ਸੰਤਾਲੀ ਦੀ ਵੰਡ ਵਿਚ ਕਸ਼ਮੀਰੀ ਸਿੱਖਾਂ ਦਾ ਦੁਖਾਂਤ
ਸੰਤਾਲੀ ਦੀ ਭਾਰਤ ਵੰਡ ਵਿਚ ਪੰਜਾਬ, ਬੰਗਾਲ ਤੇ ਕਸ਼ਮੀਰ ਨੇ ਸਭ ਤੋਂ ਵੱਧ ਦੁਖਾਂਤ ਵੇਖਿਆ। ਅਸਲ ਵਿਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ।
ਬਾਰਾਂ ਲੱਖ ਦੇ ਕਰੀਬ ਪੰਜਾਬੀ ਕਤਲ ਹੋ ਗਏ। ਹੱਸਦੇ-ਵਸਦੇ ਪਰਿਵਾਰ ਪਲਾਂ ਵਿਚ ਹੀ ਉੱਜੜ ਗਏ। ਕਾਰੋਬਾਰ, ਖੇਤ, ਦੁਕਾਨਾਂ, ਘਰ ਛੱਡ ਕੇ ਪੰਜਾਬੀ ਇਧਰੋਂ-ਉਧਰ ਤੇ ਉਧਰੋਂ-ਇਧਰ ਰੁਲਦੇ ਰਹੇ। ਵੰਡ ਦੇ ਇਸ ਸੰਤਾਪ ਤੋਂ ਕਸ਼ਮੀਰ ਵੀ ਅਣਛੋਹਿਆ ਨਹੀਂ ਰਿਹਾ। ਇਸ ਧਰਤੀ ਨੇ ਵੀ ਆਪਣਿਆਂ ਦਾ ਕਤਲੇਆਮ ਹੁੰਦਾ ਵੇਖਿਆ, ਜਿਸ ਦੌਰਾਨ ਸਿਰਫ਼ ਤੇ ਸਿਰਫ਼ ਸਿੱਖ ਅਤੇ ਹਿੰਦੂ ਹੀ ਚੁਣ-ਚੁਣ ਕੇ ਕਤਲ ਕੀਤੇ ਗਏ ਸਨ। 15 ਅਗਸਤ ਨੂੰ ਜਦੋਂ ਭਾਰਤ ਤੇ ਪਾਕਿਸਤਾਨ ਆਜ਼ਾਦੀ ਦੇ ਜਸ਼ਨ ਮਨਾ ਰਹੇ ਸਨ ਤਾਂ ਦੂਜੇ ਪਾਸੇ ਕਸ਼ਮੀਰ ਦੇ ਲੋਕ ਉਸ ਸਹਿਮ 'ਚ ਸਨ ਕਿ ਅਸੀਂ ਕਿਸ ਪਾਸੇ ਹਾਂ, ਭਾਰਤ ਵੱਲ ਜਾਂ ਪਾਕਿਸਤਾਨ ਵੱਲ। ਕਸ਼ਮੀਰ 'ਚ ਉਸ ਵੇਲੇ 80 ਫ਼ੀਸਦੀ ਮੁਸਲਿਮ ਆਬਾਦੀ ਸੀ। ਕਸ਼ਮੀਰ ਦਾ ਰਾਜਾ ਹਰੀ ਸਿੰਘ ਡੋਗਰਾ ਕਸ਼ਮੀਰ ਵਾਦੀ 'ਤੇ ਰਾਜ ਕਰ ਰਿਹਾ ਸੀ। ਦਿਲ ਦਾ ਕਮਜ਼ੋਰ ਤਾਂ ਉਹ ਹੈ ਹੀ ਸੀ, ਰਾਜਨੀਤਕ ਸ਼ਕਤੀਆਂ ਅਤੇ ਫ਼ੈਸਲੇ ਲੈਣ 'ਚ ਵੀ ਉਹ ਕਮਜ਼ੋਰ ਸੀ।
ਪਾਕਿਸਤਾਨ ਦੀ ਵੰਡ ਦੇ ਨਾਇਕ ਮੁਹੰਮਦ ਅਲੀ ਜਿਨਾਹ ਦੀ ਸੋਚ ਸਿਰਫ਼ ਪੰਜਾਬ, ਸਿੰਧ ਤੇ ਬਲੋਚਿਸਤਾਨ ਤੱਕ ਨਹੀਂ ਸੀ, ਉਹ ਕਸ਼ਮੀਰ ਨੂੰ ਵੀ ਆਪਣੇ ਕਬਜ਼ੇ ਹੇਠ ਕਰਨਾ ਚਾਹੁੰਦਾ ਸੀ। ਇਸ ਦਾ ਕਾਰਨ ਕਸ਼ਮੀਰ 'ਚ ਮੁਸਲਿਮ ਭਾਈਚਾਰੇ ਦਾ ਵੱਡੀ ਗਿਣਤੀ 'ਵਿਚ ਹੋਣਾ ਸੀ। ਜਿਨਾਹ ਜਾਣਦਾ ਸੀ ਕਿ ਡੋਗਰਾ ਹਰੀ ਸਿੰਘ ਕੋਲ ਫ਼ੌਜ ਦੀ ਗਿਣਤੀ ਘੱਟ ਹੈ। ਪਾਕਿਸਤਾਨੀ ਲੀਡਰਾਂ ਨੇ ਪਾਕਿ ਫ਼ੌਜ ਤੇ ਕਬਾਇਲੀਆਂ ਨਾਲ ਮਿਲ ਕੇ ਕਸ਼ਮੀਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦਾ ਇਕ ਹੀ ਨਾਅਰਾ ਸੀ 'ਸਿੱਖ ਦਾ ਸਿਰ, ਮੁਸਲਿਮ ਦਾ ਘਰ, ਹਿੰਦੂ ਦੀ ਜ਼ਰ'। ਮਤਲਬ ਸਿੱਖ ਦਾ ਸਿਰ ਵੱਢਣਾ ਹੈ, ਭਾਰਤੀ ਹਮਾਇਤੀ ਮੁਸਲਿਮ ਦਾ ਘਰ ਸਾੜਨਾ ਅਤੇ ਹਿੰਦੂਆਂ ਦੀ ਜਾਇਦਾਦ ਤੇ ਔਰਤਾਂ ਨੂੰ ਲੁੱਟਣਾ ਹੈ। ਪਾਕਿ ਫ਼ੌਜ ਅਤੇ ਕਬਾਇਲੀ ਲੋਕਾਂ ਨੇ ਮੁਜ਼ੱਫਰਾਬਾਦ ਤੋਂ ਸ੍ਰੀਨਗਰ ਦੇ ਰਸਤੇ ਵਧਣਾ ਸ਼ੁਰੂ ਕਰ ਦਿੱਤਾ। ਕਸ਼ਮੀਰ ਵਸਦੇ ਸਿੱਖਾਂ ਨੂੰ ਜਦੋਂ ਇਸ ਗੱਲ ਦੀ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਹੇਠਾਂ ਸ੍ਰੀਨਗਰ ਵੱਲ ਵਧਣਾ ਸ਼ੁਰੂ ਕਰ ਦਿੱਤਾ। ਉੜੀ ਤੋਂ ਹੇਠਾਂ ਉਤਰ ਰਹੇ ਸਿੱਖਾਂ ਨੇ ਰਸਤੇ 'ਚ ਇਕ ਸਥਾਨ ਸਤਰਣਾ ਨੇੜੇ ਅਰਦਾਸ ਕੀਤੀ, ਜਿੱਥੇ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਸਥਾਪਤ ਹੈ ਜਿਸ ਦਾ ਪ੍ਰਬੰਧ ਦਿੱਲੀ ਕਾਰ ਸੇਵਾ ਵਾਲੇ ਸੇਵਕਾਂ ਕੋਲ ਹੈ।
ਦੂਜੇ ਪਾਸੇ ਪਾਕਿ ਫ਼ੌਜ ਉੱਥੋਂ ਦੇ ਕਬਾਇਲੀਆਂ ਦੀ ਮਦਦ ਨਾਲ ਮੁਸਲਿਮ ਲੀਗ ਦੇ ਨੈਸ਼ਨਲ ਗਾਰਡ ਦੇ ਕਮਾਂਡਰ ਖ਼ੁਰਸ਼ੀਦ ਅਨਵਰ ਦੀ ਅਗਵਾਈ ਵਿਚ ਮੁਜ਼ੱਫਰਾਬਾਦ ਤੋਂ ਸ੍ਰੀਨਗਰ ਵੱਲ ਵਧ ਚੁੱਕੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਮੀਰਪੁਰ ਤੇ ਉੜੀ 'ਚ ਸਿੱਖਾਂ ਦਾ ਕਤਲੇਆਮ ਕੀਤਾ। ਹਿੰਦੂਆਂ ਦੀ ਜਾਇਦਾਦ ਅਤੇ ਔਰਤਾਂ ਨੂੰ ਲੁੱਟਿਆ। ਫਿਰ ਜਦੋਂ ਉਹ ਬਾਰਾਮੁਲਾ ਪੁੱਜੇ ਤਾਂ ਪਾਕਿ ਫ਼ੌਜ ਅਤੇ ਕਬਾਇਲੀਆਂ ਨੇ ਰੱਜ ਕੇ ਲੁੱਟ-ਮਾਰ ਕੀਤੀ। ਸਭ ਤੋਂ ਵੱਧ ਇੱਥੇ ਸਿੱਖਾਂ ਨੂੰ ਮਾਰਿਆ ਗਿਆ। ਹਮਲੇ ਦੀ ਅਗਵਾਈ ਕਰ ਰਿਹਾ ਪਾਕਿ ਫ਼ੌਜ ਦਾ ਬ੍ਰਿਗੇਡੀਅਰ ਅਕਬਰ ਖਾਂ ਆਪਣੀ ਕਿਤਾਬ 'ਰੇਡਰਸ ਇਨ ਕਸ਼ਮੀਰ' 'ਚ ਲਿਖਦਾ ਹੈ ਕਿ ਉਸ ਨੂੰ ਪਤਾ ਸੀ ਰਾਜਾ ਹਰੀ ਸਿੰਘ ਦੀ ਫ਼ੌਜ 'ਚ ਸਿਰਫ਼ 9 ਹਜ਼ਾਰ ਫ਼ੌਜੀ ਜਵਾਨ ਹਨ, ਜਿਨ੍ਹਾਂ 'ਚ ਦੋ ਹਜ਼ਾਰ ਮੁਸਲਿਮ ਸਨ, ਜਿਹੜੇ ਸਾਡੇ ਖ਼ਿਲਾਫ਼ ਨਹੀਂ ਲੜਨਗੇ। ਇਸੇ ਭਰਮ ਨੇ ਪਾਕਿ ਅਫ਼ਸਰਾਂ ਨੂੰ ਜੋਸ਼ ਨਾਲ ਭਰ ਦਿੱਤਾ। ਅਕਬਰ ਖ਼ਾਂ ਲਿਖਦਾ ਹੈ ਕਿ ਜਿਨਾਹ ਸੋਚਦਾ ਸੀ ਕਿ ਕਸ਼ਮੀਰ 'ਚ 80 ਫ਼ੀਸਦੀ ਆਬਾਦੀ ਮੁਸਲਿਮ ਹੋਣ ਕਰਕੇ ਕਸ਼ਮੀਰ ਪਾਕਿਸਤਾਨ ਦੇ ਹਿੱਸੇ ਆਵੇਗਾ। ਪਾਕਿਸਤਾਨੀ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨੇ ਖ਼ੈਬਰ ਪਖ਼ਤੂਨਖਵਾ ਦੇ ਵਾਸੀਆਂ (ਜਿਨ੍ਹਾਂ ਨੂੰ ਕਬਾਇਲੀ ਕਿਹਾ ਜਾਂਦਾ ਹੈ) ਨੂੰ ਇਕੱਠੇ ਕਰਕੇ ਉਨ੍ਹਾਂ ਨੂੰ ਪੈਸੇ ਤੇ ਹਥਿਆਰ ਦੇ ਕੇ ਕਸ਼ਮੀਰ 'ਤੇ ਹਮਲੇ ਲਈ ਉਕਸਾਇਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਦੋਮਲ ਤੇ ਮੁਜ਼ੱਫਰਾਬਾਦ 'ਤੇ ਕਬਜ਼ਾ ਕੀਤਾ। (ਅੱਜ ਵੀ ਮੁਜ਼ੱਫਰਾਬਾਦ ਪਾਕਿਸਤਾਨ ਦੇ ਕਬਜ਼ੇ ਹੇਠ ਹੈ, ਜੋ ਕਸ਼ਮੀਰ ਦੀ ਰਾਜਧਾਨੀ ਹੈ)। ਉਸ ਤੋਂ ਬਾਅਦ ਉੜੀ ਤੇ ਬਾਰਾਮੁਲਾ ਨੂੰ ਖ਼ੂਬ ਲੁੱਟਿਆ ਗਿਆ। ਕਬਾਇਲੀ ਦੋ ਦਿਨ ਤੱਕ ਬਾਰਾਮੁਲਾ ਨੂੰ ਲੁੱਟਦੇ ਰਹੇ। ਕਸ਼ਮੀਰ ਦੇ ਰਾਜੇ ਹਰੀ ਸਿੰਘ ਨੇ ਕਸ਼ਮੀਰ ਭਾਰਤ ਨੂੰ ਲਿਖ ਕੇ ਦੇ ਦਿੱਤਾ। ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਤੁਰੰਤ ਭਾਰਤੀ ਫ਼ੌਜਾਂ ਨੂੰ ਸ੍ਰੀਨਗਰ ਵੱਲ ਰਵਾਨਾ ਕੀਤਾ। ਪਾਕਿ ਫ਼ੌਜ ਦਾ ਬ੍ਰਗੇਡੀਅਰ ਮੇਜਰ ਜਨਰਲ ਅਕਬਰ ਖ਼ਾਂ ਵੀ ਸ੍ਰੀਨਗਰ ਵੱਲ ਪਾਕਿ ਫ਼ੌਜ ਦੀ ਅਗਵਾਈ ਕਰਦਾ ਜਾ ਰਿਹਾ ਸੀ, ਜਦ ਉਸ ਨੂੰ ਭਾਰਤੀ ਫ਼ੌਜ ਦੇ ਆਉਣ ਬਾਰੇ ਪਤਾ ਲੱਗਾ ਤਾਂ ਉਹ ਵਾਪਸ ਪਰਤ ਗਏ। ਵਾਪਸ ਜਾਂਦੇ ਵੀ ਉਹ ਮੀਰਪੁਰ, ਬਾਰਾਮੁਲਾ, ਬੀਰੂ, ਹਾਲ-ਦਦਿਆਲ, ਅਲੀਬਾਗ ਸਿਰਹਾਲ, ਭਿੰਬਰ, ਦੇਵਬੋਤਲਾ ਅਤੇ ਪੁਣਛ ਸਮੇਤ ਵੱਖ-ਵੱਖ ਖੇਤਰਾਂ ਵਿਚ ਸਿੱਖਾਂ 'ਤੇ ਅੱਤਿਆਚਾਰ ਕਰ ਕੇ ਲੁੱਟਮਾਰ ਕਰ ਕੇ ਪਰਤੇ।
ਕਸ਼ਮੀਰੀ ਸਿੱਖ ਲੇਖਕ ਡਾ. ਜਸਬੀਰ ਸਿੰਘ ਲਿਖਦੇ ਹਨ ਕਿ ਇਸ ਸਮੇਂ ਦੌਰਾਨ ਸਿੱਖ ਭਾਈਚਾਰੇ ਸਮੇਤ ਨਾਨਕ ਪੰਥੀਆਂ ਅਤੇ ਨਾਨਕ ਨਾਮਲੇਵਾ ਨੂੰ ਕਾਫ਼ੀ ਨੁਕਸਾਨ ਹੋਇਆ, ਜਿਸ 'ਚ 20 ਹਜ਼ਾਰ ਤੋਂ 33 ਹਜ਼ਾਰ ਸਿੱਖ ਪੁਰਸ਼, ਔਰਤਾਂ ਤੇ ਬੱਚੇ ਸ਼ਹੀਦ ਹੋਏ। ਖਡਨਿਆਰ ਪਿੰਡ 'ਚ ਜ਼ਿਆਦਾਤਰ ਸਿੱਖ ਇੱਛਾਹਾਮਾ ਤੇ ਸ੍ਰੀਨਗਰ ਵੱਲ ਭੱਜ ਗਏ ਸਨ, ਪਰ ਕੁਝ ਜੋ ਬਚੇ ਸਨ, ਉਹ ਬਾਅਦ ਵਿਚ ਸ਼ਹੀਦ ਹੋ ਗਏ ਜਦੋਂ ਦੁਸ਼ਮਣ (ਕਬਾਇਲੀਆਂ) ਨੇ ਬਾਰਾਮੁਲਾ 'ਤੇ ਕਬਜ਼ਾ ਕਰ ਲਿਆ।
ਸਤਰਾਣਾ ਪਿੰਡ ਵਿਚ ਇਕ ਸਭਾ ਹੋਈ। ਵੱਖ-ਵੱਖ ਪਿੰਡਾਂ ਦੇ ਸਿੱਖ ਪਰਿਵਾਰ ਇਕੱਠੇ ਹੋਏ ਸਨ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਜਿਨ੍ਹਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ, ਇਸ ਕਾਫ਼ਲੇ ਵਿਚ ਦਰਸਾਏ ਗਏ ਪਿੰਡਾਂ 'ਚ ਦਰਦਪੁਰਾ, ਚੱਕਸ਼ਤਲੂ, ਭਟਪੁਰਾ, ਵਾਨਪੋਰਾ, ਪਟੂਸਾ, ਪੰਜਾਲਾ, ਘੁੰਡਬਲ, ਹਮਦੁਬ, ਘੁੰਡੀ, ਫਗੀਪੁਰਾ, ਹਾਚੀਪੁਰਾ, ਮੰਡਾਨਾ, ਯਾਰਾਬੂਘ, ਚਰਲੀਘੁੰਡ ਅਤੇ ਹਰਦੁਚਨਮ ਸ਼ਾਮਿਲ ਸਨ। 3,500 ਤੋਂ ਵੱਧ ਸਿੱਖ ਆਪਣੇ ਪਰਿਵਾਰਾਂ ਸਮੇਤ ਇਸ ਕਾਫ਼ਲੇ ਦਾ ਹਿੱਸਾ ਸਨ। ਇਹ ਪਰਿਵਾਰ ਆਪਣੇ ਘਰਾਂ ਤੋਂ ਜਲਦੀ ਭੱਜਦੇ ਸਮੇਂ ਕੁਝ ਚੀਜ਼ਾਂ, ਰਵਾਇਤੀ ਹਥਿਆਰ ਅਤੇ ਕੱਪੜੇ ਨਾਲ ਲੈ ਕੇ ਆਏ ਸਨ। ਜਿਵੇਂ ਹੀ ਉਹ ਸ੍ਰੀਨਗਰ ਵੱਲ ਵਧੇ ਤਾਂ ਉਨ੍ਹਾਂ ਦਾ ਸਾਹਮਣਾ ਬਡਗਾਮ ਤੋਂ ਇਕ ਕਿਲੋਮੀਟਰ ਪਹਿਲਾਂ ਕਬਾਇਲੀਆਂ ਨਾਲ ਹੋਇਆ, ਜਿਨ੍ਹਾਂ ਨੇ ਹਮਲਾ ਕਰਕੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ।
ਦੀਦਾਰਪੁਰਾ ਪਿੰਡ ਨੂੰ ਵੀ ਹਮਲਿਆਂ ਅਤੇ ਤਬਾਹੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਗੁਰਦੁਆਰੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੁਝ ਸਿੱਖਾਂ ਨੂੰ ਮਾਰ ਦਿੱਤਾ। ਬਲਗਾਮ ਚੂਰੇ ਵਿਚ ਸਿੱਖਾਂ ਤੇ ਹਮਲਾਵਰਾਂ ਵਿਚਕਾਰ ਇਕ ਭਿਆਨਕ ਮੁਕਾਬਲਾ ਹੋਇਆ, ਜਿਸ 'ਚ ਲਗਭਗ 500 ਸਿੱਖ ਮਾਰੇ ਗਏ। ਗੁਰਦੁਆਰਾ ਗੁਲਮਰਗ ਦੇ ਪ੍ਰਧਾਨ ਸ. ਤੇਜਾ ਸਿੰਘ ਨੇ ਦੱਸਿਆ ਕਿ ਮਾਰੇ ਗਏ ਸਿੱਖ ਭਾਈਚਾਰੇ ਦੀ ਯਾਦ ਵਿਚ ਪਿੰਡ ਸਤਰਣਾਂ ਰਫੀਆਬਾਦ ਵਿਖੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਹਰ ਸਾਲ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
ਅਵਤਾਰ ਸਿੰਘ ਅਨੰਦ












Comments (0)