ਵਰਲਡ ਸਿੱਖ ਫੈਡਰੇਸ਼ਨ ਯੂ.ਐੱਸ.ਏ ਵਲੋਂ ਪ੍ਰਮਾਣੀਕ ਗੁਰਬਾਣੀ ਸੰਪਾਦਨ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਮੁੜ ਸੁਰਜੀਤੀ ਬਾਰੇ ਮਿਲਪੀਟਸ ਸ਼ਹਿਰ ਵਿਖੇ ਪ੍ਰਭਾਵਸ਼ਾਲੀ ਸੈਮੀਨਾਰ ਆਯੋਜਿਤ ਹੋਇਆ !
*ਜੈਕਾਰਿਆਂ ਦੀ ਗੂੰਜ ਵਿੱਚ ਤਿੰਨ ਮਤੇ ਪਾਸ*
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਗੁਰਮਤਿ ਪ੍ਰਚਾਰ ਪਸਾਰ ਨੂੰ ਸਮਰਪਿਤ ਕਾਰੋਬਾਰੀ ਸਿੱਖ ਨੌਜਵਾਨਾਂ ਦੀ ਜਥੇਬੰਦੀ ਵਰਲਡ ਸਿੱਖ ਫੈਡਰੇਸ਼ਨ ਦੇ ਉੱਤਰੀ ਅਮਰੀਕਾ ਜਥੇ ਵਲੋਂ ਕੈਲੀਫੋਰਨਿਆਂ ਦੇ ਸ਼ਹਿਰ ਮਿਲਪੀਟਸ ਦੇ ਇੰਡੀਅਨ ਕਮਿਊਨਿਟੀ ਸੈਂਟਰ ਵਿੱਚ ਪ੍ਰਭਾਵਸ਼ਾਲੀ ਸੈਮੀਨਾਰ ਆਯੋਜਿਤ ਕੀਤਾ ਗਿਆ।ਸਿੱਖ ਜਗਤ ਦੇ ਚਲੰਤ ਮਾਮਲਿਆਂ ਬਾਰੇ ਇਸ ਇਕੱਠ ਵਿੱਚ ਨਿੱਠ ਕੇ ਵਿਚਾਰ-ਮੰਥਨ ਕੀਤਾ ਗਿਆ।ਮਿੱਥੇ ਗਏ ਸਮੇਂ ’ਤੇ ਸ਼ਾਮ ਪੰਜ ਵਜੇ ਚਾਹ-ਪਾਣੀ ਛਕਣ ਉਪਰੰਤ ‘ਗੁਰਮਤਿ ਟੀ.ਵੀ’ ਦੇ ਐਂਕਰ ਭਾਈ ਜਗਮੋਹਨ ਸਿੰਘ ਟੁੱਟ ਨੇ ਸੈਮੀਨਾਰ ਦੀ ਅਰੰਭਤਾ ਵਿੱਚ ਇਸਾਈਅਤ ਤੋਂ ਸਿੱਖ ਧਰਮ ਗ੍ਰਹਿਣ ਕਰਨ ਵਾਲ਼ੀ ਬੀਬੀ ਹਰਸਿਮਰਤ ਕੌਰ ਨੂੰ ਸੱਦਾ ਦਿੱਤਾ ਜਿਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਬਾਰੇ ਆਪਣੇ ਵਿਚਾਰ ਦੱਸੇ।ਉਨ੍ਹਾਂ ਤੋਂ ਬਾਅਦ ਖਗੋਲ ਅਤੇ ਭੂਗੋਲ ਵਿਸ਼ਿਆਂ ਦੇ ਮਾਹਰ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਨੇ ਪੂਰੇ ਵੇਰਵੇ ਸਾਂਝੇ ਕੀਤੇ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਬੇਲੋੜਾ ਵਿਰੋਧ ਕਰ ਰਹੇ ਕੁੱਝ ‘ਵਿਦਵਾਨਾਂ’ ਨਾਲ ਬੀਤੇ ਬਾਰਾਂ ਸਾਲਾਂ ਤੋਂ ਹੀ ਕੈਲੰਡਰ ਬਾਬਤ ਖਤੋ-ਖਤਾਬਤ ਕਰਦੇ ਆ ਰਹੇ ਹਨ।ਨਾਨਕਸ਼ਾਹੀ ਕੈਲੰਡਰ ਦੇ ਰਚਣਹਾਰੇ ਭਾਈ ਪਾਲ ਸਿੰਘ ਪੁਰੇਵਾਲ ਵਲੋਂ ਕੈਲੰਡਰ ਬਾਰੇ ਅਧਿਕਾਰਕ ਕੀਤੇ ਗਏ ਹੋਏ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਨੇ ਇੰਕਸ਼ਾਫ ਕੀਤਾ ਕਿ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਕਈ ਸਕੱਤਰ ਸਾਹਿਬਾਨਾਂ ਵਲੋਂ ਮੂਲ਼ ਨਾਨਕਸ਼ਾਹੀ ਕੈਲੰਡਰ ਬਾਰੇ ਅਕਸਰ ਪੁੱਛੇ ਜਾਂਦੇ ਸਾਰੇ ਸਵਾਲਾਂ ਦਾ ਉਹ ਤੱਥਾਂ ਦਲੀਲਾਂ ਸਹਿਤ ਜਵਾਬ ਦੇ ਦਿੰਦੇ ਹਨ ਪਰ ਫਿਰ ਅੱਗਿਉਂ ਸਾਜ਼ਿਸ਼ੀ ਚੁੱਪ ਵੱਟ ਲਈ ਜਾਂਦੀ ਹੈ।ਉਨ੍ਹਾਂ ਤਾਜ਼ੀ ਮਿਸਾਲ ਦਿੱਤੀ ਕਿ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਰਤ ਤੋਂ ਸਿੱਖ ਜਥਿਆਂ ਦੇ ਪਾਕਿਸਤਾਨ ਜਾਣ ਵੇਲ਼ੇ ਭਸੂੜੀ ਪਈ ਹੈ,ਇਸਦਾ ਕਾਰਨ ਵੀ ਸ਼੍ਰੋਮਣੀ ਕਮੇਟੀ ਵਲੋਂ ਅਸਲ ਨਾਨਕਸ਼ਾਹੀ ਕੈਲੰਡਰ ਦਾ ਤਿਆਗ ਕਰਨਾ ਹੀ ਹੈ। ਫਿਰ ਭਾਈ ਸੁਖਦੇਵ ਸਿੰਘ ਖਾਲਸਾ ਨੇ ਸਿੱਖ ਸਮਾਜ ਵਿੱਚ ਕੌੜੀ ਵੇਲ ਵਾਂਗ ਵਧੇ ਹੋਏ ਡੇਰਾ ਵਾਦ ਬਾਰੇ ਇਤਹਾਸਿਕ ਹਵਾਲੇ ਦਿੰਦੇ ਹੋਏ ਦੱਸਿਆ ਕਿ ਸਿੱਖਾਂ ਨੂੰ ਕੇਵਲ ਤੇ ਕੇਵਲ ਸ਼ਬਦ ਗੁਰੂ ਦੇ ਪੈਰੋਕਾਰ ਬਣਾਇਆ ਗਿਆ ਹੈ ਪਰ ਹਰੇਕ ਸਾਧ ਬਾਬੇ ਨੇ ਭਾਵੇਂ ਆਪਣੇ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ ਪਰ ਉਹ ਆਪਣੀ ਸਿੱਖੀ-ਸੇਵਕੀ ਨਾਲ ਦੇਹਧਾਰੀ ਗੁਰੂ ਵਾਂਗ ਹੀ ਪੇਸ਼ ਆਉਂਦੇ ਹਨ!ਉਨਾਂ ਤੋਂ ਬਾਅਦ ਭਾਈ ਵਰਿੰਦਰ ਸਿੰਘ ਗੋਲਡੀ ਨੇ ਸ੍ਰੀ ਗੁਰ ਸੋਭਾ, ਮਹਿਮਾ ਪ੍ਰਕਾਸ਼,ਗੁਰਪ੍ਰਤਾਪ ਸੂਰਜ ਅਤੇ ਗੁਰਬਿਲਾਸ ਛੇਵੀਂ ਪਾਤਸ਼ਾਹੀ ਵਰਗੇ ਕਈ ਪੁਰਾਤਨ ਗ੍ਰੰਥਾਂ ਵਿੱਚੋਂ ਟੂਕਾਂ ਦੇ ਦੇ ਕੇ ਦੱਸਿਆ ਕਿ ਕਿਵੇਂ ਉਨ੍ਹਾਂ ਵਿੱਚ ਗੁਰਮਤਿ ਆਸ਼ੇ ਦੇ ਉਲਟ ਗੱਲਾਂ ਲਿਖੀਆਂ ਹੋਈਆਂ ਹਨ।ਭਾਈ ਗੋਲਡੀ ਨੇ ਸਪਸ਼ਟ ਕਿਹਾ ਕਿ ਸਿੱਖ ਸਾਹਿਤ ਦੇ ਇਸ ਅਮੁੱਲੇ ਖਜਾਨੇ ਨੂੰ ਸਮੁੱਚੇ ਰੂਪ ਵਿੱਚ ਹੀ ਨਾ ਤਿਆਗਿਆ ਜਾ ਸਕਦਾ ਹੈ ਅਤੇ ਨਾ ਹੀ ਪ੍ਰਵਾਨ ਕੀਤਾ ਜਾ ਸਕਦਾ ਹੈ, ਬਸ ਇਨ੍ਹਾਂ ਦਾ ਕੱਚ-ਸੱਚ ਪਰਖਣ ਲਈ ਸਾਡੇ ਕੋਲ ਗੁਰਬਾਣੀ ਦੀ ਕਸਵੱਟੀ ਮੌਜੂਦ ਹੈ।ਉੱਘੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰੂਨੀ ਸੰਪਾਦਨ-ਵਿਧੀ ਵਿਧਾਨ ਬਾਰੇ ਚਾਨਣਾ ਪਾਉਂਦਿਆਂ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਲੋਂ ਅਨੰਦ ਸਾਹਿਬ ਬਾਣੀ ਦੀਆਂ ਮਗਰਲੀਆਂ ਪਉੜੀਆਂ ਬਾਰੇ ਗਲ੍ਹਤ ਜਾਣਕਾਰੀ ਦੇਣ ਦਾ ਮੁੱਦਾ ਵੀ ਛੂਹਿਆ। ਭਾਈ ਸਭਰਾ ਨੇ ਗੁਰਬਾਣੀ ਵਿੱਚ ਕਬੀਰ ਸਾਹਿਬ ਦੇ ਸ਼ਬਦ ਨਾਲ ਪੰਜਵੇਂ ਪਾਤਸ਼ਾਹ ਵਲੋਂ ਦਿੱਤੇ ਗਏੇ ਸਿਰਲੇਖ ‘ਨਾਲ਼ ਰਲਾਇ ਲਿਖਿਆ ਮਹਲਾ ਪੰਜਵਾਂ’ ਦਾ ਉਲੇਖ ਕਰਦਿਆਂ ਦੱਸਿਆ ਕਿ ਗੁਰਬਾਣੀ ਦੇ ਰਚਣਹਾਰਿਆਂ ਨੇ ਕਿਸੇ ਕਿਸਮ ਦੇ ਭੁਲੇਖੇ ਦੀ ਗੁੰਜਾਇਸ਼ ਹੀ ਨਹੀਂ ਰੱਖੀ। ਸਭਰਾ ਜੀ ਤੋਂ ਮਗਰੋਂ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਬਾਰੇ ਇਤਹਾਸਿਕ ਅਤੇ ਗੁਰਬਾਣੀ ਦੇ ਹਵਾਲਿਆਂ ਨਾਲ ਬੜਾ ਪ੍ਰਭਾਵਸ਼ਾਲੀ ਵਿਆਖਿਆਨ ਦਿੱਤਾ।ਉਨ੍ਹਾਂ ਵਿਲੱਖਣ ਅੰਦਾਜ਼ ਨਾਲ ਵਿਚਾਰ ਪ੍ਰਗਟਾਉਂਦਿਆਂ ਦੱਸਿਆ ਕਿ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਸਾਡੇ ਵਡਾਰੂਆਂ ਨੇ ਇਹ ਸਪਸ਼ਟ ਲਿਖਿਆ ਹੋਇਆ ਹੈ ਕਿ ਗੁਰੂ ਮਹਾਰਾਜ ਦੇ ਤੁਲ ਹੋਰ ਕਿਸੇ ਵੀ ਗ੍ਰੰਥ ਨੂੰ ਸਥਾਪਨ ਨਹੀਂ ਕੀਤਾ ਜਾ ਸਕਦਾ।ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਦਾਅਵਾ ਕਰਦਿਆਂ ਰਹਿਤ ਮਰਿਆਦਾ ਨੂੰ ਨਾ ਸਵੀਕਾਰਨ ਵਾਲਿਆਂ ਬਹੁਤੇ ਡੇਰੇਦਾਰਾਂ ਨੂੰ ਉਨ੍ਹਾਂ ਸਵਾਲ ਕੀਤਾ ਕਿ ਉਹ ‘ਸਮਰਪਿਤ ਹੋਣ’ ਦੇ ਅਰਥ ਤਾਂ ਸਮਝਾ ਦੇਣ ? ਰਾਤ ਦਸ ਵਜੇ ਤੱਕ ਬੜੀ ਸੰਜੀਦਗੀ ਨਾਲ ਚੱਲੇ ਇਸ ਸਮਾਗਮ ਦੇ ਅਖੀਰ ਵਿੱਚ ਤਿੰਨ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਸ਼ੁੱਧਤਾ ਨੂੰ ਸਦੀਵ ਕਾਲ ਤਾਈਂ ਕਾਇਮ ਰੱਖਣ ਲਈ ਹੱਥੀਂ ਉਤਾਰੇ ਕਰਨ ਵਾਲ਼ਿਆਂ ਜਾਂ ਛਾਪੇ ਖਾਨੇ ਵਾਲ਼ਿਆਂ ਤੋਂ ਜਾਣੇ.ਅਣਜਾਣੇ ਹੋਈਆਂ ਭੁੱਲਾਂ ਦੀ ਸੁਧਾਈ ਵਾਸਤੇ ਵਿਆਕਰਣਿਕ ਮਾਹਰਾਂ ਦੀ ਕਮੇਟੀ ਬਣਾਈ ਜਾਵੇ।ਦੂਜੇ ਮਤੇ ਵਿੱਚ ਪੰਜਵੇਂ ਗੁਰੂ ਜੀ ਵਲੋਂ ਭਾਈ ਗੁਰਦਾਸ ਜੀ ਤੋਂ ਗੁਰਬਾਣੀ ਲਿਖਾਉਣ ਮੌਕੇ ਮੰਗਲ਼ਾਂ ਨੂੰ ਅੰਗ ਦੇ ਉੱਪਰ ਸੱਜੇ ਪਾਸੇ ਪਹਿਲਾਂ ਲਿਖਾਉਣ ਦੀ ਪ੍ਰਵਾਨੀ ਹੋਈ ਵਿਧੀ ਮੁੜ ਸਥਾਪਤ ਕੀਤੀ ਜਾਵੇ।ਇਸ ਮੌਕੇ ਜੇਤੂ ਰਹੇ ਕਿਸਾਨੀ ਸੰਘਰਸ਼ ਵਿੱਚ ਪ੍ਰਮੁੱਖ ਸੇਵਾਵਾਂ ਨਿਭਾਉਣ ਵਾਲ਼ੇ ਡਾਕਟਰ ਸਵੈਮਾਨ ਸਿੰਘ ਅਤੇ ਤਰਲੋਚਨ ਸਿੰਘ ‘ਦੁਪਾਲ ਪੁਰ’ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਤੀਸਰੇ ਮਤੇ ਵਿੱਚ ਮੂਲ਼ ਨਾਨਕਸ਼ਾਹੀ ਕੈਲੰਡਰ ਨੂੰ ਫੌਰੀ ਤੌਰ ’ਤੇ ਮੁੜ ਲਾਗੂ ਕਰਨ ਦੀ ਅਪੀਲ ਕੀਤੀ ਗਈ ਤਾਂ ਕਿ ਗੁਰਪੁਰਬ ਅਤੇ ਹੋਰ ਇਤਹਾਸਿਕ ਦਿਹਾੜੇ ਮਨਾਉਣ ਵੇਲੇ ਕੋਈ ਦੁਬਿਧਾ ਨਾ ਖੜ੍ਹੀ ਹੋਵੇ।ਅੰਤ ਵਿੱਚ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਭਾਈ ਹਰਬਖਸ਼ ਸਿੰਘ ਰਾਊਕੇ ਨੇ ਬੁਲਾਰਿਆਂ ਦੇ ਨਾਲ ਨਾਲ ਸ੍ਰੋਤਿਆਂ ਅਤੇ ‘ਓਮਨੀ ਵੀਡੀਉ ਐਂਡ ਫੋਟੋਗ੍ਰਾਫੀ’ ਦੇ ਸ਼ਿਆਰਾ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ।ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।











Comments (0)