ਕੀ ਚੁਣੌਤੀਆਂ ਹਨ ਨਵੀਂ ਚੁਣੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨੂੰ 

ਕੀ ਚੁਣੌਤੀਆਂ ਹਨ ਨਵੀਂ ਚੁਣੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨੂੰ 

ਬੇਸ਼ੱਕ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੇਠ ਹਰਿਆਣਾ ਦੇ 52 ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਆਇਆ ਹੈ,

..ਪਰ ਆਮਦਨ ਵਾਲੇ ਸਿਰਫ 5 ਗੁਰਦੁਆਰਾ ਸਾਹਿਬ ਨਾਢਾ ਸਾਹਿਬ ਪੰਚਕੂਲਾ, ਸੀਸ ਗੰਜ ਸਾਹਿਬ ਤਰਾਵੜੀ ਕਰਨਾਲ, ਕਪਾਲ ਮੋਚਨ ਸਾਹਿਬ ਯਮੁਨਾਨਗਰ, ਧਮਧਾਨ ਸਾਹਿਬ ਜੀਂਦ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਕੈਥਲ ਆਦਿ ਹੀ ਹਨ ਅਤੇ 47 ਇਤਿਹਾਸਕ ਗੁਰਦੁਆਰਾ ਸਾਹਿਬ ਘੱਟ ਆਮਦਨ ਵਾਲੇ ਹਨ, ਜਿਨ੍ਹਾਂ ਦੇ ਢੁਕਵੇਂ ਅਤੇ ਸੁਚੱਜੇ ਪ੍ਰਬੰਧਾਂ ਦੀ ਬੜੀ ਲੋੜ ਹੈ।

 ਬੇਸ਼ੱਕ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਇਤਿਹਾਸਕ ਗੁਰਦੁਆਰਿਆਂ ਦੀ ਹਜ਼ਾਰਾਂ ਏਕੜ ਖੇਤੀ ਯੋਗ ਜ਼ਮੀਨ ਹੈ, ਪਰ ਇਨ੍ਹਾਂ ਜ਼ਮੀਨਾਂ ਅਤੇ ਹੋਰਨਾਂ ਜਾਇਦਾਦਾਂ ਦੇ ਰਿਕਾਰਡ ਮਾਲ ਮਹਿਕਮੇ ਤੋਂ ਕਰਵਾਉਣ ਦੀ ਵੱਡੀ ਚੁਣੌਤੀ ਵੀ ਕਮੇਟੀ ਨੂੰ ਦਰਪੇਸ਼ ਹੈ। ਹਾਲਾਂਕਿ ਬੈਂਕ ਖਾਤੇ ਪਹਿਲਾਂ ਹੀ ਨਾਂਅ ਕਰਵਾ ਲਏ ਗਏ ਹਨ।

ਇਸ ਤੋਂ ਇਲਾਵਾ ਜਿਹੜੀ ਜ਼ਮੀਨ ਖੇਤੀ ਲਈ ਠੇਕੇ 'ਤੇ ਦਿੱਤੀ ਹੋਈ ਹੈ, ਉਸ ਬਾਰੇ ਵੀ ਪੁਨਰ ਵਿਚਾਰ ਕਰਨ ਦੀ ਲੋੜ ਹੈ, ਜੋ ਮੌਜੂਦਾ ਚੱਲ ਰਹੀ ਠੇਕੇ ਦੀ ਕੀਮਤ ਤੋਂ ਕਾਫੀ ਘੱਟ ਦੱਸੀ ਜਾ ਰਹੀ ਹੈ। ਇਸ ਲਈ ਖ਼ਾਸ ਮਾਹਿਰਾਂ ਦੀ ਸੇਵਾ ਲੈਣ ਦੀ ਲੋੜ ਹੈ। ਇਹ ਚੁਣੌਤੀਆਂ ਤਾਂ ਜ਼ਮੀਨ-ਜਾਇਦਾਦ ਨੂੰ ਲੈ ਕੇ ਹਨ। ਇਸ ਤੋਂ ਇਲਾਵਾ ਹਰਿਆਣਾ ਅੰਦਰ ਕਮੇਟੀ ਦੇ ਪ੍ਰਬੰਧਾਂ ਹੇਠ ਸਿੱਖਿਆ ਸੰਸਥਾਨ ਵੀ ਖੋਲ੍ਹੇ ਜਾਣੇ ਚਾਹੀਦੇ ਹਨ। ਮੌਜੂਦਾ ਸਮੇਂ ਕਮੇਟੀ ਹੇਠ 5 ਸਿੱਖਿਅਕ ਸੰਸਥਾਨ ਹਨ, ਜਿਨ੍ਹਾਂ 'ਚ ਸਿਰਸਾ, ਕੈਥਲ ਅਤੇ ਕਪਾਲ ਮੋਚਨ ਯਮੁਨਾਨਗਰ ਵਿਖੇ ਇਕ-ਇਕ ਸਕੂਲ, ਜਦਕਿ ਪੰਜੋਖਰਾ ਸਾਹਿਬ ਅੰਬਾਲਾ ਅਤੇ ਨਿਸਿੰਘ ਕਰਨਾਲ 'ਚ ਇਕ-ਇਕ ਕਾਲਜ ਹਨ। ਇਸ ਪਾਸੇ ਵੀ ਕਮੇਟੀ ਨੂੰ ਵਿਸ਼ੇਸ਼ ਉਪਰਾਲੇ ਕਰਨੇ ਹੋਣਗੇ। ਇਸ ਤੋਂ ਇਲਾਵਾ ਧਾਰਮਿਕ ਪ੍ਰਚਾਰ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਵੀ ਉਪਰਾਲੇ ਕਰਨੇ ਹੋਣਗੇ ਅਤੇ ਹਰਿਆਣਾ ਸਰਕਾਰ 'ਤੇ ਵੀ ਪੰਜਾਬੀ ਭਾਸ਼ਾ ਨੂੰ ਰਾਜ ਦੀ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਦਬਾਅ ਬਣਾਉਣਾ ਹੋਵੇਗਾ। ਧਾਰਮਿਕ ਪ੍ਰੋਗਰਾਮ ਅਤੇ ਹੋਰ ਵੱਡੇ ਪ੍ਰੋਗਰਾਮ ਰਾਜ ਪੱਧਰ 'ਤੇ ਸ਼ੁਰੂ ਕਰਨ ਦੇ ਉਪਰਾਲੇ ਵੀ ਕਰਨੇ ਹੋਣਗੇ, ਤਾਂ ਕਿ ਰਾਜ ਦੇ ਸਿੱਖ ਨੌਜਵਾਨ ਵੱਧ ਤੋਂ ਵੱਧ ਸਿੱਖੀ ਨਾਲ ਜੁੜਨ।

ਡਾਕਟਰੀ ਸਹੂਲਤਾਂ ਵਿਚ ਵਾਧਾ ਕਰਨ ਲਈ ਵੀ ਨਵੀਂ ਹੋਂਦ ਵਿਚ ਆਉਣ ਵਾਲੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕੰਮ ਕਰਨਾ ਹੋਵੇਗਾ, ਤਾਂ ਕਿ ਹਰਿਆਣਾ ਦੇ ਲੋਕਾਂ ਖ਼ਾਸਕਰ ਸਿੱਖਾਂ ਨੂੰ ਮਿਆਰੀ ਅਤੇ ਸਸਤੀਆਂ ਸਿਹਤ ਸਹੂਲਤਾਂ ਮਿਲ ਸਕਣ। ਮੌਜੂਦਾ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਸਹਾਇਤਾ ਨਾਲ ਸ਼ਾਹਬਾਦ ਮਾਰਕੰਡਾ ਵਿਖੇ ਇਕ ਟਰੱਸਟ ਦੀ ਅਗਵਾਈ ਵਿਚ ਮੀਰੀ-ਪੀਰੀ ਮੈਡੀਕਲ ਹਸਪਤਾਲ ਚੱਲ ਰਿਹਾ ਹੈ, ਇਸ ਟਰੱਸਟ ਵਲੋਂ ਇਕ ਮੈਡੀਕਲ ਕਾਲਜ ਵੀ ਬਣਾਇਆ ਜਾਣਾ ਸੀ, ਪਰ ਸਰਕਾਰੀ ਅੜਚਣਾਂ ਕਾਰਨ ਮੈਡੀਕਲ ਕਾਲਜ ਹੋਂਦ ਵਿਚ ਨਹੀਂ ਆ ਸਕਿਆ, ਜਿਸ ਦਾ ਪ੍ਰਬੰਧ ਲੈਣਾ ਵੀ ਨਵੀਂ ਕਮੇਟੀ ਲਈ ਵੱਡੀ ਚੁਣੌਤੀ ਹੈ। ਧਰਮ ਪ੍ਰਚਾਰ ਵੀ ਨਵੀਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਵੱਡੀ ਜ਼ਿੰਮੇਵਾਰੀ ਹੋਵੇਗੀ। ਇਸ ਤੋਂ ਇਲਾਵਾ ਇਤਿਹਾਸਕ ਗੁਰਦੁਆਰਿਆਂ 'ਚ ਨਵੀਆਂ ਸਰਾਵਾਂ ਬਣਾਉਣ ਅਤੇ ਪੁਰਾਣੀਆਂ ਸਰਾਵਾਂ ਦੀ ਮੁਰੰਮਤ ਦੇ ਵੀ ਵੱਡੇ ਮੁੱਦੇ ਹਨ। 

ਹਰਿਆਣਾ ਗੁਰਦੁਆਰਾ ਕਮੇਟੀ ਕਦੋਂ ਹੋਂਦ ਵਿੱਚ ਆਈ?

11 ਜੁਲਾਈ 2014 ਨੂੰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਪਾਸ ਕੀਤਾ ਸੀ।

ਐੱਚਐੱਸਜੀਐੱਮਸੀ ਐਕਟ, 2014 ਨੂੰ ਹਰਿਆਣਾ ਦੇ ਕਾਨੂੰਨੀ ਅਤੇ ਵਿਧਾਨਕ ਵਿਭਾਗ ਦੁਆਰਾ 14 ਜੁਲਾਈ, 2014 ਨੂੰ ਅਧਿਸੂਚਿਤ ਕਰ ਦਿੱਤਾ ਗਿਆ ਸੀ।

ਇਸ ਮਗਰੋਂ 6 ਅਗਸਤ 2014 ਨੂੰ ਇਸ ਐਕਟ ਦੀ ਕਾਨੂੰਨੀ ਮਾਨਤਾ ਨੂੰ ਸੁਪਰੀਮ ਕੋਰਟ ਵਿੱਚ ਸਿਵਲ ਰਿੱਟ ਪਟੀਸ਼ਨ ਦੇ ਨਾਲ ਚੁਣੌਤੀ ਦਿੱਤੀ ਗਈ ਸੀ ਪਰ 20 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਇਸ ਕਾਨੂੰਨ ਦੀ ਮਾਨਤਾ ਨੂੰ ਬਰਕਰਾਰ ਰੱਖਿਆ ਅਤੇ ਕਮੇਟੀ ਦੇ ਗਠਨ ਲਈ ਰਾਹ ਪੱਧਰਾ ਕਰ ਦਿੱਤਾ ਸੀ।

ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਹੋਂਦ ਵਿੱਚ ਆਇਆ ਤਾਂ ਇਸਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ।

ਇਸ ਵਿਰੋਧ ਦਾ ਕਾਰਨ ਇਹ ਸੀ ਕਿ ਇਸ ਕਾਨੂੰਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸ਼੍ਰੋਮਣੀ  ਕਮੇਟੀ ਅੰਮ੍ਰਿਤਸਰ ਵੱਲੋਂ ਹੀ ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖ ਰੇਖ ਕੀਤੀ ਜਾਂਦੀ ਸੀ।ਆਖ਼ਰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਬਰਕਰਾਰ ਰੱਖਣ ਮਗਰੋਂ ਇਹ ਵਿਵਾਦ ਖ਼ਤਮ ਹੋ ਗਿਆ।