ਵਿਕਰਮਜੀਤ ਸਿੰਘ ਸਾਹਨੀ ਵਲੋਂ ਡਾ. ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਸਥਾਪਤ ਕਰਣ ਦੀ ਮੰਗ 

ਵਿਕਰਮਜੀਤ ਸਿੰਘ ਸਾਹਨੀ ਵਲੋਂ ਡਾ. ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਸਥਾਪਤ ਕਰਣ ਦੀ ਮੰਗ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 30 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਤੋਂ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਸਰਕਾਰ ਨੂੰ ਡਾ: ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਦੀ ਸਥਾਪਨਾ ਕਰਨ ਅਤੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੇ ਨੇੜੇ ਦਵਾਰਕਾ ਵਿੱਚ ਨਵੇਂ ਡਿਪਲੋਮੈਟਿਕ ਖੇਤਰ ਵਿੱਚ ਇਸ ਲਈ ਢੁਕਵੀਂ ਜ਼ਮੀਨ ਅਲਾਟ ਕਰਨ ਦੀ ਅਪੀਲ ਕੀਤੀ ਹੈ।
ਡਾ: ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਡਾ. ਮਨਮੋਹਨ ਸਿੰਘ ਇੱਕ ਉੱਘੇ ਵਿਦਵਾਨ ਸਨ ਜਿਨ੍ਹਾਂ ਨੇ ਕੈਂਬਰਿਜ ਅਤੇ ਆਕਸਫੋਰਡ ਤੋਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ। 1991 ਵਿੱਚ ਭਾਰਤ ਦੇ ਵਿੱਤ ਮੰਤਰੀ ਦੇ ਰੂਪ ਵਿੱਚ, ਭਾਰਤ ਨੂੰ ਉਦਾਰੀਕਰਨ ਦੇ ਰਾਹ ਤੇ ਤੋਰਿਆ ਸੀ। ਇੱਕ ਸਮੇਂ ਦੇ ਦੌਰਾਨ ਜਦੋਂ ਭਾਰਤੀ ਅਰਥਚਾਰੇ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਡਾ. ਸਿੰਘ ਨੇ ਪ੍ਰਗਤੀਸ਼ੀਲ ਆਰਥਿਕ ਨੀਤੀਆਂ ਪੇਸ਼ ਕੀਤੀਆਂ ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਹਾਮਤ ਨੂੰ ਅਹਿਮ ਤਬਦੀਲੀ ਦੇ ਰਾਹ ਪਾਇਆ।
ਡਾ: ਸਾਹਨੀ ਨੇ ਪ੍ਰਸਤਾਵ ਰੱਖਿਆ ਕਿ ਅਜਿਹੀ ਸੰਸਥਾ ਦੀ ਸਥਾਪਨਾ ਡਾ: ਮਨਮੋਹਨ ਸਿੰਘ ਦੀ ਵਿਰਾਸਤ ਨੂੰ ਅਕੀਦਾ ਪੇਸ਼ ਕਰਨ ਦੇ ਤੁੱਲ ਹੋਵੇਗੀ। ਇਹ ਹਜ਼ਾਰਾਂ ਨੌਜਵਾਨ ਦਿਮਾਗਾਂ ਨੂੰ ਡਾ. ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਵਿੱਚ ਮਾਸਟਰਜ਼ ਅਤੇ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਉਪਰੰਤ ਪੂੰਜੀਵਾਦ ਅਤੇ ਸਮਾਜਵਾਦ ਵਿਚਕਾਰ ਸੰਤੁਲਨ ਦਾ ਅਧਿਐਨ ਕਰਨ ਅਤੇ ਸਮਝਣ ਦਾ ਮੌਕਾ ਪ੍ਰਦਾਨ ਕਰੇਗਾ।
ਡਾ: ਸਾਹਨੀ ਨੇ ਅੱਗੇ ਕਿਹਾ ਕਿ ਸ਼੍ਰੀ ਤਰਲੋਚਨ ਸਿੰਘ ਸਮੇਤ ਕਈ ਉੱਘੇ ਭਾਈਚਾਰਕ ਆਗੂ, ਰਾਸ਼ਟਰੀ ਰਾਜਧਾਨੀ ਵਿੱਚ ਡਾ: ਮਨਮੋਹਨ ਸਿੰਘ ਦੇ ਨਾਮ 'ਤੇ ਸਿੱਖਣ ਦਾ ਇੱਕ ਵੱਕਾਰੀ ਕੇਂਦਰ ਬਣਾਉਣ ਦੇ ਵਿਚਾਰ ਦੀ ਹਮਾਇਤ ਕਰਦੇ ਹਨ।