ਟਰੰਪ ਪ੍ਰਸ਼ਾਸਨ ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰਨ ਦੇ ਫੈਸਲੇ ਤੋਂ ਪਿੱਛੇ ਹਟਿਆ, ਵੀਜ਼ੇ ਹੋਣਗੇ ਬਹਾਲੇ

ਟਰੰਪ ਪ੍ਰਸ਼ਾਸਨ ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰਨ ਦੇ ਫੈਸਲੇ ਤੋਂ ਪਿੱਛੇ ਹਟਿਆ, ਵੀਜ਼ੇ ਹੋਣਗੇ ਬਹਾਲੇ

ਅੰਮ੍ਰਿਤਸਰ ਟਾਈਮਜ਼ ਬਿਊਰੋ 


ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਵਾਪਿਸ ਲੈ ਲੈਣ ਦੀ ਖਬਰ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ  ਉਨਾਂ ਹਜਾਰਾਂ  ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਮੁੜ ਬਹਾਲ ਕਰ ਰਿਹਾ ਹੈ ਜਿਨਾਂ ਦੇ ਵੀਜ਼ੇ  ਅਚਾਨਕ ਰੱਦ ਕਰ ਦਿੱਤੇ ਗਏ ਸਨ ਜਿਸ ਕਾਰਨ ਵਿਦਿਆਰਥੀਆਂ ਲਈ ਬੇਯਕੀਨੀ ਵਾਲੇ ਹਾਲਾਤ ਪੈਦਾ ਹੋ ਗਏ ਸਨ ਤੇ ਉਨਾਂ ਨੂੰ   ਦੇਸ਼ ਨਿਕਾਲੇ ਦਾ ਡਰ ਵੱਢ ਵੱਢ ਖਾ ਰਿਹਾ ਸੀ। ਮੀਡੀਆ ਰਿਪੋਰਟ ਅਨੁਸਾਰ ਨਿਆਂ ਵਿਭਾਗ ਨੇ ਮਾਸਾਚੂਸੈਟਸ ਵਿਚ ਯੂ ਐਸ  ਡਿਸਟ੍ਰਿਕਟ ਕੋਰਟ ਵਿੱਚ ਦਾਇਰ ਜਵਾਬ ਵਿਚ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ। ਫੈਡਰਲ ਸਟੂਡੈਂਟ ਐਕਸਚੇਂਜ ਐਂਡ ਵਿਜ਼ਟਰ ਇਨਫਰਮੇਸ਼ਨ ਸਿਸਟਮ (ਸੇਵਿਸ) ਵਿਚ ਵੀਜ਼ੇ ਰੱਦ ਕਰ ਦੇਣ ਬਾਰੇ ਸੂਚਨਾ ਮਿਲਣ ਜਾਂ ਈ ਮੇਲ ਰਾਹੀਂ  ਜਾਣਕਾਰੀ ਮਿਲਣ ਉਪਰੰਤ ਬਹੁਤ ਸਾਰੇ ਮਾਮਲਿਆਂ ਵਿਚ ਯੁਨੀਵਰਸਿਟੀਆਂ ਨੇ ਵਿਦਿਆਰਥੀਆਂ ਨੂੰ ਤੁਰੰਤ ਚਲੇ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ। ਇਥੇ ਜਿਕਰਯੋਗ ਹੈ ਕਿ ਵੱਖ ਵੱਖ ਅਦਾਲਤਾਂ ਵਿਚ ਵਿਦਿਆਰਥੀਆਂ ਵੱਲੋਂ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਤੇ 100 ਤੋਂ ਵਧ ਪਟੀਸ਼ਨਾਂ ਅਦਾਲਤਾਂ ਵਿਚ ਸੁਣਵਾਈ ਅਧੀਨ ਹਨ।