ਅਮਰੀਕਾ ਦੇ ਅਕਰੋਨ ਸ਼ਹਿਰ ਵਿਚ ਅੰਧਾਧੁੰਦ ਗੋਲੀਬਾਰੀ ਵਿਚ ਇਕ ਦੀ ਮੌਤ ਤੇ 24 ਹੋਰ ਜ਼ਖਮੀ

ਅਮਰੀਕਾ ਦੇ ਅਕਰੋਨ ਸ਼ਹਿਰ ਵਿਚ ਅੰਧਾਧੁੰਦ ਗੋਲੀਬਾਰੀ ਵਿਚ ਇਕ ਦੀ ਮੌਤ ਤੇ 24 ਹੋਰ ਜ਼ਖਮੀ
ਕੈਪਸ਼ਨ ਅਕਰੋਨ ਵਿਚ ਗੋਲੀਬਾਰੀ ਉਪਰੰਤ ਮੌਕੇ 'ਤੇ ਤਾਇਨਾਤ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਓਹੀਓ ਰਾਜ ਦੇ ਸ਼ਹਿਰ ਅਕਰੋਨ ਵਿਚ ਤੜਕਸਾਰ ਅੰਧਾਧੁੰਦ ਗੋਲੀਬਾਰੀ ਹੋਣ ਦੀ ਖਬਰ ਹੈ ਜਿਸ ਵਿਚ ਇਕ ਵਿਅਕਤੀ ਦੇ ਮੌਤ ਹੋ ਜਾਣ ਤੇ 24 ਹੋਰ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ਹਿਰ ਦੇ ਮੇਅਰ ਤੇ ਪੁਲਿਸ ਮੁੱਖੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਧੀ ਰਾਤ ਬਾਅਦ ਕੈਲੀ ਐਵਨਿਊ ਤੇ ਏਟਥ ਐਵਨਿਊ ਵਿਖੇ ਹੋਈ ਗੋਲੀਬਾਰੀ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ 'ਤੇ ਪੁੱਜੇ। ਪੁਲਿਸ ਅਨੁਸਾਰ ਇਸ ਘਟਨਾ ਵਿਚ ਕੁਲ 25 ਵਿਅਕਤੀ ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ ਹਨ ਜਿਨਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਮੇਅਰ ਸ਼ਮਾਸ ਮਲਿਕ ਤੇ ਪੁਲਿਸ ਮੁੱਖੀ ਬਰੀਅਨ ਹਾਰਡਿੰਗ ਨੇ ਕਿਹਾ ਹੈ ਕਿ ਘਟਨਾ ਲਈ ਜਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਕੋਲ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਹੋਰ ਘਟਨਾਵਾਂ ਨੂੰ ਰੋਕਿਆ ਜਾ ਸਕੇ। ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਜਾਰੀ ਹੈ ਤੇ ਅਜੇ ਇਸ ਸਬੰਧੀ ਕੋਈ ਸੂਹ ਜਾਂ ਜਾਣਕਾਰੀ ਨਹੀਂ ਮਿਲੀ ਹੈ।