ਹਰਿਆਣੇ ਵਿਚ ਕਿੱਥੇ ਗਿਆ ਰਾਹੁਲ ਦਾ  ਕ੍ਰਿਸ਼ਮਾ?

ਹਰਿਆਣੇ ਵਿਚ ਕਿੱਥੇ ਗਿਆ ਰਾਹੁਲ ਦਾ  ਕ੍ਰਿਸ਼ਮਾ?

*ਕਾਂਗਰਸ ਆਪਣੀ ਹਾਰ ਕਾਰਣ ਈਵੀਐਮ ਦੀ ਹੇਰਾ ਫੇਰੀ ਦਾ ਕਿਉਂ ਬਣਾ ਰਹੀ ਏ ਬਹਾਨਾ?

*ਦਲਿਤਾਂ ਕਾਰਣ ਕਾਂਗਰਸ ਹਾਰੀ,ਰਾਹੁਲ ਨਹੀਂ ਸੰਭਾਲ ਸਕੇ ਜ਼ਿੰਮੇਵਾਰੀ

*ਆਪ ਪਾਰਟੀ ਕਾਂਗਰਸ ਦੀ ਹਾਰ ਤੋਂ ਖੁਸ਼

ਹਰਿਆਣਾ ਦੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਕਾਂਗਰਸ ਦੀ ਹਾਈਕਮਾਂਡ  ਹਰ ਵਾਰ ਦੀ ਤਰ੍ਹਾਂ ਰਾਹੁਲ ਗਾਂਧੀ  ਦੀ ਦੋਸ਼ਾਂ ਭਰਪੂਰ ਰਾਜਨੀਤੀ ਨੂੰ ਛੁਪਾਉਣ ਲਈ ਈਵੀਐਮ ਦੀ ਹੇਰਾਫੇਰੀ ਤੇ ਚੋਣ ਕਮਿਸ਼ਨ ਉਪਰ ਦੋਸ਼ ਮੜਕੇ ਰਾਹੁਲ ਗਾਂਧੀ ਦੇ ਦੁਆਲੇ ਇਕ ਸੁਰੱਖਿਆ ਕਵਚ ਬਣਾ ਰਹੇ ਹਨ। ਕੋਈ ਇਹ ਨਹੀਂ ਪੁੱਛ ਰਿਹਾ ਕਿ ਰਾਹੁਲ ਗਾਂਧੀ ਦਾ ਪ੍ਰਬੰਧਨ ਅਤੇ ਉਨ੍ਹਾਂ ਦਾ ਕ੍ਰਿਸ਼ਮਾ ਕਿੱਥੇ ਸੀ? ਜਿਸ ਸਮੇਂ ਕੁਮਾਰੀ ਸ਼ੈਲਜਾ ਪ੍ਰਤੀ ਕਥਿਤ ਤੌਰ 'ਤੇ ਜਾਤੀਸੂਚਕ ਗੱਲਾਂ ਕਹੀਆਂ ਗਈਆਂ ਅਤੇ ਉਹ ਨਾਰਾਜ਼ ਹੋ ਕੇ ਘਰ ਬੈਠ ਗਈ ਤਾਂ ਰਾਹੁਲ ਨੇ ਕੀ ਕੀਤਾ? ਉਨ੍ਹਾਂ ਦੇ ਨਾਰਾਜ਼ ਹੋਣ ਅਤੇ ਪ੍ਰਚਾਰ ਤੋਂ ਵੱਖ ਹੋ ਜਾਣ ਦੇ ਲਗਭਗ 10 ਦਿਨਾਂ ਤੱਕ ਕੋਈ ਪਹਿਲ ਨਹੀਂ ਹੋਈ। ਇਸ ਦੌਰਾਨ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਿਲ ਹੋਣ ਦਾ ਪ੍ਰਸਤਾਵ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਰੈਲੀਆਂ ਵਿਚ ਇਸ ਗੱਲ ਨੂੰ ਮੁੱਦਾ ਬਣਾਇਆ। ਦਲਿਤ ਵੋਟਰ ਪਹਿਲਾਂ ਤੋਂ ਜਾਟਸ਼ਾਹੀ ਦੀ ਸੰਭਾਵਨਾ ਤੋਂ ਚਿੰਤਾ ਵਿਚ ਸਨ ਅਤੇ ਸ਼ੈਲਜਾ ਦੇ ਘਰ ਬੈਠਣ ਨਾਲ ਦਲਿਤਾਂ ਦੇ ਇਕ ਵੱਡੇ ਸਮੂਹ ਦਾ ਰੁਝਾਨ ਭਾਜਪਾ ਵੱਲ ਬਣਨ ਲੱਗਾ। ਜਦੋਂ ਤੱਕ ਰਾਹੁਲ ਗਾਂਧੀ ਹੁੱਡਾ ਅਤੇ ਸ਼ੈਲਜਾ ਨੂੰ ਇਕ ਮੰਚ 'ਤੇ ਲਿਆਉਂਦੇ, ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਦੋ ਦਿਨ ਯਾਤਰਾ ਕੀਤੀ। ਉਨ੍ਹਾਂ ਯਾਤਰਾਵਾਂ ਵਿਚ ਕੀ ਹੋਇਆ? ਜਿਨ੍ਹਾਂ ਇਲਾਕਿਆਂ ਤੋਂ ਰਾਹੁਲ ਦੀ ਯਾਤਰਾ ਨਿਕਲੀ, ਉੱਥੇ ਕੋਈ ਕ੍ਰਿਸ਼ਮਾ ਕੰਮ ਨਹੀਂ ਆਇਆ। ਜਿੱਥੇ ਉਨ੍ਹਾਂ ਨੇ ਜਲੇਬੀ ਖਾਧੀ ਅਤੇ ਉਸ ਦਾ ਇੰਨਾ ਵੱਡਾ ਮੁੱਦਾ ਬਣਿਆ, ਉੱਥੇ ਵੀ ਕਾਂਗਰਸ ਹਾਰ ਗਈ। ਲੋਕ ਸਭਾ ਵਿਚ ਕਾਂਗਰਸ ਦੀਆਂ ਸੀਟਾਂ ਵਿਰੋਧੀ ਧਿਰ ਦੇ ਇਕਜੁੱਟ ਹੋ ਕੇ ਲੜਨ ਨਾਲ ਵਧੀਆਂ ਸਨ। ਹਰਿਆਣਾ ਵਿਚ ਕਾਂਗਰਸ ਦੇ ਇਕੱਲਿਆਂ ਲੜਨ 'ਤੇ ਹਕੀਕਤ ਸਾਹਮਣੇ ਆ ਗਈ। ਜੰਮੂ-ਕਸ਼ਮੀਰ ਵਿਚ ਵੀ ਕਾਂਗਰਸ ਆਪਣੇ ਅਸਰ ਵਾਲੇ ਜੰਮੂ ਇਲਾਕੇ ਵਿਚ ਸਾਫ਼ ਹੀ ਹੋ ਗਈ।

ਕਾਂਗਰਸ ਆਪਣੀ ਹਾਰ ਦੀ ਹਕੀਕਤ ਪਛਾਣਨ ਦੀ ਥਾਂ ਈਵੀਐਮ ਨੂੰ ਦੋਸ਼ੀ ਠਹਿਰਾ ਰਹੀ ਹੈ।

ਕਾਂਗਰਸ ਪਾਰਟੀ ਦੇ ਨੇਤਾ ਜੈਰਾਮ ਰਮੇਸ਼ ਅਤੇ ਪਵਨ ਖੇੜਾ ਨੇ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਕਰਕੇ ਹਰਿਆਣਾ ਦੇ ਚੋਣ ਨਤੀਜਿਆਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਹਾਰੀ ਨਹੀਂ ਹੈ, ਸਗੋਂ ਉਸ ਨੂੰ ਹਰਾਇਆ ਗਿਆ ਹੈ। ਦੋਵਾਂ ਨੇ  ਕਿਹਾ ਕਿ ਕਿਸੇ ਨੂੰ ਵੀ ਨਹੀਂ ਲੱਗ ਰਿਹਾ ਸੀ ਕਿ ਕਾਂਗਰਸ ਹਾਰ ਜਾਵੇਗੀ। ਉਨ੍ਹਾਂ ਨੇ ਈ.ਵੀ.ਐੱਮਜ਼. ਦੀਆਂ ਬੈਟਰੀਆਂ ਦਾ ਮੁੱਦਾ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਈ.ਵੀ.ਐੱਮ. ਦੀ ਬੈਟਰੀ 99 ਫ਼ੀਸਦੀ ਚਾਰਜ ਸੀ, ਉਸ ਵਿਚ ਸਿਰਫ਼ ਭਾਜਪਾ ਦੀਆਂ ਵੋਟਾਂ ਨਿਕਲੀਆਂ, ਜਦੋਂ ਕਿ ਘੱਟ ਚਾਰਜ ਈ.ਵੀ.ਐੱਮ ਵਿਚ ਕਾਂਗਰਸ ਦੀਆਂ ਵੋਟਾਂ ਜ਼ਿਆਦਾ ਨਿਕਲ ਰਹੀਆਂ ਸਨ। ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਈ.ਵੀ.ਐੱਮ. ਬਦਲੀਆਂ ਗਈਆਂ ਹਨ, ਕਿਉਂਕਿ 10 ਘੰਟੇ ਵੋਟਿੰਗ ਤੋਂ ਬਾਅਦ ਸੀਲ ਕੀਤੇ ਗਏ ਈ.ਵੀ.ਐੱਮਜ਼. ਦੀਆਂ ਬੈਟਰੀਆਂ 99 ਫ਼ੀਸਦੀ ਚਾਰਜ ਨਹੀਂ ਰਹਿ ਸਕਦੀ। ਕਾਂਗਰਸ ਨੇ ਕਿਹਾ ਕਿ ਉਹ ਤਮਾਮ ਸ਼ਿਕਾਇਤਾਂ ਇਕੱਠੀਆਂ ਕਰਨ ਤੋਂ ਬਾਅਦ ਕਮਿਸ਼ਨ ਕੋਲ ਜਾਵੇਗੀ। ਪਰ ਸਵਾਲ ਹੈ ਕਿ ਇਸ ਨਾਲ ਕੀ ਹਾਸਿਲ ਹੋਵੇਗਾ? ਚੋਣ ਕਮਿਸ਼ਨ ਨੇ ਤਾਂ ਪਹਿਲਾਂ ਹੀ ਕਾਂਗਰਸ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

 ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਬੈਟਰੀ ਘੱਟ ਜਾਂ ਜ਼ਿਆਦਾ ਚਾਰਜ ਹੋਣ ਦੇ ਦੋਸ਼ਾਂ ਦਾ ਕੋਈ ਮਤਲਬ ਨਹੀਂ ਹੈ। ਜ਼ਾਹਿਰ ਹੈ ਕਿ ਚੋਣ ਕਮਿਸ਼ਨ ਕਾਂਗਰਸ ਦੀ ਸ਼ਿਕਾਇਤ ਨੂੰ ਖਾਰਜ ਹੀ ਕਰੇਗਾ। ਉਂਜ ਪ੍ਰਧਾਨ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਚੋਣ ਕਮਿਸ਼ਨ ਨੂੰ ਬਦਨਾਮ ਕਰਨ ਦੀ ਕਾਂਗਰਸ ਦੀ ਆਦਤ ਹੋ ਗਈ ਹੈ। ਸੋ, ਕਾਂਗਰਸ ਨੂੰ ਚੋਣ ਕਮਿਸ਼ਨ ਕੋਲ ਜਾਣ ਦੀ ਬਜਾਏ ਅਦਾਲਤ ਵਿਚ ਜਾਣਾ ਚਾਹੀਦਾ ਹੈ ਪਰ ਉਹ ਸਿਰਫ਼ ਇਸ ਵਜ੍ਹਾ ਨਾਲ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੀ ਕਿ ਉਸ ਦੇ ਜਾਂ ਬਹੁਤ ਸਾਰੇ ਲੋਕਾਂ ਦੇ ਮਨਮਰਜ਼ੀ ਦੇ ਨਤੀਜੇ ਨਹੀਂ ਆਏ ਹਨ।

ਦੂਜੇ ਪਾਸੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਬਹੁਤ ਖਰਾਬ ਪ੍ਰਦਰਸ਼ਨ ਕੀਤਾ ਹੈ। ਉਸ ਨੇ 89 ਸੀਟਾਂ 'ਤੇ ਚੋਣਾਂ ਲੜੀਆਂ ਸਨ ਅਤੇ ਸਾਰੀਆਂ ਸੀਟਾਂ 'ਤੇ ਉਸ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਹਾਲਾਂਕਿ ਪਿਛਲੀ ਵਾਰ ਦੇ ਮੁਕਾਬਲੇ ਉਸ ਦੇ ਪ੍ਰਦਰਸ਼ਨ ਵਿਚ ਸੁਧਾਰ ਹੋਇਆ ਹੈ। ਪਿਛਲੀ ਵਾਰ ਉਸ ਨੂੰ ਅੱਧਾ ਫ਼ੀਸਦੀ ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਉਹ ਕਰੀਬ 1.80 ਫ਼ੀਸਦੀ ਵੋਟਾਂ ਲੈਣ ਵਿਚ ਸਫਲ ਰਹੀ। ਉਸ ਨੇ ਪੰਜ ਵਿਧਾਨ ਸਭਾ ਸੀਟਾਂ 'ਤੇ ਇੰਨੀਆਂ ਵੋਟਾਂ ਕੱਟੀਆਂ, ਜਿਸ ਨਾਲ ਕਾਂਗਰਸ ਹਾਰ ਗਈ। ਭਾਵ ਜਿਵੇਂ 10 ਆਜ਼ਾਦ ਉਮੀਦਵਾਰਾਂ ਨੇ ਕਾਂਗਰਸ ਦੀਆਂ ਵੋਟਾਂ ਕੱਟ ਕੇ ਉਸ ਨੂੰ ਹਰਾਇਆ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜ ਸੀਟਾਂ 'ਤੇ ਕਾਂਗਰਸ ਨੂੰ ਹਰਾਇਆ। ਇਸ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਟਵੀਟ ਕਰਕੇ ਕਾਂਗਰਸ ਨੂੰ ਇਹ ਅਹਿਸਾਸ ਕਰਵਾਇਆ ਕਿ ਜੇਕਰ ਰਲ ਮਿਲ ਕੇ ਲੜੇ ਹੁੰਦੇ ਤਾਂ ਦੋਵੇਂ ਪਾਸੇ ਖ਼ੁਸ਼ੀ ਹੁੰਦੀ। ਪਰ ਅਜਿਹਾ ਨਹੀਂ ਹੈ ਕਿ ਇੰਨੇ ਖਰਾਬ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੁਖੀ ਹੈ। ਦੱਸਿਆ ਜਾ ਰਿਹਾ ਹੈ ਕਿ ਨਤੀਜਿਆਂ ਤੋਂ ਬਾਅਦ ਕੇਜਰੀਵਾਲ ਨੇ ਇਸ 'ਤੇ ਰਾਹਤ ਦਾ ਸਾਹ ਲਿਆ ਕਿ ਕਾਂਗਰਸ ਨਹੀਂ ਜਿੱਤੀ। ਪਾਰਟੀ ਵਿਚ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਜੰਮੂ-ਕਸ਼ਮੀਰ ਵਿਚ ਉਸ ਦਾ ਖਾਤਾ ਖੁੱਲ੍ਹਿਆ। ਹਾਲਾਂਕਿ ਇਹ ਉਮੀਦਵਾਰ ਦੀ ਜਿੱਤ ਹੈ, ਕਿਉਂਕਿ ਬਾਕੀ 6 ਸੀਟਾਂ 'ਤੇ ਉਸ ਨੂੰ 'ਨੋਟਾ' ਨੂੰ ਮਿਲੀਆਂ ਵੋਟਾਂ ਦਾ ਇਕ ਤਿਹਾਈ ਵੋਟ ਹੀ ਮਿਲਿਆ ਹੈ। ਉਸ ਨੂੰ ਦੂਜੀ ਖ਼ੁਸ਼ੀ ਇਸ ਗੱਲ ਦੀ ਹੈ ਕਿ ਕਾਂਗਰਸ ਹਰਿਆਣਾ ਵਿਚ ਨਹੀਂ ਜਿੱਤੀ। ਜੇਕਰ ਹਰਿਆਣਾ 'ਵਿਚ ਕਾਂਗਰਸ ਜਿੱਤਦੀ ਤਾਂ ਦਿੱਲੀ ਵਿਚ ਕਾਂਗਰਸ ਦੀ ਵਾਪਸੀ ਦਾ ਰਸਤਾ ਬਣਦਾ। ਦਿੱਲੀ ਨਾਲ ਲਗਦੇ ਮੇਵਾਤ ਅਤੇ ਐੱਨ.ਸੀ.ਆਰ. ਦੇ ਇਲਾਕੇ ਵਿਚ ਮੁਸਲਿਮ ਅਤੇ ਜਾਟ ਪੂਰੀ ਤਰ੍ਹਾਂ ਨਾਲ ਕਾਂਗਰਸ ਦੇ ਨਾਲ ਰਹੇ ਹਨ। ਇਹ ਸਮੀਕਰਨ ਦਿੱਲੀ ਵਿਚ ਦੁਹਰਾਇਆ ਜਾ ਸਕਦਾ ਸੀ।ਪਰ ਸਿਆਸੀ ਮਾਹਿਰ ਦਸ ਰਹੇ ਹਨ ਕਿ ਦਿਲੀ ਵਿਚ ਭਾਜਪਾ ਕਾਂਗਰਸ ਤੇ ਆਪ ਲਈ ਚੈਲਿੰਜ ਬਣੀ ਹੋਈ ਹੈ।ਦਿਲੀ ਵਿਚ ਆਪ ਦੇ ਸਿਆਸੀ ਹਾਲਾਤ ਚੰਗੇ ਨਹੀਂ ਹਨ।ਜੇਕਰ ਆਪ ਤੇ ਕਾਂਗਰਸ ਗਠਜੋੜ ਬਣਾਕੇ ਦਿਲੀ ਵਿਚ ਚੋਣ ਨਹੀਂ ਲੜੇਗੀ ਤਾਂ ਹਰਿਆਣੇ ਵਰਗੇ ਹਾਲਾਤਾਂ ਦਾ ਆਪ ਤੇ ਕਾਂਗਰਸ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।