ਧਾਮੀ ਤੇ ਭੂੰਦੜ ਦੀ ਜਥੇਦਾਰ ਹਰਪ੍ਰੀਤ ਸਿੰਘ ਨਾਲ ਗੁਪਤ ਮੀਟਿੰਗ ਪਿਛੇ ਕੀ ਰਾਜ ਹੈ?
ਕਬ ਤਕ ਪੜੇ ਰਹੋਗੇ ਹਵਾਉਂ ਕੇ ਹਾਥ ਮੇਂ
ਕਬ ਤਕ ਚਲੇਗਾ ਖੋਖਲੇ ਸ਼ਬਦੋਂ ਕਾ ਕਾਰੋਬਾਰ
ਸ੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਅਕਾਲੀ ਦਲ ਦੀ ਪੁਨਰ ਉਸਾਰੀ ਵਿਚ ਅਕਾਲ ਤਖਤ ਸਾਹਿਬ ਨੂੰ ਸਹਿਯੋਗ ਕਰਨ
ਬਾਦਲ ਅਕਾਲੀ ਦਲ ਦੇ ਆਗੂਆਂ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇਕੋ ਮਿਸ਼ਨ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਹੋਂਦ ਨੂੰ ਬਚਾਉਣਾ ਹੈ,ਜਿਸ ਕਰਕੇ ਅਕਾਲੀ ਦਲ ਮੜੀਆਂ ਵਿਚ ਖਾਕ ਹੋ ਗਿਆ।ਇਨ੍ਹਾਂ ਦਾ ਮਿਸ਼ਨ ਸ੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜਣਾ ਕਰਨਾ ਨਹੀਂ ਜੋ ਸਮੁਚਾ ਪੰਥ ਚਾਹੁੰਦਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜਣਾ ਹੋਵੇ ਤੇ ਪੰਥ ਦਾ ਇਹ ਸੰਗਠਨ ਪੁਨਰ ਮਜਬੂਤ ਹੋਵੇ।ਜਿਹਨਾਂ ਕੌਮਾਂ ਦੇ ਮਜਬੂਤ ਸੰਗਠਨ ਨਹੀਂ ਹੁੰਦੇ,ਉਹ ਹਨੇਰਿਆਂ ਵਿਚ ਠੇਡੇ ਖਾਂਦੀਆਂ ਆਪਣੀ ਤਬਾਹੀ ਦਾ ਨਜ਼ਾਰਾ ਦੇਖਦੀਆਂ ਹਨ।ਉਨ੍ਹਾਂ ਦੀ ਕੋਈ ਹਸਤੀ ਨਹੀਂ ਹੁੰਦੀ।ਅਕਾਲੀ ਦਲ ਦੀ ਪੁਨਰ ਸੁਰਜੀਤੀ ਅਕਾਲ ਤਖਤ ਤੋਂ ਹੀ ਸੰਭਵ ਹੈ।ਨਵੀਂ ਭਰਤੀ ਦਾ ਐਲਾਨ,ਨਵੀਂ ਲੀਡਰਸ਼ਿਪ ਦਾ ਅਗਾਜ ,ਨਵਾਂ ਪੰਜਾਬ -ਪੰਥ ਪਖੀ ਏਜੰਡਾ ਹੀ ਸਿੱਖ ਪੰਥ ਦਾ ਭਵਿੱਖ ਹੈ।
ਜਿਉ ਅਸੀਂ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗੁਆਇਆ ਹੈ ,ਡੋਗਰਿਆਂ ਦੇ ਵਸ ਪੈ ਗਏ ਉਦੋਂ ਤੋਂ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਤੇ ਡੋਗਰਿਆਂ ਦੇ ਸਾਡੇ ਵਿਹੜਿਆਂ ਵਿਚ ਖਿੰਡਾਏ ਕੰਡਿਆਂ ਨੂੰ ਅਸੀਂ ਚੁਗ ਰਹੇ ਹਾਂ।ਪੌਣੀ ਦੋ ਸਦੀ ਬੀਤ ਚੁਕੀ ਹੈ,ਅਸੀਂ ਆਪਣੇ ਭਵਿਖ ਦੀ ਸਿਰਜਣਾ ਵਲ ਨਹੀਂ ਤੁਰ ਸਕੇ।
ਸ੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜਣਾ ਵਿਚ ਅਜੋਕੇ ਡੋਗਰੇ ਅੜਿਕਾ ਹਨ ਜੋ ਸਿੰਘ ਸਾਹਿਬਾਨ ਉਪਰ ਦਬਾਅ ਦੀ ਰਾਜਨੀਤੀ ਚਲਾ ਰਹੇ ਹਨ। ਪਰ ਹੁਣ ਇਹ ਖੇਡੇ ਦਾਅ ਸਫਲ ਨਹੀਂ ਹੋਣੇ। ਸਿਆਣੇ ਕਹਿੰਦੇ ਨੇ ਵਾਰ ਵਾਰ ਕਾਠ ਦੀ ਹਾਂਡੀ ਨਹੀਂ ਚੜਦੀ।ਇਹ ਗੁਨਾਹ ਬਹੁਤ ਭਾਰੀ ਪੈਣੇ ਹਨ।ਮਹਾਂਭਾਰਤ ਦੇ ਖਲਨਾਇਕ ਮਾਮਾ ਸ਼ੁਕਨੀ ਦੀਆਂ ਚਾਲਾਂ ਹੁਣ ਕਾਮਯਾਬ ਨਹੀਂ ਹੋਣੀਆਂ ਜਿਸ ਕਾਰਣ ਇਕ ਵਿਸ਼ਾਲ ਰਾਜ ਦਾ ਵਾਜੂਦ ਢਹਿ ਢੇਰੀ ਹੋ ਗਿਆ।ਸੋ ਸਿੰਘ ਸਾਹਿਬਾਨ ਨੂੰ ਇਨ੍ਹਾਂ ਮਾਮਾ ਸ਼ਕਨੀਆਂ ਦੇ ਦਬਾਅ ਤੋਂ ਬਚਣਾ ਚਾਹੀਦਾ ਹੈ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਰਾਹ ਨਹੀਂ ਪੈਣਾ ਚਾਹੀਦਾ,ਜਿਸਨੇ ਅਕਾਲ ਤਖਤ ਸਾਹਿਬ ਨੂੰ ਬਾਦਲ ਪਰਿਵਾਰ ਅਗੇ ਝੁਕਾਅ ਕੇ ਸੌਦਾ ਸਾਧ ਨੂੰ ਮਾਫ ਕਰ ਦਿਤਾ ਤੇ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਢਹਿ ਢੇਰੀ ਕਰ ਦਿਤਾ।

ਇਕ ਅਖਬਾਰ ਦੀ ਰਿਪੋਟ ਮੁਤਾਬਕ ਹੁਣੇ ਜਿਹੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਚਲਾਏ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਦੇ ਗੈਸਟ ਹੋਈ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚ ਇਕ ‘ਗੁਪਤ' ਮੀਟਿੰਗ ਹੋਈ। ਇਸ ਮੀਟਿੰਗ ਇਕ ਘੰਟੇ ਦੇ ਕਰੀਬ ਚੱਲੀ। ਸੂਤਰਾਂ ਅਨੁਸਾਰ ਇਸ ਮੀਟਿੰਗ ਦੌਰਾਨ ਭੂੰਦੜ ਅਤੇ ਐਡਵੋਕੇਟ ਧਾਮੀ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ‘ਸ਼ਾਂਤ' ਕਰਨ ਦਾ ਯਤਨ ਕੀਤਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ, ਬਲਵਿੰਦਰ ਸਿੰਘ ਭੂੰਦੜ ਤੇ ਗਿਆਨੀ ਹਰਪ੍ਰੀਤ ਸਿੰਘ ਵਿਚਕਾਰ ਹੋਈ ਗੁਪਤ ਮੀਟਿੰਗ ਕਾਰਨ ਕਾਫੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜਥੇਦਾਰ ਉਪਰ ਦਬਾਅ ਦੀ ਰਾਜਨੀਤੀ ਚਲਾਈ ਜਾ ਰਹੀ ਹੈ।ਪਲੋਸਿਆ ਵੀ ਜਾ ਰਿਹਾ ਦਬਾਅ ਵੀ ਪਾਇਆ ਜਾ ਰਿਹਾ। ਇਸੇ ਕਾਰਣ ਜਥੇਦਾਰ ਦੁਵਿਧਾ ਵਿਚ ਹਨ,ਉਨ੍ਹਾਂ ਨੂੰ ਇਤਿਹਾਸਕ ਪਰੰਪਰਾ ਨਿਭਾਉਣ ਤੇ ਸਿਖ ਪੰਥ ਦੇ ਭਵਿੱਖ ਵਿਚ ਸਟੈਂਡ ਲੈਣ ਤੋਂ ਔਖ ਮਹਿਸੂਸ ਹੋ ਰਹੀ ਹੈ।
ਜਥੇਦਾਰਾਂ ਲਈ ਸਮਝਣ ਦਾ ਵੇਲਾ ਹੈ ਕਿ ਇਹ ਤਿਲਕਣ ਭਰਿਆ ਮੈਦਾਨ ਹੈ ਜੇ ਸਿਧਾਂਤਕ ਜ਼ਮੀਨ ਉਪਰ ਪਕੇ ਪੈਰੀ ਨਾ ਹੋਵੋ ਤਾਂ ਲਾਜਮੀ ਹੈ ਗਿਆਨੀ ਗੁਰਬਚਨ ਸਿੰਘ ਵਾਂਗ ਖਲਨਾਇਕ ਸਿਧ ਹੋ ਜਾਵੋਗੇ। ਇਸੇ ਸੰਦਰਭ ਵਿਚ ਹਰਵਿੰਦਰ ਸਿੰਘ ਸਰਨਾ ਦਾ ਬਿਆਨ ਜਥੇਦਾਰਾਂ ਵਿਰੁਧ, ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਆਇਆ।ਇਹ ਚਕਰਵਿਊ ਹਨ ਜਥੇਦਾਰਾਂ ਨੂੰ ਮਹਾਂਭਾਰਤ ਦੇ ਨਾਇਕ ਅਰਜਨ ਵਾਂਗ ਤੋੜਨੇ ਪੈਣੇ ਹਨ।
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਬਾਦਲਕਿਆਂ ਦੇ ਹਕ ਵਿਚ ਬਿਆਨ ਇਸ ਸੰਦਰਭ ਵਿਚ ਵਿਚਾਰਨ ਯੋਗ ਹੈ ਕਿ ਬਾਦਲ ਦਲ ਦੇ ਮਹਾਂਰਥੀ ਜਾਖੜ ਵਰਗੇ ਨੇਤਾਵਾਂ ਰਾਹੀਂ ਜਥੇਦਾਰਾਂ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਸਾਜਿਸ਼ੀ ਰਾਜਨੀਤੀ ਖੇਡ ਰਹੇ ਹਨ ਕਿ ਸੁਖਬੀਰ ਬਾਦਲ ਹੀ ਅਕਾਲੀ ਦਲ ਹੈ।ਜੇ ਸੁਖਬੀਰ ਬਾਦਲ ਨਹੀਂ ਤਾਂ ਅਕਾਲੀ ਦਲ ਖਤਮ।ਇਸ ਨੈਰੇਟਿਵ ਤੇ ਭਰਮ ਜਾਲਾਂ ਤੋਂ ਜਥੇਦਾਰਾਂ ਨੂੰ ਬਚਣਾ ਚਾਹੀਦਾ ਹੈ।
ਯਾਦ ਰਖਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਹਮੇਸਾ ਇਤਿਹਾਸ ਦੀ ਸਿਰਜਣਾ ਹੁੰਦੀ ਰਹੀ ਹੈ।ਜੇ ਉਹ ਯੋਗ ਫੈਸਲੇ ਉਪਰ ਅਪੜਨਾ ਚਾਹੁੰਦੇ ਹਨ ਤਾਂ ਉਹ ਸ੍ਰੋਮਣੀ ਕਮੇਟੀ ਦੇ ਬੁਧੀਜੀਵੀਆਂ ਤੋਂ ਬਚਕੇ ਖਾਲਸਾ ਪੰਥ ਦੇ ਬੁਧੀਜੀਵੀਆਂ ਨੂੰ ਸਦਕੇ ਸਲਾਹ ਲੈਣ,ਜਿਹਨਾਂ ਮਨੁੱਖੀ ਅਧਿਕਾਰ ਚੇਤਨਾ,ਇਤਿਹਾਸ ਸਿਰਜਣ ਵਿਚ ਯੋਗਦਾਨ ਰਿਹਾ ਹੈ ।ਸਮੇਂ ਸਮੇਂ ਸਿਖ ਪੰਥ ਦੇ ਹੱਕ ਵਿਚ ਡਟੇ ਰਹੇ।ਜਿਹਨਾਂ ਉਪਰ ਬਾਦਲ ਪਰਿਵਾਰ ਦਾ ਪ੍ਰਭਾਵ ਨਹੀਂ।ਖਬੇਪਖੀ ਤੇ ਲਿਬਰਲ ਵਿਦਵਾਨ ਜਥੇਦਾਰਾਂ ਨੂੰ ਸਤਿਗੁਰੂ ਮਾਰਗ ਵਲ ਨੀਤੀ ,ਰਾਹ ਦੀ ਸਲਾਹ ਨਹੀਂ ਦੇ ਸਕਦੇ ਜਿਥੋਂ ਖਾਲਸਾ ਪੰਥ ਇਤਿਹਾਸ ਦੀ ਸਿਰਜਣਾ ਕਰਦਾ ਰਿਹਾ ਹੈ।ਇਸ ਤੋਂ ਬਾਅਦ ਸਿੰਘ ਸਾਹਿਬਾਨ ਨੁਮਾਇੰਦਾ ਇਕਠ ਪੰਥਕ ਜਥੇਬੰਦੀਆਂ ,ਗੁਰੂ ਪਿਆਰਿਆਂ ਦਾ ਬੁਲਾਉਣ।
ਸਿੰਘ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਖਾਲਸਾ ਪੰਥ ਦੀ ਆਸ ਉਪਰ ਪੂਰਾ ਉਤਰਨ।ਖਾਲਸਾ ਪੰਥ ਦੀ ਝੋਲੀ ਵਿਚ ਸਿਖ ਪੰਥ ਨੂੰ ਸਮਰਪਿਤ ਅਕਾਲੀ ਦਲ ਝੋਲੀ ਵਿਚ ਪਾਉਣ।
ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਕਮੇਟੀ ਇਸ ਰਾਹ ਵਿਚ ਬਾਦਲ ਦਲ ਦੀ ਵਕਾਲਤ ਨਾ ਕਰਨ ਜਿਸ ਨਾਲ ਸ੍ਰੋਮਣੀ ਕਮੇਟੀ ਦਾ ਵਜੂਦ ਅਕਾਲੀ ਦਲ ਵਾਂਗ ਖਤਰੇ ਵਿਚ ਪੈ ਜਾਵੇ। ਉਨ੍ਹਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਸ੍ਰੋਮਣੀ ਕਮੇਟੀ ਜਿਸਦੀ ਬੜਕ ਤੋਂ ਦਿਲੀ ਹਿਲਦੀ ਸੀ,ਉਸਦਾ ਮੈਮੋਰੰਡਮ ਲੈਣ ਐਸਡੀਐਮ ਨਹੀਂ ਆਉਂਦਾ। ਅਜਿਹਾ ਇਸੇ ਕਾਰਣ ਹੋਇਆ ਕਿ ਸ੍ਰੋਮਣੀ ਕਮੇਟੀ ਦੀ ਲੀਡਰਸ਼ਿਪ ਗੁਨਾਹਗਾਰ ਅਕਾਲੀ ਲੀਡਰਸ਼ਿਪ ਦੀ ਵਕਾਲਤ ਕਰ ਖਾਲਸਾ ਪੰਥ ਦੇ ਉਲਟ ਖਲੋ ਰਹੀ ਹੈ।ਸ੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਸਿੰਘ ਸਾਹਿਬਾਨ ਨੂੰ ਸਹਿਯੋਗ ਕਰਨ।ਸੁਖਬੀਰ ਨੂੰ ਅਸਤੀਫੇ ਲਈ ਮਨਾਕੇ ਅਕਾਲੀ ਦਲ ਦੀ ਪੁਨਰ ਸਿਰਜਣਾ ਲਈ ਮਨਾਉਣ।ਅਸੀਂ ਸਭ ਮਾਈ ਭਾਈ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸੰਗਠਿਤ ਹੋ ਸਕੀਏ।
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
9815700916












Comments (0)