ਯੂ ਐਸ-ਇੰਡੀਆ ਕਾਨਫਰੰਸ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧ ਆਮ ਵਾਂਗ ਬਣਾਉਣ ਦਾ ਸੱਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਆਲ ਇੰਡੀਆ ਮੈਨਜਮੈਂਟ ਐਸੋਸੀਏਸ਼ਨ ( ਏ ਆਈ ਐਮ ਏ) ਵੱਲੋਂ ਕਰਵਾਈ 8 ਵੀਂ ਯੂ ਐਸ-ਇੰਡਿਆ ਕਾਨਫਰੰਸ ਵਿੱਚ ਭਾਰਤ ਤੇ ਅਮਰੀਕਾ ਵਿਚਾਲੇ ਵਪਾਰਕ ਸਬੰਧ ਆਮ ਵਾਂਗ ਬਣਾਉਣ ਦੀ ਲੋੜ ਉਪਰ ਜੋਰ ਦਿੰਦਿਆਂ ਤਕਨੀਕ ਤੇ ਨਵੀਨਤਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਯੁਨੀਵਰਸਿਟੀ ਆਫ ਕੈਲੀਫੋਰਨੀਆ ਸਾਂਤਾ ਕਰੂਜ਼ ਸਿਲੀਕੋਨ ਵੈਲੀ ਕੈਂਪਸ ਵਿੱਚ ਹੋਈ ਕਾਨਫਰੰਸ ਦਾ ਵਿਸ਼ਾ 'ਯੂ ਐਸ-ਇੰਡੀਆ ਸਬੰਧਾਂ ਦਾ ਸਧਾਰਨੀਕਰਨ ਜਾਂ ਮੁੜ ਸਥਾਪਤੀ' ਸੀ। ਕਾਨਫਰੰਸ ਵਿੱਚ ਯੂ ਐਸ ਸਾਂਤਾ ਕਰੂਜ਼ ਚਾਂਸਲਰ ਸਿਨਥੀਆ ਲਰੀਵ, ਏ ਆਈ ਐਮ ਏ ਡਾਇਰੈਕਟਰ ਜਨਰਲ ਰੇਖਾ ਸੇਠੀ ਤੇ ਏ ਆਈ ਐਮ ਏ ਪ੍ਰਧਾਨ ਤੇ ਟਾਟਾ ਸਟੀਲ ਸੀ ਈ ਓ ਟੀ ਵੀ ਨਾਰੇਂਦਰਨ ਨੇ ਰਵਾਇਤੀ ਵਪਾਰਕ ਸਬੰਧਾਂ ਨੂੰ ਗਿਆਨ ਅਧਾਰਤ ਗਠਜੋੜ ਵਿੱਚ ਤਬਦੀਲ ਕਰਨ ਦਾ ਸੱਦਾ ਦਿੱਤਾ। ਸੁਨੀਲ ਕਾਂਤ ਮੁੰਜਾਲ ਚੇਅਰਮੈਨ ਹੀਰੋ ਇੰਟਰਪ੍ਰਾਈਜਜ ਤੇ ਏ ਆਈ ਐਮ ਏ ਇੰਟਰਨੈਸ਼ਨਲ ਨੇ ਕਿਹਾ ਕਿ ਲੋਕ ਭਲਾਈ ਵਚਨਬੱਧਤਾ ਨੂੰ ਪੂਰਾ ਕਰਨ ਲਈ ਭਾਰਤ ਦੀ ਕੁਲ ਘਰੇਲੂ ਉਤਪਾਦਨ ਵਿਕਾਸ ਦਰ 8% ਹੋਣੀ ਲਾਜਮੀ ਹੈ। ਉਨਾਂ ਨੇ ਦੋਨਾਂ ਦੇਸ਼ਾਂ ਵਿਚਾਲੇ ਆਰ ਡੀ ਤੇ ਸਿੱਖਿਆ ਰਾਹੀਂ ਸਹਿਯੋਗ ਵਧਾਉਣ ਉਪਰ ਜੋਰ ਦਿੱਤਾ। ਭਾਰਤ ਦੇ ਕੌਂਸਲ ਜਨਰਲ ਸਨਫਰਾਂਸਿਸਕੋ ਡਾਕਟਰ ਕੇ ਸ੍ਰੀਕਰ ਰੈਡੀ ਨੇ ਭਾਰਤ ਦੇ 18 ਅਰਬ ਡਾਲਰ ਦੇ ਸੈਮੀਕੋਨ ਮਿਸ਼ਨ ਬਾਰੇ ਚਾਣਨਾ ਪਾਇਆ ਤੇ ਸਾਂਝੇ ਨਾਸਾ ਈਸਰੋ ਨਿਸਾਰ ਸੈਟੇਲਾਈਟ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਤੋਂ ਦੋਨਾਂ ਦੇਸ਼ਾਂ ਵਿਚਾਲੇ ਗੂੜੇ ਤਕਨੀਕੀ ਸਹਿਯੋਗ ਦਾ ਪਤਾ ਲੱਗਦਾ ਹੈ। ਉਨਾਂ ਕਿਹਾ ਕਿ ਭਾਰਤ ਦੇ ਵਧ ਰਹੇ ਇਨੋਵੇਸ਼ਨ ਈਕੋਸਿਸਟਮ ਨੇ ਭਾਰਤ ਨੂੰ ਅਮਰੀਕਾ ਦਾ ਭਰੋਸੇਯੋਗ ਭਾਈਵਾਲ ਬਣਾ ਦਿੱਤਾ ਹੈ।


Comments (0)