ਕੌਣ ਬਣੇਗਾ ਅਗਲਾ ਪੋਪ..?

ਕੌਣ ਬਣੇਗਾ ਅਗਲਾ ਪੋਪ..?

5 ਸਖਸ਼ੀਅਤਾਂ ਵਿਚੋਂ ਇਕ ਬਣ ਸਕਦਾ ਹੈ ਕੈਥੋਲਿਕ ਚਰਚ ਦਾ ਸਰਵਉੱਚ ਧਾਰਮਿਕ ਆਗੂ

ਬੀਤੇ ਦਿਨੀਂ ਕੈਥੋਲਿਕ ਚਰਚ ਦੇ ਸਰਵਉੱਚ ਧਾਰਮਿਕ ਆਗੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਦੋਹਰੇ ਨਿਮੋਨੀਆ ਕਾਰਨ ਰੋਮ ਦੇ ਜੇਮੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵੈਟੀਕਨ ਦੇ ਕੈਮਰਲੇਂਗੋ ਕਾਰਡੀਨਲ ਕੇਵਿਨ ਫੈਰੇਲ ਨੇ ਬੀਤੇ ਸੋਮਵਾਰ ਅਧਿਕਾਰਤ ਤੌਰ 'ਤੇ ਉਨ੍ਹਾਂ ਦੇ ਦਿਹਾਂਤ ਦਾ ਐਲਾਨ ਕੀਤਾ ਸੀ। ਪੋਪ ਫਰਾਂਸਿਸ, ਨਾ ਸਿਰਫ਼ ਪਹਿਲੇ ਲਾਤੀਨੀ ਅਮਰੀਕੀ ਬਿਸ਼ਪ ਸਨ, ਬਲਕਿ ਕਈ ਹੋਰ ਮਾਇਨਿਆਂ ’ਚ ਵੀ ਉਹ ਆਧੁਨਿਕ ਦੌਰ ਦੇ ਸਭ ਤੋਂ ਨਿਰਾਲੇ ਪੋਪ ਸਨ। ਸੰਨ 2013 ਵਿੱਚ ਜਿਸ ਪਲ ਉਨ੍ਹਾਂ ਸੇਂਟ ਪੀਟਰਜ਼ ਗਿਰਜਾਘਰ ਦੀ ਬਾਲਕਨੀ ’ਚ ਪੈਰ ਧਰਿਆ, ਪੋਪ ਨਾਲ ਜੁੜੀ ਠਾਠ-ਬਾਠ ਨੂੰ ਨਕਾਰਿਆ ਅਤੇ ਗ਼ਰੀਬਾਂ ਦੇ ਸੰਤ ‘ਫਰਾਂਸਿਸ’ ਦਾ ਨਾਂ ਚੁਣਿਆ, ਉਨ੍ਹਾਂ ਦੇ ਸੁਨੇਹੇ ’ਚ ਕੋਈ ਸ਼ੰਕਾ ਨਹੀਂ ਸੀ ਕਿ ਪੋਪ ਦਾ ਇਹ ਕਾਰਜਕਾਲ ਫ਼ੈਸਲੇ ਸੁਣਾਉਣ ਨਾਲੋਂ ਰਹਿਮ, ਬੇਦਖ਼ਲੀ ਨਾਲੋਂ ਸ਼ਮੂਲੀਅਤ ਅਤੇ ਤਾਕਤਵਰਾਂ ਨਾਲੋਂ ਦਬੇ-ਕੁਚਲਿਆਂ ਨੂੰ ਵੱਧ ਤਰਜੀਹ ਦੇਵੇਗਾ।

ਉਨ੍ਹਾਂ ਨੂੰ ਅਜਿਹੇ ਪੋਪ ਵਜੋਂ ਯਾਦ ਰੱਖਿਆ ਜਾਵੇਗਾ ਜਿਸ ਨੇ ਕੈਦੀਆਂ ਦੇ ਪੈਰ ਧੋਤੇ, ਅਪੋਸਟੋਲਿਕ ਮਹਿਲ ਦੀ ਬਜਾਏ ਗੈਸਟ ਹਾਊਸ ’ਚ ਰਹੇ ਅਤੇ ਸਮਲਿੰਗੀਆਂ, ਕੈਥੋਲਿਕਾਂ, ਪਰਵਾਸੀਆਂ ਤੇ ਜਲਵਾਯੂ ਸੁਧਾਰਾਂ ਨੂੰ ਇਖ਼ਲਾਕੀ ਸਪੱਸ਼ਟਤਾ ਨਾਲ ਗਲ ਲਾਇਆ। ਵਾਤਾਵਰਨ ਸਬੰਧੀ ਅਗਵਾਈ ਤੇ ਆਰਥਿਕ ਨਾ-ਬਰਾਬਰੀ ਬਾਰੇ ਉਨ੍ਹਾਂ ਦੇ ਸੁਨੇਹਿਆਂ ਨੇ ਇੱਕੀਵੀਂ ਸਦੀ ’ਚ ਕੈਥੋਲਿਕ ਸਿਧਾਂਤ ਨੂੰ ਨਵੇਂ ਸਿਰਿਓਂ ਪ੍ਰਗਟ ਕੀਤਾ। ਬਹੁਤਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਚਰਚ ਨੂੰ ਤਾਕਤਵਰ ਸੰਸਥਾ ਵਜੋਂ ਨਹੀਂ ਲਿਆ, ਬਲਕਿ ਫੀਲਡ ਹਸਪਤਾਲ ਵਜੋਂ ਦੇਖਿਆ। ਲੋਕਾਂ ਨੂੰ ਉਹ ਉੱਥੇ ਮਿਲੇ, ਜਿੱਥੇ ਉਹ ਦੁਖੀ ਸਨ। ਪੋਪ ਫਰਾਂਸਿਸ ਨੇ ਜ਼ਿਕਰਯੋਗ ਢੰਗ ਨਾਲ ਭਾਰਤ ਦੇ ਸਾਇਰੋ-ਮਾਲਾਬਾਰ ਚਰਚ ਵਿੱਚ ਉੱਠੇ ਵਿਵਾਦ ਨੂੰ ਹੱਲ ਕੀਤਾ, ਆਰਚਬਿਸ਼ਪ ਸਾਇਰਿਲ ਵਾਸਿਲ ਨੂੰ ਮਸਲਾ ਸੁਲਝਾਉਣ ਲਈ ਆਪਣਾ ਡੈਲੀਗੇਟ ਨਿਯੁਕਤ ਕੀਤਾ।

ਆਲੋਚਕਾਂ ਨੇ ਉਨ੍ਹਾਂ ਨੂੰ ਬਹੁਤ ਅਗਾਂਹਵਧੂ ਸਮਝਿਆ ਤੇ ਪਾਦਰੀਆਂ ਦੀਆਂ ਬਦਸਲੂਕੀਆਂ ’ਤੇ ਉਨ੍ਹਾਂ ਦਾ ਪਹਿਲਾ ਹੁੰਗਾਰਾ ਜਾਂਚ-ਪੜਤਾਲ ਦੇ ਘੇਰੇ ਵਿੱਚ ਆ ਗਿਆ। ਫਿਰ ਵੀ ਫਰਾਂਸਿਸ ਅਧੀਨ ਹੋਏ ਸੁਧਾਰ ਭਾਵੇਂ ਅਧੂਰੇ, ਪਰ ਅਸਲ ਸਨ। ਮਗਰੋਂ ਵੀ ਉਨ੍ਹਾਂ ਚਰਚ ਦੀ ਨੈਤਿਕ ਸੂਈ ਨੂੰ ਹਮਦਰਦੀ ਵੱਲ ਮੋੜਿਆ। ਟਕਰਾਅ ਦੇ ਖੇਤਰਾਂ ਦੇ ਉਨ੍ਹਾਂ ਦੇ ਦੌਰੇ ਅਤੇ ਅਸਹਿਜ ਸੱਚ ਬਿਆਨਣ ਦੀ ਉਨ੍ਹਾਂ ਦੀ ਇੱਛਾ ਨੇ ਉਨ੍ਹਾਂ ਨੂੰ ਕੈਥੋਲਿਕ ਦਾਇਰੇ ਤੋਂ ਵੀ ਬਾਹਰ ਦੀ ਇਖ਼ਲਾਕੀ ਤਾਕਤ ਬਖ਼ਸ਼ੀ। ਵੰਡੇ ਹੋਏ ਸੰਸਾਰ ਵਿੱਚ ਤੇ ਅਕਸਰ ਵੰਡੇ ਹੋਏ ਚਰਚ ਵਿੱਚ ਵੀ ਉਹ ਏਕੇ ਤੇ ਉਮੀਦ ਦੀ ਮੂਰਤ ਬਣੇ ਨਜ਼ਰ ਆਏ। ਪੋਪ ਫਰਾਂਸਿਸ ਨੇ ਸਾਨੂੰ ਚੇਤੇ ਕਰਾਇਆ ਕਿ ਅਸਲੀ ਤਾਕਤ ਮਨੁੱਖਤਾ ਵਿੱਚ ਹੈ। ਉਨ੍ਹਾਂ ਦਾ ਸੱਦਾ ‘ਗ਼ਰੀਬਾਂ ਦਾ ਚਰਚ, ਗ਼ਰੀਬਾਂ ਲਈ’, ਪੀੜ੍ਹੀਆਂ ਤੱਕ ਗੂੰਜਦਾ ਰਹੇਗਾ।

ਕੋਣ ਹੋਵੇਗਾ ਅਗਲਾ ਪੋਪ

ਪੋਪ ਫਰਾਂਸਿਸ ਦੇ ਦਿਹਾਂਤ ਤੋਂ ਬਾਅਦ ਹੁਣ ਸਵਾਲ ਇਹ ਉੱਠਦਾ ਹੈ ਕਿ ਅਗਲਾ ਪੋਪ ਕੌਣ ਹੋਵੇਗਾ? ਨਵੇਂ ਪੋਪ ਦੀ ਚੋਣ ਪੋਪ ਕਨਕਲੇਵ ਨਾਂ ਦੀ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ, ਜਿਸ ਵਿੱਚ 80 ਸਾਲ ਤੋਂ ਘੱਟ ਉਮਰ ਦੇ ਕਾਰਡੀਨਲ ਵੋਟ ਪਾਉਂਦੇ ਹਨ। ਇਸ ਵਾਰ 138 ਕਾਰਡੀਨਲਾਂ ਕੋਲ ਵੋਟ ਪਾਉਣ ਦਾ ਅਧਿਕਾਰ ਹੈ।

ਇਨ੍ਹਾਂ 5 ਨਾਵਾਂ ਦੀ ਹੈ ਸਭ ਤੋਂ ਵੱਧ ਚਰਚਾ

ਕਾਰਡੀਨਲ ਪੀਟਰੋ ਪੈਰੋਲਿਨ (ਇਟਲੀ, ਉਮਰ 70)

ਉਹ ਵੈਟੀਕਨ ਦੇ ਵਿਦੇਸ਼ ਮੰਤਰੀ ਦੇ ਸਮਾਨ ਅਹੁਦਾ ਰੱਖਦਾ ਹੈ। ਪੋਪ ਫਰਾਂਸਿਸ ਦਾ ਸਭ ਤੋਂ ਭਰੋਸੇਮੰਦ ਸਾਥੀ। ਪ੍ਰਸ਼ਾਸਨ ਅਤੇ ਕੂਟਨੀਤੀ 'ਤੇ ਮਜ਼ਬੂਤ ਪਕੜ ਹੈ।

ਕਾਰਡੀਨਲ ਪੀਟਰ ਏਰਡੋ (ਹੰਗਰੀ, ਉਮਰ 72)

ਰੂੜ੍ਹੀਵਾਦੀ ਚਿੰਤਕ। ਰਵਾਇਤੀ ਕੈਥੋਲਿਕ ਨਿਯਮਾਂ ਦਾ ਸਖ਼ਤ ਪਾਲਣ ਕਰਨ ਵਾਲਾ। ਯੂਰਪੀਅਨਾਂ ਦੇ ਗਿਰਜਾਘਰਾਂ ਵਿੱਚ ਮਜ਼ਬੂਤ ਪਕੜ ਹੈ।

ਕਾਰਡੀਨਲ ਮੈਟੀਓ ਜ਼ੁਪੀ (ਇਟਲੀ, ਉਮਰ 69)

ਪ੍ਰਗਤੀਸ਼ੀਲ ਚਿਹਰਾ। ਨੌਜਵਾਨਾਂ ਅਤੇ ਸੰਵਾਦ ਬਾਰੇ ਗੱਲ ਕਰਦਾ ਹੈ। ਉਸ ਨੂੰ ਪੋਪ ਫਰਾਂਸਿਸ ਦੀ ਸੋਚ ਦੇ ਬਹੁਤ ਨੇੜੇ ਮੰਨਿਆ ਜਾਂਦਾ ਹੈ।

ਕਾਰਡੀਨਲ ਰੇਮੰਡ ਬਰਕ (ਅਮਰੀਕਾ, ਉਮਰ 70)

ਚਰਚ ਦੀ ਰੈਡੀਕਲ ਆਰਥੋਡਾਕਸ। ਉਸਨੇ ਪੋਪ ਫਰਾਂਸਿਸ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੈ। ਪਰੰਪਰਾਵਾਂ ਦੇ ਹੱਕ ਵਿੱਚ।

ਕਾਰਡੀਨਲ ਲੁਈਸ ਐਂਟੋਨੀਓ ਟੈਗਲੇ (ਫਿਲੀਪੀਨਜ਼, ਉਮਰ 67)

ਜੇਕਰ ਚੁਣੇ ਜਾਂਦੇ ਹਨ ਤਾਂ ਕਾਰਡੀਨਲ ਲੁਈਸ ਪਹਿਲੇ ਏਸ਼ੀਆਈ ਪੋਪ ਬਣ ਸਕਦੇ ਹਨ। ਨੌਜਵਾਨ, ਕ੍ਰਿਸ਼ਮਈ, ਅਤੇ ਚਰਚ ਦੇ ਉਦਾਰਵਾਦੀ ਚਿਹਰੇ ਵਜੋਂ ਦੇਖਿਆ ਜਾਂਦਾ ਹੈ।

ਕਾਰਡੀਨਲ ਲੁਈਸ ਐਂਟੋਨੀਓ ਟੈਗਲੇ (ਫਿਲੀਪੀਨਜ਼): ਜੇਕਰ ਚੁਣੇ ਜਾਂਦੇ ਹਨ ਤਾਂ ਉਹ ਪਹਿਲੇ ਏਸ਼ੀਆਈ ਪੋਪ ਬਣ ਜਾਣਗੇ

ਕਿਵੇਂ ਹੁੰਦੀ ਹੈ ਨਵੇਂ ਪੋਪ ਦੀ ਚੋਣ?

ਪੋਪ ਦੇ ਦਿਹਾਂਤ ਤੋਂ ਬਾਅਦ ਸ਼ੁਰੂ ਹੁੰਦੀ ਹੈ 'ਪੈਪਲ ਕਾਨਕਲੇਵ' ਦੀ ਪ੍ਰਕਿਰਿਆ। ਇਸ ਵਿੱਚ 80 ਸਾਲ ਤੋਂ ਘੱਟ ਉਮਰ ਦੇ 138 ਕਾਰਡੀਨਲ ਇੱਕ ਗੁਪਤ ਵੋਟਿੰਗ ਰਾਹੀਂ ਨਵੇਂ ਪੋਪ ਦੀ ਚੋਣ ਕਰਦੇ ਹਨ। ਇਹ ਚੋਣ ਵੈਟੀਕਨ ਸਿਟੀ ਦੇ ਸਿਸਟੀਨ ਚੈਪਲ ਵਿੱਚ ਹੁੰਦੀ ਹੈ। ਜਦੋਂ ਇੱਕ ਵਿਅਕਤੀ ਨੂੰ ਦੋ-ਤਿਹਾਈ ਬਹੁਮਤ ਮਿਲਦਾ ਹੈ ਤਾਂ ਉਸਦਾ ਨਾਮ ਦੁਨੀਆ ਦੇ ਸਾਹਮਣੇ ਲਿਆਂਦਾ ਜਾਂਦਾ ਹੈ।

ਕੀ ਅਫਰੀਕਾ ਦੇਵੇਗਾ ਨਵਾਂ ਪੋਪ?

ਇਸ ਵਾਰ ਸੰਭਾਵਨਾ ਹੈ ਕਿ ਅਗਲਾ ਪੋਪ ਵੀ ਅਫਰੀਕਾ ਤੋਂ ਆ ਸਕਦਾ ਹੈ। ਦੋ ਨਾਮ ਸਾਹਮਣੇ ਆਏ ਹਨ। ਕਾਰਡੀਨਲ ਪੀਟਰ ਤੁਰਕਸਨ (ਘਾਨਾ) ਜੋ ਨਿਆਂ ਅਤੇ ਸ਼ਾਂਤੀ ਦੀ ਪੈਰਵੀ ਕਰਨ ਵਾਲੇ ਨੇਤਾ ਹਨ ਅਤੇ ਕਾਰਡੀਨਲ ਫ੍ਰੀਡੋਲਿਨ ਅੰਬੋਂਗੋ (ਕਾਂਗੋ), ਇੱਕ ਕੱਟੜ ਰੂੜ੍ਹੀਵਾਦੀ ਪਰ ਸ਼ਾਂਤੀ ਦੇ ਸਮਰਥਕ ਹਨ

ਪੋਪ ਫਰਾਂਸਿਸ ਦੀ ਆਖਰੀ ਅਪੀਲ

ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਈਸਟਰ ਐਤਵਾਰ ਨੂੰ ਪੋਪ ਫਰਾਂਸਿਸ ਨੇ ਦੁਨੀਆ ਨੂੰ ਧਾਰਮਿਕ ਆਜ਼ਾਦੀ ਅਤੇ ਵਿਚਾਰਾਂ ਦੀ ਆਜ਼ਾਦੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਆਪਣੇ ਸਹਾਇਕ ਨੂੰ "ਉਰਬੀ ਏਟ ਓਰਬੀ" ਅਸ਼ੀਰਵਾਦ ਸੁਣਾਇਆ ਅਤੇ ਗਾਜ਼ਾ ਦੀ ਸਥਿਤੀ ਨੂੰ "ਦੁਖਦਾਈ ਅਤੇ ਨਾਟਕੀ" ਦੱਸਿਆ। ਉਨ੍ਹਾਂ ਯਹੂਦੀ-ਵਿਰੋਧ 'ਤੇ ਵੀ ਚਿੰਤਾ ਪ੍ਰਗਟ ਕੀਤੀ। ਪੋਪ ਫਰਾਂਸਿਸ ਨੇ 2013 ਵਿੱਚ ਪੋਪ ਬੇਨੇਡਿਕਟ XVI ਦੇ ਅਸਤੀਫ਼ੇ ਤੋਂ ਬਾਅਦ ਚਰਚ ਦੀ ਵਾਗਡੋਰ ਸੰਭਾਲੀ ਸੀ। ਉਹ ਇਤਿਹਾਸ ਦਾ ਪਹਿਲਾ ਜੇਸੁਇਟ ਪੋਪ, ਅਮਰੀਕਾ ਤੋਂ ਚੁਣਿਆ ਗਿਆ ਪਹਿਲਾ ਪੋਪ ਅਤੇ ਲਗਭਗ 1,000 ਸਾਲਾਂ ਵਿੱਚ ਪਹਿਲਾ ਗੈਰ-ਯੂਰਪੀਅਨ ਪੋਪ ਸੀ। ਉਸਨੇ ਚਰਚ ਨੂੰ ਵਧੇਰੇ ਸਮਾਵੇਸ਼ੀ, ਆਧੁਨਿਕ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ।

 ਪੋਪ ਫਰਾਂਸਿਸ ਦੇ ਦੇਹਾਂਤ 'ਤੇ ਭਾਰਤ ਵਲੋਂ ਰਾਸ਼ਟਰੀ ਸੋਗ ਦਾ ਐਲਾਨ

ਦੁਨੀਆ ਭਰ ਦੇ ਨੇਤਾਵਾਂ ਨੇ ਪੋਪ ਫਰਾਂਸਿਸ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਪੋਪ ਦਾ ਭਾਰਤੀਆਂ ਪ੍ਰਤੀ ਵਿਸ਼ੇਸ਼ ਪਿਆਰ ਸੀ। ਇਸ ਦੌਰਾਨ ਪੋਪ ਦੇ ਦੇਹਾਂਤ 'ਤੇ ਭਾਰਤ ਵਿੱਚ ਤਿੰਨ ਦਿਨਾਂ ਦਾ ਸਰਕਾਰੀ ਸੋਗ ਐਲਾਨਿਆ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਪਿਛਲੇ ਚਾਰ ਸਾਲਾਂ ਵਿੱਚ ਦੋ ਵਾਰ ਪੋਪ ਫਰਾਂਸਿਸ ਨਾਲ ਮੁਲਾਕਾਤ ਕਰ ਚੁੱਕੇ ਹਨ। ਮੋਦੀ ਨੇ ਕਿਹਾ ਕਿ ਈਸਾਈਆਂ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਦੀ ਮੌਤ ਇੱਕ ਡੂੰਘਾ ਸਦਮਾ ਹੈ। ਇਸ ਦੁੱਖ ਦੀ ਘੜੀ ਵਿੱਚ ਮੈਂ ਵਿਸ਼ਵ ਕੈਥੋਲਿਕ ਭਾਈਚਾਰੇ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।

 ਜਥੇਦਾਰ ਵਲੋਂ ਈਸਾਈ ਧਰਮਗੁਰੂ ਪੋਪ ਫਰਾਂਸਿਸ ਦੇ ਅਕਾਲ ਚਲਾਣੇ ’ਤੇ ਈਸਾਈ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ 

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੋਪ ਫਰਾਂਸਿਸ ਦੇ ਅਕਾਲ ਚਲਾਣੇ ’ਤੇ ਦੁੱਖ ਜ਼ਾਹਰ ਕਰਦਿਆ ਈਸਾਈ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੋਪ ਫਰਾਂਸਿਸ ਆਪਣੇ ਧਰਮ ਦੇ ਆਗੂ ਸਨ, ਜਿਨ੍ਹਾਂ ਨੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਇਹ ਕੋਸ਼ਿਸ਼ ਕੀਤੀ ਕਿ ਲੋਕ ਨੇਕੀ ਦੇ ਮਾਰਗ 'ਤੇ ਚੱਲਣ।