ਬਾਦਲਕੇ ਵਿਰਸਾ ਸਿੰਘ ਵਲਟੋਹਾ ਰਾਹੀਂ ਸਿੰਘ ਸਾਹਿਬਾਨ ਨੂੰ ਬਲੈਕਮੇਲ ਕਰਨ ਲਗੇ
ਮੂਰਖ ਗਣਤ ਗਣਾਇ ਝਗੜਾ ਪਾਇਆ
*ਮਾਫੀ ਤੇ ਸਜ਼ਾ ਤੋਂ ਬਾਅਦ ਨਹੀਂ ਟਲਿਆ ਵਲਟੋਹਾ,ਅਖੇ ਸਿੰਘ ਸਾਹਿਬਾਨ ਦੇ ਭਾਜਪਾ ਨਾਲ ਸਬੰਧ ਬਾਰੇ ਸਬੂਤ ਰਿਲੀਜ਼ ਕਰਾਂਗਾ
*ਬਾਦਲਕੇ ਜਾਣ ਬੁਝਕੇ ਵਲਟੋਹਾ ਬਾਰੇ ਮੂਕ ਦਰਸ਼ਕ ਬਣੇ
*ਸਿੰਘ ਸਾਹਿਬਾਨ ਪੰਥਕ ਸੰਕਟ ਲਈ ਬੁਲਾਉਣਗੇ ਪੰਥਕ ਇਕਠ
ਗੁਰਬਾਣੀ ਦਾ ਫੁਰਮਾਨ ਹੈ ਕਿ ਮੂਰਖ ਵਿਅਕਤੀ ਚੌਧਰ ਦੇ ਹੰਕਾਰ ਵਿਚ ਕਿਸੇ ਨੂੰ ਯੋਗ ਨਹੀਂ ਸਮਝਦਾ।ਝਗੜਾ ਪਾਉਣਾ ਉਸਦਾ ਮਨੋਰਥ ਹੈ।ਪਰ ਆਖਿਰ ਉਸਨੂੰ ਪ੍ਰਾਪਤੀ ਨਹੀਂ ਹੁੰਦੀ।ਝੋਲੀ ਵਿਚ ਹਾਰ ਪੈਂਦੀ ਹੈ।ਗੁਰੂ ਸਾਹਿਬ ਦਾ ਇਹ ਕਥਨ ਵਿਰਸਾ ਸਿੰਘ ਵਲਟੋਹਾ ਉਪਰ ਪੂਰਾ ਢੁਕਦਾ ਹੈ।ਅਸਲ ਵਿਚ ਕਿਸੇ ਨੂੰ ਸ਼ਕ ਹੋਵੇ ਕਿ ਸਿੰਘ ਸਾਹਿਬਾਨ ਉਪਰ ਸੰਘ ਪਰਿਵਾਰ ਤੇ ਭਾਜਪਾ ਨਾਲ ਮਿਲੇ ਹੋਣ ਦਾ ਦੋਸ਼ ਲਗਾਉਣ ਵਾਲਾ ਇਕਲਾ ਵਿਰਸਾ ਸਿੰਘ ਵਲਟੋਹਾ ਹੈ ਤਾਂ ਤੁਸੀਂ ਗਲਤ ਸੋਚਦੇ ਹੋ।ਬਾਦਲ ਪਰਿਵਾਰ ਤੇ ਉਸ ਦੀ ਟੀਮ ਵਲਟੋਹਾ ਦੀ ਇਸ ਨੀਤੀ ਪਿਛੇ ਹੈ ਕਿ ਸਿੰਘ ਸਾਹਿਬਾਨ ਉਪਰ ਘਟੀਆ ਦੋਸ਼ ਲਗਾਕੇ ਸਿੰਘ ਸਾਹਿਬਾਨ ਨੂੰ ਬਦਲ ਦਿਤਾ ਜਾਵੇ,ਉਨ੍ਹਾਂ ਦੀ ਥਾਂ ਆਪਣੇ ਗੁਲਾਮ ਜਥੇਦਾਰ ਸਥਾਪਤ ਕੀਤੇ ਜਾਣ।ਇਸੇ ਕਾਰਣ ਬਾਦਲ ਦਲ ਵਲੋਂ ਵਲਟੋਹੇ ਦੇ ਬਿਆਨ ਦਾ ਵਿਰੋਧ ਨਹੀਂ ਹੋਇਆ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਬਾਦਲਕਿਆਂ ਦੀਆਂ ਅੱਖਾਂ ਵਿਚ ਰੜਕ ਰਹੇ ਹਨ। ਪਹਿਲਾਂ ਬਾਦਲਕਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦੀ ਜਥੇਦਾਰੀ ਤੋਂ ਬਦਲਕੇ ਦਮਦਮਾ ਸਾਹਿਬ ਤਬਦੀਲ ਕਰ ਦਿਤਾ ਸੀ।ਹੁਣ ਸਿੰਘ ਸਾਹਿਬ ਨੂੰ ਲਾਹੁਣ ਦੀਆਂ ਤਿਆਰੀਆਂ ਚਲ ਰਹੀਆਂ ਸਨ।ਇਸੇ ਤਹਿਤ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੰਘ ਸਾਹਿਬਾਨ ਉਪਰ ਦੋਸ਼ ਲਗਾਏ ਕਿ ਉਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕੈਰੀਅਰ ਭਾਜਪਾ ਦੀਆਂ ਹਦਾਇਤਾਂ ਉਪਰ ਤਬਾਹ ਕਰਨਾ ਚਾਹੁੰਦੇ ਹਨ।ਇਸੇ ਕਰਕੇ ਉਹ ਜਲਦੀ ਫੈਸਲਾ ਨਹੀਂ ਕਰ ਰਹੇ।ਸੁਖਬੀਰ ਬਾਦਲ ਨੂੰ ਸਿਰਫ ਧਾਰਮਿਕ ਤਨਖਾਹ ਲਗਣੀ ਚਾਹੀਦੀ ਹੈ।
ਸੁਆਲ ਇਹ ਹੈ ਕਿ ਕੀ ਸਿੰਘ ਸਾਹਿਬਾਨ ਬਾਦਲਕਿਆਂ ਦੇ ਆਦੇਸ਼ ਮੁਤਾਬਕ ਰਹਿਤ ਮਰਿਯਾਦਾ ਘੜ ਸਕਦੇ ਹਨ।ਸੁਖਬੀਰ ਸਿੰਘ ਬਾਦਲ ਦਾ ਕਸੂਰ ਸਿਆਸੀ ਹੈ ,ਕਿਉਂਕਿ ਉਹ ਆਪਣੇ ਰਾਜ ਦੌਰਾਨ ਬੇਅਦਬੀ ਦੇ ਦੋਸ਼ੀ ਹਨ ਤੇ ਆਪਣੀ ਸਤਾ ਦੌਰਾਨ ਸੰਗਤਾਂ ਉਪਰ ਸਿਰਫ ਗੋਲੀ ਚਲਵਾਉਣ ਦੇ ਦੋਸ਼ੀ ਹੀ ਨਹੀਂ, ਸਗੋਂ ਪੰਥਕ ਜਮਾਤ ਅਕਾਲੀ ਦਲ ਨੂੰ ਖਤਮ ਕਰਨ ਦੇ ਵੀ ਦੋਸ਼ੀ ਹਨ।
ਜਦੋਂ ਸਿੰਘ ਸਾਹਿਬਾਨ ਨੇ ਵਲਟੋਹੇ ਨੂੰ ਤਲਬ ਕੀਤਾ ਤਾਂ ਉਹ ਸਿੰਘ ਸਾਹਿਬਾਨ ਉਪਰ ਦੋਸ਼ ਸਿਧ ਨਾ ਕਰ ਸਕਿਆ। ਸਿੰਘ ਸਾਹਿਬਾਨ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਹੁਕਮ ਦਿੱਤਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ।ਇਹ ਵੀ ਕਿਹਾ ਕਿ ਜੇ ਫਿਰ ਵੀ ਇਹ ਆਗੂ ਬਾਜ਼ ਨਾ ਆਇਆ ਤਾਂ ਇਸ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਮਾਮਲੇ ਬਾਰੇ ਵੀ ਇੰਕਸ਼ਾਫ ਕੀਤਾ ਕਿ ਇਸ ਮਾਮਲੇ ਸੰਬੰਧੀ ਜਲਦੀ ਹੀ ਪੰਥਕ ਵਿਦਵਾਨਾਂ ਤੇ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਦੀਆਂ ਇਕੱਤਰਤਾਵਾਂ ਬੁਲਾ ਕੇ ਰਾਇ ਲਈ ਜਾਵੇਗੀ ।
ਇਸ ਤੋਂ ਪਹਿਲਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਆਦੇਸ਼ 'ਤੇ ਸ. ਵਲਟੋਹਾ ਬੀਤੇ ਦਿਨੀਂ ਸਵੇਰੇ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਲਿਖਤੀ ਤੇ ਜ਼ੁਬਾਨੀ ਸਪੱਸ਼ਟੀਕਰਨ ਦੇ ਕੇ ਚਲੇ ਗਏ ਸਨ ।ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਵਲਟੋਹਾ 'ਤੇ ਸਾਬਤ ਹੋਏ ਦੋਸ਼ਾਂ ਵਿਚ ਸੁਖਬੀਰ ਸਿੰਘ ਬਾਦਲ ਦੇ ਮਾਮਲਿਆਂ 'ਤੇ ਸਖ਼ਤ ਫ਼ੈਸਲਾ ਕਰਨ ਲਈ ਭਾਜਪਾ/ ਆਰ. ਐੱਸ. ਐੱਸ. ਵਲੋਂ ਜਥੇਦਾਰ ਸਾਹਿਬਾਨ 'ਤੇ ਦਬਾਅ ਦੇ ਦੋਸ਼ਾਂ ਬਾਰੇ ਉਸ ਵਲੋਂ ਕੋਈ ਠੋਸ ਸਬੂਤ ਪੇਸ਼ ਨਾ ਕਰ ਸਕਣਾ, ਮੇਰੇ ਘਰ ਆ ਕੇ ਸੁਖਬੀਰ ਸਿੰਘ ਬਾਦਲ ਦੇ ਚਲਦੇ ਮਸਲੇ 'ਤੇ ਰਾਜਨੀਤਕ ਫ਼ੈਸਲਾ ਨਾ ਕਰਨ ਲਈ ਧਮਕੀ ਦੇਣਾ ਤੇ ਮੇਰੇ ਨਾਲ ਹੋਈ ਗੱਲਬਾਤ ਦੀ ਬਿਨਾਂ ਦੱਸੇ ਰਿਕਾਰਡਿੰਗ ਕਰਕੇ ਵਿਸ਼ਵਾਸਘਾਤ ਕਰਨਾ, ਸੁਣੀਆਂ-ਸੁਣਾਈਆਂ ਗੱਲਾਂ ਦੇ ਆਧਾਰ 'ਤੇ ਮੀਡੀਆ ਵਿਚ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ, ਜਥੇਦਾਰ ਸਾਹਿਬਾਨ ਦੀਆਂ ਵਿਦੇਸ਼ ਵਿਚ ਜਾਇਦਾਦਾਂ ਸੰਬੰਧੀ ਦਿੱਤੇ ਝੂਠੇ ਬਿਆਨ ਸੰਬੰਧੀ ਕੋਈ ਪੁਖਤਾ ਸਬੂਤ ਪੇਸ਼ ਕਰਨ ਦੀ ਬਜਾਏ ਝੂਠੀਆਂ ਤੇ ਬੇਬੁਨਿਆਦ ਗੱਲਾਂ ਕਰਕੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਜਪਾ/ ਆਰ. ਐੱਸ. ਐੱਸ. ਵਲੋਂ ਦਬਾਅ ਪਾ ਕੇ ਸੁਖਬੀਰ ਨੂੰ ਅਹੁਦੇ ਤੋਂ ਹਟਾਉਣ ਸੰਬੰਧੀ ਵਾਰਤਾਲਾਪ ਦੇ ਝੂਠੇ ਦਾਅਵੇ ਕਰਨਾ ਅਤੇ ਬਤੌਰ ਬੁਲਾਰਾ ਅਕਾਲੀ ਦਲ, ਮੀਡੀਆ ਵਿਚ ਬਦਜ਼ੁਬਾਨੀ ਕਰਕੇ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਭਾਰੀ ਨੁਕਸਾਨ ਕਰਨ ਦੇ ਦੋਸ਼ ਸਾਬਿਤ ਹੁੰਦੇ ਹਨ ।
ਜਥੇਦਾਰ ਨੇ ਕਿਹਾ ਕਿ 10 ਕੁ ਦਿਨ ਪਹਿਲਾਂ ਵਲਟੋਹਾ ਨੇ ਮੇਰੀ ਖ਼ਬਰ ਲੈਣ ਦੇ ਬਹਾਨੇ ਗੱਲਾਂ ਬਾਤਾਂ ਦੌਰਾਨ ਧਮਕੀ ਦਿੱਤੀ ਕਿ ਕਿ ਸੁਖਬੀਰ ਸਿੰਘ ਬਾਦਲ ਖਿਲਾਫ ਕੋਈ ਰਾਜਨੀਤਿਕ ਸਖਤ ਫੈਸਲਾ ਨਾ ਲਿਆ ਜਾਵੇ।ਨਹੀਂ ਤਾਂ ਖੰਡਾ ਖੜਕਾਵਾਂਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਲਟੋਹਾ ਨੇ ਬਿਨਾਂ ਦੱਸੇ ਮੇਰੀ ਰਿਕਾਰਡਿੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨਾਲ ਸਵਾਲ ਜਵਾਬ ਦੀ ਵੀਡੀਓ ਗਰਾਫੀ ਕੀਤੀ ਗਈ।

ਸਿੰਘ ਸਾਹਿਬਾਨ ਨੇ ਕਿਹਾ ਕਿ ਭਾਵੇਂ ਵਿਰਸਾ ਸਿੰਘ ਵਲਟੋਹਾ ਨੇ ਲਿਖਤੀ ਆਪਣੀਆਂ ਗਲਤੀਆਂ ਦੀ ਮੁਆਫੀ ਮੰਗੀ ਹੈ, ਪਰ ਇਸਦੀ ਮੀਡੀਆ ਵਿਚ ਕੀਤੀ ਬਿਆਨਬਾਜ਼ੀ ਨਾਲ ਤਖ਼ਤ ਸਾਹਿਬਾਨ ਦੀ ਮਾਣ-ਮਰਿਆਦਾ ਨੂੰ ਢਾਹ ਲੱਗੀ ਹੈ ।
ਹੁਣ ਸਿੰਘ ਸਾਹਿਬਾਨ ਨੇ ਸਾਫ ਲਫਜਾਂ ਵਿਚ ਕਿਹਾ ਕਿ ਜੇਕਰ ਉਨ੍ਹਾਂ ਉਪਰ ਦਬਾਅ ਪਾਇਆ ਗਿਆ ਉਹ ਅਸਤੀਫਾ ਦੇ ਦੇਣਗੇ।ਇਸ ਦਾ ਸਾਫ ਅਰਥ ਹੈ ਕਿ ਸੁਖਬੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਅਕਾਲ ਤਖਤ ਦੇ ਜਥੇਦਾਰਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ਤੇ ਆਪਣੀ ਮਨ ਮਰਜੀ ਨਾਲ ਫੈਸਲੇ ਅਕਾਲ ਤਖਤ ਤੋਂ ਕਰਾਉਣਾ ਚਾਹੁੰਦੇ ਹਨ।
ਪਰ ਇਹ ਵਕਤ ਬਾਦਲਕਿਆਂ ਦਾ ਨਹੀਂ ਰਿਹਾ।ਸਮੁਚਾ ਸਿਖ ਪੰਥ ਉਨ੍ਹਾਂ ਦੇ ਖਿਲਾਫ ਹੈ।
ਇਸ ਇਕੱਤਰਤਾ ਵਿਚ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਭਾਈ ਸੁਖਦੇਵ ਸਿੰਘ ਵੀ ਸ਼ਾਮਿਲ ਸਨ ।
ਵਲਟੋਹਾ ਨੇ ਅਕਾਲੀ ਦਲ ਛਡਣ ਬਾਅਦ ਜਥੇਦਾਰਾਂ ਖ਼ਿਲਾਫ਼ ਮੁੜ ਤੋਂ ਕੱਢੀ ਭੜਾਸ
ਸ੍ਰੀ ਅਕਾਲ ਤਖਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਆਪ ਹੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਤਲਖ਼ ਤੇਵਰ ਵਿਖਾਉਂਦੇ ਹੋਏ ਨਾ ਸਿਰਫ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਬਲਕਿ ਆਪਣੀ ਪੇਸ਼ੀ ਦੌਰਾਨ ਹੋਈ ਸੁਣਵਾਈ ਦੀ ਪੂਰੀ ਵੀਡੀਓਗਰਾਫੀ ਵੀ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ।
ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਵੀਡੀਓ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਸਿੰਘ ਸਾਹਿਬਾਨ ਸਾਹਮਣੇ ਹੋਈ ਮੇਰੀ ਪੇਸ਼ੀ ਤੋਂ ਬਾਦ ਮੇਰੇ ਬਾਰੇ ਜੋ ਆਦੇਸ਼ ਜਾਰੀ ਕੀਤਾ ਗਿਆ ਹੈ ਉਸ ਨੂੰ ਸਿਰ ਝੁਕਾਕੇ ਪ੍ਰਵਾਨ ਕਰਦਾ ਹਾਂ। ਇਸ ਆਦੇਸ਼ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਵੀ ਸੰਕਟ ਵਿਚ ਪਾਏ ਬਿਨਾਂ ਮੈਂ ਖੁਦ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਦਾ ਹਾਂ। ਮੈਨੂੰ ਪਤਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਮੈਨੂੰ ਹਮੇਸ਼ਾਂ ਹੀ ਪੰਥਕ ਸੋਚ ਵਾਲੇ ਟਕਸਾਲੀ ਅਕਾਲੀ ਦਾ ਦਰਜਾ ਦੇਂਦੀ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਸਿੰਘ ਸਾਹਿਬਾਨ ਦਾ ਆਦੇਸ਼ ਇੱਕ ਨਿਮਾਣੇ ਸਿੱਖ ਦੇ ਤੌਰ ’ਤੇ ਰੂਹ ਤੋਂ ਪ੍ਰਵਾਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਸੰਗਤ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਹੀ ਜਾਂਦਾ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਇੱਕ ਅਕਾਲੀ ਨੂੰ ਅਕਾਲੀ ਦਲ ਨਾਲੋਂ ਤੋੜਣ ਲਈ ਸ਼ਾਇਦ ਸਿੱਖ ਰਾਜਨੀਤੀ ਵਿੱਚ ਇਹ ਪਹਿਲਾ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਆਦੇਸ਼ ਆਇਆ ਹੈ। ਅੱਜ ਅਕਾਲੀ ਵਿਰੋਧੀ ਸ਼ਕਤੀਆਂ ਜਰੂਰ ਖੁਸ਼ ਹੋਣਗੀਆਂ। ਹਾਂ ਗਿਆਨੀ ਹਰਪ੍ਰੀਤ ਹੋਰਾਂ ਨੇ ਅਜਿਹਾ ਆਦੇਸ਼ ਕਰਵਾਕੇ ਅਕਾਲੀ ਸਫਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਹੈ ਪਰ ਤਖ਼ਤਾਂ ਤੋਂ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਕਦਮ ਨਹੀਂ ਚੁੱਕੇ ਜਾਂਦੇ ਸਗੋਂ ਸਿੱਖੀ ਨਾਲ ਜੋੜਣ ਤੇ ਅਕਾਲੀ ਸੋਚ ਨਾਲ ਜੋੜਨ ਦੇ ਯਤਨ ਕੀਤੇ ਜਾਂਦੇ ਰਹੇ ਹਨ।
ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਮੈਂ ਤਾਂ ਅੱਜ ਆਪਣਾ ਪੱਖ ਨਿਮਰਤਾ ਨਾਲ ਸਿੰਘ ਸਾਹਿਬਾਨ ਅੱਗੇ ਰੱਖਿਆ ਸੀ ਜਿਸਦੀ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਸੀ। ਮੈਨੂੰ ਸਿੰਘ ਸਾਹਿਬਾਨ ਨੇ ਪੇਸ਼ੀ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਕਿਹਾ ਸੀ ਕਿ ਤੁਹਾਡੀ ਸਾਰੀ ਸੁਣਵਾਈ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਜੋ ਬਾਅਦ ਵਿੱਚ ਮੀਡੀਆ ਨੂੰ ਜਾਰੀ ਕੀਤੀ ਜਾਵੇਗੀ। ਮੇਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀਡੀਓਗ੍ਰਾਫੀ ਦੀ ਵੀਡੀਓ ਮੀਡੀਆ ਨੂੰ ਜਨਤਕ ਕਰ ਦੀ ਕਿਰਪਾਲਤਾ ਕਰਨ।
ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਮੇਰੀ ਸਪੱਸ਼ਟੀਕਰਨ ਵਾਲੀ ਪੱਤ੍ਰਿਕਾ ਤੇ ਸਬੂਤਾਂ ਵਾਲੀ ਪੈੱਨ ਡਰਾਈਵ ਨਹੀਂ ਜਾਰੀ ਹੁੰਦੀ ਤਾਂ ਮੈਂ ਇਸ ਨੂੰ ਇਹ ਸਭ ਕੁੱਝ ਆਪ ਜਨਤਕ ਕਰ ਦਿਆਂਗਾ।
ਕੀ ਰਾਹ ਹੈ ਸੁਖਬੀਰ ਸਿੰਘ ਬਾਦਲ ਕੋਲ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਇਕੋ ਰਾਹ ਹੈ ਕਿ ਅਕਾਲ ਤਖਤ ਸਾਹਿਬ ਰਾਹੀਂ ਖਾਲਸਾ ਪੰਥ ਅਗੇ ਆਤਮ ਸਮਰਪਣ ਕਰੇ ਕਿ ਜਥੇਦਾਰ ਅਕਾਲੀ ਦਲ ਦੀ ਪੁਨਰ ਸਿਰਜਣਾ ਕਰਨ।ਮੈਂ ਇਕ ਵਰਕਰ ਵਾਂਗ ਸਿਖ ਪੰਥ ਤੇ ਅਕਾਲੀ ਦਲ ਦਾ ਹਿਸਾ ਬਣਾਂਗਾ।ਜੇਕਰ ਅਜਿਹਾ ਨਹੀਂ ਕਰਦੇ ਤਾਂ ਤਨਖਾਹੀਆ ਸ਼ਬਦ ਉਨ੍ਹਾਂ ਨਾਲ ਚੰਬੜਿਆ ਰਹੇਗਾ ਤੇ ਸਿਖ ਕਦੇ ਉਸ ਨੂੰ ਸਵੀਕਾਰ ਨਹੀਂ ਕਰਨਗੇ।
ਸਿਖ ਚਿੰਤਕ ਭਾਈ ਹਰਸਿਮਰਨ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਸਿਖ ਪੰਥ ਦੀ ਸਿਆਸਤ ਵਿਚ ਸੁਪਰ ਤਾਕਤ ਵਜੋਂ ਹੁਣ ਨਹੀਂ ਚਮਕ ਸਕੇਗਾ।ਇਹ ਵਿਚਾਰ ਉਸਨੂੰ ਆਪਣੇ ਮਨ ਵਿਚ ਵਸਾ ਲੈਣਾ ਚਾਹੀਦਾ ਕਿ ਬਾਦਲਕਿਆਂ ਦਾ ਯੁਗ ਬੀਤ ਗਿਆ।ਸਿੰਘ ਸਾਹਿਬਾਨ ਨੂੰ ਇਸ ਮਸਲੇ ਦਾ ਹਲ ਕਰਨ ਲਈ 50 ਸੌ ਦਾ ਪੰਥਕ ਨੁਮਾਇੰਦਾ ਇਕੱਠ ਬੁਲਾਉਣਾ ਚਾਹੀਦਾ ਹੈ ਤੇ ਅਕਾਲੀ ਦਲ ਦੀ ਪੁਨਰ ਸਥਾਪਨਾ ਲਈ ਇਤਿਹਾਸਕ ਰੌਲ ਅਦਾ ਕਰਨਾ ਚਾਹੀਦਾ ਹੈ ਜੋ ਬਾਬਾ ਸਾਹਿਬ ਸਿੰਘ ਬੇਦੀ ਜਥੇਦਾਰ ਅਕਾਲ ਤਖਤ ਨੇ 1799 ਵਿਚ ਸਮੁਚੀਆਂ ਮਿਸਲਾਂ ਇਕਠੀਆਂ ਕਰਕੇ ਪੰਥਕ ਰਾਜਨੀਤੀ ਸਿਰਜੀ ਸੀ ਜਿਸਨੇ ਪੰਥ ਦੀ ਝੋਲੀ ਵਿਚ ਖਾਲਸਾ ਰਾਜ ਪਾਇਆ ਸੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਨਾਇਕ ਦੀ ਸਿਰਜਣਾ ਕੀਤੀ ਸੀ।ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੂੰ ਅਸਤੀਫਾ ਦੇਣ ਲਈ ਬਿਲਕੁਲ ਸੋਚਣਾ ਨਹੀਂ ਚਾਹੀਦਾ ,ਖਾਲਸਾ ਪੰਥ ਲਈ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹੀ ਉਨ੍ਹਾਂ ਦਾ ਇਤਿਹਾਸਕ ਕਾਰਜ ਹੈ।ਗੁਰੂ ਖਾਲਸਾ ਪੰਥ ਉਨ੍ਹਾਂ ਨਾਲ ਹੈ।
ਪੰਥਕ ਵਿਦਵਾਨ ਸਰਦਾਰ ਗੁਰਤੇਜ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਮਵਰ ਆਗੂ ਸ.ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਲਏ ਗਏ ਫ਼ੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਥੇਦਾਰ ਸਿੰਘ ਸਾਹਿਬਾਨ ਦੀ ਦਰਿਆ ਦਿਲੀ ਹੈ ਕਿ ਉਨ੍ਹਾਂ ਨੇ ਵਲਟੋਹਾ ਵੱਲੋਂ ਕੀਤੀਆਂ ਗਈਆਂ ਵੱਡੀਆਂ ਕਰਤੂਤਾਂ ਦੇ ਬਾਵਜੂਦ ਕੇਵਲ ਉਸ ਨੂੰ ਅਕਾਲੀ ਦਲ ’ਚੋਂ ਬਾਹਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਦੋਂ ਕਿ ਪੰਥ ਦੀਆ ਸਭ ਤੋਂ ਵੱਧ ਸਤਿਕਾਰਯੋਗ ਪੰਥਕ ਸ਼ਖ਼ਸੀਅਤਾਂ ਵਜੋਂ ਪੰਥ ਦੀ ਸਿਰਮੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਨ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਿਰਦਾਰਕੁਸ਼ੀ ਦੀ ਵੱਡੀ ਸਾਜ਼ਿਸ਼ ਕੀਤੀ ਹੋਵੇ ਉਹ ਕਿਸੇ ਤਰ੍ਹਾਂ ਵੀ ਪੰਥ ਵਿਚ ਬਣੇ ਰਹਿਣ ਦੇ ਲਾਇਕ ਨਹੀਂ।ਉਨ੍ਹਾਂ ਕਿਹਾ ਕਿ ਕੋਈ ਵੀ ਗੁਰਸਿੱਖ ਸ੍ਰੀ ਤਖ਼ਤ ਸਾਹਿਬਾਨ ਅਤੇ ਜਥੇਦਾਰਾਂ ਖਿਲਾਫ ਕਿਸੇ ਕਿਸਮ ਦੀ ਸਾਜ਼ਿਸ਼ ਘੜਨ ਬਾਰੇ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ। ਇਹ ਬੜੀ ਚਿੰਤਾ ਅਤੇ ਸ਼ਰਮ ਦੀ ਗਲ ਹੈ ਕਿ ਜਿੱਥੇ ਅਕਾਲੀ ਆਗੂਆਂ ਵੱਲੋਂ ਸਿਆਸੀ ਮੁਫ਼ਾਦ ਲਈ ਵਿਰੋਧੀਆਂ ਦੀ ਨਜਾਇਜ਼ ਰਿਕਾਰਡਿੰਗ ਕਰਦਿਆਂ ਵਿਸ਼ਵਾਸਘਾਤ ਦੀ ਆਦਤ ਹੁਣ ਸਿੰਘ ਸਾਹਿਬਾਨ ਤਕ ਪਹੁੰਚ ਗਈ ਹੈ ਜੋ ਅਕਾਲ ਤਖਤ ਸਾਹਿਬ ਨੂੰ ਬਲੈਕਮੇਲ ਕਰਨ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਿਆਸਤ ਨਿਵਾਣਾਂ ਵਲ ਜਾ ਚੁੱਕੀ ਹੈ। ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦਬਾਅ ਪਾਉਣ ਲਈ ਹੀ ਨੀਵੇਂ ਪੱਧਰ ’ਤੇ ਜਾ ਕੇ ਸਾਜ਼ਿਸ਼ ਤਹਿਤ ਰਿਕਾਰਡਿੰਗ ਕੀਤੀ, ਇਸ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਅਤੇ ਇਸ ਗੁਨਾਹ ਲਈ ਸ਼੍ਰੋਮਣੀ ਕਮੇਟੀ ਨੂੰ ਵਲਟੋਹਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
9815700916












Comments (0)