ਟਰੰਪ-ਮਸਕ ਦੀ ਸਾਂਝ ਟੁੱਟੀ, ਸੋਸ਼ਲ ਮੀਡੀਆ 'ਤੇ ਛਿੜੀ  ਜੰਗ,ਅਮਰੀਕੀ ਸਿਆਸਤ ਵਿਚ ਹਲਚਲ

ਟਰੰਪ-ਮਸਕ ਦੀ ਸਾਂਝ ਟੁੱਟੀ, ਸੋਸ਼ਲ ਮੀਡੀਆ 'ਤੇ ਛਿੜੀ  ਜੰਗ,ਅਮਰੀਕੀ ਸਿਆਸਤ ਵਿਚ ਹਲਚਲ

* ਮਸਕ ਦੀ ਸਰਕਾਰੀ ਇਕਰਾਰਨਾਮਿਆਂ 'ਤੇ ਟਰੰਪ ਨੇ ਦਿਤੀ ਧਮਕੀ, ਕੀ ਹੋਵੇਗਾ ਅਸਰ?

*ਮਸਕ ਦਾ ਦਾਅਵਾ- 'ਮੈਂ ਬਣਾਇਆ ਟਰੰਪ ਨੂੰ ਰਾਸ਼ਟਰਪਤੀ' 

*ਐਪਸਟੀਨ ਫਾਈਲਾਂ ਦਾ ਧਮਾਕਾ: ਮਸਕ ਦਾ ਟਰੰਪ ’ਤੇ ਵੱਡਾ ਵਾਰ

*ਰੂਸ ਦਾ ਮਸਕ ਨੂੰ ਸੱਦਾ, ਨਵੀਂ ਪਾਰਟੀ ਦੀ ਜੁਗਤ: ਮਸਕ ਦੀ ਸਿਆਸੀ ਉਡਾਰੀ

ਅਮਰੀਕੀ ਸਿਆਸਤ ਦੇ ਰੰਗਮੰਚ 'ਤੇ ਅੱਜ ਇੱਕ ਅਜਿਹਾ ਨਾਟਕ ਚੱਲ ਰਿਹਾ ਹੈ, ਜਿਸ ਨੇ ਨਾ ਸਿਰਫ਼ ਵਾਸ਼ਿੰਗਟਨ ਦੀਆਂ ਗਲੀਆਂ ਵਿਚ ਹਲਚਲ ਮਚਾਈ, ਸਗੋਂ ਸਾਰੀ ਦੁਨੀਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਲਈਆਂ। ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ਦੀ ਸਿਆਸਤ ਨੇ ਹਮੇਸ਼ਾ ਸੁਰਖੀਆਂ ਬਟੋਰੀਆਂ ਹਨ, ਤੇ ਦੂਜੇ ਪਾਸੇ ਅਰਬਪਤੀ ਕਾਰੋਬਾਰੀ ਐਲਨ ਮਸਕ, ਜਿਸ ਦੀ ਟੇਸਲਾ, ਸਪੇਸਐਕਸ ਤੇ ਐਕਸ ਪਲੈਟਫਾਰਮ ਨੇ ਅਮਰੀਕੀ ਅਰਥਚਾਰੇ ਤੇ ਸਿਆਸਤ ਵਿਚ ਨਵੀਆਂ ਲੀਹਾਂ ਪਾਈਆਂ। ਕਦੇ ਇਹ ਦੋਵੇਂ ਇੱਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਸਨ, ਪਰ ਅੱਜ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀ ‘ਤੂੰ-ਤੂੰ, ਮੈਂ-ਮੈਂ’ ਨੇ ਅਮਰੀਕਾ ਦੀ ਸਿਆਸੀ ਧਰਤੀ ਵਿਚ ਭੂਚਾਲ ਲਿਆ ਦਿੱਤਾ।ਇਹ ਜੰਗ ਸਿਰਫ਼ ਦੋ ਸ਼ਖਸੀਅਤਾਂ ਦੀ ਨਿੱਜੀ ਅੜਚਣ ਨਹੀਂ, ਸਗੋਂ ਇਸ ਦੇ ਡੂੰਘੇ ਪ੍ਰਭਾਵ ਅਮਰੀਕੀ ਅਰਥਚਾਰੇ, ਸਿਆਸਤ, ਅਤੇ ਗਲੋਬਲ ਸਟੇਜ 'ਤੇ ਵੀ ਦਿਖਣ ਦੀ ਸੰਭਾਵਨਾ ਹੈ। ਟਰੰਪ ਦੀ ਮਸਕ ਦੀਆਂ ਕੰਪਨੀਆਂ ਨਾਲ ਸਰਕਾਰੀ ਇਕਰਾਰਨਾਮੇ ਖਤਮ ਕਰਨ ਦੀ ਧਮਕੀ, ਮਸਕ ਦਾ ‘ਐਪਸਟੀਨ ਫਾਈਲਾਂ’ ਵਾਲਾ ਧਮਾਕਾ, ਟਰੰਪ ਦਾ ਮਸਕ 'ਤੇ ਡਰੱਗਜ਼ ਦੇ ਦੋਸ਼, ਅਤੇ ਹੁਣ ਰੂਸ ਵੱਲੋਂ ਮਸਕ ਨੂੰ ਸਿਆਸੀ ਸ਼ਰਨ ਦੀ ਪੇਸ਼ਕਸ਼—ਇਹ ਸਾਰੇ ਮਾਮਲੇ ਮਿਲ ਕੇ ਅਮਰੀਕੀ ਸਿਆਸਤ ਨੂੰ ਇੱਕ ਅਜਿਹੇ ਮੋੜ 'ਤੇ ਲੈ ਆਏ ਹਨ, ਜਿੱਥੇ ਸਵਾਲ ਹਰ ਕਿਸੇ ਦੇ ਮਨ ਵਿਚ ਗੂੰਜ ਰਹੇ ਹਨ: ਅੱਗੇ ਕੀ? ਮਸਕ ਕੀ ਰੂਸ ਵੱਲ ਝੁਕੇਗਾ? ਟਰੰਪ ਕੀ ਪਾਬੰਦੀਆਂ ਲਗਾਏਗਾ? ਅਮਰੀਕੀ ਅਰਥਚਾਰੇ ਦਾ ਕੀ ਬਣੇਗਾ?

ਟਰੰਪ-ਮਸਕ ਦੀ ਜੰਗ ਦੀ ਜੜ੍ਹ

ਇਸ ਸਾਰੀ ਖਿਚੋਤਾਣ ਦੀ ਸ਼ੁਰੂਆਤ ਹੋਈ ਇੱਕ ਘਰੇਲੂ ਨੀਤੀ ਬਿੱਲ ਨਾਲ, ਜਿਸ ਨੂੰ ਟਰੰਪ ਨੇ ‘ਵਨ ਬਿਗ ਬਿਊਟੀਫੁੱਲ ਬਿੱਲ’ ਦਾ ਨਾਮ ਦਿੱਤਾ। ਇਸ ਬਿੱਲ ਵਿਚ ਇਲੈਕਟ੍ਰਿਕ ਵਾਹਨਾਂ (ਈ.ਵੀ.) ਨੂੰ ਮਿਲਣ ਵਾਲੀਆਂ ਸਬਸਿਡੀਆਂ 'ਤੇ ਰੋਕ ਲਗਾਉਣ ਦਾ ਫੈਸਲਾ ਸੀ, ਜੋ ਮਸਕ ਦੀ ਕੰਪਨੀ ਟੇਸਲਾ ਲਈ ਆਰਥਿਕ ਝਟਕੇ ਵਰਗਾ ਸੀ। ਮਸਕ ਨੇ ਇਸ ਬਿੱਲ ਨੂੰ ‘ਘਿਨਾਉਣਾ’ ਅਤੇ ‘ਅਮਰੀਕਾ ਦੀ ਬਰਬਾਦੀ’ ਦਾ ਕਾਰਨ ਦੱਸਦਿਆਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਟਰੰਪ ਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਸ ਨੇ ਲਿਖਿਆ, “ਕੀ ਤੁਸੀਂ ਅਸਲ ਵਿਚ ਅਮਰੀਕੀ ਅਰਥਚਾਰੇ ਨੂੰ ਡੋਬਣਾ ਚਾਹੁੰਦੇ ਹੋ?” ਇਹ ਸਿਰਫ਼ ਸ਼ੁਰੂਆਤ ਸੀ।ਮਸਕ ਨੇ ਇਹ ਵੀ ਦਾਅਵਾ ਕੀਤਾ ਕਿ 2024 ਦੀਆਂ ਚੋਣਾਂ ਵਿਚ ਟਰੰਪ ਦੀ ਜਿੱਤ ਵਿਚ ਉਸ ਦੀ 275 ਮਿਲੀਅਨ ਡਾਲਰ ਦੀ ਫੰਡਿੰਗ ਅਤੇ ਐਕਸ ਪਲੈਟਫਾਰਮ ਦੀ ਤਾਕਤ ਨੇ ਮੁੱਖ ਭੂਮਿਕਾ ਨਿਭਾਈ ਸੀ। ਉਸ ਨੇ ਟਰੰਪ ਨੂੰ ਸਿੱਧੇ ਸ਼ਬਦਾਂ ਵਿਚ ਕਿਹਾ, “ਜੇ ਮੈਂ ਨਾ ਹੁੰਦਾ, ਤਾਂ ਤੁਸੀਂ ਵ੍ਹਾਈਟ ਹਾਊਸ ਵਿਚ ਨਾ ਹੁੰਦੇ।” ਇਹ ਸੀ ਉਹ ਚੰਗਿਆੜੀ, ਜਿਸ ਨੇ ਟਰੰਪ ਅੱਗ ਬਬੂਲਿ ਕਰ ਦਿੱਤਾ।ਟਰੰਪ ਨੇ ਪਲਟਵਾਰ ਕਰਦਿਆਂ ਮਸਕ ਦੀਆਂ ਕੰਪਨੀਆਂ—ਟੇਸਲਾ, ਸਪੇਸਐਕਸ, ਅਤੇ ਸਟਾਰਲਿੰਕ—ਨਾਲ ਸੰਘੀ ਸਰਕਾਰ ਦੇ ਅਰਬਾਂ ਡਾਲਰ ਦੇ ਇਕਰਾਰਨਾਮੇ ਖਤਮ ਕਰਨ ਦੀ ਧਮਕੀ ਦੇ ਦਿੱਤੀ। ਉਸ ਨੇ ਕਿਹਾ, “ਮੈਂ ਮਸਕ ਦੀ ਬਹੁਤ ਮਦਦ ਕੀਤੀ, ਪਰ ਹੁਣ ਉਹ ਪਰੇਸ਼ਾਨ ਹੈ, ਕਿਉਂਕਿ ਅਸੀਂ ਈ.ਵੀ. ਸਬਸਿਡੀਆਂ ਰੋਕੀਆਂ ਹਨ।” ਟਰੰਪ ਦਾ ਇਹ ਬਿਆਨ ਅਮਰੀਕੀ ਅਖਬਾਰਾਂ, ਜਿਵੇਂ ਕਿ ਵਾਸ਼ਿੰਗਟਨ ਪੋਸਟ ਅਤੇ ਨਿਊਯਾਰਕ ਟਾਈਮਜ਼ ਵਿਚ ਸੁਰਖੀਆਂ ਬਣਿਆ, ਜਿਨ੍ਹਾਂ ਨੇ ਇਸ ਨੂੰ ‘ਟਰੰਪ-ਮਸਕ ਸਾਂਝ ਦੀ ਤਬਾਹੀ’ ਦਾ ਨਾਮ ਦਿੱਤਾ।ਇਸ ਬਿੱਲ ਦੀ ਆਲੋਚਨਾ ਮਸਕ ਲਈ ਸਿਰਫ਼ ਵਪਾਰਕ ਮਸਲਾ ਨਹੀਂ ਸੀ। ਉਸ ਨੇ ਦਾਅਵਾ ਕੀਤਾ ਕਿ ਈ.ਵੀ. ਸਬਸਿਡੀਆਂ ਅਮਰੀਕੀ ਅਰਥਚਾਰੇ ਅਤੇ ਵਾਤਾਵਰਣ ਲਈ ਜ਼ਰੂਰੀ ਹਨ। ਪਰ ਟਰੰਪ ਦੀ ਨਜ਼ਰ ਵਿਚ ਇਹ ਸਬਸਿਡੀਆਂ ਸਰਕਾਰੀ ਖਜ਼ਾਨੇ 'ਤੇ ਬੋਝ ਸਨ। 

ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਮੁਤਾਬਕ, ਇਸ ਬਿੱਲ ਦਾ ਮਕਸਦ ਸਰਕਾਰੀ ਖਰਚਿਆਂ ਵਿਚ ਕਟੌਤੀ ਕਰਕੇ ਅਮਰੀਕੀ ਟੈਕਸਦਾਤਾਵਾਂ ਨੂੰ ਰਾਹਤ ਦੇਣਾ ਸੀ, ਪਰ ਮਸਕ ਨੇ ਇਸ ਨੂੰ ਟੇਸਲਾ ਦੀਆਂ ਜੜ੍ਹਾਂ 'ਤੇ ਹੀ ਕੁਹਾੜੀ ਮਾਰਨ ਦੀ ਸਾਜਿਸ਼ ਕਰਾਰ ਦਿੱਤਾ।

ਇਹ ਜੰਗ ਸਿਰਫ਼ ਬਿੱਲ ਜਾਂ ਸਬਸਿਡੀਆਂ ਦੀ ਨਹੀਂ, ਸਗੋਂ ਇਹ ਸ਼ਕਤੀ ਦੀ ਖਿਚੋਤਾਣ ਹੈ। ਟਰੰਪ ਆਪਣੀ ਸਿਆਸੀ ਦਬਦਬੇ ਨੂੰ ਕਾਇਮ ਰੱਖਣਾ ਚਾਹੁੰਦੇ ਹਨ, ਜਦਕਿ ਮਸਕ ਆਪਣੇ ਕਾਰੋਬਾਰੀ ਹਿੱਤਾਂ ਨੂੰ ਸੁਰੱਖਿਅਤ ਕਰਨ ਦੇ ਨਾਲ ਸਿਆਸੀ ਖੇਡ ਦਾ ਨਵਾਂ ਖਿਡਾਰੀ ਬਣਨ ਦੀ ਤਿਆਰੀ ਵਿਚ ਹੈ।ਸੱਚ ਇਹ ਹੈ ਕਿ ਕਿ ਮਸਕ ਹੁਣ ਸਿਰਫ਼ ਕਾਰੋਬਾਰੀ ਨਹੀਂ, ਸਗੋਂ ਸਿਆਸੀ ਸ਼ਤਰੰਜ ਦਾ ਵੱਡਾ ਖਿਡਾਰੀ ਬਣਨ ਦੀ ਜੁਗਤ ਵਿਚ ਹੈ।

ਕੀਮਸਕ ਦਾ ਰੂਸ ਨਾਲ ਜੋੜ ਹੋਵੇਗਾ

ਇਸ ਝਗੜੇ ਵਿਚ ਨਵਾਂ ਮੋੜ ਆਇਆ, ਜਦੋਂ ਰੂਸ ਨੇ ਮਸਕ ਨੂੰ ਸਿਆਸੀ ਪਨਾਹ ਦਾ ਸੱਦਾ ਦਿੱਤਾ। ਇੰਟਰਨੈਸ਼ਨਲ ਡੈਸਕ ਦੀ ਖਬਰ ਮੁਤਾਬਕ, ਰੂਸ ਦੀ ਸਟੇਟ ਡਿਊਮਾ ਕਮੇਟੀ ਦੇ ਡਿਪਟੀ ਚੇਅਰਮੈਨ ਦਮਿਤਰੀ ਨੋਵੀਕੋਵ ਨੇ ਕਿਹਾ, “ਜੇ ਮਸਕ ਚਾਹੇ, ਤਾਂ ਰੂਸ ਉਸ ਨੂੰ ਪਨਾਹ ਦੇਣ ਲਈ ਤਿਆਰ ਹੈ।” ਇਹ ਸੱਦਾ ਉਦੋਂ ਆਇਆ, ਜਦੋਂ ਮਸਕ-ਟਰੰਪ ਦੀ ਲੜਾਈ ਚਰਮ ’ਤੇ ਸੀ। ਸੀ.ਬੀ.ਐਸ. ਨਿਊਜ਼ ਨੇ ਇਸ ਨੂੰ ਰੂਸ ਦੀ ‘ਮੌਕੇ ਦੀ ਮਾਰ’ ਕਿਹਾ, ਕਿਉਂਕਿ ਰੂਸ ਪਹਿਲਾਂ ਵੀ ਐਡਵਰਡ ਸਨੋਡਨ ਵਰਗੇ ਪੱਛਮੀ ਆਲੋਚਕਾਂ ਨੂੰ ਪਨਾਹ ਦੇ ਚੁੱਕਾ ਹੈ। 

ਨਿਊਯਾਰਕ ਟਾਈਮਜ਼ ਦੇ ਵਿਸ਼ਲੇਸ਼ਣ ਮੁਤਾਬਕ, ਮਸਕ ਦਾ ਰੂਸ ਵੱਲ ਜਾਣਾ ਮੁਸ਼ਕਲ ਹੈ। ਉਸ ਦੀਆਂ ਕੰਪਨੀਆਂ ਅਮਰੀਕੀ ਸਰਕਾਰ ਦੇ ਇਕਰਾਰਨਾਮਿਆਂ ’ਤੇ ਟਿੱਕੀਆਂ ਨੇ, ਤੇ ਰੂਸ ’ਚ ਉਸ ਲਈ ਵਪਾਰ ਦੀਆਂ ਸੰਭਾਵਨਾਵਾਂ ਘੱਟ ਨੇ। ਪਰ ਮਸਕ ਦਾ ਬਗਾਵਤੀ ਰੁਖ਼ ਤੇ ਨਵੀਂ ਸਿਆਸੀ ਪਾਰਟੀ ‘ਅਮਰੀਕਾ ਪਾਰਟੀ’ ਬਣਾਉਣ ਦੀ ਗੱਲ ਨੇ ਅਟਕਲਾਂ ਨੂੰ ਹਵਾ ਦਿੱਤੀ ਕਿ ਉਹ ਟਰੰਪ ਦੇ ਖਿਲਾਫ ਵੱਡੀ ਬਾਜ਼ੀ ਖੇਡ ਸਕਦੈ ਹਨ।ਮਸਕ ਨੇ ਐਕਸ ’ਤੇ ਪੋਲ ਚਲਾਇਆ, ਜਿਸ ਵਿਚ 80% ਲੋਕਾਂ ਨੇ ‘ਅਮਰੀਕਾ ਪਾਰਟੀ’ ਦੀ ਜ਼ਰੂਰਤ ਨੂੰ ਹਰੀ ਝੰਡੀ ਦਿੱਤੀ ਹੈ। ਬਲੂਮਬਰਗ ਨੇ ਇਸ ਨੂੰ ਮਸਕ ਦੀ ਸਿਆਸੀ ਉਡਾਰੀ ਦਾ ਸੰਕੇਤ ਕਿਹਾ। ਮਸਕ ਨੇ ਰਿਪਬਲੀਕਨ ਸੰਸਦ ਮੈਂਬਰਾਂ ਨੂੰ ਸਿੱਧਾ ਸੁਨੇਹਾ ਦਿੱਤਾ ਹੈ ਕਿ ਟਰੰਪ ਕੋਲ 3.5 ਸਾਲ ਨੇ, ਮੇਰੇ ਕੋਲ 40 ਸਾਲ।”

ਟਰੰਪ ਦੀਆਂ ਪਾਬੰਦੀਆਂ?

ਵਾਲ ਸਟਰੀਟ ਜਰਨਲ ਮੁਤਾਬਕ, ਟਰੰਪ ਮਸਕ ਦੀਆਂ ਕੰਪਨੀਆਂ ਦੇ ਇਕਰਾਰਨਾਮਿਆਂ ਦੀ ਸਮੀਖਿਆ ਕਰ ਸਕਦੈ। ਪਰ ਵਾਸ਼ਿੰਗਟਨ ਪੋਸਟ ਦਾ ਕਹਿਣਾ ਹੈ ਕਿ ਇਹ ਕੰਮ ਆਸਾਨ ਨਹੀਂ। ਸਪੇਸਐਕਸ ਨਾਸਾ ਦਾ ਮੁੱਖ ਸਾਥੀ ਹੈ, ਤੇ ਟੇਸਲਾ ਅਮਰੀਕੀ ਆਟੋ ਉਦਯੋਗ ਦੀ ਧੁਰੀ ਹੈ।  ਇਹਨਾਂ ਪਾਬੰਦੀਆਂ ਕਾਰਣ ਟਰੰਪ ਨੂੰ 2026 ਦੀਆਂ ਮੱਧਕਾਲੀ ਚੋਣਾਂ ਵਿਚ ਸਿਆਸੀ ਨੁਕਸਾਨ ਝੱਲਣਾ ਪੈ ਸਕਦੈ।

ਟਰੰਪ ਦੀਆਂ ਪਾਬੰਦੀਆਂ ਜੇ ਹਕੀਕਤ ਬਣੀਆਂ, ਤਾਂ ਅਮਰੀਕੀ ਅਰਥਚਾਰੇ ਤੇ ਸਿਆਸਤ ਨੂੰ ਵੱਡੀ ਮਾਰ ਪਵੇਗੀ। ਵਾਸ਼ਿੰਗਟਨ ਪੋਸਟ ਦਾ ਮੰਨਣਾ ਹੈ ਕਿ 2026 ਦੀਆਂ ਚੋਣਾਂ ਵਿਚ ਇਸ ਦਾ ਅਸਰ ਸਪਸ਼ਟ ਦਿਸੂ।