ਭਾਰਤ ਵਿਚ ਜਿਹਾਦ' ਦੀ ਰਾਜਨੀਤੀ: ਭਗਵੀਂ ਸਿਆਸਤ ਦੀ ਵੋਟ ਬੈਂਕ ਖੇਡ

ਭਾਰਤ ਵਿਚ ਜਿਹਾਦ' ਦੀ ਰਾਜਨੀਤੀ: ਭਗਵੀਂ ਸਿਆਸਤ ਦੀ ਵੋਟ ਬੈਂਕ ਖੇਡ

*ਵੋਟ ਲਈ 'ਜਿਹਾਦ' ਦਾ ਝੂਠਾ ਬਹਾਨਾ: ਸੰਵਿਧਾਨ ਤੇ ਲੋਕਤੰਤਰ ਉਪਰ ਹਮਲਾ

*ਸੋਸ਼ਲ ਮੀਡੀਆ 'ਤੇ 'ਜਿਹਾਦ' ਦਾ ਜ਼ਹਿਰ: ਕੌਣ ਨਿਸ਼ਾਨੇ ਉਪਰ?

 ਭਾਰਤ ਦੀ ਰਾਜਨੀਤੀ ਵਿੱਚ 'ਜਿਹਾਦ' ਵਰਡ ਨੂੰ ਹੁਣ ਹਰ ਚੀਜ਼ ਨਾਲ ਜੋੜਿਆ ਜਾ ਰਿਹਾ ਹੈ। ਚਾਹੇ ਲਵ ਜਿਹਾਦ ਹੋਵੇ, ਲੈਂਡ ਜਿਹਾਦ, ਵੋਟ ਜਿਹਾਦ ਜਾਂ ਹੁਣ ਤਾਜ਼ਾ 'ਨਕਲ ਜਿਹਾਦ' – ਇਹ ਸਾਰੇ ਸ਼ਬਦ ਭਗਵੀਂ ਰਾਸ਼ਟਰਵਾਦੀ ਸਿਆਸਤ ਤੇ ਨੈਰੇਟਿਵ ਦਾ ਹਿੱਸਾ ਬਣ ਗਏ ਹਨ। ਪਰ ਸਵਾਲ ਇਹ ਹੈ ਕਿ ਇਸ ਨੈਰੇਟਿਵ ਨੂੰ ਕਿਸ ਨੇ ਚਲਾਇਆ? ਇਸ ਪਿੱਛੇ ਕਿਹੜੀ ਰਾਜਨੀਤੀ ਛੁਪੀ ਹੈ ਅਤੇ ਇਸ ਦੇ ਨਿਸ਼ਾਨੇ ਕੌਣ ਹਨ? ਸਿਆਸੀ ਮਾਹਿਰਾਂ ਅਨੁਸਾਰ  ਇਹ ਸਾਰੀ ਖੇਡ ਭਾਰਤੀ ਜਨਤਾ ਪਾਰਟੀ (ਬੀਜੇਪੀ) ਅਤੇ ਉਸ ਨਾਲ ਜੁੜੀ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਵਰਗੀਆਂ ਸੰਗਠਨਾਂ ਦੀ ਰਣਨੀਤੀ ਹੈ, ਜੋ ਹਿੰਦੂ ਵੋਟ ਇਕੱਠੇ ਕਰਨ ਲਈ ਧਰਮ ਦੀ ਵੰਡ ਨੂੰ ਹਥਿਆਰ ਬਣਾ ਰਹੀ ਹੈ।

ਇਸ ਕਹਾਣੀ ਦੀ ਸ਼ੁਰੂਆਤ 1947 ਦੀ ਵੰਡ ਨਾਲ ਜੁੜੀ ਹੈ। ਉਸ ਵੇਲੇ ਹਿੰਦੂ ਮਹਾਸਭਾ ਅਤੇ ਆਰਐਸਐਸ ਵਰਗੇ ਸੰਗਠਨਾਂ ਨੇ ਮੁਸਲਿਮਾਂ ਨੂੰ 'ਘੁਸਪੈਠੀਏ' ਅਤੇ 'ਧਰਮ ਬਦਲਣ ਵਾਲੇ' ਕਹਿ ਕੇ ਪੇਸ਼ ਕੀਤਾ। ਪਰ ਅਸਲ 'ਲਵ ਜਿਹਾਦ' ਵਰਗੇ ਸ਼ਬਦਾਂ ਦੀ ਕਾਢ 2000 ਦੇ ਦਹਾਕੇ ਵਿੱਚ ਹੋਈ। 2007 ਵਿੱਚ ਗੁਜਰਾਤ ਵਿੱਚ ਪਹਿਲੀ ਵਾਰ ਇਹ ਥਿਊਰੀ ਉੱਭਰੀ, ਜਿੱਥੇ ਮੁਸਲਿਮ ਮਰਦਾਂ ਨੂੰ ਹਿੰਦੂ ਔਰਤਾਂ ਨੂੰ 'ਫਸਾਉਣ' ਅਤੇ ਧਰਮ ਬਦਲਵਾਉਣ ਦਾ ਅਪਰਾਧੀ ਬਣਾਇਆ ਗਿਆ। 2009 ਵਿੱਚ ਕੇਰਲ ਅਤੇ ਕਰਨਾਟਕ ਵਿੱਚ ਇਹ ਫੈਲਿਆ, ਜਿੱਥੇ ਪ੍ਰਮੋਦ ਮੁਥਲਿਕ ਵਰਗੇ ਆਰਐਸਐਸ ਨਾਲ ਜੁੜੇ ਪ੍ਰਚਾਰਕ ਨੇ ਇਸ ਨੂੰ ਪ੍ਰਚਾਰਿਆ। ਆਰਐਸਐਸ ਦੀਆਂ ਮੈਗਜ਼ੀਨਾਂ 'ਆਰਗੇਨਾਈਜ਼ਰ' ਅਤੇ 'ਪੰਚਜੰਨਯ' ਨੇ 2009 ਵਿੱਚ ਕਵਰ ਸਟੋਰੀਆਂ ਚਲਾਈਆਂ।

ਬੀਜੇਪੀ ਨੇ ਇਸ ਨੂੰ ਰਾਜਨੀਤਕ ਹਥਿਆਰ ਬਣਾਇਆ। 2014 ਵਿੱਚ ਨਰਿੰਦਰ ਮੋਦੀ ਦੀ ਸੱਤਾ ਆਉਣ ਤੋਂ ਬਾਅਦ ਇਹ ਥਿਊਰੀ ਮੇਨਸਟ੍ਰੀਮ ਬਣ ਗਈ। ਯੋਗੀ ਆਦਿੱਤਿਆਨਾਥ ਵਰਗੇ ਬੀਜੇਪੀ ਨੇਤਾ ਨੇ ਇਸ ਨੂੰ 'ਬਾਹਰੀ ਦੁਸ਼ਮਣ ਤਾਕਤਾਂ ਦੀ ਸਾਜਿਸ਼' ਕਿਹਾ ਅਤੇ ਯੂਪੀ ਵਿੱਚ ਕਾਨੂੰਨ ਬਣਾਏ। ਅੱਜ ਤੱਕ ਯੂਪੀ, ਐੱਮਪੀ, ਹਰਿਆਣਾ, ਗੁਜਰਾਤ ਅਤੇ ਉੱਤਰਾਖੰਡ ਵਰਗੇ ਬੀਜੇਪੀ ਸੱਤਾ ਵਾਲੇ ਰਾਜਾਂ ਵਿੱਚ 'ਐਂਟੀ-ਕਨਵਰਜ਼ਨ ਲਾਅ' ਚੱਲ ਰਹੇ ਹਨ, ਜੋ ਇੰਟਰਫੇਥ ਮੈਰਿਜ ਨੂੰ ਰੋਕਦੇ ਹਨ। ਇਹ ਕਾਨੂੰਨ ਔਰਤਾਂ ਦੀ ਆਜ਼ਾਦੀ ਨੂੰ ਵੀ ਖਤਮ ਕਰਦੇ ਹਨ, ਕਿਉਂਕਿ ਉਹਨਾਂ ਨੂੰ 'ਸੁਰੱਖਿਆ' ਦੇ ਨਾਂ ਤਹਿਤ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਹੈ।

ਇਹ ਪੂਰੀ ਤਰ੍ਹਾਂ ਵੋਟ ਬੈਂਕ ਰਾਜਨੀਤੀ ਹੈ। ਬੀਜੇਪੀ ਨੂੰ ਡਰ ਹੈ ਕਿ ਮੁਸਲਿਮ ਭਾਈਚਾਰੇ ਦੀ ਵਧਦੀ ਆਬਾਦੀ ਹਿੰਦੂ ਬਹੁਮਤ ਨੂੰ ਘਟਾਏਗੀ। 1909 ਵਿੱਚ ਯੂ.ਐੱਨ. ਮੁਖਰਜੀ ਦੀ ਕਿਤਾਬ 'ਹਿੰਦੂਜ਼: ਏ ਡਾਇੰਗ ਰੇਸ' ਤੋਂ ਇਹ ਡਰ ਸ਼ੁਰੂ ਹੋਇਆ।ਇਸ ਵਿਚਾਰ ਨੂੰ ਆਰਐਸਐਸ ਨੇ ਅਪਣਾਇਆ। ਅੱਜ ਇਹ ਡਰਮੋਗ੍ਰਾਫਿਕ ਐਂਗਜ਼ਾਈਟੀ ਨਾਲ ਜੁੜਿਆ ਹੈ – ਮੁਸਲਿਮਾਂ ਨੂੰ 'ਘੁਸਪੈਠੀਏ' ਜਾਂ 'ਜਿਹਾਦੀ' ਕਹਿ ਕੇ ਹਿੰਦੂਆਂ ਨੂੰ ਡਰਾਇਆ ਜਾਂਦਾ ਹੈ। ਚੋਣਾਂ ਵਿੱਚ ਇਹ ਹਥਿਆਰ ਬਹੁਤ ਕੰਮ ਆਉਂਦਾ ਹੈ। 2014 ਅਤੇ 2019 ਦੀਆਂ ਚੋਣਾਂ ਵਿੱਚ ਭਾਜਪਾ ਨੇ ਇਸ ਨਾਲ ਹਿੰਦੂ ਵੋਟ ਪੱਕੇ ਕੀਤੇ। ਉੱਤਰਾਖੰਡ ਵਿੱਚ ਪੁਸ਼ਕਰ ਸਿੰਘ ਧਾਮੀ ਨੇ ਪੇਪਰ ਲੀਕ ਨੂੰ 'ਨਕਲ ਜਿਹਾਦ' ਕਿਹਾ, ਜਦੋਂ ਕਿ ਗਲਤੀ ਸਿਸਟਮ ਦੀ ਸੀ। ਉੱਤਰਾਖੰਡ ਵਿੱਚ ਹੀ 'ਲੈਂਡ ਜਿਹਾਦ' ਅਤੇ 'ਥੂਕ ਜਿਹਾਦ' ਵਰਗੇ ਸ਼ਬਦ ਵੀ ਧਾਮੀ ਨੇ ਚਲਾਏ। ਝਾਰਖੰਡ ਵਿੱਚ ਬੀਜੇਪੀ ਨੇ ਚੋਣਾਂ ਲੜੀਆਂ ਲਵ ਅਤੇ ਲੈਂਡ ਜਿਹਾਦ ਨਾਲ, ਪਰ ਹਾਰ ਗਈ। ਬਿਹਾਰ ਵਿੱਚ 'ਵੋਟ ਜਿਹਾਦ' ਚਲਾਇਆ ਗਿਆ, ਜਿੱਥੇ ਮੁਸਲਿਮਾਂ ਨੂੰ ਫੇਕ ਵੋਟ ਬਣਾਉਣ ਵਾਲੇ ਕਿਹਾ। 

ਸਿਆਸੀ ਮਾਹਿਰਾਂ ਅਨੁਸਾਰ ਸੋਸ਼ਲ ਮੀਡੀਆ ਤੇ ਇਹ ਨੈਰੇਟਿਵ ਫੈਲਾਉਣ ਵਾਲਾ ਮੁੱਖ ਹਥਿਆਰ ਹੈ।ਪਰ ਸਰਕਾਰ ਇਸ ਨਸਲਵਾਦ ਵਿਰੁਧ ਕਾਰਵਾਈ ਨਹੀਂ ਕਰਦੀ। ਬੀਜੇਪੀ ਦੇ ਆਈਟੀ ਸੈੱਲ ਅਤੇ ਵੀਐੱਚਪੀ ਵਰਗੇ ਗਰੁੱਪਾਂ ਨੇ ਐਕਸ (ਟਵਿੱਟਰ) ਤੇ 'ਲਵ ਜਿਹਾਦ' ਨਾਲ ਜੁੜੇ ਹਜ਼ਾਰਾਂ ਪੋਸਟ ਕੀਤੇ ਹਨ। ਇੱਕ ਰਿਪੋਰਟ ਮੁਤਾਬਕ, ਬੀਜੇਪੀ ਨੇ ਚੋਣਾਂ ਵਿੱਚ 48% ਫੇਕ ਨਿਊਜ਼ ਫੈਲਾਈ, ਜਿਸ ਵਿੱਚ ਇਹ ਨੈਰੇਟਿਵ ਸ਼ਾਮਲ ਹਨ। ਇਹ ਨਾ ਸਿਰਫ਼ ਭਾਜਪਾ ਦਾ ਵੋਟ ਬੈਂਕ ਵਧਾਉਂਦਾ ਹੈ, ਸਗੋਂ ਹਿੰਸਾ ਵੀ ਭੜਕਾਉਂਦਾ ਹੈ। 2020 ਵਿੱਚ ਦਿੱਲੀ ਕਤਲੇਆਮ ਵਿੱਚ 'ਕੋਰੋਨਾ ਜਿਹਾਦ' ਚਲਾਇਆ ਗਿਆ, ਜਿੱਥੇ ਤਬਲੀਗੀ ਜਮਾਤ ਨੂੰ ਵਾਇਰਸ ਫੈਲਾਉਣ ਵਾਲਾ ਕਿਹਾ। ਨਤੀਜਾ? 53 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਿਮ ਸਨ।

ਇਹ ਪੂਰਾ ਫੋਕਸ ਮੁਸਲਿਮ ਭਾਈਚਾਰੇ ਤੇ ਹੈ।  ਇਸ ਨਾਲ ਹਿੰਦੂ ਤੇ ਮੁਸਲਮਾਨ ਭਾਈਚਾਰੇ ਵਿੱਚ ਵੰਡ ਪੈਦਾ ਹੁੰਦੀ ਹੈ – ਦਲਿਤਾਂ ਅਤੇ ਅਦਿਵਾਸੀਆਂ ਨੂੰ ਵੀ ਇਸ ਵਿੱਚ ਘੁਸੇੜਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਮੁਸਲਮਾਨਾਂ ਵਿਰੁਧ ਹਥਿਆਰ ਬਣਾਇਆ ਜਾਂਦਾ ਹੈ।

ਇਹ ਸਭ ਕੁਝ ਬੀਜੇਪੀ ਦੀ ਫਿਰਕੂ ਆਈਡੀਓਲੌਜੀ ਨਾਲ ਜੁੜਿਆ ਹੈ, ਜੋ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣਾ ਚਾਹੁੰਦੀ ਹੈ। ਪਰ ਇਹ ਰਾਜਨੀਤੀ ਭਾਰਤੀ ਸੰਵਿਧਾਨ ਦੇ ਸੈਕੂਲਰਿਜ਼ਮ ਨੂੰ ਖਤਮ ਕਰ ਰਹੀ ਹੈ। ਯੂਐੱਨ ਅਤੇ ਹਿਊਮਨ ਰਾਈਟਸ ਵਾਚ ਵਰਗੇ ਸੰਸਥਾਵਾਂ ਨੇ ਇਸ ਨੂੰ 'ਇਸਲਾਮੋਫੋਬਿਕ' ਕਿਹਾ ਹੈ। ਚੋਣਾਂ ਵਿੱਚ ਇਹ ਜਿਹਾਦੀ ਨੈਰਟਿਵ ਭਾਜਪਾ ਦਾ ਵੋਟ ਵਧਾਉਂਦੀ ਹੈ, ਪਰ ਲੰਬੇ ਸਮੇਂ ਵਿੱਚ ਦੇਸ਼ ਨੂੰ ਵੰਡਦੀ ਹੈ। ਜਦੋਂ ਤੱਕ ਲੋਕ ਇਸ ਨੂੰ ਨਾ ਸਮਝਣਗੇ, ਇਹ ਚੱਕਰ ਜਾਰੀ ਰਹੇਗਾ। ਕੀ ਭਾਰਤ ਵਾਸੀ ਇਸ ਰਾਜਨੀਤੀ ਨੂੰ ਰੋਕਣਗੇ? ਇਹ ਸਮਾਂ ਦੱਸੇਗਾ।