 'ਤੇ ਕਿਹਾ, "ਅਸੀਂ ਗੱਲਬਾਤ ਲਈ ਖੁੱਲ੍ਹੇ ਹਾਂ, ਪਰ ਅਮਰੀਕਾ ਦੀਆਂ ਸ਼ਰਤਾਂ ਨਾਲ ਨਹੀਂ।" ਦੂਜੇ ਪਾਸੇ, ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਈਰਾਨ ਨਾਲ ਸਿੱਧੀ ਗੱਲਬਾਤ ਨਹੀਂ ਕਰੇਗਾ।



Comments (0)