ਵਿਨੇਸ਼ ਫਿਗੋਟ ਤੇ ਉਸਦੇ ਜੋਟੀਦਾਰ ਹਰਿਆਣੇ ਵਿਚ ਭਾਜਪਾ ਲਈ ਸਿਆਸੀ ਚੈਲਿੰਜ ਬਣੇ

ਵਿਨੇਸ਼ ਫਿਗੋਟ ਤੇ ਉਸਦੇ ਜੋਟੀਦਾਰ ਹਰਿਆਣੇ ਵਿਚ ਭਾਜਪਾ ਲਈ ਸਿਆਸੀ ਚੈਲਿੰਜ ਬਣੇ

*ਕਾਂਗਰਸ ਦੀ ਫਿਗੋਟ ਨਾਲ ਹਮਦਰਦੀ,ਜਾਟ ਵੋਟਾਂ ਨੂੰ ਉਤਸ਼ਾਹਿਤ ਕਰਨ ਲਗੀ

ਉਲੰਪਿਅਨ ਪਹਿਲਵਾਨ ਵਿਨੇਸ਼ ਫੋਗਾਟ ਦੇ ਪੈਰਿਸ ਤੋਂ ਦਿੱਲੀ ਪੁੱਜਣ ਦੇ ਨਾਲ ਹੀ ਹਰਿਆਣਾ 'ਚ ਸਿਆਸੀ ਪਾਰਾ ਵਧ ਗਿਆ ਹੈ। ਉਨ੍ਹਾਂ ਦੇ ਨਾਲ ਸਾਥੀ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੀ ਸਨ। ਹੁੱਡਾ ਨੇ ਉਲੰਪੀਅਨ ਵਿਨੇਸ਼ ਫੋਗਾਟ ਦੇ ਸਵਾਗਤ ਲਈ ਨਵੀਂ ਦਿੱਲੀ ਹਵਾਈ ਅੱਡੇ ਤੋਂ ਹਰਿਆਣਾ ਤੱਕ ਇਕ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ। ਇਹ ਕਦਮ ਕਾਂਗਰਸ ਦੀ ਉਸ ਵੱਡੀ ਰਣਨੀਤੀ ਦਾ ਹਿੱਸਾ ਹੈ, ਜਿਸ ਨੇ ਉਸ ਨੂੰ ਹਰਿਆਣਾ ਵਿਚ 1 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਘੇਰਨ ਲਈ ਬਣਾਇਆ ਹੈ। 

ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿੰਅਕਾ ਗਾਂਧੀ ਵਾਡਰਾ ਅਤੇ ਹਰਿਆਣਾ ਕਾਂਗਰਸ ਦੇ ਕਈ ਆਗੂਆਂ ਨੇ ਫੋਗਾਟ ਲਈ ਨਿਆਂ ਦੀ ਮੰਗ ਕੀਤੀ। ਇਸ ਮੁੱਦੇ ਨੂੰ ਉਭਾਰ ਕੇ ਕਾਂਗਰਸ ਹਰਿਆਣਾ 'ਚ ਜਾਟਾਂ ਅਤੇ ਔਰਤਾਂ ਦੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਇੱਛਾ ਰੱਖਦੀ ਹੈ। ਕਾਂਗਰਸ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕਾਨੂੰਨੀ ਗਾਰੰਟੀ ਲਈ ਕਿਸਾਨਾਂ ਦੀ ਮੰਗ 'ਤੇ ਵੀ ਭਾਜਪਾ ਨੂੰ ਨਿਸ਼ਾਨਾ ਬਣਾ ਸਕਦੀ ਹੈ, ਜਦੋਂ ਕਿ ਰਾਜ ਸਰਕਾਰ ਨੇ ਹਾਲ ਹੀ 'ਚ ਸਾਰੀਆਂ 24 ਫ਼ਸਲਾਂ ਦੀ ਐੱਮ.ਐੱਸ.ਪੀ. 'ਤੇ ਖ਼ਰੀਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਵਿਨੇਸ਼ ਫੋਗਾਟ ਦੇ ਨਾਲ ਉਲੰਪਿਕ ਚਾਂਦੀ ਤਗਮਾ ਜੇਤੂ ਦੀ ਤਰ੍ਹਾਂ ਵਰਤਾਓ ਕੀਤਾ ਜਾਵੇਗਾ, ਭਾਵੇਂ ਹੀ ਖੇਡ ਅਦਾਲਤ ਨੇ ਪੈਰਿਸ ਉਲੰਪਿਕ ਦੀ 50 ਕਿੱਲੋ ਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੀ ਸ਼੍ਰੇਣੀ 'ਚ ਸਾਂਝੇ ਚਾਂਦੀ ਦੇ ਤਗਮੇ ਲਈ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ.