ਵਿਸ਼ਵ ਫੈਲੇ ਤਣਾਅ ਦੌਰਾਨ ਸੁਰੱਖਿਅਤ ਤੇ ਅਸੁਰੱਖਿਅਤ ਦੇਸ਼ ਕਿਹੜੇ ਹਨ?

ਵਿਸ਼ਵ ਫੈਲੇ ਤਣਾਅ ਦੌਰਾਨ ਸੁਰੱਖਿਅਤ ਤੇ ਅਸੁਰੱਖਿਅਤ ਦੇਸ਼ ਕਿਹੜੇ ਹਨ?

 *ਗਲੋਬਲ ਪੀਸ ਇੰਡੈਕਸ 2025 ਅਨੁਸਾਰ ਰਿਪੋਟ ਆਈ ਸਾਹਮਣੇ

*ਇਰਾਨ ਤੇ ਇਜਰਾਈਲ ਝੜਪਾਂ, ਭਾਰਤ ਤੇ ਪਾਕਿ  ਵਿਚ ਤਣਾਅ ਤੇ ਯੂਕਰੇਨ ਤੇ ਰੂਸ ਯੁਧ ਬਣ ਸਕਦਾ ਵਿਸ਼ਵ ਜੰਗ ਦਾ ਕਾਰਣ

ਦੁਨੀਆ ਵਿੱਚ ਵਿਸ਼ਵ ਯੁੱਧ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਮੱਧ ਪੂਰਬ ਵਿੱਚ ਦੋ ਸਾਲ ਪਹਿਲਾਂ ਗਾਜ਼ਾ ਵਿੱਚ ਸ਼ੁਰੂ ਹੋਈ ਜੰਗ ਹੁਣ ਈਰਾਨ ਤੱਕ ਪਹੁੰਚ ਗਈ ਹੈ। ਇਜ਼ਰਾਈਲ ਅਤੇ ਈਰਾਨ ਇੱਕ ਦੂਜੇ 'ਤੇ ਭਿਆਨਕ ਹਮਲੇ ਕਰ ਰਹੇ ਹਨ।ਇਸ ਜੰਗ ਵਿਚ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ। ਇਸ ਦੇ ਨਾਲ ਹੀ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਵੀ ਚੱਲ ਰਹੀ ਹੈ। ਗਲੋਬਲ ਪੀਸ ਇੰਡੈਕਸ 2025 ਦਰਸਾਉਂਦਾ ਹੈ ਕਿ ਦੁਨੀਆ ਵਿਚ ਪਹਿਲਾਂ ਨਾਲੋਂ ਘੱਟ ਸ਼ਾਂਤੀ  ਹੈ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ਾਂਤੀ ਵਿੱਚ ਗਿਰਾਵਟ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਹੈ।

ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਹਰ ਸਾਲ ਗਲੋਬਲ ਪੀਸ ਇੰਡੈਕਸ ਜਾਰੀ ਕਰਦਾ ਹੈ, ਜੋ ਦੱਸਦਾ ਹੈ ਕਿ ਸਾਡੀ ਦੁਨੀਆ ਕਿੰਨੀ ਸੁਰੱਖਿਅਤ ਹੈ। 2025 ਦੇ ਅਧਿਐਨ ਦੇ ਨਤੀਜੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਅਸੁਰੱਖਿਅਤ ਦੇਸ਼ਾਂ ਬਾਰੇ ਦੱਸਦੇ ਹਨ। ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਸਿਖਰ 'ਤੇ ਰਹਿਣ ਵਾਲੇ ਦੇਸ਼ ਉਹ ਹਨ ਜਿਨ੍ਹਾਂ ਕੋਲ ਲਚਕਦਾਰ ਸੰਸਥਾਵਾਂ, ਘੱਟ ਭ੍ਰਿਸ਼ਟਾਚਾਰ ਅਤੇ ਚੰਗੀ ਤਰ੍ਹਾਂ ਕੰਮ ਕਰਨ ਵਾਲਾ ਬੁਨਿਆਦੀ ਢਾਂਚਾ ਹੈ, ਜੋ ਉਨ੍ਹਾਂ ਨੂੰ ਯਾਤਰਾ ਲਈ ਆਦਰਸ਼ ਸਥਾਨ ਬਣਾਉਂਦਾ ਹੈ।

10 ਸਭ ਤੋਂ ਸੁਰੱਖਿਅਤ ਦੇਸ਼

ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਆਈਸਲੈਂਡ ਨੇ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਖਾਸ ਗੱਲ ਇਹ ਹੈ ਕਿ ਇਸਨੇ 2008 ਤੋਂ ਆਪਣੀ ਸਥਿਤੀ ਬਣਾਈ ਰੱਖੀ ਹੈ। ਇਹ ਸੂਚੀ ਇਸ ਪ੍ਰਕਾਰ ਹੈ :ਆਈਸਲੈਂਡ, ਆਇਰਲੈਂਡ ,ਆਸਟਰੀਆ, ਨਿਊਜ਼ੀਲੈਂਡ  , ਸਵਿੱਟਜ਼ਰਲੈਂਡ, ਪੁਰਤਗਾਲ, ਡੈਨਮਾਰਕ , ਸਲੋਵੇਨੀਆ,ਮਲੇਸ਼ੀਆ,ਕੈਨੇਡਾ ।

 ਸਭ ਤੋਂ ਅਸੁਰੱਖਿਅਤ ਦੇਸ਼ 2025 ਅਨੁਸਾਰ  ਰੂਸ,ਯੂਕਰੇਨ ,ਸੁਡਾਨ , ਕਾਂਗੋ , ਯਮਨ ,ਸੀਰੀਆ, ਇਜ਼ਰਾਈਲ,

ਅਫਗਾਨਿਸਤਾਨ , ਮਾਲੀ ,ਦੱਖਣੀ ਸੁਡਾਨ  ਹਨ।

ਅੱਜ ਦੀ ਤੇਜ਼ੀ ਨਾਲ ਬਦਲਦੀ ਦੁਨੀਆਂ ਵਿੱਚ ਵਿਸ਼ਵ ਸ਼ਾਂਤੀ ਇੱਕ ਵੱਡੀ ਚੁਣੌਤੀ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਦੀ 2024 ਦੀ ਰਿਪੋਰਟ ਮੁਤਾਬਕ, ਦੁਨੀਆਂ ਵਿੱਚ 12,121 ਪਰਮਾਣੂ ਹਥਿਆਰ ਹਨ, ਜਿਨ੍ਹਾਂ ਵਿੱਚੋਂ 3,904 ਸਰਗਰਮ ਹਨ। ਅਮਰੀਕਾ ਅਤੇ ਰੂਸ ਕੋਲ 8,000 ਤੋਂ ਵੱਧ ਪਰਮਾਣੂ ਹਥਿਆਰ ਹਨ, ਜੋ ਵਿਸ਼ਵ ਯੁੱਧ ਦੇ ਖਤਰੇ ਨੂੰ ਵਧਾਉਂਦੇ ਹਨ। ਰੂਸ-ਯੂਕਰੇਨ ਜੰਗ, ਇਜ਼ਰਾਈਲ-ਹਮਾਸ ਸੰਘਰਸ਼, ਅਤੇ ਚੀਨ-ਤਾਈਵਾਨ ਤਣਾਅ ਨੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ। 2019 ਵਿੱਚ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਸੀ ਕਿ 2025 ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਅੱਤਵਾਦੀ ਹਮਲਾ ਪਰਮਾਣੂ ਯੁੱਧ ਦਾ ਕਾਰਨ ਬਣ ਸਕਦਾ ਹੈ, ਜੋ ਅਸਲੀਅਤ ਵੱਲ ਵਧ ਰਿਹਾ ਹੈ।ਬੀਤੇ ਸਮੇਂ ਦੌਰਾਨ 2025 ਵਿਚ ਪਹਿਲਗਾਮ ਅੱਤਵਾਦੀ ਹਮਲੇ ਵਿਚ 26 ਸੈਲਾਨੀ ਮਾਰੇ ਗਏ ਸਨ। ‘ਦ ਰਜ਼ਿਸਟੈਂਟ ਫਰੰਟ’, ਜੋ ਲਸ਼ਕਰ-ਏ-ਤਾਇਬਾ ਦੀ ਸ਼ਾਖਾ ਮੰਨਿਆ ਜਾਂਦਾ ਹੈ, ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। 

ਭਾਰਤ ਨੇ ਪਾਕਿਸਤਾਨ ’ਤੇ ਸਰਹੱਦ ਪਾਰ ਅੱਤਵਾਦ ਨੂੰ ਸਮਰਥਨ ਦੇਣ ਦਾ ਦੋਸ਼ ਲਾਇਆ, ਜਿਸ ਕਾਰਨ ਸਿੰਧੂ ਜਲ ਸੰਧੀ ਮੁਅੱਤਲ ਕਰ ਦਿੱਤੀ ਸੀ, ਸਰਹੱਦਾਂ ਬੰਦ ਕਰ ਦਿੱਤੀਆਂ ਸਨ, ਤੇ 7 ਮਈ 2025 ਨੂੰ ਪਾਕਿਸਤਾਨ ਵਿਚ 9 ਸਟੀਕ ਸਟ੍ਰਾਈਕ ਕੀਤੀਆਂ ਗਈਆਂ ਸਨ।ਭਾਰਤ ਪਾਕਿਸਤਾਨ ਦਰਮਿਆਨ ਝੜਪਾਂ ਵੀ ਹੋਈਆਂ ਸਨ।

ਗਲੋਬਲ ਪੀਸ ਇੰਡੈਕਸ 2025 ਵਿੱਚ ਭਾਰਤ 115ਵੇਂ ਸਥਾਨ 'ਤੇ ਹੈ। ਭਾਰਤ ਦਾ ਦਰਜਾ ਪਿਛਲੇ ਸਾਲ ਵੀ ਇਹੀ ਸੀ ਅਤੇ ਪਿਛਲੇ ਇੱਕ ਸਾਲ ਵਿੱਚ ਇਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਹਾਲਾਂਕਿ, ਇਸ ਸਮੇਂ ਦੌਰਾਨ, ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਮੰਨੇ ਜਾਣ ਵਾਲੇ ਪਾਕਿਸਤਾਨ ਦੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ। ਪਾਕਿਸਤਾਨ ਦੀ ਦਰਜਾਬੰਦੀ ਵਿੱਚ ਇੱਕ ਅੰਕ ਦਾ ਵਾਧਾ ਹੋਇਆ ਹੈ ਅਤੇ ਇਸ ਵਾਰ ਇਹ 144ਵੇਂ ਸਥਾਨ 'ਤੇ ਹੈ। ਪਾਕਿਸਤਾਨ ਦਾ ਦੋਸਤ ਤੁਰਕੀ 146ਵੇਂ ਸਥਾਨ 'ਤੇ ਇਸ ਤੋਂ ਦੋ ਅੰਕ ਹੇਠਾਂ ਹੈ।

ਵਿਸ਼ਵ ਪ੍ਰਮਾਣੂ ਯੁੱਧ  ਦਾ ਖਤਰਾ ਮੰਡਰਾਇਆ

ਸਿਪਰੀ ਮੁਤਾਬਕ, ਭਾਰਤ ਤੇ ਪਾਕਿਸਤਾਨ ਦੋਵਾਂ ਕੋਲ ਲਗਭਗ 170-170 ਪਰਮਾਣੂ ਹਥਿਆਰ ਹਨ ਜੋ ਖਤਰੇ ਨੂੰ ਹੋਰ ਗੰਭੀਰ ਕਰਦੇ ਹਨ। ਪਾਕਿਸਤਾਨ ਦੀ ਸਿਆਸੀ ਅਸਥਿਰਤਾ, ਅੱਤਵਾਦੀ ਸਮੂਹਾਂ ਦੀ ਮੌਜੂਦਗੀ, ਤੇ ਭਾਰਤ-ਵਿਰੋਧੀ ਨੀਤੀਆਂ ਨੇ ਭਾਰਤ ਲਈ ਖਤਰੇ ਦੀ ਸਥਿਤੀ ਪੈਦਾ ਕਰ ਦਿਤੀ ਹੈ।

ਚੀਨ ਪਾਕਿਸਤਾਨ ਦਾ ਸਭ ਤੋਂ ਵੱਡਾ ਸਾਥੀ ਹੈ।ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ  ਰਾਹੀਂ ਅਰਬਾਂ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਚੀਨ ਪਾਕਿਸਤਾਨ ਨੂੰ ਹਥਿਆਰ, ਜੰਗੀ ਜਹਾਜ਼, ਤੇ ਮਿਜ਼ਾਈਲ ਤਕਨੀਕ ਦੇ ਰਿਹਾ ਹੈ, ਜਿਸ ਦਾ ਮਕਸਦ ਭਾਰਤ ਨੂੰ ਘੇਰਨਾ ਤੇ ਹਿੰਦ ਮਹਾਸਾਗਰ ਵਿਚ ਆਪਣੀ ਧਾਕ ਜਮਾਉਣਾ ਹੈ।

ਅਮਰੀਕਾ ਦੀ ਸਹਾਇਤਾ ਸਥਿਤੀ ਅਨੁਸਾਰ ਹੁੰਦੀ ਹੈ। ਅਫਗਾਨਿਸਤਾਨ ਜੰਗ ਦੌਰਾਨ ਅਮਰੀਕਾ ਨੇ ਪਾਕਿਸਤਾਨ ਨੂੰ ਅਰਬਾਂ ਡਾਲਰ ਦਿੱਤੇ ਹਨ, ਪਰ 2018 ਤੋਂ ਬਾਅਦ ਇਹ ਸਹਾਇਤਾ ਘਟੀ ਸੀ। 2025 ਵਿਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੀ ਮੁਲਾਕਾਤ ਨੇ ਅਮਰੀਕੀ ਸਹਾਇਤਾ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਸੀ। 

ਚੀਨ ਦੇ ਸਬੰਧ ’ਚ ਭਾਰਤ ‘ਸਟ੍ਰੈਟਜਿਕ ਸਵੈ-ਨਿਰਭਰਤਾ’ ਦੀ ਨੀਤੀ ਅਪਣਾਉਂਦਾ ਹੈ। ਅਮਰੀਕਾ, ਜਾਪਾਨ, ਤੇ ਆਸਟਰੇਲੀਆ ਨਾਲ ਕਵਾਡ  ਰਾਹੀਂ ਭਾਰਤ ਚੀਨ ਦੀ ਵਧਦੀ ਧੌਂਸ ਨੂੰ ਸੰਤੁਲਿਤ ਕਰ ਰਿਹਾ ਹੈ। ਅਮਰੀਕਾ ਨਾਲ ਸਬੰਧ ਮਜ਼ਬੂਤ ਹਨ, ਪਰ ਟਰੰਪ ਦੀ ਪਾਕਿਸਤਾਨ ਨਾਲ ਨੇੜਤਾ ਨੇ ਭਾਰਤ ਨੂੰ ਖਤਰਾ ਮਹਿਸੂਸ ਕਰਾਇਆ  ਹੈ। ਫਾਈਨੈਂਸ਼ੀਅਲ ਟਾਈਮਜ ਦੇ ਅਨੁਸਾਰ, ਕਸ਼ਮੀਰ ਮੁੱਦੇ 'ਤੇ ਭਾਰਤ ਦੀ ਵਿਦੇਸ਼ ਨੀਤੀ ਇਸ ਤੱਥ 'ਤੇ ਅਧਾਰਿਤ ਹੈ ਕਿ ਪਾਕਿਸਤਾਨ ਨੂੰ ਵਿਸ਼ਵ ਨੇਤਾਵਾਂ ਵਿੱਚ ਭਾਰਤ ਵਾਂਗ ਸਥਾਨ ਨਹੀਂ ਦੇਣਾ  ਚਾਹੀਦਾ, ਪਰ ਹੁਣ ਡੋਨਾਲਡ ਟਰੰਪ ਦੀ 'ਦੋਗਲੀ' ਨੀਤੀ ਦੇ ਸਾਹਮਣੇ ਇਹ ਕਾਫ਼ੀ ਮੁਸ਼ਕਲ ਜਾਪਦਾ ਹੈ। ਟਰੰਪ ਵਾਰ-ਵਾਰ ਕਸ਼ਮੀਰ 'ਤੇ ਵਿਚੋਲਗੀ ਦੀ ਗੱਲ ਕਰ ਰਹੇ ਹਨ ਅਤੇ ਅਸੀਮ ਮੁਨੀਰ ਉਨ੍ਹਾਂ ਨੂੰ ਨੋਬਲ ਪੁਰਸਕਾਰ ਦਾ ਉਮੀਦਵਾਰ ਕਹਿ ਰਹੇ ਹਨ। ਇਹ ਗੱਲਾਂ ਭਾਰਤ ਲਈ ਯਕੀਨੀ ਤੌਰ 'ਤੇ ਪਰੇਸ਼ਾਨ ਕਰਨ ਵਾਲੀਆਂ ਹਨ।

ਫਾਈਨੈਂਸ਼ੀਅਲ ਟਾਈਮਜ਼ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨਾਲ ਆਪਣੇ ਨਿੱਘੇ ਨਿੱਜੀ ਸਬੰਧਾਂ 'ਤੇ ਭਰੋਸਾ ਕਰਨ ਦੀ ਗਲਤੀ ਕੀਤੀ ਹੈ। ਨਿੱਜੀ ਸਬੰਧ ਬਣਾਉਣ ਦੀ ਮੋਦੀ ਦੀ ਕੂਟਨੀਤਕ ਰਣਨੀਤੀ, ਜਿਸ 'ਤੇ ਭਾਰਤ ਪਿਛਲੇ ਦਹਾਕੇ ਤੋਂ ਅਮਰੀਕੀ ਰਾਸ਼ਟਰਪਤੀ ਅਤੇ ਹੋਰ ਨੇਤਾਵਾਂ ਉਪਰ ਭਰੋਸਾ ਕਰ ਰਿਹਾ ਹੈ, ਹੁਣ ਸਵਾਲਾਂ ਦੇ ਘੇਰੇ ਵਿੱਚ ਹੈ। ਅੱਜ ਦੁਨੀਆ ਬਹੁਤ ਸਾਰੇ ਟਕਰਾਵਾਂ ਵਿੱਚ ਫਸੀ ਹੋਈ ਹੈ ਅਤੇ ਵਿਸ਼ਵਵਿਆਪੀ ਹਫੜਾ-ਦਫੜੀ ਦੀ ਸਥਿਤੀ ਨਵੀਂ ਹਕੀਕਤ ਹੈ, ਜਿਸ ਵਿੱਚ ਅਮਰੀਕਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।

ਗਲੋਬਲ ਪੀਸ ਇੰਡੈਕਸ 2025 ਦੀ ਰਿਪੋਰਟ ਦੱਸਦੀ ਹੈ ਕਿ ਅਸ਼ਾਂਤੀ  ਵਧ ਰਹੀ ਹੈ, ਖਾਸ ਕਰਕੇ ਭਾਰਤ-ਪਾਕਿਸਤਾਨ ਵਰਗੇ ਖੇਤਰਾਂ ਵਿਚ। ਪਾਕਿਸਤਾਨ ਤੋਂ ਭਾਰਤ ਨੂੰ ਅੱਤਵਾਦ ਤੇ ਪਰਮਾਣੂ ਜੰਗ ਦਾ ਖਤਰਾ ਹੈ।