ਹੈਤੀ ਪ੍ਰਵਾਸੀਆਂ ਬਾਰੇ ਬੇਬੁਨਿਆਦ ਦੋਸ਼ ਲਾਉਣ ਦੇ ਮਾਮਲੇ ਵਿਚ ਟਰੰਪ ਤੇ ਵੈਂਸ ਵਿਰੁੱਧ ਮੁਕੱਦਮਾ

ਹੈਤੀ ਪ੍ਰਵਾਸੀਆਂ ਬਾਰੇ ਬੇਬੁਨਿਆਦ ਦੋਸ਼ ਲਾਉਣ ਦੇ ਮਾਮਲੇ ਵਿਚ ਟਰੰਪ ਤੇ ਵੈਂਸ ਵਿਰੁੱਧ ਮੁਕੱਦਮਾ
ਕੈਪਸ਼ਨ ਵਕੀਲ ਸੁਬੋਧ ਚੰਦਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) - ਓਹੀਓ ਰਾਜ ਦੇ ਸਪਰਿੰਗਫੀਲਡ ਸ਼ਹਿਰ ਵਿਚ ਰਹਿੰਦੇ ਹੈਤੀ ਪਰਵਾਸੀਆਂ ਬਾਰੇ ਬਿਨਾਂ ਸਬੂਤ ਗਲਤ ਦਾਅਵਾ ਕਰਨ ਦੇ ਮਾਮਲੇ ਵਿਚ ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਪ ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਜੇ ਡੀ ਵੈਂਸ ਵਿਰੁੱਧ ਕਲਾਰਕ ਕਾਊਂਟੀ ਮਿਊਂਸਪਲ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਕਾਨੂੰਨੀ ਲੜਾਈ ਦੀ ਅਗਵਾਈ ਮਾਨਵੀ ਹੱਕਾਂ ਬਾਰੇ ਭਾਰਤੀ ਮੂਲ ਦਾ ਤਜ਼ਰਬੇਕਾਰ ਵਕੀਲ ਸੁਬੋਧ ਚੰਦਰਾ ਸੈਨ ਡਇਏਗੋ ਅਧਾਰਤ ਹੈਤੀਅਨ ਬਰਿਜ ਅਲਾਇੰਸ ਦੀ ਤਰਫੋਂ ਕਰ ਰਿਹਾ ਹੈ।

ਦਾਇਰ ਮੁਕੱਦਮੇ ਵਿਚ ਅਪਰਾਧਕ ਦੋਸ਼ ਲਾਏ ਗਏ ਹਨ ਤੇ ਕਿਹਾ ਗਿਆ ਹੈ ਕਿ  ਡੋਨਲਡ ਟਰੰਪ ਤੇ ਵੈਂਸ ਨੇ ਵਾਰ ਵਾਰ ਦਾਅਵਾ ਕੀਤਾ ਕਿ ਹੈਤੀ ਲੋਕ ਸਥਾਨਕ ਲੋਕਾਂ ਦੇ ਪਾਲਤੂ ਜਾਨਵਰ ਕੁੱਤੇ ਤੇ ਬਿੱਲੀਆਂ ਨੂੰ ਚੋਰੀ ਕਰਕੇ ਖਾਂਦੇ ਹਨ। ਇਸ ਦਾਅਵੇ ਨੂੰ ਸ਼ਹਿਰ ਤੇ ਰਾਜ ਦੇ ਅਧਿਕਾਰੀਆਂ ਨੇ ਮੂਲੋਂ ਹੀ ਰੱਦ ਕਰ ਦਿੱਤਾ ਸੀ। ਹੈਤੀਅਨ ਬਰਿਜ ਅਲਾਇੰਸ ਇਕ ਗੈਰ ਮੁਨਾਫਾ ਸਮਾਜਿਕ ਸੰਸਥਾ ਹੈ ਜੋ ਪ੍ਰਵਾਸੀਆਂ ਨੀਤੀਆਂ ਸਬੰਧੀ ਕੰਮ ਕਰਦੀ ਹੈ। ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਗੁਰਲਾਈਨ ਜੋਜ਼ਫ ਵਲੋਂ ਅਦਾਲਤ ਵਿਚ ਦਾਇਰ ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਟਰੰਪ ਤੇ ਵੈਂਸ ਨੇ ਬੇਬੁਨਿਆਦ ਦੋਸ਼ ਲਾ ਕੇ ਹੈਤੀਅਨ ਭਾਈਚਾਰੇ ਵਿਚ ਡਰ ਤੇ ਸਹਿਮ ਦਾ ਮਹੌਲ ਪੈਦਾ ਕੀਤਾ ਹੈ।