ਟਰੰਪ-ਨੇਤਨਯਾਹੂ ਦੀ ਜੋੜੀ ਨੇ ਈਰਾਨ ਵਿੱਚ ਸ਼ਾਸਨ ਤਬਦੀਲੀ ਦੀ ਖੇਡ ਸ਼ੁਰੂ ਕੀਤੀ, ਕੀ ਦੇਸ਼ਾਂ ਦੀ ਆਜ਼ਾਦੀ ਖ਼ਤਰੇ ਵਿੱਚ ਹੈ?
ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦਾ ਬਿਆਨ ਸੁਣ ਕੇ ਹਿੰਦੂਤਵੀ ਰਾਸ਼ਟਰਵਾਦੀਆਂ ਨੂੰ ਸ਼ਾਇਦ ਸਕੂਨ ਮਿਲਿਆ ਹੋਵੇ। ਉਸ ਨੇ Bਬੀ-2 ਬੰਬਰ ਨਾਲ ਈਰਾਨ ਦੇ ਤਿੰਨ ਟਿਕਾਣਿਆਂ ’ਤੇ ਬੰਬ ਸੁੱਟਣ ਮਗਰੋਂ ਕਿਹਾ ਸੀ ਕਿ ਅਸੀਂ ਈਰਾਨ ’ਤੇ ਹਮਲਾ ਨਹੀਂ ਕੀਤਾ, ਨਾ ਹੀ ਉਸ ਦੀ ਫੌਜ ਜਾਂ ਸ਼ਹਿਰੀ ਥਾਵਾਂ ’ਤੇ..
ਅਸੀਂ ਸਿਰਫ਼ ਉਸ ਦੇ ਪ੍ਰਮਾਣੂ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਹੈ।” ਵੈਂਸ ਦਾ ਤਰਕ ਸੀ ਕਿ ਅਮਰੀਕਾ ਦੀ ਲੜਾਈ ਈਰਾਨ ਨਾਲ ਨਹੀਂ, ਸਗੋਂ ਉਸ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਹੈ। ਉਸ ਨੇ ਈਰਾਨ ਨੂੰ ਟਰੰਪ ਦੀ ਸ਼ਾਂਤੀ ਵਾਰਤਾ ਮੰਨਣ ਦੀ ਸਲਾਹ ਵੀ ਦਿੱਤੀ।ਇਹ ਬਿਆਨ ਭਾਰਤ ਸਰਕਾਰ ਦੀ ਉਸ ਸਫ਼ਾਈ ਵਰਗਾ ਲੱਗਦਾ ਹੈ, ਜਿਸ ਨੇ ਪਾਕਿਸਤਾਨ ਵਿਚ ਹਮਲੇ ਮਗਰੋਂ ਕਿਹਾ ਸੀ ਕਿ ਅਸੀਂ ਪਾਕਿਸਤਾਨ ’ਤੇ ਨਹੀਂ, ਸਿਰਫ਼ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ। ਪਰ ਜਿਵੇਂ ਪਾਕਿਸਤਾਨ ਨੇ ਭਾਰਤ ਦੀ ਗੱਲ ਨੂੰ ਨਕਾਰਿਆ, ਈਰਾਨ ਨੇ ਵੀ ਅਮਰੀਕਾ ਦੀ ਇਸ ਸਫ਼ਾਈ ਨੂੰ ਰੱਦ ਕਰ ਦਿੱਤਾ। ਪਾਕਿਸਤਾਨ ਨੇ ਭਾਰਤੀ ਜਹਾਜ਼ ਫੁੰਡ ਸੁੱਟੇ ਤੇ ਡਰੋਨ ਨਾਲ ਭਾਰਤੀ ਸਰਹੱਦ ਵਿਚ ਬੰਬ ਸੁੱਟੇ। ਈਰਾਨ ਨੇ ਅਮਰੀਕਾ ਨੂੰ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ।ਕੁਝ ਅਮਰੀਕੀ ਮੰਨਦੇ ਹਨ ਕਿ ਟਰੰਪ ਨੇ ਇਹ ਹਮਲੇ ਕਰ ਕੇ ਇਜ਼ਰਾਈਲ ਨੂੰ ਬਹਾਨਾ ਦਿੱਤਾ ਕਿ ਹੁਣ ਉਹ ਪਿੱਛੇ ਹਟ ਜਾਵੇ। ਇਜ਼ਰਾਈਲ ਦਾ ਮਕਸਦ ਈਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣਾ ਸੀ, ਜੋ ਅਮਰੀਕਾ ਨੇ ਕਰ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਤਿੰਨ ਟਿਕਾਣਿਆਂ ’ਤੇ ਬੰਬ ਸੁੱਟ ਕੇ ਈਰਾਨ ਦੀ ਪ੍ਰਮਾਣੂ ਸਮਰੱਥਾ ਖਤਮ ਕਰ ਦਿੱਤੀ। ਪਰ ਰੱਖਿਆ ਮਾਹਿਰ ਕਹਿੰਦੇ ਹਨ ਕਿ ਇਨ੍ਹਾਂ ਹਮਲਿਆਂ ਨਾਲ ਈਰਾਨ ਦੀ ਸਮਰੱਥਾ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਜਿਵੇਂ ਭਾਰਤ ਦੇ ਹਮਲੇ ਸਿਰਫ਼ ਪ੍ਰਤੀਕਾਤਮਕ ਸਨ।
ਫ਼ਰਕ ਇਹ ਹੈ ਕਿ ਭਾਰਤ ਨੇ ਆਪਣੀ ਹਿੰਦੂਤਵਵਾਦੀ ਜਨਤਾ ਨੂੰ ਖੁਸ਼ ਕੀਤਾ, ਜਦਕਿ ਅਮਰੀਕਾ ਨੇਤਨਯਾਹੂ ਨੂੰ।ਨੇਤਨਯਾਹੂ ਸ਼ੁਰੂ ਤੋਂ ਅਮਰੀਕਾ ਨੂੰ ਈਰਾਨ ’ਤੇ ਬੰਬ ਸੁੱਟਣ ਲਈ ਉਕਸਾਉਂਦਾ ਰਿਹਾ। ਟਰੰਪ ਨੇ ਪਹਿਲਾਂ ਝਿਜਕਿਆ, 15 ਦਿਨਾਂ ਦੀ ਮੋਹਲਤ ਮੰਗੀ, ਪਰ ਉਸੇ ਰਾਤ ਬੰਬਰ ਜਹਾਜ਼ ਭੇਜ ਦਿੱਤੇ। ਹਮਲਿਆਂ ਮਗਰੋਂ ਪੱਛਮੀ ਦੇਸ਼ਾਂ ਨੇ ਈਰਾਨ ਨੂੰ ਸ਼ਾਂਤੀ ਅਪਣਾਉਣ ਲਈ ਕਿਹਾ। ਭਾਰਤ ਸਰਕਾਰ ਨੇ ਵੀ ਇਸੇ ਤਰ੍ਹਾਂ ਈਰਾਨ ਨੂੰ ਹੀ ਸੰਜਮ ਵਰਤਣ ਦੀ ਸਲਾਹ ਦਿੱਤੀ, ਨਾ ਕਿ ਇਜ਼ਰਾਈਲ ਜਾਂ ਅਮਰੀਕਾ ਨੂੰ।ਕੀ ਸਿਰਫ਼ ਈਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣਾ ਮਕਸਦ ਸੀ?
ਨੇਤਨਯਾਹੂ ਨੇ ਸਾਫ਼ ਕਿਹਾ ਕਿ ਉਸ ਦਾ ਟੀਚਾ ਈਰਾਨ ਵਿਚ ਸੱਤਾ ਬਦਲਣਾ ਹੈ। ਉਸ ਨੇ ਈਰਾਨ ਦੇ ਫੌਜੀ ਅਫ਼ਸਰਾਂ ਦੀ ਹੱਤਿਆ ਕੀਤੀ ਤੇ ਸੁਪਰੀਮ ਲੀਡਰ ਅਯਾਤੁੱਲਾ ਖ਼ਾਮਨੇਈ ਨੂੰ ਮਾਰਨ ਦੀ ਧਮਕੀ ਦਿੱਤੀ। ਟਰੰਪ ਨੇ ਵੀ ਖ਼ਾਮਨੇਈ ਦੀ ਹੱਤਿਆ ਦੀ ਗੱਲ ਕੀਤੀ।ਗਿਦਓਨ ਲੇਵੀ ਪੁੱਛਦਾ ਹੈ: ਕੀ ਕਿਸੇ ਦੇਸ਼ ਨੂੰ ਦੂਜੇ ਦੇਸ਼ ਦੇ ਮੁਖੀ ਦੀ ਹੱਤਿਆ ਕਰਨ ਦਾ ਹੱਕ ਹੈ? ਕੀ ਸੱਤਾ ਪਲਟਣ ਦਾ ਹੱਕ ਹੈ? ਜੇ ਟਰੰਪ ਇਹ ਕਹਿ ਸਕਦਾ ਹੈ, ਤਾਂ ਕੀ ਕੋਈ ਟਰੰਪ ਬਾਰੇ ਨਹੀਂ ਕਹਿ ਸਕਦਾ? ਜੇ ਨੇਤਨਯਾਹੂ ਖ਼ਾਮਨੇਈ ਦੀ ਹੱਤਿਆ ਦੀ ਗੱਲ ਕਰ ਸਕਦਾ ਹੈ, ਤਾਂ ਕੀ ਨੇਤਨਯਾਹੂ ਦੀ ਹੱਤਿਆ ਬਾਰੇ ਗੱਲ ਕਿਉਂ ਨਹੀਂ ਹੋ ਸਕਦੀ? ਲੇਵੀ ਅੱਗੇ ਪੁੱਛਦਾ ਹੈ ਕਿ ਕਿਹੜੇ ਵਿਗਿਆਨੀਆਂ ਦੀ ਹੱਤਿਆ ਜਾਇਜ਼ ਹੈ? ਈਰਾਨੀ ਪ੍ਰਮਾਣੂ ਵਿਗਿਆਨੀਆਂ ਦੀ ਹੀ ਕਿਉਂ? ਇਜ਼ਰਾਈਲੀ ਵਿਗਿਆਨੀਆਂ ਦੀ ਕਿਉਂ ਨਹੀਂ? ਉਹ ਲਿਖਦਾ ਹੈ ਕਿ ਕਿਸੇ ਵੀ ਧਿਰ ਵੱਲੋਂ ਰਾਸ਼ਟਰਪਤੀਆਂ ਦੀ ਹੱਤਿਆ ਦੀ ਮੰਗ ਗ਼ਲਤ ਹੈ। ਨੇਤਨਯਾਹੂ ਗਾਜ਼ਾ ਵਿਚ ਹਜ਼ਾਰਾਂ ਮੌਤਾਂ ਲਈ ਜ਼ਿੰਮੇਵਾਰ ਹੈ। ਕੀ ਉਸ ਦੀ ਹੱਤਿਆ ਦੀ ਮੰਗ ਜਾਇਜ਼ ਹੈ?
ਕਈ ਇਜ਼ਰਾਈਲੀ ਸੋਚਦੇ ਹਨ ਕਿ ਉਹ ਤਾਨਾਸ਼ਾਹ ਹੈ, ਦੇਸ਼ ਨੂੰ ਤਬਾਹ ਕਰ ਰਿਹਾ ਹੈ। ਪਰ ਉਸ ਦੀ ਹੱਤਿਆ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ।”
ਅਫ਼ਸੋਸ, ਇਹ ਸਵਾਲ ਕੋਈ ਨਹੀਂ ਪੁੱਛ ਰਿਹਾ ਕਿ ਇਜ਼ਰਾਈਲ ਨੂੰ ਪ੍ਰਮਾਣੂ ਬੰਬ ਰੱਖਣ ਦਾ ਹੱਕ ਕਿਉਂ, ਤੇ ਈਰਾਨ ਨੂੰ ਨਹੀਂ?
ਪਿਛਲੇ 40 ਸਾਲਾਂ ਵਿਚ ਇਜ਼ਰਾਈਲ ਨੇ ਜਿੰਨੀਆਂ ਜੰਗਾਂ ਲੜੀਆਂ, ਈਰਾਨ ਨੇ ਨਹੀਂ। ਫਿਰ ਵੱਡਾ ਖ਼ਤਰਾ ਕੌਣ ਹੈ?
ਇਜ਼ਰਾਈਲ ਨੂੰ ਹਥਿਆਰ-ਮੁਕਤ ਕਿਉਂ ਨਹੀਂ ਕੀਤਾ ਜਾਂਦਾ?ਇਹ ਸਵਾਲ ਕੁਝ ਇਜ਼ਰਾਈਲੀ ਬੁੱਧੀਜੀਵੀ ਚੁੱਕ ਰਹੇ ਹਨ, ਪਰ ਦੂਜੇ ਦੇਸ਼ਾਂ ਵਿਚ ਇਹ ਚਰਚਾ ਨਹੀਂ। ਭਾਰਤ ਵਰਗੇ ਦੇਸ਼ ਵੀ ਇਹ ਸਵਾਲ ਨਹੀਂ ਪੁੱਛ ਰਹੇ। ਅਮਰੀਕਾ ਨੂੰ ਇਕਪਾਸੜ ਤਰੀਕੇ ਨਾਲ ਫ਼ੈਸਲੇ ਦਾ ਹੱਕ ਦੇ ਦਿੱਤਾ ਗਿਆ ਕਿ ਕਿਹੜਾ ਦੇਸ਼ ਹਮਲਾ ਕਰੇਗਾ, ਕੌਣ ਪ੍ਰਮਾਣੂ ਊਰਜਾ ਵਿਕਸਤ ਕਰ ਸਕਦਾ ਹੈ। ਕੀ ਹੁਣ ਇਹ ਤੈਅ ਹੈ ਕਿ ਜਿਸ ਕੋਲ ਜ਼ਿਆਦਾ ਬੰਬ ਹੋਣਗੇ, ਉਹ ਦੁਨੀਆ ’ਤੇ ਰਾਜ ਕਰੇਗਾ? ਕੀ ਰਾਸ਼ਟਰਾਂ ਦੀ ਅਜ਼ਾਦੀ ਤੇ ਪ੍ਰਭੂਸਤਾ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ?
ਪ੍ਰੋਫੈਸਰ ਅਪੂਰਵਾਨੰਦ












Comments (0)