ਸਮਝੌਤੇ 'ਤੇ ਟਰੰਪ ਦੀ ਇਰਾਨ ਨੂੰ ਧਮਕੀ,ਵਿਸ਼ਵ ਵਿਚ ਤਣਾਅ ਵਧੇਗਾ?

ਸਮਝੌਤੇ 'ਤੇ ਟਰੰਪ ਦੀ ਇਰਾਨ ਨੂੰ ਧਮਕੀ,ਵਿਸ਼ਵ ਵਿਚ ਤਣਾਅ ਵਧੇਗਾ?

*ਈਰਾਨ ਦੀ ਪਲਟਕੇ ਵਾਰ ਕਰਨ ਦੀ ਤਿਆਰੀ!

ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਇਕ ਵਾਰ ਫਿਰ ਸਿਖਰ ਤੇ ਪਹੁੰਚ ਗਿਆ ਹੈ।ਸਰਕਾਰੀ ਮੀਡੀਆ ਤਹਿਰਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਇਰਾਨ ਨੇ ਡੋਨਾਲਡ ਟਰੰਪ ਦੀ ਬੰਬਾਰੀ ਧਮਕੀ ਅਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਲੋੜ ਪੈਣ 'ਤੇ ਅਮਰੀਕਾ ਨਾਲ ਸਬੰਧਿਤ ਟਿਕਾਣਿਆਂ ਉਪਰ ਹਮਲਾ ਕਰਨ ਦੇ ਲਈ  ਉਹ ਆਪਣੇ ਭੂਮੀਗਤ ਮਿਜ਼ਾਈਲ ਸੈਂਟਰ  ਤਿਆਰ ਕਰ ਰਿਹਾ ਹੈ। 

ਰਿਪੋਰਟਾਂ ਦੇ ਅਨੁਸਾਰ, ਤਹਿਰਾਨ ਨੇ ਕਿਸੇ ਵੀ ਸੰਭਾਵਤ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਕਮਰਕਸੇ ਕਰ ਲਏ ਹਨ।ਇਹ ਘਟਨਾਕਰਮ ਉਦੋਂ ਸਾਹਮਣੇ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਵਿੱਚ ਪਰਮਾਣੂ ਸੌਦੇ 'ਤੇ  ਤਣਾਅ ਬਣਿਆ ਹੋਇਆ ਹੈ। ਟਰੰਪ ਨੇ ਹਾਲ ਹੀ ਵਿੱਚ ਇਰਾਨ ਨੂੰ  ਦੋ ਮਹੀਨੇ ਦਾ ਅਲਟੀਮੇਟਮ ਦਿੱਤਾ ਸੀ ਕਿ ਉਹ ਇਕ ਨਵਾਂ ਸਮਝੌਤਾ ਕਰੇ ਜਾਂ ਫੌਜੀ ਕਾਰਵਾਈ ਦਾ ਸਾਹਮਣਾ ਕਰੇ। 

ਅਮਰੀਕਾ ਅਤੇ ਇਰਾਨ ਦਰਮਿਆਨ ਪ੍ਰਮਾਣੂ ਸਮਝੌਤੇ ਦਾ ਮੁੱਦਾ ਦਹਾਕਿਆਂ ਤੋਂ ਗਲੋਬਲ ਕੂਟਨੀਤੀ ਅਤੇ ਖੇਤਰੀ ਸੁਰੱਖਿਆ ਦਾ ਇਕ ਕੇਂਦਰੀ ਵਿਸ਼ਾ ਰਿਹਾ ਹੈ।ਸੰਯੁਕਤ -ਵਿਆਪਕ ਕਾਰਜ ਯੋਜਨਾ ਭਾਵ ਜੇਸੀਪੀਓਏ  ਦੇ ਰੂਪ ਵਿਚ ਜਾਣ ਵਾਲਾ ਇਰਾਨ ਪ੍ਰਮਾਣੂ ਸਮਝੌਤਾ 2015 ਵਿੱਚ ਅਮਰੀਕਾ ਅਤੇ ਇਰਾਨ ਅਤੇ ਰੂਸ ਅਤੇ ਜਰਮਨੀ ਨੇ ਸਾਈਨ ਕੀਤਾ  ਸੀ। ਇਸਦਾ ਉਦੇਸ਼ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਿਤ ਕਰਨਾ ਸੀ। 

ਇਸਦੇ ਬਦਲੇ ਵਿੱਚ,  ਈਰਾਨ ਨੂੰ ਆਰਥਿਕ ਪਾਬੰਦੀਆਂ ਤੋਂ ਰਾਹਤ ਦੇਣ ਲਈ ਅਮਰੀਕਾ ਨੇ ਵਾਅਦਾ ਕੀਤਾ  ਸੀ। ਇਹ ਸਮਝੌਤਾ ਤਦ ਤੱਕ ਪ੍ਰਭਾਵੀ ਰਿਹਾ ਜਦ ਤੱਕ  ਟਰੰਪ ਨੇ 2018 ਵਿਚ ਅਮਰੀਕਾ ਨੂੰ ਇਸ ਤੋਂ ਬਾਹਰ ਨਹੀਂ ਕੱਢ ਦਿੱਤਾ। ਟਰੰਪ ਨੇ ਕਿਹਾ ਸੀ ਕਿ ਇਹ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਪੂਰੀ ਤਰ੍ਹਾਂ ਰੋਕਣ ਦੇ ਯੋਗ ਨਹੀਂ ਸੀ।ਟਰੰਪ ਨੇ ਇਸ ਨੂੰ ਸਭ ਤੋਂ ਖਰਾਬ ਸੌਦਾ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਇਹ ਇਰਾਨ ਦੇ ਮਿਜ਼ਾਈਲ ਪ੍ਰੋਗਰਾਮ ਅਤੇ ਖੇਤਰੀ ਪ੍ਰਭਾਵ ਨੂੰ ਨਿਯੰਤਰਿਤ ਕਰਨ ਵਿੱਚ ਅਸਫਲ ਰਿਹਾ।ਉਦੋਂ ਤੋਂ ਈਰਾਨ ਨੇ ਯੂਰੇਨੀਅਮ  ਸੀਮਾ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਇਹ ਲਗਭਗ ਹਥਿਆਰ ਗ੍ਰੇਡ  ਯੂਰੇਨੀਅਮ ਪੈਦਾ ਕਰ ਰਿਹਾ ਹੈ, ਜੋ ਸਿਰਫ ਪ੍ਰਮਾਣੂ ਹਥਿਆਰ ਰਖਣ ਵਾਲੇ  ਦੇਸ ਹੀ ਕਰਦੇ ਹਨ। ਟਰੰਪ ਨੇ ਹਾਲ ਹੀ ਵਿੱਚ ਈਰਾਨ ਦੇ ਸਰਵਉੱਚ ਨੇਤਾ ਆਯਤੁੱਲਾ ਅਲੀ ਖਾਮੇਨੇਈ  ਨੂੰ ਇੱਕ ਪੱਤਰ ਭੇਜਿਆ ਹੈ ਜਿਸ ਵਿੱਚ ਉਸਨੇ ਗੱਲਬਾਤ ਦਾ ਪ੍ਰਸਤਾਵ ਰਖਿਆ ਸੀ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਇਕਰਾਰਨਾਮਾ ਨਹੀਂ ਹੋਇਆ ਤਾਂ ਇਰਾਨ ਨੂੰ ਭਿਅੰਕਰ ਬੰਬਾਰੀ ਦਾ ਸਾਹਮਣਾ ਕਰਨਾ ਪਵੇਗਾ।ਅਮਰੀਕਾ ਨੇ ਹਿੰਦ ਮਹਾਂਸਾਗਰ  ਵਿਚ ਡਿਏਗੋ ਗਾਰਸੀਆ  ਫੌਜੀ ਅੱਡੇ ਉਪਰ ਬੀ -2 ਸਟੀਲਥ ਬੰਬਰ ਤੈਨਾਤ ਕੀਤੇ ਹਨ ਜੋ ਇਰਾਨ ਦੇ ਭੂਮੀਗਤ ਪ੍ਰਮਾਣੂ ਅਧਾਰਾਂ ਨੂੰ ਨਸ਼ਟ ਕਰਨ ਦੇ ਸਮਰੱਥ ਹਨ।

ਇਰਾਨ ਨੇ ਟਰੰਪ ਦੇ ਪ੍ਰਸਤਾਵ ਨੂੰ ਧਮਕੀ ਦੇਣ ਵਾਲਾ ਰਵੱਈਆ ਕਰਾਰ ਦਿੰਦੇ ਹੋਏ ਸਿੱਧੀ ਗੱਲਬਾਤ  ਤੋਂ ਇਨਕਾਰ  ਕਰ ਦਿੱਤਾ।  ਰਾਸ਼ਟਰਪਤੀ ਮਸੂਦ ਪੈਜ਼ਿਸ਼ਕਿਆਨ  ਨੇ ਕਿਹਾ ਕਿ ਓਮਾਨ ਰਾਹੀਂ ਅਸਿੱਧੀ ਵਾਰਤਾ ਦੀ ਸੰਭਾਵਨਾ ਖੁੱਲੀ ਹੈ।ਪਰ ਟਰੰਪ ਦੀ ਦਬਾਅ ਨੀਤੀ ਦੇ ਕਾਰਨ ਕੋਈ ਮਸਲਾ ਹੱਲ ਨਹੀਂ ਹੋ ਸਕਦਾ।  ਇਸ ਦੌਰਾਨ ਈਰਾਨ ਦੇ ਕੱਟੜਪੰਥੀ ਰਿਵੋਲੂਸ਼ਨੀ ਗਾਰਡ ਨੇ ਇੱਕ ਵੀਡੀਓ ਜਾਰੀ ਕੀਤਾ,ਜਿਸ ਵਿਚ ਭੂਮੀਗਤ ਮਿਜ਼ਾਇਲ ਸਥਾਨ ਨੂੰ ਦਿਖਾਇਆ ਗਿਆ। ਇਸ ਵਿਚ ਅਜਿਹੀਆਂ ਮਿਜ਼ਾਈਲਾਂ ਹਨ ਜੋ ਅਮਰੀਕੀ ਬੇਸਾਂ ਅਤੇ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ। ਇਰਾਨ ਦੇ ਅਬਜਰਵਰ ਨੇ ਇਸ ਵੀਡੀਓ ਨੂੰ ਐਕਸ ਉਪਰ ਸਾਂਝਾ ਕੀਤਾ।

ਇਰਾਨ ਦੇ ਸੰਸਦ ਮੁਖੀ ਮੁਹੰਮਦ ਬਾਘਰ ਕਾਲਿਬਾਫ  ਨੇ ਚੇਤਾਵਨੀ ਦਿੱਤੀ ਕਿ ਜੇ ਉਸਦੀ ਹਕੂਮਤ 'ਤੇ ਹਮਲਾ ਕੀਤਾ ਗਿਆ ਤਾਂ ਇਹ ਖੇਤਰ ਵਿੱਚ ਬਰੂਦ ਦੇ ਢੇਰ ਉਪਰ  ਇੱਕ ਚੰਗਿਆੜੀ ਵਰਗਾ ਹੋਵੇਗਾ।ਈਰਾਨ ਨੇ ਇਹ ਵੀ ਸੰਕੇਤ ਦਿੱਤਾ ਕਿ ਇਹ ਅਮਰੀਕੀ ਸਥਾਨਾਂ ਜਿਵੇਂ ਕਿ ਡੀਗੋ ਗਾਰਸੀਆ 'ਤੇ ਹਮਲਾ ਕਰ ਸਕਦਾ ਹੈ।ਇਹ ਸਥਿਤੀ ਖੇਤਰੀ ਅਸਥਿਰਤਾ ਨੂੰ ਵਧਾ ਸਕਦੀ ਹੈ, ਖ਼ਾਸਕਰ ਜਦੋਂ ਇਜ਼ਰਾਈਲ ਅਤੇ ਇਰਾਨ ਗਾਜ਼ਾ ਅਤੇ ਲੇਬਨਾਨ ਦੇ ਵਿਵਾਦਾਂ ਨੂੰ ਲੈਕੇ ਤਣਾਅ ਵਿਚ ਹਨ। ਇਰਾਨ ਅਤੇ ਅਮਰੀਕਾ ਵਿਚਾਲੇ ਇਹ ਤਣਾਅ ਕਈ ਸੰਭਾਵਤ ਨਤੀਜਿਆਂ ਵਲ ਇਸ਼ਾਰਾ ਕਰਦਾ ਹੈ।ਜੇ ਟਰੰਪ ਫੌਜੀ ਕਾਰਵਾਈ ਦਾ ਮਾਰਗ ਚੁਣਦਾ ਹੈ, ਤਾਂ ਇਹ ਮੱਧ ਪੂਰਬ ਵਿਚ ਇਕ ਵੱਡੀ ਲੜਾਈ ਨੂੰ ਜਨਮ ਦੇ ਸਕਦਾ ਹੈ, ਜਿਸ ਵਿਚ ਇਜ਼ਰਾਈਲ, ਸਾਊਦੀ  ਅਰਬ ਅਤੇ ਹੋਰ ਅਮਰੀਕੀ ਸਹਿਯੋਗੀ  ਸ਼ਾਮਲ ਹੋ ਸਕਦੇ ਹਨ।

ਇਰਾਨ ਆਪਣੀ ਪ੍ਰਮਾਣੂ ਨੀਤੀ ਨੂੰ ਬਦਲ ਸਕਦਾ ਹੈ ਅਤੇ ਖਮਨੀਈ ਦੇ ਫਤਵੇ ਨੂੰ ਅੱਖੋਂ  ਪਰੋਖੇ ਕਰਦੇ ਹੋਏ ਪਰਮਾਣੂ ਹਥਿਆਰ ਬਣਾਉਣ ਦੀ ਦੌੜ ਸ਼ੁਰੂ ਕਰ ਸਕਦਾ ਹੈ,  ਜਿਸ ਵਿਚ ਉਹ  ਆਪਣੀ ਹੋਂਦ ਦੀ ਰਾਖੀ ਲਈ ਜ਼ਰੂਰੀ ਦਸ ਰਿਹਾ ਹੈ।ਅਸਿੱਧੇ ਸੰਵਾਦ ਸੀਮਿਤ ਸਮਝੌਤੇ ਦਾ ਕਾਰਨ ਬਣ ਸਕਦੇ ਹਨ, ਪਰ ਟਰੰਪ ਦੀਆਂ ਸਖਤ ਸ਼ਰਤਾਂ ਅਤੇ ਇਰਾਨ ਦੇ ਜ਼ਿੱਦੀ ਰਵੱਈਆ ਮੁਸ਼ਕਲ ਬਣਾਉਂਦੇ ਹਨ।ਇਰਾਨ ਦੀ ਆਰਥਿਕਤਾ ਪਹਿਲਾਂ ਹੀ ਪਾਬੰਦੀਆਂ ਨਾਲ ਜੂਝ ਰਹੀ ਹੈ ਅਤੇ ਇਸ ਦੇ ਕਰੰਸੀ ਰਿਆਲ ਦਾ ਮੁੱਲ ਡਿਗਦਾ ਜਾ ਰਿਹਾ ਹੈ।ਅਜਿਹੀ ਸਥਿਤੀ ਵਿੱਚ, ਈਰਾਨ ਫੌਜੀ ਸ਼ਕਤੀ ਦਿਖਾ ਕੇ ਆਪਣੀ ਸਥਿਤੀ ਨੂੰ ਮਜ਼ਬੂਤ ​​ਕਰਨਾ ਚਾਹੁੰਦਾ ਹੈ। ਦੂਜੇ ਪਾਸੇ, ਟਰੰਪ ਦੀ ਰਣਨੀਤੀ 'ਵੱਧ ਤੋਂ ਵੱਧ ਦਬਾਅ' ਰਾਹੀਂ ਈਰਾਨ ਨੂੰ ਝੁਕਾਉਣ ਦੀ ਹੈ, ਪਰ ਇਹ ਨੀਤੀ ਅਮਰੀਕਾ ਨੂੰ ਉਲਟਾ ਪੈ  ਸਕਦੀ ਹੈ।ਇਹ ਮੰਨਿਆ ਜਾਂਦਾ ਹੈ ਕਿ ਇਰਾਨ ਲਈ ਯੂ.ਐੱਸ. ਦੇ ਸਾਹਮਣੇ ਪੂਰੀ ਤਰ੍ਹਾਂ ਝੁਕਣਾ ਖ਼ੁਦਕੁਸ਼ੀ ਹੋਏਗੀ, ਕਿਉਂਕਿ ਇਸ ਨਾਲ ਇਸਦੀ ਆਪਣੀ ਖੇਤਰੀ ਭਰੋਸੇਯੋਗਤਾ ਖ਼ਤਰੇ ਵਿਚ ਪੈ ਸਕਦੀ ਹੈ।  ਇਰਾਨ ਅਤੇ ਅਮਰੀਕਾ ਦੇ ਵਿਚਕਾਰ ਇਹ ਤਾਜ਼ਾ ਟਕਰਾਅ ਗਲੋਬਲ ਸੁਰੱਖਿਆ ਲਈ ਚੁਣੌਤੀ ਹੈ।