ਦੇਸ਼ ਦੀ ਵੰਡ ਦਾ ਦੁਖਾਂਤ, ਪ੍ਰਕਿਰਿਆ ਅਤੇ ਕਾਰਨ

ਦੇਸ਼ ਦੀ ਵੰਡ ਦਾ ਦੁਖਾਂਤ, ਪ੍ਰਕਿਰਿਆ ਅਤੇ ਕਾਰਨ

ਭਾਰਤ ਦੀ ਆਜ਼ਾਦੀ ਨੇ 1947 ਵਿਚ ਦੇਸ਼ ਦੀ ਵੰਡ ਨਾਲ ਦਸਤਕ ਦਿੱਤੀ।

ਇਸ ਆਜ਼ਾਦੀ ਨੇ ਧਾਰਮਿਕ ਆਧਾਰ 'ਤੇ ਦੇਸ਼ ਦੀ ਵੰਡ ਕਰ ਕੇ ਮੁਸਲਮਾਨ ਭਾਈਚਾਰੇ ਵਾਸਤੇ ਇਕ ਨਵੇਂ ਦੇਸ਼ ਪਾਕਿਸਤਾਨ ਨੂੰ ਜਨਮ ਦਿੱਤਾ। ਵੰਡ ਕਰਦੇ ਸਮੇਂ ਪੰਜਾਬ ਅਤੇ ਬੰਗਾਲ ਦੇ ਸੂਬਿਆਂ ਨੂੰ ਵੰਡਿਆ ਗਿਆ। ਭਾਰਤ ਵਿਚੋਂ ਖਾਸ ਤੌਰ 'ਤੇ ਪੰਜਾਬ ਤੇ ਬੰਗਾਲ ਦੇ ਸੂਬਿਆਂ 'ਚੋਂ ਮੁਸਲਮਾਨਾਂ ਦਾ ਉਜਾੜਾ ਹੋਇਆ ਅਤੇ ਉਹ ਪਾਕਿਸਤਾਨ ਵੱਲ ਨੂੰ ਪਲਾਇਨ ਕਰਨ ਵਾਸਤੇ ਮਜਬੂਰ ਹੋਏ।ਪਾਕਿਸਤਾਨ ਵਿਚੋਂ ਹਿੰਦੂ-ਸਿੱਖ ਧਰਮਾਂ ਦੇ ਲੋਕਾਂ ਨੂੰ ਮਜਬੂਰਨ ਘਰ-ਘਾਟ ਛੱਡ ਕੇ ਭਾਰਤ ਵੱਲ ਆਉਣਾ ਪਿਆ। ਇਸ ਵੰਡ ਕਾਰਨ ਵਸੋਂ ਦੇ ਤਬਾਦਲੇ ਨੇ ਬਹੁਤ ਭਿਆਨਕ ਦੁਖਾਂਤ ਪੈਦਾ ਕੀਤਾ ਸੀ। ਇਸ ਦੁਖਾਂਤ ਬਾਰੇ ਇਤਿਹਾਸਕਾਰਾਂ ਵਲੋਂ ਖੋਜ ਆਧਾਰਿਤ ਕਿਤਾਬਾਂ ਅਤੇ ਲੇਖ ਲਿਖੇ ਗਏ ਹਨ ਅਤੇ ਇਸ ਬਾਰੇ ਹੋਰ ਖੋਜ ਵੀ ਜਾਰੀ ਹੈ। ਇਨ੍ਹਾਂ ਖੋਜਾਂ ਵਿਚ ਇਸ ਦੁਖਾਂਤ ਦੀ ਗਹਿਰਾਈ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਅਤੇ ਇਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਇਸ ਬਾਰੇ ਮੌਲਿਕ ਸਾਹਿਤ ਅੰਗਰੇਜ਼ੀ ਭਾਸ਼ਾ ਵਿਚ ਰਚਿਆ ਗਿਆ ਹੈ ਅਤੇ ਇਸ ਦੇ ਕੁਝ ਉਲੱਥੇ ਪੰਜਾਬੀ ਭਾਸ਼ਾ ਵਿਚ ਉਪਲਬਧ ਹੋ ਗਏ ਹਨ। ਪੌਣੀ ਸਦੀ ਲੰਘਣ ਤੋਂ ਬਾਅਦ ਭਾਵੁਕਤਾ ਨੂੰ ਛੱਡ ਕੇ ਤੱਥਾਂ 'ਤੇ ਆਧਾਰਿਤ ਇਤਿਹਾਸਕ ਲਿਖਤਾਂ ਨੂੰ ਪੈਰ ਜਮਾਉਣ ਦਾ ਮੌਕਾ ਮਿਲ ਗਿਆ ਹੈ। ਸਰਕਾਰਾਂ ਵਲੋਂ ਗੁਪਤ ਰਿਕਾਰਡ ਨੂੰ ਜਨਤਕ ਕਰਨ ਨਾਲ ਨਵੇਂ ਸਬੂਤ ਅਤੇ ਦਲੀਲਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਵਾਪਰੇ ਦੁਖਾਂਤਾਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ ਅਤੇ ਭਵਿੱਖ ਵਿਚ ਇਨ੍ਹਾਂ ਨੂੰ ਰੋਕਣ ਦੇ ਰਸਤੇ ਖੁੱਲ੍ਹਦੇ ਹਨ।

ਇਸ ਸੰਦਰਭ ਵਿਚ ਜੋਗਿੰਦਰ ਸਿੰਘ ਤੂਰ ਵਲੋਂ ਲਿਖੀ ਕਿਤਾਬ 'ਵੰਡ ਦੀ ਅਕੱਥ ਕਥਾ' ਲੋਕਗੀਤ ਪ੍ਰਕਾਸ਼ਨ ਮੋਹਾਲੀ (2025, ਕੀਮਤ 400 ਰੁਪਏ) ਪੰਜਾਬੀ ਇਤਿਹਾਸਕਾਰੀ ਵਿਚ ਇਕ ਮਹੱਤਵਪੂਰਨ ਵਾਧਾ ਕਰਦੀ ਹੈ। ਇਹ ਕਿਤਾਬ ਤਿੰਨ ਨੁਕਤਿਆਂ 'ਤੇ ਕੇਂਦਰਿਤ ਕਰ ਕੇ ਲਿਖੀ ਗਈ ਹੈ। ਇਹ ਹਨ: (1) ਦੇਸ਼ ਦੀ ਵੰਡ ਸਮੇਂ ਆਬਾਦੀ ਦੇ ਤਬਾਦਲੇ ਦੇ ਦੌਰਾਨ ਦੋਹੀ ਪਾਸੀਂ ਹੋਏ ਜ਼ੁਲਮ ਦਾ ਅੱਖੀਂ ਵੇਖਿਆ ਵੇਰਵਾ ; (2) ਦੇਸ਼ ਦੀ ਵੰਡ ਦੇ ਪਿਛੋਕੜ ਵਿਚ ਘਟਨਾਵਾਂ ਅਤੇ ਵੰਡ ਦੇ ਕਾਰਨਾਂ ਦੀ ਇਤਿਹਾਸਕ ਜਾਣਕਾਰੀ; ਅਤੇ (3) ਆਜ਼ਾਦੀ ਮੌਕੇ 565 ਰਿਆਸਤਾਂ ਨੂੰ ਦੇਸ਼ ਵਿਚ ਸ਼ਾਮਿਲ ਕਰਨ ਦਾ ਵੇਰਵਾ। ਇਸ ਪੱਖੋਂ ਲੇਖਕ ਵਲੋਂ ਇਨ੍ਹਾਂ ਤਿੰਨਾਂ ਪੱਖਾਂ ਬਾਰੇ ਵੇਰਵੇ ਦਸਤਾਵੇਜ਼ਾਂ ਦੀ ਮਦਦ ਨਾਲ ਦਰਜ ਕੀਤੇ ਗਏ ਹਨ।

ਲੇਖਕ ਵਲੋਂ ਕਿਤਾਬ ਦੀ ਸ਼ੁਰੂਆਤ ਮੁਗਲ ਅਤੇ ਬਰਤਾਨਵੀ ਹਾਕਮਾਂ ਦੀ ਹਿੰਦੋਸਤਾਨੀਆਂ ਬਾਰੇ ਸਮਝ ਤੋਂ ਸ਼ੁਰੂ ਕੀਤੀ ਗਈ ਹੈ। ਇਹ ਦਰਜ ਕੀਤਾ ਗਿਆ ਹੈ ਕਿ ਮੁਗਲਾਂ ਦੇ ਆਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਭਾਰਤ ਕਈ ਹਕੂਮਤਾਂ ਵਿਚ ਵੰਡਿਆ ਹੋਇਆ ਸੀ। ਇਸ ਤੋਂ ਇਲਾਵਾ ਲੋਕ ਧਾਰਮਿਕ ਫਿਰਕਿਆਂ ਅਤੇ ਜਾਤਾਂ ਵਿਚ ਵੀ ਵੰਡੇ ਹੋਏ ਸਨ। ਇਨ੍ਹਾਂ ਵਖਰੇਵਿਆਂ ਕਾਰਨ ਉਨ੍ਹਾਂ ਵਿਚ ਦਾਨਸ਼ਮੰਦਾਂ ਵਾਲੀ ਸਮਝ ਅਤੇ ਸਮਰੱਥਾਵਾਂ ਦੀ ਘਾਟ ਸੀ। ਇਸ ਕਾਰਨ ਇਥੇ ਧਾੜਵੀ ਆਉਂਦੇ, ਕਤਲੇਆਮ, ਲੁੱਟਮਾਰ ਅਤੇ ਜ਼ੁਲਮ ਕਰਦੇ ਅਤੇ ਰਾਜਸੱਤਾ 'ਤੇ ਕਾਬਜ਼ ਹੋ ਜਾਂਦੇ ਸਨ। ਅੰਗਰੇਜ਼ ਹਾਕਮਾਂ ਨੇ ਬੰਗਾਲ ਤੋਂ ਸ਼ੁਰਆਤ ਕਰਦਿਆਂ ਇਕ-ਇਕ ਕਰ ਕੇ ਰਿਆਸਤਾਂ ਨੂੰ ਹਰਾ ਕੇ ਸਾਰੇ ਦੇਸ਼ ਸਮੇਤ ਬਰਮਾ/ਮਿਆਂਮਾਰ 'ਤੇ ਕਬਜ਼ਾ ਕਰ ਲਿਆ। ਦੇਸ਼ ਵਿਚ 585 ਰਿਆਸਤਾਂ ਨਾਲ ਸੰਧੀਆਂ ਕਰ ਕੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ। ਇਸ ਪ੍ਰਸੰਗ ਵਿਚ ਦੇਸ਼ ਦੀ ਵੰਡ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।

ਕਿਤਾਬ ਦੇ ਚੈਪਟਰ 2-4 ਲੇਖਕ ਵਲੋਂ ਅੱਖੀਂ ਵੇਖੇ ਅਤੇ ਹੰਡਾਏ ਸੰਤਾਪ ਨੂੰ ਬਿਆਨ ਕਰਦੇ ਹਨ। ਦੇਸ਼ ਦੀ ਵੰਡ ਸਮੇਂ ਲੇਖਕ 10 ਸਾਲ ਦੀ ਉਮਰੇ 5ਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਅਨੁਸਾਰ ਅਗਸਤ 1947 ਤੋਂ ਕਈ ਮਹੀਨੇ ਪਹਿਲਾਂ ਦੇਸ਼ ਦੀ ਆਜ਼ਾਦੀ ਅਤੇ ਵੰਡ ਕਾਰਨ ਪਿੰਡ ਛੱਡਣ ਦੀਆਂ ਗੱਲਾਂ ਉਸ ਨੇ ਸੁਣੀਆਂ ਸਨ। ਪਰ ਅਗਸਤ ਦੇ ਨੇੜੇ ਆਉਣ 'ਤੇ ਲਾਗਲੇ ਪਿੰਡਾਂ ਵਿਚ ਫਿਰਕੂ ਫਸਾਦ ਪਹੁੰਚਣ ਬਾਅਦ ਮੁਸਲਮਾਨਾਂ ਵਲੋਂ ਹਿੰਦੂ-ਸਿੱਖਾਂ ਦੇ ਪਿੰਡਾਂ ਉਪਰ ਹਮਲੇ ਹੋਣ ਲੱਗ ਪਏ ਸਨ। ਲੇਖਕ ਦੇ ਪਿੰਡ ਵਿਚ ਵੀ ਲਾਗਲੇ ਪਿੰਡਾਂ ਦੇ ਮੁਸਲਮਾਨਾਂ ਵਲੋਂ ਹਿੰਦੂ-ਸਿੱਖਾਂ ਦੇ ਖੂਹਾਂ ਤੋਂ ਮੱਝਾਂ ਅਤੇ ਬਲਦ ਜ਼ਬਰਦਸਤੀ ਖੋਲ੍ਹ ਕੇ ਲਿਜਾਣ ਬਾਰੇ ਸੁਣਿਆ ਗਿਆ ਸੀ। ਇਸ ਧੱਕੇਸ਼ਾਹੀ ਦੀ ਇਕ ਘਟਨਾ ਦੌਰਾਨ ਪਿੰਡ ਦੇ ਸਿੱਖਾਂ ਵਲੋਂ ਮੁਕਾਬਲਾ ਕਰਨ 'ਤੇ ਇਕ ਮੁਸਲਮਾਨ ਹਮਲਾਵਰ ਨੂੰ ਜ਼ਖਮੀ ਕਰ ਕੇ ਫੜ ਲਿਆ ਗਿਆ ਸੀ। ਇਸ ਕਾਰਨ ਉਨ੍ਹਾਂ ਦੇ ਪਿੰਡ ਦੇ ਆਸਪਾਸ ਹਿੰਦੂ-ਸਿੱਖਾਂ ਵਿਰੁੱਧ ਮਾਹੌਲ ਹੋਰ ਵੀ ਤੇਜ਼ ਹੋ ਗਿਆ। ਜੋ ਉਨ੍ਹਾਂ ਦੇ ਪਿੰਡ ਦੇ ਛੋਟੇ ਮੁਸਲਮਾਨ ਬੱਚਿਆਂ ਦੇ ਆਮ ਵਿਹਾਰ ਤੋਂ ਵੀ ਨਜ਼ਰ ਆਉਣ ਲੱਗ ਪਿਆ ਸੀ। ਪਿੰਡ ਦੇ ਮੁਸਲਮਾਨਾਂ ਵਲੋਂ ਹਿਮਾਇਤ ਦਾ ਭਰੋਸਾ ਦੇਣ ਦੇ ਬਾਵਜੂਦ ਉਹ ਜਲਦੀ ਹੀ ਲਾਗਲੇ ਪਿੰਡਾਂ ਵਿਚ ਫਿਰਕੂ ਸ਼ਕਤੀਆਂ ਦੇ ਸਾਹਮਣੇ ਟਿਕਣ ਤੋਂ ਅਸਮਰਥ ਹੋ ਗਏ ਅਤੇ ਉਨ੍ਹਾਂ ਹਿੰਦੂ-ਸਿੱਖ ਪਰਿਵਾਰਾਂ ਨੂੰ ਪਿੰਡ ਛੱਡਣ ਦੀ ਸਲਾਹ ਦਿੱਤੀ ਗਈ ਸੀ। ਪਿੰਡ ਦੇ ਮੁਸਲਮਾਨਾਂ ਦੀ ਹਮਦਰਦੀ ਕਾਰਨ ਹੀ ਲੇਖਕ ਦੇ ਪਰਿਵਾਰ ਅਤੇ ਕੁਝ ਸੰਬੰਧੀਆਂ ਨੂੰ ਨੇੜੇ ਦੀ ਮੰਡੀ ਵਿਚ ਇਕੱਠੇ ਹੋਏ ਕਾਫਲੇ 'ਤੇ ਸੰਭਾਵਿਤ ਹਮਲੇ ਬਾਰੇ ਪਹਿਲਾਂ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਬਚਾਅ ਸੰਭਵ ਹੋ ਸਕਿਆ ਸੀ। ਉਹ ਬਚ ਕੇ ਫਿਰੋਜ਼ਪੁਰ ਦੇ ਬਾਰਡਰ ਤੋਂ ਆਜ਼ਾਦ ਭਾਰਤ ਵਿਚ ਦਾਖਲ ਹੋਏ ਸਨ। ਵੰਡ ਦੇ ਸ਼ਿਕਾਰ ਪਰਿਵਾਰਾਂ ਨੂੰ ਲੁੱਟ-ਪੁੱਟ ਹੋ ਕੇ ਆਉਣ ਤੋਂਬਾਅਦ ਸ਼ਰਨਾਰਥੀ ਕੈਂਪ ਵਿਚ ਠਹਿਰਣ ਵਾਸਤੇ ਮਜਬੂਰ ਹੋਣਾ ਪਿਆ ਸੀ। ਭਾਰਤ ਆ ਕੇ ਵੇਖਿਆ ਕਿ ਇਹੋ ਵਰਤਾਰਾ ਹਿੰਦੂ-ਸਿੱਖਾਂ ਵਲੋਂ ਮੁਸਲਮਾਨਾਂ ਨਾਲ ਕੀਤਾ ਗਿਆ ਸੀ। ਬੇਕਸੂਰ ਲੋਕਾਂ ਦੇ ਕਤਲ ਕੀਤੇ ਗਏ, ਔਰਤਾਂ ਦੀ ਇੱਜ਼ਤ ਲੁੱਟੀ ਗਈ ਅਤੇ ਉਨ੍ਹਾਂ ਨੂੰ ਉਧਾਲਿਆ ਗਿਆ। ਮਾਸੂਮ ਬੱਚਿਆਂ ਦੇ ਕਤਲ ਕੀਤੇ ਗਏ। ਵਿਰੋਧੀਫਿਰਕਿਆਂ ਦੇ ਘਰ-ਬਾਰ ਲੁੱਟ ਗਏ ਅਤੇ ਧਾਰਮਿਕ ਅਸਥਾਨ ਸਾੜੇ ਗਏ। ਹਿੰਸਾ ਦਾ ਨੰਗਾ ਨਾਚ ਕਈ ਮਹੀਨੇ ਬੇਰੋਕ-ਟੋਕ ਚੱਲਦਾ ਰਿਹਾ ਅਤੇ ਬਰਤਾਨਵੀ ਸਰਕਾਰ ਨੇ ਇਸ ਨੂੰ ਰੋਕਣ ਦੀ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ। ਪਾਕਿਸਤਾਨ ਵਿਚ ਮੁਸਲਿਮ ਲੀਗੀਆਂ ਵਲੋਂ ਅਤੇ ਨਾ ਹੀ ਕਾਂਗਰਸ ਵਲੋਂ ਸੱਤਾ ਹਾਸਲ ਕਰਨ ਬਾਅਦ ਇਸ ਹਿੰਸਾ ਨੂੰ ਇਕਦਮ ਰੋਕਿਆ ਗਿਆ। ਲੇਖਕ ਵਲੋਂ ਦਰਜ ਬਾਗਾ ਪਹਿਲਵਾਨ ਦੀ ਜ਼ਿੰਦਗੀ ਦੀ ਬਰਬਾਦੀ ਦੀ ਕਹਾਣੀ ਇਸ ਵਰਤਾਰੇ ਨੂੰ ਦੋਵੇਂ ਪਾਸੇ ਬਾਖੂਬੀ ਬਿਆਨ ਕਰਦੀ ਹੈ।

ਕਿਤਾਬ ਦਾ ਵਧੇਰੇ ਹਿੱਸਾ (ਚੈਪਟਰ 5-43) ਅੰਗਰੇਜ਼ੀ ਰਾਜ ਸਮੇਂ ਦੇ ਇਤਿਹਾਸ ਨੂੰ ਬਿਆਨ ਕਰਦਿਆਂ ਦੇਸ਼ ਦੀ ਵੰਡ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਜੁੜੀਆਂ ਪ੍ਰਕਿਰਿਆਵਾਂ ਨੂੰ ਬਿਆਨ ਕਰਦਾ ਹੈ। ਲੇਖਕ ਅਨੁਸਾਰ ਦੇਸ਼ ਦੀ ਵੰਡ ਦੇ ਬੀਜ 20ਵੀਂ ਸਦੀ ਦੇ ਦੂਜੇ ਤੇ ਤੀਜੇ ਦਹਾਕੇ ਦੌਰਾਨ ਪੈਦਾ ਹੋ ਗਏ ਸਨ। ਬਰਤਾਨੀਆ ਦੀ ਕੈਂਬਰਿਜ ਯੂਨੀਵਰਸਿਟੀ ਵਿਚ ਪੜ੍ਹਦੇ ਰਹਿਮਤ ਅਲੀ ਅਤੇ ਕੁਝ ਹੋਰ ਮੁਸਲਮਾਨ ਵਿਦਿਆਰਥੀਆਂ ਵਲੋਂ 1913 ਵਿਚ ਮੁਸਲਿਮ ਬਹੁਗਿਣਤੀ ਵਾਲੇ ਪੰਜਾਬ, ਕਸ਼ਮੀਰ, ਬਲੋਚਿਸਤਾਨ ਅਤੇ ਸਿੰਧ ਦੇ ਸੂਬਿਆਂ ਨੂੰ ਮਿਲਾ ਕੇ ਉੱਤਰ-ਪੱਛਮੀ ਹਿੰਦੋਸਤਾਨ ਵਿਚ ਪਾਕਿ-ਸਤਾਨ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਹਿੰਦੂ ਮਹਾਂਸਭਾ ਦੇ ਆਗੂ ਸਾਵਰਕਰ ਨੇ 1923 ਵਿਚ ਹਿੰਦੂ ਰਾਸ਼ਟਰ ਦੇ ਸਿਧਾਂਤ ਨੂੰ ਪੇਸ਼ ਕਰ ਕੇ ਧਰਮ ਆਧਾਰਿਤ ਦੋ ਕੌਮਾਂ ਦੇ ਸਿਧਾਂਤ ਦਾ ਮੁੱਢ ਬੰਨ੍ਹ ਦਿੱਤਾ ਸੀ। ਇਸ ਤੋਂ ਪਹਿਲਾਂ 1922 ਵਿਚ ਲਾਲਾ ਲਾਜਪਤ ਰਾਏ ਨੇ ਮੁਸਲਮਾਨਾਂ ਦਾ ਮੁਕਾਬਲਾ ਕਰਨ ਲਈ ਹਿੰਦੂ ਮਹਾਂਸਭਾ ਦਾ ਸੰਗਠਨ ਬਣਾਉਣ ਦਾ ਵਿਚਾਰ ਪੇਸ਼ ਕੀਤਾ ਅਤੇ ਬਾਅਦ ਵਿਚ ਸਾਵਰਕਰ ਇਸ ਦੇ ਪ੍ਰਧਾਨ ਬਣੇ ਸਨ। ਲਾਲਾ ਲਾਜਪਤ ਰਾਏ ਵਲੋਂ 1922 ਵਿਚ ਧਰਮ ਦੇ ਆਧਾਰ 'ਤੇ ਪੰਜਾਬ ਤੇ ਬੰਗਾਲ ਦੀ ਵੰਡ ਦਾ ਸੁਝਾਅ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਟ੍ਰਿਬਿਊਨ ਅਖਬਾਰ ਵਿਚ ਆਰਟੀਕਲ ਲਿਖ ਕੇ ਇਸ ਸੁਝਾਅ ਨੂੰ 1924 ਵਿਚ ਮੁੜ ਦੁਹਰਾਇਆ ਸੀ। ਤਿੰਨ ਗੋਲਮੇਜ਼ ਕਾਨਫਰੰਸਾਂ ਤੋਂ ਬਾਅਦ ਗੌਰਮਿੰਟ ਆਫ਼ ਇੰਡੀਆ ਐਕਟ 1935 ਵਿਚ ਪਾਸ ਹੋਇਆ, ਇਸ ਵਿਚ ਧਰਮ ਆਧਾਰਿਤ ਭਾਈਚਾਰਿਆਂ (ਮੁਸਲਮਾਨਾਂ ਤੇ ਸਿੱਖਾਂ) ਵਾਸਤੇ ਸੀਟਾਂ ਰਾਖਵੀਆਂ/ਰਿਜ਼ਰਵ ਰੱਖੀਆਂ ਗਈਆਂ ਸਨ। ਇਸ ਨੂੰ ਕਾਂਗਰਸ ਅਤੇ ਮੁਸਲਿਮ ਲੀਗ ਵਲੋਂ ਪ੍ਰਵਾਨ ਕਰ ਲਿਆ ਗਿਆ ਸੀ। ਇਸ ਨਾਲ ਦੇਸ਼ ਵਿਚ ਧਾਰਮਿਕ ਵਖਰੇਵੇਂ ਨੂੰ ਉਤਸ਼ਾਹ ਮਿਲਿਆ ਸੀ। ਉਸ ਸਮੇਂ ਭਾਵੇਂ ਦੇਸ਼ ਵਿਚ ਧਰਮ ਨਿਰਪੱਖ ਗ਼ਦਰ ਲਹਿਰ, ਕਿਰਤੀ/ਕਿਸਾਨ ਲਹਿਰਾਂ ਤੇ ਕਮਿਊਨਿਸਟ ਪਾਰਟੀ ਦਾ ਪਸਾਰ ਹੋਇਆ, ਪਰ ਧਾਰਮਿਕ ਵਖਰੇਂਵਿਆਂ ਵਿਚ ਕਮੀ ਆਉਣ ਦੀ ਬਜਾਏ ਹੋਰ ਵਾਧਾ ਹੀ ਹੋਇਆ ਸੀ।

ਅੰਗਰੇਜ਼ਾਂ ਨੇ 1909 ਵਿਚ ਮੁਸਲਮਾਨਾਂ ਦੀਵੱਖਰੀ ਧਾਰਮਿਕ ਪਛਾਣ ਨੂੰ ਮੰਨਦੇ ਹੋਏ ਉਨ੍ਹਾਂ ਵਾਸਤੇ ਸੀਟਾਂ ਰਿਜ਼ਰਵ ਕਰ ਕੇ ਇਸ ਨੂੰ ਕਾਨੂੰਨੀ ਤੌਰ 'ਤੇ ਪ੍ਰਵਾਨ ਕਰ ਲਿਆ ਸੀ। ਗੌਰਮਿੰਟ ਆਫ਼ ਇੰਡੀਆ ਐਕਟ 1935 ਦੇ ਤਹਿਤ 1937 ਵਿਚ ਹੋਈਆਂ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਲੋਂ ਇਕ ਫ਼ਾਰਮੂਲਾ ਤੈਅ ਹੋਇਆ ਸੀ ਕਿ ਚੋਣਾਂ ਤੋਂ ਬਾਅਦ ਸਾਰੇ ਧਰਮਾਂ ਨੂੰ ਸਰਕਾਰ ਬਣਾਉਣ ਵੇਲੇ ਬਣਦੀ ਯੋਗ ਥਾਂ ਦਿੱਤੀ ਜਾਵੇਗੀ। ਇਹ ਕਾਂਗਰਸ ਅਤੇ ਮੁਸਲਿਮ ਲੀਗ ਵਿਚਾਲੇ 1916 ਦੇ ਲਖਨਊ ਪੈਕਟ ਅਨੁਸਾਰ ਸੀ। ਪਰ ਚੋਣਾਂ ਤੋਂ ਬਾਅਦ ਕਾਂਗਰਸ ਨੂੰ ਜ਼ਿਆਦਾ ਕਾਮਯਾਬੀ ਮਿਲੀ ਤਾਂ ਉਸਨੇ ਬਿਹਾਰ ਅਤੇ ਬੰਬੇ ਦੇ ਸੂਬਿਆਂ ਵਿਚ ਘੱਟ-ਗਿਣਤੀਆਂ ਦੇ ਯੋਗ ਲੀਡਰਾਂ ਨੂੰ ਇਸ ਆਧਾਰ 'ਤੇ ਮੁੱਖ ਅਹੁਦਿਆਂ ਤੋਂ ਲਾਂਭੇ ਰੱਖਿਆ, ਕਿਉਂਕਿ ਬਹੁਗਿਣਤੀ ਜੇਤੂ ਉਮੀਦਵਾਰ ਹਿੰਦੂ ਸਨ।

 

ਪੰਜਾਬ ਵਿਚ ਯੂਨੀਅਨਿਸਟ ਪਾਰਟੀ ਨੂੰ ਬਹੁਮਤ ਮਿਲ ਗਿਆ ਅਤੇ ਮੁਸਲਿਮ ਲੀਗ ਨੂੰ ਸਿਰਫ਼ ਇਕ ਹੀ ਸੀਟ ਮਿਲੀ ਸੀ। ਇਸ ਤੋਂ ਪਹਿਲਾਂ 1930 ਵਿਚ ਮੁਸਲਿਮ ਲੀਗ ਨੇ ਧਰਮ ਆਧਾਰਿਤ ਵੱਖਰੇ ਦੇਸ਼ ਪਾਕਿਸਤਾਨ ਦੀ ਮੰਗ ਦਾ ਮਤਾ ਪਾਸ ਕੀਤਾ ਸੀ।

ਕਾਂਗਰਸ ਪਾਰਟੀ ਵਲੋਂ ਘੱਟ-ਗਿਣਤੀਆਂ ਦੇ ਯੋਗ ਲੀਡਰਾਂ ਨੂੰ ਮੁੱਖ ਅਹੁਦਿਆਂ ਤੋਂ ਲਾਂਭੇ ਕਰਨ ਦੇ ਵਰਤਾਰੇ ਨੇ ਮੁਸਲਿਮ ਲੀਗੀਆਂ ਦੇ ਜ਼ਿਹਨ ਵਿਚ ਇਹ ਵਿਚਾਰ ਪੱਕਾ ਕਰ ਦਿੱਤਾ ਕਿ ਆਜ਼ਾਦੀ ਤੋਂ ਬਾਅਦ ਵੀ ਕਾਂਗਰਸ ਬਹੁਗਿਣਤੀ ਹਿੰਦੂ ਵੋਟਾਂ ਦੇਬਲਬੂਤੇ ਸੱਤਾ 'ਤੇ ਕਾਬਜ਼ ਹੋ ਕੇ ਮੁਸਲਮਾਨਾਂ ਨੂੰ ਸੱਤਾ ਵਿਚ ਭਾਈਵਾਲ ਨਹੀਂ ਬਣਨ ਦੇਵੇਗੀ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਵਲੋਂ 1942-43 ਤੋਂ ਮੁਸਲਿਮ ਲੀਗ ਦੀ ਵੱਖਰੇ ਪਾਕਿਸਤਾਨ ਦੀ ਮੰਗ ਦੀ ਹਿਮਾਇਤ ਨੇ ਭਾਰਤ ਦੀ ਵੰਡ ਦੇ ਵਿਚਾਰ ਨੂੰ ਨਾਜ਼ੁਕ ਸਮੇਂ ਮਜ਼ਬੂਤ ਕਰਨ ਵਿਚ ਮਦਦ ਕੀਤੀ।

ਦੇਸ਼ ਵਿਚ ਆਜ਼ਾਦੀ ਦੀ ਲਹਿਰ 1940ਵਿਆਂ ਦੇ ਦਹਾਕੇ ਵਿਚ ਤਾਕਤਵਰ ਹੋ ਰਹੀ ਸੀ ਤੇ ਅੰਗਰੇਜ਼ਾਂ ਨੂੰ ਲੱਗ ਰਿਹਾ ਸੀ ਕਿ ਹੁਣ ਉਹ ਇਥੇ ਜ਼ਿਆਦਾ ਦੇਰ ਹਕੂਮਤ ਨਹੀਂ ਕਰ ਸਕਣਗੇ। ਇਸੇ ਸਮੇਂ ਇਕ ਵੱਖਰੇ ਦੇਸ਼ ਪਾਕਿਸਤਾਨ ਦੀ ਮੰਗ ਵੀ ਜ਼ੋਰ ਫੜ ਰਹੀ ਸੀ। ਅਜਿਹੇ ਸਮੇਂ ਅੰਗਰੇਜ਼ ਹਾਕਮਾਂ ਨੇ ਆਪਣੇ ਲੰਮੇਰੇ ਸਮੇਂ ਦੇ ਮੁਫਾਦਾਂ ਦੀ ਪੂਰਤੀ ਵਾਸਤੇ ਪੰਜਾਬ, ਸਿੰਧ, ਬਲੋਚਿਸਤਾਨ ਤੇ ਫਰੰਟੀਅਰ ਸੂਬੇ ਨੂੰ ਭਾਰਤ ਤੋਂ ਵੱਖ ਕਰ ਕੇ ਪਾਕਿਸਤਾਨ ਬਣਾ ਦੇਣ ਬਾਰੇ ਅੰਦਰੂਨੀ ਵਿਚਾਰਾਂ ਸ਼ੁਰੂ ਕਰ ਦਿੱਤੀਆਂ ਸਨ। ਇਸ ਨੂੰ ਬਰਤਾਨੀਆ ਦੀ 'ਗਰੇਟ ਪਾਵਰ ਗੇਮ' ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਕਾਂਗਰਸ ਪਾਰਟੀ ਦੇ ਲੀਡਰ ਆਜ਼ਾਦੀ ਤੋਂ ਬਾਅਦ ਬਰਤਾਨੀਆ ਦੀ ਧੌਂਸ ਵਿਚ ਰਹਿ ਕੇ ਉਨ੍ਹਾਂ ਦੇ ਹੱਥਠੋਕੇ ਨਹੀਂਬਣਨਗੇ, ਪਰ ਮੁਸਲਿਮ ਲੀਗ ਦੇ ਲੀਡਰ ਉਨ੍ਹਾਂ 'ਤੇ ਨਿਰਭਰ ਹੋ ਸਕਦੇ ਸਨ। ਉਹ ਨਵੇਂ ਸੁਝਾਏ ਦੇਸ਼ (ਪਾਕਿਸਤਾਨ) ਨੂੰ ਇਕ 'ਫਰੰਟਲਾਈਨ ਸਟੇਟ' ਬਣਾ ਕੇ ਮੱਧ ਏਸ਼ੀਆ ਵਿਚ ਆਪਣਾ ਦਬਦਬਾ ਕਾਇਮ ਰੱਖ ਸਕਦੇ ਸਨ। ਇਸ ਦੇ ਦੋ ਮਕਸਦ ਸਨ: (1) ਸੋਵੀਅਤ ਯੂਨੀਅਨ ਦੇ ਵਧ ਰਹੇ ਪ੍ਰਭਾਵ ਨੂੰ ਭਾਰਤੀ ਉਪ ਮਹਾਂਦੀਪ ਵਿਚ ਫੈਲਣ ਤੋਂ ਰੋਕਣ ਵਾਸਤੇ ਇਸ ਖਿੱਤੇ ਵਿਚ ਫ਼ੌਜੀ ਅੱਡੇ ਕਾਇਮ ਕਰਨਾ; ਅਤੇ (2) ਖਾੜੀ (ਪਰਸ਼ੀਅਨ ਗਲਫ) ਦੇ ਦੇਸ਼ਾਂ ਵਿਚ ਖਣਿਜ ਤੇਲ ਦੇ ਭੰਡਾਰਾਂ 'ਤੇ ਕਬਜ਼ਾ ਜਮਾਈ ਰੱਖਣਾ। ਦੇਸ਼ ਵਿਚ ਤੇਜ਼ੀ ਨਾਲ ਬਦਲਦੇ ਰਾਜਨੀਤਕ ਹਾਲਾਤ ਦੇ ਮੱਦੇਨਜ਼ਰ ਬਰਤਾਨਵੀ ਹਕੂਮਤ ਨੇ ਮਹਾਤਮਾ ਗਾਂਧੀ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਲੀਡਰਸ਼ਿਪ ਨੂੰ ਦੇਸ਼ ਵੀ ਵੰਡ ਵਾਸਤੇ ਸਹਿਮਤ ਕਰ ਲਿਆ ਸੀ।

ਫਿਰਕੂ ਆਧਾਰ 'ਤੇ ਦੇਸ਼ ਦੀ ਵੰਡ ਦੇ ਫ਼ੈਸਲੇ ਤੋਂ ਪਹਿਲਾਂ ਮੁਸਲਿਮ ਤੇ ਹਿੰਦੂ ਜਥੇਬੰਦੀਆਂ ਨੇ ਲੋਕਾਂ ਨੂੰ ਉਕਸਾ ਕੇ ਅਤੇ ਹਿੰਸਕ ਕਾਰਵਾਈਆਂ ਕਰਾਉਣ ਵਾਸਤੇ ਧਰਾਤਲ ਤਿਆਰ ਕਰ ਲਈ ਸੀ। ਇਸੇ ਕਰ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਆਜ਼ਾਦੀ ਦੇ ਐਲਾਨ ਤੋਂ ਕਈ ਮਹੀਨੇ ਪਹਿਲਾਂ ਹੀ ਦੰਗੇ ਸ਼ੁਰੂ ਹੋ ਗਏ ਸਨ। ਇਸ ਦਾ ਅਸਰ ਪੇਂਡੂ ਖੇਤਰਾਂ ਵਿਚ ਵੀ ਫੈਲਣ ਲੱਗ ਪਿਆ ਸੀ। ਇਸ ਦਾ ਜ਼ਿਕਰ ਜੋਗਿੰਦਰ ਸਿੰਘ ਤੂਰ ਵਲੋਂ ਆਪ ਹੰਡਾਏ ਸੰਤਾਪਵਾਲੇ ਚੈਪਟਰਾਂ ਵਿਚ ਦਰਜ ਕੀਤਾ ਗਿਆ ਹੈ। ਆਜ਼ਾਦੀ ਤੋਂ ਪਹਿਲਾਂ ਫਰਵਰੀ 1947 ਵਿਚ ਯੂਨੀਅਨਿਸਟ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਅਸਤੀਫਾ ਦੇ ਦਿੱਤਾ ਸੀ।

ਇਸ ਨਾਲ ਪੰਜਾਬ ਵਿਚ ਵੰਡ ਸਮੇਂ ਸਿਆਸੀ ਤੇ ਪ੍ਰਬੰਧਕੀ ਖਲਾਅ ਪੈਦਾ ਹੋ ਗਿਆ। ਅੰਗਰੇਜ਼ ਸਰਕਾਰ ਵਲੋਂ ਇਸ ਖਲਾਅ ਨੂੰ ਭਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਸਮੇਂ ਅੰਗਰੇਜ਼ ਅਫ਼ਸਰ ਤੇ ਅਮਲਾ ਭਾਰਤ ਛੱਡ ਕੇ ਜਾ ਰਹੇ ਸਨ, ਇਸ ਕਰਕੇ ਸ਼ਹਿਰਾਂ ਅਤੇ ਪਿੰਡਾਂ ਵਿਚ ਫੈਲੀ ਅੱਗ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਹਿੰਸਾ ਦਾ ਅਜਿਹਾ ਨੰਗਾ ਨਾਚ ਪੰਜਾਬ ਨੇ ਇਸ ਪੱਧਰ 'ਤੇ ਪਹਿਲਾਂ ਕਦੀ ਵੀ ਵੇਖਿਆ ਅਤੇ ਹੰਡਿਆਇਆ ਨਹੀਂ ਸੀ।

ਫ਼ੌਜ ਤੇ ਪ੍ਰਸ਼ਾਸਨ ਨੇ ਕਈ ਮਹੀਨੇ ਕੋਈ ਦਖਲ-ਅੰਦਾਜ਼ੀ ਨਹੀਂ ਕੀਤੀ, ਵੰਡ ਦੀ ਮਾਰ ਹੇਠ ਪੰਜਾਬ ਤੇ ਇਸ ਦੇ ਲੋਕ ਮਾਰੂ ਹਿੰਸਾ ਦੇ ਸ਼ਿਕਾਰ ਬਣੇ। ਇਸ ਦੁਖਾਂਤ ਨੇ ਪੰਜਾਬੀ ਮਾਨਸਿਕਤਾ 'ਤੇ ਗਹਿਰੀ ਸੱਟ ਮਾਰੀ ਅਤੇ ਪੰਜਾਬੀਅਤ ਦੀ ਧਾਰਨਾ ਨੂੰ ਫਿਰਕੂ ਰੰਗ ਵਿਚ ਰੰਗ ਦਿੱਤਾ।

ਜੋਗਿੰਦਰ ਸਿੰਘ ਤੂਰ ਨੇ ਬੜੀ ਮਿਹਨਤ ਤੇ ਸੰਵੇਦਨਸ਼ੀਲਤਾ ਨਾਲ ਵੰਡ ਦੇ ਦੁਖਾਂਤ, ਕਾਰਨਾਂ ਤੇ ਪ੍ਰਕਿਰਿਆ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੌਲਿਕ ਪੁਸਤਕ ਲਿਖਣ ਸਮੇਂ ਕਈ ਨਵੀਆਂ ਕਿਤਾਬਾਂ ਤੇ ਰਿਪੋਰਟਾਂ ਨੂੰ ਆਪਣੀ ਲਿਖਤ ਦਾ ਆਧਾਰ ਬਣਾਇਆ ਹੈ। ਕਿਤਾਬ ਦੀ ਵਿਸਥਾਰ-ਪੂਰਵਕ ਭੂਮਿਕਾ ਡਾਕਟਰ ਸਵਰਾਜਬੀਰ ਵਲੋਂ ਲਿਖੀ ਗਈ ਹੈ। ਇਸ ਵਿਚ ਇਤਿਹਾਸਕ ਤੇ ਸਾਹਿਤਕ ਹਵਾਲਿਆਂ ਨਾਲ ਇਸ ਗੱਲ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਕਿ ਵੰਡ ਸਮੇਂ ਕਤਲੇਆਮ, ਜਬਰ-ਜਨਾਹ, ਹਿੰਸਾ ਅਤੇ ਅਗਜ਼ਨੀ ਦੀਆਂ ਘਟਨਾਵਾਂ ਵਿਚ ਆਮ ਲੋਕ ਸ਼ਾਮਿਲ ਸਨ। ਇਨ੍ਹਾਂ ਨੂੰ ਅੰਜਾਮ ਦੇਣ ਵਿਚ ਮੁਸਲਿਮ, ਸਿੱਖ ਅਤੇ ਹਿੰਦੂ ਸਿਆਸੀ ਆਗੂਆਂ, ਹਰ ਫ਼ਿਰਕੇ ਦੀ ਨੌਕਰਸ਼ਾਹੀ, ਰਾਜੇ-ਰਜਵਾੜਿਆਂ ਅਤੇ ਸਥਾਨਕ ਗੁੰਡਿਆਂ ਨੇ ਅਹਿਮ ਭੂਮਿਕਾ ਨਿਭਾਈ ਸੀ।ਇਨ੍ਹਾਂ ਗੁਨਾਹਾਂ ਦਾ ਪਛਤਾਵਾ ਨਾ ਕਦੇ ਸਰਕਾਰਾਂ ਅਤੇ ਨਾ ਹੀ ਸਮਾਜ ਵਲੋਂ ਕੀਤਾ ਗਿਆ ਹੈ।

ਅਜਿਹੇ ਹਿੰਸਕ ਤੱਤਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਕੇ ਆਲੋਚਨਾ ਵੀ ਨਹੀਂ ਕੀਤੀ ਗਈ। ਇਸ ਵਰਤਾਰੇ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਸਾਂਝੀਵਾਲਤਾ ਦੀ ਸਮੂਹਿਕ ਵਿਰਾਸਤ ਨੂੰਗਹਿਰੀ ਸੱਟ ਮਾਰੀ। ਇਹ ਪ੍ਰਕਿਰਿਆ 1947 ਤੋਂ ਬਾਅਦ ਅੱਜ ਵੀ ਵਾਹਗਾ ਬਾਰਡਰ ਦੇ ਦੋਵੇਂ ਪਾਸੇ ਜਾਰੀ ਹੈ। ਲੇਖਕ ਨੇ ਇਸ ਦੁਖਦਾਈ ਇਤਿਹਾਸ ਦੀਆਂ ਪਰਤਾਂ ਨੂੰ ਫੋਲ ਕੇ ਇਹ ਸੁਨੇਹਾ ਦਿੱਤਾ ਹੈ ਕਿ ਅਜਿਹੇ ਕਾਰਜ ਕਰੀਏ ਜਿਸ ਨਾਲ ਪੰਜਾਬੀਅਤ ਦੇ ਸਾਂਝੀਵਾਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਜਾ ਸਕਣ, ਜਿਵੇਂ 2020-21 ਦੇ ਕਿਸਾਨ ਅੰਦੋਲਨ ਨੇ ਕੀਤਾ ਸੀ। ਇਹ ਵਡਮੁੱਲੀ ਕਿਤਾਬ ਪੰਜਾਬੀ ਪਾਠਕਾਂ ਅਤੇ ਇਤਿਹਾਸ ਦੇ ਵਿਦਿਆਰਥੀਆਂ ਦੇ ਧਿਆਨਦੀ ਪਾਤਰਤਾ ਰੱਖਦੀ ਹੋਈ, ਪੜ੍ਹਨ ਅਤੇ ਵਿਚਾਰਨਯੋਗ ਹੈ। 

 

ਸੁੱਚਾ ਸਿੰਘ ਗਿਲ