ਟਰੰਪ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖਤ,ਜੇਕਰ ਕੋਈ ਗਲਤੀ ਕਰੇਗਾ ਤਾਂ ਵੀਜ਼ਾ ਹੋਵੇਗਾ ਰੱਦ

ਟਰੰਪ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖਤ,ਜੇਕਰ ਕੋਈ ਗਲਤੀ ਕਰੇਗਾ ਤਾਂ ਵੀਜ਼ਾ ਹੋਵੇਗਾ ਰੱਦ

ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਯਾਤਰਾ ਕਰਨ ਆਇਆਂ ਦੀ ਨਿਗਰਾਨੀ ਵਧੀ

*ਅਮਰੀਕਾ ਵਿੱਚ 30 ਦਿਨ ਤੋਂ ਵੱਧ ਰਹਿਣ ’ਤੇ ਰਜਿਸਟਰੇਸ਼ਨ ਜ਼ਰੂਰੀ

 ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਿਗਰਾਨੀ ਵਧ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਇਮੀਗ੍ਰੇਸ਼ਨ ਨਿਯਮਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਨੂੰ ਹੁਣ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਡੋਨਲਡ ਟਰੰਪ ਨੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ’ਤੇ ਸਖਤੀ ਕਰ ਦਿੱਤੀ ਹੈ। ਅਮਰੀਕਾ ਸਰਕਾਰ ਨੇ ਦੇਸ਼ ਵਿਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਜੇ ਉਨ੍ਹਾਂ ਨੇ ਅਮਰੀਕਾ ਵਿਚ ਤੀਹ ਦਿਨ ਤੋਂ ਜ਼ਿਆਦਾ ਰਹਿਣਾ ਹੈ ਤਾਂ ਉਹ ਰਜਿਸਟਰੇਸ਼ਨ ਕਰਵਾ ਲੈਣ, ਨਹੀਂ ਤਾਂ ਉਨ੍ਹਾਂ ਨੂੰ ਜੇਲ੍ਹ ਤੇ ਜੁਰਮਾਨਾ ਦੋਵੇਂ ਹੋਣਗੇ।

ਯੂਐਸ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ (ਡੀਐਚਐਸ) ਨੇ ਸਵੈ-ਡਿਪੋਰਟੇਸ਼ਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਵਿਦੇਸ਼ੀ ਨਾਗਰਿਕਾਂ ਨੂੰ 30 ਦਿਨਾਂ ਦੇ ਅੰਦਰ ਆਪਣੇ ਆਪ ਨੂੰ ਸਰਕਾਰ ਕੋਲ ਰਜਿਸਟਰ ਕਰਨ ਜਾਂ ਜੁਰਮਾਨੇ ਜਾਂ ਕੈਦ ਦਾ ਸਾਹਮਣਾ ਕਰਨ ਲਈ ਕਿਹਾ ਹੈ। ਡੋਨਲਡ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੋ ਵਿਦੇਸ਼ੀ ਨਾਗਰਿਕ ਅਮਰੀਕਾ ਵਿਚ 30 ਦਿਨਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ, ਉਨ੍ਹਾਂ ਨੂੰ ਸਰਕਾਰ ਕੋਲ ਰਜਿਸਟਰ ਹੋਣਾ ਚਾਹੀਦਾ ਹੈ ਅਤੇ ਅਜਿਹਾ ਨਾ ਕਰਨ ’ਤੇ ਜੁਰਮਾਨਾ ਅਤੇ ਕੈਦ ਹੋ ਸਕਦੀ ਹੈ। ਇਸ ਸਬੰਧੀ ਪੋਸਟ ਐਕਸ ’ਤੇ ਵੀ ਨਸ਼ਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਟਰੰਪ ਪ੍ਰਸ਼ਾਸਨ ਦੇ ਫੈਸਲਿਆਂ ਕਾਰਨ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਿਆ ਗਿਆ ਸੀ।ਅਜਿਹੀ ਸਥਿਤੀ ਵਿੱਚ ਜੇਕਰ ਕੋਈ ਵਿਦਿਆਰਥੀ ਕੁਝ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਵਿਦਿਆਰਥੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਸਮੇਂ ਅਮਰੀਕਾ ਵਿੱਚ ਪੜ੍ਹ ਰਹੇ ਹੋ ਜਾਂ ਭਵਿੱਖ ਵਿੱਚ ਉੱਥੇ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਅਮਰੀਕਾ ਵਿੱਚ ਵਿਦਿਆਰਥੀ ਨੂੰ ਉਸਦੀ ਪੜ੍ਹਾਈ ਦੇ ਆਧਾਰ 'ਤੇ ਵੀਜ਼ਾ ਦਿੱਤਾ ਜਾਂਦਾ ਹੈ। ਉਦਾਹਰਣ ਵਜੋਂ, ਐਫ-1 ਵੀਜ਼ਾ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਜੋ ਰਵਾਇਤੀ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲਾ ਲੈਂਦੇ ਹਨ। ਜਦੋਂਕਿ ਐੱਮ-1 ਵੀਜ਼ਾ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਕਿੱਤਾਮੁਖੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਵਿਦਿਆਰਥੀ ਕੋਈ ਗਲਤੀ ਕਰਦਾ ਹੈ ਤਾਂ ਉਸਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਇਸ ਹਾਲਤ ਵਿੱਚ ਵਿਦਿਆਰਥੀਆਂ ਕੋਲ ਸਿਰਫ਼ ਇੱਕ ਹੀ ਬਦਲ ਬਚਦਾ ਹੈ ਅਤੇ ਉਹ ਹੈ ਅਮਰੀਕਾ ਛੱਡਣਾ।

ਇਨ੍ਹਾਂ ਨਿਯਮਾਂ ਦਾ ਰੱਖੋ ਧਿਆਨ

* ਵਿਦਿਆਰਥੀ ਆਪਣਾ ਕੋਰਸ ਸ਼ੁਰੂ ਹੋਣ ਤੋਂ ਸਿਰਫ਼ 30 ਦਿਨ ਪਹਿਲਾਂ ਅਮਰੀਕਾ ਜਾ ਸਕਦੇ ਹਨ।

* ਅਮਰੀਕਾ ਪਹੁੰਚਣ ਤੋਂ ਬਾਅਦ ਵਿਦਿਆਰਥੀ ਲਈ ਆਪਣੀ ਯੂਨੀਵਰਸਿਟੀ ਬਾਰੇ ਡੈਜ਼ੀਗਨੇਟਿਡ ਸਕੂਲ ਅਧਿਕਾਰੀ (DSO) ਨੂੰ ਸੂਚਿਤ ਕਰਨਾ ਜ਼ਰੂਰੀ ਹੈ। ਜੇਕਰ ਪੜ੍ਹਾਈ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਵਿਦਿਆਰਥੀ ਨੂੰ ਸਿਰਫ਼ ਡੈਜ਼ੀਗਨੇਟਿਡ ਸਕੂਲ ਅਧਿਕਾਰੀ ਨਾਲ ਹੀ ਸੰਪਰਕ ਕਰਨਾ ਪਵੇਗਾ।

* ਜੇਕਰ ਕੋਈ ਵਿਦਿਆਰਥੀ ਆਪਣੇ ਕੋਰਸ ਦੀ ਮਿਆਦ ਵਧਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਕੋਰਸ ਪੂਰਾ ਹੋਣ ਤੋਂ ਪਹਿਲਾਂ ਡੈਜ਼ੀਗਨੇਟਿਡ ਸਕੂਲ ਅਧਿਕਾਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ।

* ਐਫ-1 ਵੀਜ਼ਾ ਵਾਲੇ ਵਿਦਿਆਰਥੀ ਸਿਰਫ਼ ਤਾਂ ਹੀ ਕੰਮ ਕਰ ਸਕਦੇ ਹਨ ਜੇਕਰ ਉਨ੍ਹਾਂ ਕੋਲ ਯੂਨੀਵਰਸਿਟੀ ਦੇ ਡੈਜ਼ੀਗਨੇਟਿਡ ਸਕੂਲ ਅਧਿਕਾਰੀ ਤੋਂ ਜਾਂ ਕੁਝ ਮਾਮਲਿਆਂ ਵਿੱਚ, ਯੂਐਸਸਿਟੀਜਨ ਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਿਜ਼ ਤੋਂ ਇਜਾਜ਼ਤ ਹੋਵੇ।

* ਕੋਰਸ ਪੂਰਾ ਹੋਣ ਤੋਂ ਬਾਅਦ, ਐਫ-1 ਵੀਜ਼ਾ 'ਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ 60 ਦਿਨਾਂ ਦੇ ਅੰਦਰ ਅਮਰੀਕਾ ਛੱਡਣਾ ਪਵੇਗਾ ਅਤੇ ਐਮ-1 ਵੀਜ਼ਾ 'ਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ 30 ਦਿਨਾਂ ਦੇ ਅੰਦਰ ਅਮਰੀਕਾ ਛੱਡਣਾ ਪਵੇਗਾ।

ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ

* ਵੀਜ਼ਾ ਰੱਦ ਕਰਨ ਦਾ ਫੈਸਲਾ ਅਮਰੀਕੀ ਵਿਦੇਸ਼ ਵਿਭਾਗ (ਵਾਸ਼ਿੰਗਟਨ ਡੀਸੀ) ਜਾਂ ਕਿਸੇ ਵੀ ਅਮਰੀਕੀ ਕੌਂਸਲੇਟ ਅਧਿਕਾਰੀ ਦੁਆਰਾ ਲਿਆ ਜਾ ਸਕਦਾ ਹੈ।ਇਨ੍ਹਾਂ ਕਾਰਨਾਂ ਕਰਕੇ ਰੱਦ ਹੋ ਸਕਦਾ ਹੈ ਵੀਜ਼ਾ

* ਸੁਰੱਖਿਆ, ਅਪਰਾਧ, ਸਿਹਤ, ਆਰਥਿਕ ਜਾਂ ਕਿਸੇ ਹੋਰ ਕਾਰਨ ਕਰਕੇ।

* ਜੇਕਰ ਵੀਜ਼ਾ ਧਾਰਕ ਲੋੜੀਂਦੇ ਮਾਪਦੰਡ ਪੂਰੇ ਨਹੀਂ ਕਰਦਾ ਹੈ।

* ਜੇਕਰ ਕਾਨੂੰਨ ਦੀ ਉਲੰਘਣਾ ਦੀ ਸੰਭਾਵਨਾ ਹੋਵੇ।

* ਵੀਜ਼ਾ ਰੱਦ ਹੋਣ ਦੇ ਹੋਰ ਕਾਰਨ ਵੀ ਹੋ ਸਕਦੇ ਹਨ।

ਘਰੇਲੂ ਹਿੰਸਾ ਜਾਂ ਹਮਲਾ

* ਜੇਕਰ ਕੋਈ ਵਿਦਿਆਰਥੀ ਡੈਜ਼ੀਗਨੇਟਿਡ ਸਕੂਲ ਅਧਿਕਾਰੀ ਨੂੰ ਦੱਸੇ ਬਿਨਾਂ ਕੋਰਸ ਛੱਡ ਦਿੰਦਾ ਹੈ, ਤਾਂ ਇਸ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।

* ਐੱਫ-1 ਵੀਜ਼ਾ 'ਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਬਿਨਾਂ ਇਜਾਜ਼ਤ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਅਜਿਹਾ ਕਰਦੇ ਫੜੇ ਗਏ, ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ ਅਤੇ ਦੁਬਾਰਾ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ।

* ਜੇਕਰ ਵਿਦਿਆਰਥੀ ਦਾ ਅਕਾਦਮਿਕ ਰਿਕਾਰਡ ਮਾੜਾ ਹੈ ਜਾਂ ਉਸ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਲੰਬਿਤ ਹੈ ਤਾਂ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।

* ਜੇਕਰ ਵਿਦਿਆਰਥੀ ਕੋਲ ਆਪਣੀ ਪੜ੍ਹਾਈ ਅਤੇ ਰਹਿਣ-ਸਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਪੈਸੇ ਨਹੀਂ ਹਨ, ਤਾਂ ਉਸਦਾ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ।

ਹੋਰ ਕਾਰਨਾਂ 'ਚ ਸ਼ਾਮਲ ਹਨ

* ਨਵਾਂ ਪਤਾ ਨਾ ਦੱਸਣਾ।

* ਕਿਸੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ।

* ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ

24 ਘੰਟੇ ਆਪਣੇ ਕੋਲ ਰੱਖਣੇ ਪੈਣਗੇ ਇਹ ਦਸਤਾਵੇਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਇਕ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਦੇ ਅਨੁਸਾਰ ਅਮਰੀਕਾ ਵਿਚ ਰਹਿਣ ਵਾਲੇ ਸਾਰੇ ਪ੍ਰਵਾਸੀਆਂ ਨੂੰ, ਭਾਵੇਂ ਉਹ ਕਾਨੂੰਨੀ ਵੀਜ਼ਾ 'ਤੇ, ਜਿਵੇਂ ਕਿ ਐਚ1ਬੀ ਵੀਜ਼ਾ ਜਾਂ ਵਿਦਿਆਰਥੀ ਵੀਜ਼ਾ, ਸਭ ਨੂੰ 24 ਘੰਟੇ ਆਪਣੇ ਕੋਲ ਕਾਨੂੰਨੀ ਦਸਤਾਵੇਜ਼ ਰੱਖਣੇ ਪੈਣਗੇ।ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤਾ ਗਿਆ ਇਹ ਨਿਯਮ 11 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ।ਇਹ ਨਿਯਮ ਟਰੰਪ ਦੇ ਹੁਕਮ 'ਪ੍ਰੋਟੈਕਟਿੰਗ ਦ ਅਮਰੀਕਨ ਪੀਪਲ ਅਗੇਂਸਟ ਇਨਵੈਸ਼ਨ' ਤਹਿਤ ਲਾਗੂ ਕੀਤਾ ਗਿਆ ਹੈ। ਇਸ ਨਿਯਮ ਦਾ ਮਕਸਦ ਅਮਰੀਕਾ 'ਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਸ਼ਿਕੰਜਾ ਕੱਸਣਾ ਹੈ। ਇਸ ਨਿਯਮ ਨੂੰ ਲਾਗੂ ਕਰਨ ਲਈ ਅਮਰੀਕੀ ਅਦਾਲਤ ਤੋਂ ਮਨਜ਼ੂਰੀ ਮਿਲ ਗਈ ਹੈ।ਟਰੰਪ ਪ੍ਰਸ਼ਾਸਨ ਦਾ ਉਦੇਸ਼ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੱਖਾਂ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਹੈ।ਇਹ ਨਿਯਮ ਮੁੱਖ ਤੌਰ 'ਤੇ ਉਨ੍ਹਾਂ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਗੈਰ-ਕਾਨੂੰਨੀ ਤੌਰ 'ਤੇ ਜਾਂ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਅਮਰੀਕਾ ਵਿੱਚ ਰਹਿ ਰਹੇ ਹਨ।

ਹੁਣ ਯੂਐਸ ਵਿੱਚ ਰਹਿ ਰਹੇ ਸਾਰੇ ਗੈਰ-ਨਾਗਰਿਕ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਵੱਧ ਹੈ ਅਤੇ 30 ਦਿਨ ਜਾਂ ਇਸ ਤੋਂ ਵੱਧ ਸਮੇਂ ਲਈ ਅਮਰੀਕਾ ਵਿੱਚ ਰਹਿੰਦੇ ਹਨ, ਨੂੰ ਫਾਰਮ ਜੀ-325ਆਰ ਭਰ ਕੇ ਲਾਜ਼ਮੀ ਤੌਰ 'ਤੇ ਸਰਕਾਰ ਨਾਲ ਰਜਿਸਟਰ ਕਰਨਾ ਲਾਜ਼ਮੀ ਹੈ।

ਜੇਕਰ ਕੋਈ ਬੱਚਾ 14 ਸਾਲ ਤੋਂ ਘੱਟ ਉਮਰ ਦਾ ਹੈ, ਤਾਂ ਉਸਦੇ ਮਾਤਾ-ਪਿਤਾ ਨੂੰ ਉਸਦੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ।

11 ਅਪ੍ਰੈਲ ਤੋਂ ਬਾਅਦ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਨੂੰ ਵੀ ਪਹੁੰਚਣ ਦੇ 30 ਦਿਨਾਂ ਦੇ ਅੰਦਰ ਰਜਿਸਟਰ ਕਰਨਾ ਹੋਵੇਗਾ।

ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਜੁਰਮਾਨਾ, ਜੇਲ੍ਹ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਆਪਣਾ ਪਤਾ ਬਦਲਦਾ ਹੈ ਤਾਂ ਉਸ ਨੂੰ 10 ਦਿਨਾਂ ਦੇ ਅੰਦਰ ਸਰਕਾਰ ਨੂੰ ਨਵੇਂ ਪਤੇ ਦੀ ਸੂਚਨਾ ਦੇਣੀ ਹੋਵੇਗੀ। ਅਜਿਹਾ ਕਰਨ ਵਿੱਚ ਅਸਫਲ ਰਹਿਣ 'ਤੇ 5,000 ਡਾਲਰਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਪ੍ਰਵਾਸੀਆਂ ਦੇ ਬੱਚੇ 14 ਸਾਲ ਦੇ ਹੋ ਰਹੇ ਹਨ, ਉਨ੍ਹਾਂ ਨੂੰ ਸਰਕਾਰ ਕੋਲ ਦੁਬਾਰਾ ਰਜਿਸਟਰ ਕਰਨਾ ਹੋਵੇਗਾ ਅਤੇ ਆਪਣੇ ਫਿੰਗਰਪ੍ਰਿੰਟ ਵੀ ਜਮ੍ਹਾ ਕਰਵਾਉਣੇ ਹੋਣਗੇ।