ਅਮਰੀਕਾ ਵਿਚ ਪ੍ਰਵਾਸੀਆਂ ਦੀ ਫੜੋਫੜੀ ਕਾਰਨ ਹਫੜਾਦਫੜੀ ਵਾਲਾ ਮਾਹੌਲ ਬਣਿਆ
ਇਟਾਲੀਅਨ ਰੈਸਟੋਰੈਂਟ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰਾਤ ਦੇ ਖਾਣੇ ਤੋਂ ਪਹਿਲਾਂ ਮਾਰਿਆ ਛਾਪਾ* ਅਦਾਲਤਾਂ ਵਿਚ ਸੁਣਵਾਈ ਮੌਕੇ ਵੀ ਕੀਤੀਆਂ ਜਾ ਰਹੀਆਂ ਹਨ ਗ੍ਰਿਫਤਾਰੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ਾਂ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਵਿੱਚ ਤੇਜੀ ਲਿਆਂਦੀ ਹੈ ਜਿਸ ਕਾਰਨ ਹਫੜਾਦਫੜੀ ਵਾਲਾ ਮਾਹੌਲ ਬਣਿਆ ਨਜਰ ਆ ਰਿਹਾ ਹੈ। ਸ਼ੁਰੂ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਸੀ ਪਰੰਤੂ ਬਾਅਦ ਵਿਚ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦਾ ਘੇਰਾ ਵਧਾ ਦਿੱਤਾ ਗਿਆ ਤੇ ਛੋਟੇ ਮੋਟੇ ਅਪਰਾਧਾਂ ਵਿਚ ਸ਼ਾਮਿਲ ਪ੍ਰਵਾਸੀਆਂ ਨੂੰ ਵੀ ਇਸ ਘੇਰੇ ਵਿਚ ਸ਼ਾਮਿਲ ਕਰ ਲਿਆ ਗਿਆ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਫੈਕਟਰੀਆਂ, ਹੋਟਲਾਂ ਤੇ ਖੇਤੀਬਾੜੀ ਫਾਰਮਾਂ ਉਪਰ ਛਾਪੇ ਮਾਰੇ ਜਾ ਰਹੇ ਹਨ ਤੇ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਪ੍ਰਸਿੱਧ ਸੈਨ ਡੀਏਗੋ ਇਟਾਲੀਅਨ ਰੈਸਟੋਰੈਂਟ ਵਿਚ ਰਾਤ ਦੇ ਖਾਣੇ ਤੋਂ ਪਹਿਲਾਂ ਮਾਰੇ ਗਏ ਛਾਪੇ ਦੌਰਾਨ ਕਈ ਵਰਕਰਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖਬਰ ਹੈ। ਸਥਾਨਕ ਸੀ ਬੀ ਐਸ ਸਟੇਸ਼ਨ ਦੁਆਰਾ ਇਸ ਛਾਪੇ ਦੀ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਇਸ ਛਾਪੇ ਦਾ ਸਥਾਨਕ ਲੋਕ ਵਿਰੋਧ ਕਰਦੇ ਹੋਏ ਨਜਰ ਆ ਰਹੇ ਹਨ। ਭਾਰੀ ਗਿਣਤੀ ਵਿਚ ਹਥਿਆਰਬੰਦ ਏਜੰਟ ਰੈਸਟੋਰੈਂਟ ਵਿਚ ਦਾਖਲ ਹੋਏ ਤੇ ਉਨਾਂ ਨੇ ਹੋਟਲ ਵਿਚ ਕੰਮ ਕਰ ਰਹੇ ਵਰਕਰਾਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਜਿਸ ਦਾ ਮੌਕੇ 'ਤੇ ਹਾਜਰ ਲੋਕਾਂ ਨੇ ਵਿਰੋਧ ਕੀਤਾ। ਏਜੰਟਾਂ ਨੇ ਬੁਲਟ ਪਰੂਫ ਜੈਕਟਾਂ ਪਾਈਆਂ ਹੋਈਆਂ ਸਨ ਤੇ ਆਪਣੇ ਉਪਰ ਹੋਮਲੈਂਡ ਸਕਿਉਰਿਟੀ ਜਾਂਚ ਲੋਗੋ ਚਿਪਕਾਇਆ ਹੋਇਆ ਸੀ। ਪੈਡਰੋ ਰਿਆਸ, ਡਾਇਰੈਕਟਰ ਆਫ ਕੁਏਕਰ ਅਮੈਰੀਕਨ ਫਰੈਂਡਜ ਸਰਵਿਸ ਕਮੇਟੀ ਯੂ ਐਸ- ਮੈਕਸੀਕੋ ਬਾਰਡਰ ਪ੍ਰੋਗਰਾਮ ਨੇ ਮੀਡੀਆ ਨੂੰ ਦਸਿਆ ਕਿ ਏਜੰਟਾਂ ਨੇ ਵਿਰੋਧ ਕਰ ਰਹੀ ਭੀੜ ਉਪਰ ਗਰਨੇਡ ਵੀ ਦਾਗੇ। ਕਾਰਜਕਾਰੀ ਡਾਇਰੈਕਟਰ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਏਜੰਟਾਂ ਨੇ ਛਾਪੇ ਦੌਰਾਨ ਕੁਝ ਵੀ ਗਲਤ ਨਹੀਂ ਕੀਤਾ ਉਨਾਂ ਨੇ ਕੇਵਲ ਆਪਣੀ ਲਾਅ ਇਨਫੋਰਸਮੈਂਟ ਡਿਊਟੀ ਕੀਤੀ ਹੈ। ਉਨਾਂ ਕਿਹਾ ਕਿ ਸਾਨੂੰ ਨਾਜ਼ੀ ਨਾ ਕਿਹਾ ਜਾਵੇ ਤੇ ਨਾ ਹੀ ਅਸੀਂ ਕੋਈ ਖਲਨਾਇਕ ਹਾਂ। ਪਿਛਲੇ ਹਫਤੇ ਦੇ ਸ਼ੁਰੂ ਵਿਚ ਆਈ ਸੀ ਈ ਏਜੰਟਾਂ ਨੇ ਸੈਨ ਐਨਟੋਨੀਓ, ਟੈਕਸਾਸ ਕੋਰਟ ਹਾਊਸ ਵਿਚ ਸੁਣਵਾਈ ਤੋਂ ਬਾਅਦ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ ਜਿਸ ਦਾ ਪ੍ਰਵਾਸੀਆਂ ਦੇ ਵਕੀਲਾਂ ਨੇ ਸਖਤ ਵਿਰੋਧ ਕੀਤਾ ਸੀ। ਇਮੀਗਰਾਂਟ ਲੀਗਲ ਰਿਸੋਰਸ ਸੈਂਟਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਬਹੁਤ ਹੀ ਸੰਕਟ ਭਰੇ ਸਮੇਂ ਵਿੱਚ ਪਰਵਾਸੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਵਾਸੀ ਨਿਆਂ ਲਈ ਅਦਾਲਤਾਂ ਵਿਚ ਆਉਂਦੇ ਹਨ ਪਰੰਤੂ ਸੁਣਵਾਈ ਵਿੱਚ ਵਿਘਣ ਪਾਇਆ ਜਾ ਰਿਹਾ ਹੈ। ਇਸ ਬਿਆਨ ਨਾਲ ਇਕ ਵੀਡੀਓ ਵੀ ਜੋੜੀ ਗਈ ਹੈ ਜਿਸ ਵਿਚ ਆਈ ਸੀ ਈ ਏਜੰਟ ਅਦਾਲਤ ਵਿਚ 4 ਬੱਚਿਆਂ ਸਮੇਤ ਇਕ ਮਾਂ ਨੂੰ ਹਿਰਾਸਤ ਵਿਚ ਲੈ ਰਹੇ ਹਨ। ਇਕ ਨਬਾਲਗ ਬੱਚੇ ਦੇ ਹੱਥ ਪਿੱਠ ਪਿੱਛੇ ਬੰਨੇ ਹੋਏ ਨਜਰ ਆ ਰਹੇ ਹਨ। ਐਡੋਵੋਕੇਸੀ ਗਰੁੱਪ ਯੂਨੀਡੋਸ ਪੋਡਮੋਸ ਵੱਲੋਂ ਇਸੇ ਹੀ ਅਦਾਲਤ ਦੇ ਬਾਹਰਵਾਰ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੀ ਇਕ ਹੋਰ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਸ ਸਮੇਂ ਦਾ ਬਹੁਤ ਹੀ ਭਾਵੁਕ ਦ੍ਰਿਸ਼ ਨਜਰ ਆ ਰਿਹਾ ਹੈ ਜਿਸ ਵਿਚ ਸਿਵਲ ਵਰਦੀ ਵਿੱਚ ਏਜੰਟ ਦੋ ਔਰਤਾਂ ਤੇ ਇਕ ਬੱਚੇ ਨੂੰ ਕੈਦੀਆਂ ਨੂੰ ਲਿਜਾਣ ਵਾਲੀ ਗੱਡੀ ਵਿਚ ਜਬਰਨ ਚੜਾ ਰਹੇ ਹਨ।











Comments (0)