ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਪ ਨੇ ਪੰਜ ਸਾਲ ਲਈ ਪਾਰਟੀ ਵਿਚੋਂ ਕਿਉਂ ਬਾਹਰ ਕੀਤਾ?
*ਬੇਅਦਬੀ ਮਾਮਲਿਆਂ ਅਤੇ ਸਿਆਸੀ ਗਤੀਵਿਧੀਆਂ ਕਾਰਣ ਆਪ ਉਪਰ ਉਠੇ ਸਵਾਲ
*ਬੇਅਦਬੀ ਮਾਮਲਿਆਂ ਵਿਰੁੱਧ ਕੁੰਵਰ ਦੀ ਸ਼ਮੂਲੀਅਤ ਕਾਰਣ ਆਪ ਦੀ ਪੰਜਾਬ ਵਿੱਚ ਵਾਪਸੀ ਦਾ ਰਾਹ ਪੱਧਰਾ ਹੋਇਆ ਸੀ
ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਅਤੇ ਸਾਬਕਾ ਆਈ.ਪੀ.ਐਸ. ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿੱਚੋਂ 5 ਸਾਲ ਲਈ ਮੁਅੱਤਲ ਕਰ ਦਿੱਤਾ ਸੀ। ਇਹ ਫੈਸਲਾ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਵੱਲੋਂ ਲਿਆ ਗਿਆ ਸੀ। ਕੁੰਵਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਦੀ ਕਾਰਵਾਈ 'ਤੇ ਸਵਾਲ ਉਠਾਉਣ ਦਾ ਦੋਸ਼ ਹੈ। 25 ਜੂਨ ਨੂੰ, ਕੁੰਵਰ ਨੇ ਕਿਹਾ ਸੀ ਕਿ 2022 ਵਿੱਚ ਜਦੋਂ ਜੇਲ੍ਹ ਵਿੱਚ ਸਨ, ਤਾਂ ਭਗਵੰਤ ਮਾਨ ਸਰਕਾਰ ਨੇ ਨਾ ਤਾਂ ਉਹਨਾਂ ਦੀ ਪੁੱਛਗਿੱਛ ਕੀਤੀ ਅਤੇ ਨਾ ਹੀ ਰਿਮਾਂਡ ਮੰਗਿਆ, ਜਿਸ ਕਾਰਨ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਵੇਰੇ-ਸਵੇਰੇ ਕਿਸੇ ਦੇ ਘਰ ਛਾਪੇ ਮਾਰਨਾ ਨੈਤਿਕ ਸਿਧਾਂਤਾਂ ਦੇ ਖਿਲਾਫ ਹੈ ।
ਆਪ ਪਾਰਟੀ ਦੇ ਇਸ ਫੈਸਲੇ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ 2015 ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਕੋਟਕਪੂਰਾ ਗੋਲ਼ੀਬਾਰੀ ਮਾਮਲਿਆਂ ਦੀ ਜਾਂਚ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਫਸਰ ਸਨ, ਜਿਨ੍ਹਾਂ ਨੇ ਆਪ ਦੀ 2022 ਦੀ ਸੱਤਾ ਵਿੱਚ ਵਾਪਸੀ ਦਾ ਰਾਹ ਪੱਧਰਾ ਕੀਤਾ ਸੀ।
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੁਅੱਤਲੀ ਦਾ ਕਾਰਨ
ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕੁੰਵਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਜਨਤਕ ਬਿਆਨਬਾਜ਼ੀ ਕਰਕੇ ਰਾਜਨੀਤਿਕ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕੀਤਾ ਗਿਆ ਸੀ। ਗਰਗ ਨੇ ਕਿਹਾ ਕਿ ਮਜੀਠੀਆ ਵਿਰੁੱਧ ਵਿਜੀਲੈਂਸ ਦੀ ਕਾਰਵਾਈ ਨੂੰ ਪੂਰਾ ਪੰਜਾਬ ਸਮਰਥਨ ਕਰਦਾ ਹੈ। ਉਹਨਾਂ ਨੇ ਸਵਾਲ ਉਠਾਇਆ ਕਿ ਜੇਕਰ ਕੁੰਵਰ ਨੂੰ ਇਸ ਬਾਰੇ ਕੋਈ ਇਤਰਾਜ਼ ਸੀ, ਤਾਂ ਉਹ ਪਾਰਟੀ ਦੇ ਅੰਦਰੂਨੀ ਪਲੇਟਫਾਰਮ 'ਤੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਸਨ।
ਕੁੰਵਰ ਦਾ ਪ੍ਰਤੀਕਰਮ: ਪਾਰਟੀ ਦੀ ਹੋਂਦ 'ਤੇ ਸਵਾਲ
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁਅੱਤਲੀ ਦੇ ਜਵਾਬ ਵਿੱਚ ਕਿਹਾ ਕਿ ਮੈਂ 5 ਸਾਲ ਬਾਅਦ ਜਵਾਬ ਦਿਆਂਗਾ। ਜੇਕਰ ਪਾਰਟੀ ਦੀ ਕੋਈ ਹੋਂਦ ਹੀ ਨਹੀਂ, ਤਾਂ ਮੈਨੂੰ ਕਿਸ ਨੇ ਕੱਢਿਆ? ਪਾਰਟੀ ਸੁਪਰੀਮੋ ਕੇਜਰੀਵਾਲ ਸਮੇਤ ਸਾਰੇ ਵੱਡੇ ਨੇਤਾ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ। ਪਾਰਟੀ ਤਾਂ ਰਹੀ ਹੀ ਨਹੀਂ।" ਉਹਨਾਂ ਨੇ ਦੋਸ਼ ਲਾਇਆ ਕਿ ਪਾਰਟੀ ਨੇ ਮੁਅੱਤਲੀ ਤੋਂ ਪਹਿਲਾਂ ਉਹਨਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਅਤੇ ਨਾ ਹੀ ਸਫਾਈ ਦਾ ਮੌਕਾ ਦਿੱਤਾ।
ਕੁੰਵਰ ਨੇ ਆਪਣੀ ਆਈ.ਪੀ.ਐਸ. ਨੌਕਰੀ ਛੱਡਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਹੱਕਾਂ ਅਤੇ ਸੱਚ ਲਈ 9 ਸਾਲ ਦੀ ਸੇਵਾ ਬਾਕੀ ਹੋਣ ਦੇ ਬਾਵਜੂਦ ਨੌਕਰੀ ਛੱਡੀ ਸੀ। ਉਹਨਾਂ ਨੇ ਕਿਹਾ ਕਿ ਮੇਰੀ ਲੜਾਈ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਜਾਰੀ ਰਹੇਗੀ। ਬਰਗਾੜੀ ਮਾਮਲੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ। ਮੁੱਖ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ, ਪਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਜ਼ਿਆਦਾ ਦੁੱਖ ਹੋਇਆ।" ਉਨ੍ਹਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਵਿੱਚ ਦੋਸ਼ ਲਾਇਆ ਕਿ ਕੇਜਰੀਵਾਲ ਅਤੇ ਮਾਨ ਨੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨਾਲ ਸਮਝੌਤਾ ਕਰ ਲਿਆ ਹੈ, ਜਿਸ ਦੀ ਜਾਣਕਾਰੀ ਪੂਰੇ ਪੰਜਾਬ ਨੂੰ ਹੈ।ਕੁੰਵਰ ਨੇ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਉਹਨਾਂ ਦੀ ਫੋਟੋ ਅਤੇ 25 ਸਾਲ ਦੀ ਇਮਾਨਦਾਰੀ ਦੀ ਸਾਖ ਨੂੰ ਪਾਰਟੀ ਨੇ ਵੋਟਾਂ ਮੰਗਣ ਲਈ ਵਰਤਿਆ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਉਹਨਾਂ ਨੇ ਪਾਰਟੀ ਵਿੱਚ ਗੈਂਗਸਟਰਾਂ ਅਤੇ ਮਾਫੀਆ ਦੀ ਐਂਟਰੀ 'ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਉਹ ਅਜਿਹੇ ਲੋਕਾਂ ਨਾਲ ਸਟੇਜ ਸਾਂਝਾ ਨਹੀਂ ਕਰ ਸਕਦੇ। ਨਾਲ ਹੀ, ਉਹਨਾਂ ਨੇ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਨੂੰ "ਡਰਾਮਾ" ਕਰਾਰ ਦਿੱਤਾ ਅਤੇ ਕਿਹਾ ਕਿ ਪਾਰਟੀ ਦੀ ਹੋਂਦ ਹੀ ਖਤਮ ਹੋ ਚੁੱਕੀ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿਆਸੀ ਅਤੇ ਪੇਸ਼ੇਵਰ ਯਾਤਰਾ
ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਪੰਜਾਬ ਕੇਡਰ ਦੇ ਸਾਬਕਾ ਆਈ.ਪੀ.ਐਸ. ਅਫਸਰ ਸਨ, ਨੇ ਆਪਣੀ ਸਿਆਸੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਕਈ ਮੀਲ ਪੱਥਰ ਸਥਾਪਤ ਕੀਤੇ ਸਨ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਵਸਨੀਕ, ਕੁੰਵਰ ਨੇ ਪਟਨਾ ਯੂਨੀਵਰਸਿਟੀ ਤੋਂ ਸੰਸਕ੍ਰਿਤ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਆਈ.ਜੀ.ਐਨ.ਓ.ਯੂ.) ਤੋਂ ਪੋਲੀਟੀਕਲ ਸਾਇੰਸ ਵਿੱਚ ਮਾਸਟਰਜ਼ ਕੀਤੀ ਸੀ। ਉਹਨਾਂ ਨੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਤੋਂ ਪੁਲਿਸ ਪ੍ਰਸ਼ਾਸਨ ਵਿੱਚ ਪੀ.ਐਚ.ਡੀ., ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ., ਅਤੇ ਆਈ.ਜੀ.ਐਨ.ਓ.ਯੂ. ਤੋਂ ਐਮ.ਬੀ.ਏ. ਦੀ ਡਿਗਰੀ ਹਾਸਲ ਕੀਤੀ ਸੀ। ਹਾਲ ਹੀ ਵਿੱਚ, ਉਹਨਾਂ ਨੇ ਜੀ.ਐਨ.ਡੀ.ਯੂ. ਤੋਂ ਫ੍ਰੈਂਚ ਭਾਸ਼ਾ ਵਿੱਚ ਡਿਪਲੋਮਾ ਵੀ ਪ੍ਰਾਪਤ ਕੀਤਾ ਸੀ।ਕੁੰਵਰ 2007 ਵਿੱਚ ਅੰਮ੍ਰਿਤਸਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਬਣੇ ਅਤੇ 2009 ਤੱਕ ਇਸ ਅਹੁਦੇ 'ਤੇ ਰਹੇ ਸਨ। 2015 ਵਿੱਚ ਉਹ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਅਤੇ 2019 ਵਿੱਚ ਇੰਸਪੈਕਟਰ ਜਨਰਲ (ਆਈ.ਜੀ.) ਦੇ ਅਹੁਦੇ 'ਤੇ ਪਹੁੰਚੇ ਸਨ। 2021 ਵਿੱਚ, ਉਹਨਾਂ ਨੇ ਆਈ.ਪੀ.ਐਸ. ਨੌਕਰੀ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਉਹ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਚੁਣੇ ਗਏ ਸਨ, ਜਿੱਥੇ ਉਹਨਾਂ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਨੀਲ ਦੱਤੀ ਨੂੰ ਹਰਾਇਆ ਸੀ।
ਆਪ ਦੀ ਪੰਜਾਬ ਵਿੱਚ ਸਿਆਸੀ ਵਾਪਸੀ ਵਿੱਚ ਕੁੰਵਰ ਦੀ ਭੂਮਿਕਾ
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 2015 ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਕੋਟਕਪੂਰਾ ਗੋਲ਼ੀਬਾਰੀ ਮਾਮਲਿਆਂ ਦੀ ਜਾਂਚ ਵਿੱਚ ਮੁੱਖ ਭੂਮਿਕਾ ਨਿਭਾਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਪ ਦੀ ਹਾਰ ਹੋਈ, ਜਦੋਂ ਪਾਰਟੀ ਦਾ ਵੋਟ ਸ਼ੇਅਰ ਸਿਰਫ਼ 7.38% ਰਹਿ ਗਿਆ ਸੀ ਅਤੇ ਸਿਰਫ਼ ਭਗਵੰਤ ਮਾਨ ਸੰਗਰੂਰ ਤੋਂ ਜਿੱਤੇ ਸਨ। ਜ਼ਿਆਦਾਤਰ ਸੀਟਾਂ 'ਤੇ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ ਸੀ। 2017 ਵਿੱਚ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣੀ ਆਪ 2018 ਤੱਕ ਆਪਣੇ ਜ਼ਿਆਦਾਤਰ ਵੱਡੇ ਚਿਹਰਿਆਂ ਨੂੰ ਗੁਆ ਚੁੱਕੀ ਸੀ। ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਵਿੱਚ ਵੰਡ ਹੋ ਗਈ ਸੀ। 2019 ਦੀਆਂ ਜ਼ਿਮਨੀ ਚੋਣਾਂ ਵਿੱਚ ਆਪ ਦਾ ਵੋਟ ਸ਼ੇਅਰ 5% ਤੱਕ ਸਿਮਟ ਗਿਆ ਸੀ, ਜਦਕਿ ਖਹਿਰਾ ਦੀ ਅਗਵਾਈ ਵਾਲੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਅਤੇ ਬੀ.ਐਸ.ਪੀ. ਨੇ 10.77% ਵੋਟ ਹਾਸਲ ਕੀਤੇ ਸਨ।ਆਪ ਦੀ ਵਾਪਸੀ ਦਾ ਮੋੜ 2021 ਵਿੱਚ ਆਇਆ, ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੁੰਵਰ ਦੀ ਸਿਟ ਵੱਲੋਂ ਕੋਟਕਪੂਰਾ ਗੋਲ਼ੀਬਾਰੀ ਮਾਮਲੇ ਦੀ ਜਾਂਚ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਉਸ ਨੂੰ ਸਿਰਫ਼ ਕੋਟਕਪੂਰਾ ਮਾਮਲੇ ਦੀ ਜਾਂਚ ਦਾ ਹੁਕਮ ਸੀ, ਪਰ ਉਸ ਨੇ ਬੇਅਦਬੀ ਮਾਮਲਿਆਂ 'ਤੇ ਵੀ ਟਿੱਪਣੀਆਂ ਕੀਤੀਆਂ ਅਤੇ ਮੀਡੀਆ ਨਾਲ ਗੱਲਬਾਤ ਵਿੱਚ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਸੀ। ਜਾਂਚ ਰੱਦ ਹੋਣ ਤੋਂ ਬਾਅਦ, ਉਸ ਨੇ ਅਸਤੀਫ਼ਾ ਦੇ ਕੇ ਕੈਪਟਨ ਸਰਕਾਰ 'ਤੇ ਸਵਾਲ ਚੁੱਕੇ ਸਨ, ਖਾਸ ਕਰਕੇ ਐਡਵੋਕੇਟ ਜਨਰਲ ਦੇ ਦਫ਼ਤਰ ਦੀ ਭੂਮਿਕਾ ਨੂੰ ਲੈ ਕੇ।ਇਸ ਸਿਆਸੀ ਉਥਲ-ਪੁਥਲ ਵਿੱਚ ਆਪ ਨੇ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਕੁੰਵਰ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਵੱਡਾ ਦਾਅ ਖੇਡਿਆ ਸੀ। ਉਸ ਦੀ ਸ਼ਮੂਲੀਅਤ ਦੀਆਂ ਹੋਰਡਿੰਗਜ਼ ਸ਼ਹਿਰ ਭਰ ਵਿੱਚ ਲੱਗੀਆਂ ਸਨ। ਆਪ ਸੁਪਰੀਮੋ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ 'ਤੇ ਬੇਅਦਬੀ ਮਾਮਲਿਆਂ ਵਿੱਚ ਤੁਰੰਤ ਨਿਆਂ ਦਿੱਤਾ ਜਾਵੇਗਾ। 2014 ਵਿੱਚ ਆਪ ਨੇ 1984 ਦੀਆਂ ਸਿੱਖ ਵਿਰੋਧੀ ਘਟਨਾਵਾਂ ਨਾਲ ਜੁੜੇ ਚਿਹਰਿਆਂ ਨੂੰ ਪਾਰਟੀ ਵਿੱਚ ਲਿਆਂਦਾ ਸੀ, ਅਤੇ 2021 ਵਿੱਚ ਬੇਅਦਬੀ ਅਤੇ ਗੋਲ਼ੀਬਾਰੀ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਸੀ। ਕਿਸਾਨ ਅੰਦੋਲਨ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾਇਆ, ਅਤੇ ਆਪ ਨੇ 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ 1,000 ਰੁਪਏ ਮਹੀਨਾ ਅਤੇ ਸਿਆਸਤ ਵਿੱਚ ਬਦਲਾਅ ਦੇ ਵਾਅਦਿਆਂ ਨਾਲ ਚੋਣ ਮੁਹਿੰਮ ਨੂੰ ਮਜ਼ਬੂਤ ਕੀਤਾ ਸੀ। ਦੂਜੇ ਪਾਸੇ, ਕਾਂਗਰਸ ਦੀ ਮੁਹਿੰਮ ਕਮਜ਼ੋਰ ਰਹੀ।
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੁਅੱਤਲੀ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਤਣਾਅ ਪੈਦਾ ਕੀਤਾ ਹੈ। ਉਨ੍ਹਾਂ ਦੀ ਬੇਅਦਬੀ ਮਾਮਲਿਆਂ ਵਿੱਚ ਭੂਮਿਕਾ ਅਤੇ ਸਰਕਾਰ ਵਿਰੁੱਧ ਸਖ਼ਤ ਸਟੈਂਡ ਨੇ ਆਪ ਨੂੰ 2022 ਦੀਆਂ ਚੋਣਾਂ ਵਿੱਚ ਜਿੱਤ ਦਿਵਾਈ ਸੀ, ਪਰ ਹੁਣ ਉਨ੍ਹਾਂ ਦੀ ਮੁਅੱਤਲੀ ਨੇ ਪਾਰਟੀ ਦੀ ਅੰਦਰੂਨੀ ਸਥਿਤੀ ਅਤੇ ਜਨਤਕ ਸਾਖ 'ਤੇ ਸਵਾਲ ਉਠਾਏ ਹਨ। ਬੇਅਦਬੀ ਮਾਮਲਿਆਂ ਦੀ ਹੌਲੀ ਜਾਂਚ ਅਤੇ ਕੁੰਵਰ ਦੇ ਦੋਸ਼ਾਂ ਨੇ ਸਿੱਖ ਪੰਥ ਵਿੱਚ ਨਾਰਾਜ਼ਗੀ ਨੂੰ ਹੋਰ ਵਧਾਇਆ ਹੈ। ਇਸ ਸਥਿਤੀ ਦਾ ਪੰਜਾਬ ਦੀ ਸਿਆਸਤ 'ਤੇ ਲੰਮੇ ਸਮੇਂ ਦਾ ਅਸਰ ਕੀ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।












Comments (0)