ਭਾਜਪਾ ਦੀ ਰਾਸ਼ਟਰੀ ਪ੍ਰਧਾਨ ਦੀ ਚੋਣ ਦੇਰੀ ਦੀ ਅਸਲੀ ਵਜ੍ਹਾ ਕੀ ਹੈ?
ਕਿਉਂ ਨਹੀਂ ਬਣ ਰਹੀ ਪਾਰਟੀ ਦੇ ਅੰਦਰ ਨਵੇਂ ਪ੍ਰਧਾਨ ਦੇ ਨਾਂ 'ਤੇ ਸਹਿਮਤੀ
*ਦੇਰੀ ਪਾਰਟੀ ਦੀ ਸਾਖ ਅਤੇ ਸੰਗਠਨਾਤਮਕ ਤਾਕਤ ਨੂੰ ਕਮਜ਼ੋਰ ਕਰੇਗੀ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਵਾਰ-ਵਾਰ ਟਲਣ ਨਾਲ ਸਿਆਸੀ ਗਲਿਆਰਿਆਂ 'ਚ ਚਰਚਾ ਛਿੜੀ ਹੋਈ ਹੈ। ਪਹਿਲਾਂ ਲੋਕ ਸਭਾ ਚੋਣਾਂ, ਫਿਰ ਪਹਿਲਗਾਮ ਹਮਲੇ ਅਤੇ 'ਆਪ੍ਰੇਸ਼ਨ ਸੰਧੂਰ' ਦੇ ਬਹਾਨੇ ਨਾਲ ਇਹ ਚੋਣ ਟਾਲੀ ਜਾ ਰਹੀ ਹੈ। ਜੇ.ਪੀ. ਨੱਢਾ ਦਾ ਕਾਰਜਕਾਲ ਖਤਮ ਹੋਣ ਦੇ ਬਾਵਜੂਦ, ਉਹ ਕੇਂਦਰੀ ਮੰਤਰੀ ਅਤੇ ਪਾਰਟੀ ਪ੍ਰਧਾਨ ਦੀ ਦੋਹਰੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਸਵਾਲ ਇਹ ਹੈ ਕਿ ਚੋਣ ਟਾਲਣ ਪਿੱਛੇ ਅਸਲੀ ਵਜ੍ਹਾ ਕੀ ਹੈ? ਕੀ ਪਾਰਟੀ ਦੇ ਅੰਦਰ ਨਵੇਂ ਪ੍ਰਧਾਨ ਦੇ ਨਾਂ 'ਤੇ ਸਹਿਮਤੀ ਨਹੀਂ ਬਣ ਰਹੀ, ਜਾਂ ਫਿਰ ਸੂਬਿਆਂ 'ਚ ਸੰਗਠਨ ਦੀਆਂ ਚੋਣਾਂ ਨੂੰ ਰੋਕਣ ਲਈ ਇਹ ਰਣਨੀਤੀ ਹੈ? ਇਹ ਦੇਰੀ ਪਾਰਟੀ ਦੀ ਅੰਦਰੂਨੀ ਸਿਆਸਤ ਜਾਂ ਲੀਡਰਸ਼ਿਪ ਦੀ ਤਿਆਰੀ ਦੀ ਕਮੀ ਨੂੰ ਸਾਹਮਣੇ ਲਿਆ ਰਹੀ ਹੈ।
ਭਾਜਪਾ ਨੇ ਪਹਿਲਾਂ ਨਿਤਿਨ ਗਡਕਰੀ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਵਰਗੇ ਨੇਤਾਵਾਂ ਨੂੰ ਪ੍ਰਧਾਨ ਵਜੋਂ ਸੁਚੱਜੇ ਢੰਗ ਨਾਲ ਚੁਣਿਆ ਸੀ। ਪਰ ਇਸ ਵਾਰ ਨਵੇਂ ਨਾਂ 'ਤੇ ਸਹਿਮਤੀ ਨਾ ਬਣਨ ਦੀ ਚਰਚਾ ਹੈ। ਕੀ ਪਾਰਟੀ ਦੇ ਵੱਡੇ ਆਗੂਆਂ 'ਚ ਅੰਦਰੂਨੀ ਖਿੱਚੋਤਾਣ ਹੈ, ਜਾਂ ਫਿਰ ਕੋਈ ਨਵਾਂ ਚਿਹਰਾ ਸਾਹਮਣੇ ਲਿਆਉਣ ਦੀ ਤਿਆਰੀ ਹੈ? ਇਹ ਸਥਿਤੀ ਪਾਰਟੀ ਦੀ ਮਜ਼ਬੂਤ ਲੀਡਰਸ਼ਿਪ ਵਾਲੀ ਚਿੱਤਰ ਨੂੰ ਢਾਹ ਲਾਉਂਦੀ ਹੈ। ਜੇ ਸੂਬਿਆਂ 'ਚ ਸੰਗਠਨ ਦੀਆਂ ਚੋਣਾਂ ਨਹੀਂ ਹੋ ਰਹੀਆਂ, ਤਾਂ ਇਸ ਦਾ ਸਿੱਧਾ ਅਸਰ ਰਾਸ਼ਟਰੀ ਪ੍ਰਧਾਨ ਦੀ ਚੋਣ 'ਤੇ ਪੈ ਰਿਹਾ ਹੈ। ਸੂਬਾਈ ਸੰਗਠਨ ਦੀ ਮਜ਼ਬੂਤੀ ਤੋਂ ਬਿਨਾਂ ਰਾਸ਼ਟਰੀ ਅਹੁਦੇ ਦੀ ਚੋਣ ਨੂੰ ਜ਼ਿਆਦਾ ਸਮਾਂ ਨਹੀਂ ਟਾਲਿਆ ਜਾ ਸਕਦਾ।
ਕੀ ਭਾਜਪਾ ਕੋਲ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਯੋਗ ਉਮੀਦਵਾਰ ਨਹੀਂ ਹਨ? ਇਹ ਸਵਾਲ ਹਰ ਕਿਸੇ ਦੇ ਮਨ ਵਿਚ ਉੱਠ ਰਿਹਾ ਹੈ। ਭਾਜਪਾ ਵਰਗੀ ਵਿਸ਼ਾਲ ਪਾਰਟੀ, ਜਿਸ ਨੇ ਦੇਸ਼ ਦੀ ਸਿਆਸਤ 'ਵਿਚ ਆਪਣੀ ਮਜ਼ਬੂਤ ਪਕੜ ਬਣਾਈ ਹੈ, ਨੂੰ ਇਕ ਯੋਗ ਨੇਤਾ ਦੀ ਚੋਣ ਵਿਚ ਮੁਸ਼ਕਲ ਕਿਉਂ ਆ ਰਹੀ ਹੈ? ਕੀ ਪਾਰਟੀ ਦੀ ਨਵੀਂ ਪੀੜ੍ਹੀ ਅਜੇ ਇਸ ਅਹੁਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ, ਜਾਂ ਫਿਰ ਸੀਨੀਅਰ ਨੇਤਾਵਾਂ ਵਿਚ ਕੋਈ ਅਜਿਹਾ ਨਾਂ ਨਹੀਂ ਜੋ ਸਭ ਨੂੰ ਜੋੜ ਸਕੇ? ਇਹ ਸਥਿਤੀ ਪਾਰਟੀ ਦੀ ਅੰਦਰੂਨੀ ਸੰਗਠਨਾਤਮਕ ਕਮਜ਼ੋਰੀ ਨੂੰ ਦਰਸਾਉਂਦੀ ਹੈ, ਜੋ ਆਉਣ ਵਾਲੇ ਸਮੇਂ 'ਚ ਉਸ ਲਈ ਮੁਸ਼ਕਿਲਾਂ ਖੜੀ ਕਰ ਸਕਦੀ ਹੈ।
ਭਾਜਪਾ ਦੀ ਲੀਡਰਸ਼ਿਪ ਰਾਸ਼ਟਰੀ ਪ੍ਰਧਾਨ ਦੀ ਚੋਣ ਨੂੰ ਇਕ ਆਮ ਜਿਹੀ ਗੱਲ ਬਣਾਉਣ 'ਚ ਲੱਗੀ ਜਾਪਦੀ ਹੈ। ਪਿਛਲੇ ਇਕ ਸਾਲ ਤੋਂ ਜੇ.ਪੀ. ਨੱਢਾ ਨੂੰ ਕੰਮਚਲਾਊ ਪ੍ਰਧਾਨ ਵਜੋਂ ਜਾਰੀ ਰੱਖਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਸਮੇਂ ਦੀ ਖੇਡ ਖੇਡ ਰਹੀ ਹੈ। ਜੇਕਰ ਇਹ ਰਣਨੀਤੀ ਹੈ, ਤਾਂ ਪਾਰਟੀ ਸ਼ਾਇਦ ਕਿਸੇ ਵੱਡੇ ਸਿਆਸੀ ਮੌਕੇ ਦੀ ਉਡੀਕ ਕਰ ਰਹੀ ਹੈ। ਪਰ ਜੇਕਰ ਮਜਬੂਰੀ ਹੈ, ਤਾਂ ਇਹ ਭਾਜਪਾ ਦੀ ਅੰਦਰੂਨੀ ਏਕਤਾ ਅਤੇ ਫੈਸਲਾ ਲੈਣ ਦੀ ਸਮਰੱਥਾ 'ਤੇ ਸਵਾਲ ਖੜੇ ਕਰਦੀ ਹੈ।
ਭਾਜਪਾ ਨੂੰ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਸਪਸ਼ਟ ਰਣਨੀਤੀ ਅਤੇ ਸਮਾਂ-ਸੀਮਾ ਨਿਰਧਾਰਤ ਕਰਨੀ ਚਾਹੀਦੀ। ਚੋਣ ਨੂੰ ਲਮਕਾਉਣ ਨਾਲ ਨਾ ਸਿਰਫ਼ ਪਾਰਟੀ ਦੀ ਅੰਦਰੂਨੀ ਸੰਗਠਨਾਤਮਕ ਪ੍ਰਕਿਰਿਆ 'ਤੇ ਸਵਾਲ ਉੱਠਦੇ ਹਨ, ਸਗੋਂ ਵਰਕਰਾਂ ਦਾ ਮਨੋਬਲ ਵੀ ਪ੍ਰਭਾਵਿਤ ਹੋ ਸਕਦਾ ਹੈ। ਜੇਕਰ ਭਾਜਪਾ ਨੂੰ ਆਪਣੀ ਸਿਆਸੀ ਪਕੜ ਮਜ਼ਬੂਤ ਰੱਖਣੀ ਹੈ, ਤਾਂ ਉਸ ਨੂੰ ਜਲਦੀ ਹੀ ਇਸ ਮਸਲੇ ਦਾ ਹੱਲ ਕੱਢਣਾ ਪਵੇਗਾ। ਨਹੀਂ ਤਾਂ, ਇਹ ਦੇਰੀ ਪਾਰਟੀ ਦੀ ਸਾਖ ਅਤੇ ਸੰਗਠਨਾਤਮਕ ਤਾਕਤ ਨੂੰ ਕਮਜ਼ੋਰ ਕਰ ਸਕਦੀ ਹੈ।












Comments (0)