ਮਹਾਰਾਸ਼ਟਰ 'ਚ ਪੈਦਾ ਹੋਏ ਹਿੰਦੂ ਔਰੰਗਜ਼ੇਬ, ਮਰੇ ਹੋਏ ਔਰੰਗਜ਼ੇਬ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹਨ
ਮੋਦੀ ਯੁੱਗ ਦਾ ਹੁਣ ਅੰਤਿਮ ਪੜਾਅ ਸ਼ੁਰੂ ਹੋ ਚੁੱਕਾ ਹੈ।
ਮੋਦੀ ਅਤੇ ਉਨ੍ਹਾਂ ਦੇ ਲੋਕ ਕਦੇ ਨਾ ਕਦੇ ਜਾਣਗੇ, ਪਰ ਜਾਂਦੇ-ਜਾਂਦੇ ਉਹ ਇਸ ਦੇਸ਼ ਨੂੰ ਟੁਕੜਿਆਂ 'ਚ ਵੰਡ ਕੇ ਜਾਣਗੇ, ਇਹ ਸਾਫ਼ ਦਿਖਾਈ ਦੇ ਰਿਹਾ ਹੈ। ਦੇਸ਼ 'ਚ ਅੱਜ ਜੋ ਫ਼ਿਰਕੂ ਅਤੇ ਧਾਰਮਿਕ ਨਫ਼ਰਤ ਵਧੀ ਹੈ, ਉਹ 'ਬਟਵਾਰੇ' ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦਿਖਾਈ ਦੇ ਰਹੀ ਸੀ। ਅੱਜ ਇੱਥੇ ਦੇ ਕੁਝ ਹਿੰਦੂ (ਭਾਵ ਵਿਗੜੀ ਮਾਨਸਿਕਤਾ ਵਾਲੇ) ਨੇਤਾ ਜਿਨਾਹ ਦੀ ਭੂਮਿਕਾ 'ਚ ਆ ਗਏ ਹਨ। ਇਹ ਦੇਸ਼ ਲਈ ਖ਼ਤਰਨਾਕ ਹੈ। ਭਾਰਤ 'ਚ ਸਾਵਰਕਰ ਨੇ ਦੋ ਰਾਸ਼ਟਰ ਸਿਧਾਂਤ ਪੇਸ਼ ਕੀਤਾ ਸੀ। ਭਾਰਤੀ ਮੁਸਲਮਾਨ ਅਤੇ ਭਾਰਤੀ ਹਿੰਦੂ ਦੋ ਵੱਖ-ਵੱਖ ਰਾਸ਼ਟਰ ਹਨ। ਉਨ੍ਹਾਂ ਦੇ ਆਪਣੇ ਵੱਖਰੇ-ਵੱਖਰੇ ਧਰਮ, ਪਰੰਪਰਾਵਾਂ ਅਤੇ ਰੀਤੀ-ਰਿਵਾਜ ਹਨ। ਇਸ ਲਈ ਸਮਾਜਿਕ ਅਤੇ ਨੈਤਿਕ ਦ੍ਰਿਸ਼ਟੀਕੋਣ ਨਾਲ ਮੁਸਲਮਾਨਾਂ ਨੂੰ ਹਿੰਦੂ ਬਹੁਗਿਣਤੀ ਭਾਰਤ 'ਚੋਂ ਬਾਹਰ ਆਪਣੀ ਵੱਖਰੀ ਮਾਤਭੂਮੀ ਬਣਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਅਜਿਹਾ ਉਨ੍ਹਾਂ ਦਾ ਕਹਿਣਾ ਸੀ।
ਡਾ. ਅੰਬੇਡਕਰ ਨੇ ਵੀ ਇਕ ਵਾਰ ਕਿਹਾ ਸੀ, 'ਇੱਥੇ ਹਿੰਦੂ ਅਤੇ ਮੁਸਲਮਾਨ ਦੋ ਵੱਖਰੇ-ਵੱਖਰੇ ਰਾਸ਼ਟਰ ਦੇ ਰੂਪ 'ਚ ਰਹਿੰਦੇ ਦਿਖਾਈ ਦੇ ਰਹੇ ਹਨ।'
ਹਾਲਾਂਕਿ, ਪੰਡਤ ਨਹਿਰੂ ਜਿਹੇ ਸਮਝਦਾਰ ਵਿਅਕਤੀ ਨੇ ਖੁੱਲ੍ਹ ਕੇ ਕਿਹਾ ਸੀ, 'ਦੇਸ਼ ਦਾ ਸੰਵਿਧਾਨ ਧਰਮ-ਨਿਰਪੱਖ ਹੀ ਰਹੇਗਾ। ਮੈਂ ਭਾਰਤ ਨੂੰ ਹਿੰਦੂ ਪਾਕਿਸਤਾਨ ਨਹੀਂ ਬਣਨ ਦੇਵਾਂਗਾ।'
ਧਰਮ ਦੇ ਆਧਾਰ 'ਤੇ ਬਣੇ ਕਈ ਰਾਸ਼ਟਰ ਟੁੱਟ ਕੇ ਬਿਖਰ ਗਏ ਹਨ। ਇਸ 'ਚ ਪਾਕਿਸਤਾਨ ਵੀ ਸ਼ਾਮਿਲ ਹੈ। ਪੰਡਤ ਨਹਿਰੂ ਜਿਹੇ ਲੋਕਾਂ ਨੇ ਇਸ ਦੇਸ਼ ਨੂੰ ਹਿੰਦੂ ਪਾਕਿਸਤਾਨ ਨਾ ਬਣਨ ਦਿੱਤਾ, ਇਸ ਲਈ ਇਹ ਦੇਸ਼ ਬਚਿਆ ਰਿਹਾ। ਪਰ ਮੋਦੀ ਯੁੱਗ 'ਚ ਦੇਸ਼ ਨੂੰ ਮੁੜ ਇਕ ਨਵੇਂ ਬਟਵਾਰੇ ਵੱਲ ਧੱਕਿਆ ਜਾ ਰਿਹਾ ਹੈ। ਕੀ ਅਸੀਂ ਹਿੰਦੂ ਪਾਕਿਸਤਾਨ ਵੱਲ ਵਧ ਰਹੇ ਹਾਂ?
ਦੰਗਲ ਕਰਵਾ ਰਹੇ ਹਨ
ਮੁਸਲਮਾਨਾਂ ਦੀਆਂ ਕਮੀਆਂ ਕੱਢ ਕੇ ਉਨ੍ਹਾਂ ਭੜਕਾਉਣ ਦਾ ਇਕ ਕੌਮੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜੋ ਹੈਰਾਨ ਕਰਨ ਵਾਲਾ ਹੈ। ਦੁਬਈ 'ਚ ਭਾਰਤ ਬਨਾਮ ਨਿਊਜ਼ੀਲੈਂਡ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੁਕਾਬਲੇ 'ਚ ਭਾਰਤ ਜਿੱਤਿਆ। ਇਸ ਤੋਂ ਬਾਅਦ ਕਈ ਥਾਵਾਂ 'ਤੇ ਭਾਜਪਾ ਸਮਰਥਕਾਂ ਨੇ ਜਿੱਤ ਦਾ ਜਸ਼ਨ ਮਨਾਉਂਦਿਆਂ ਹੋਇਆਂ ਮੋਰਚੇ ਕੱਢੇ। ਇਹ ਮੋਰਚੇ ਰਾਤ ਦੇ ਸਮੇਂ ਜਾਣ-ਬੁੱਝ ਕੇ ਮਸਜਿਦਾਂ ਦੇ ਸਾਹਮਣਿਓਂ ਕੱਢੇ ਗਏ ਅਤੇ ਉੱਥੇ ਰੌਲਾ-ਰੱਪਾ ਮਚਾਉਣ, ਜ਼ੋਰ-ਸ਼ੋਰ ਨਾਲ ਵਾਜੇ ਵਜਾਉਣ, ਮੁਸਲਮਾਨਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਜਿਹੀਆਂ ਘਟਨਾਵਾਂ ਸ਼ੁਰੂ ਹੋ ਗਈਆਂ। ਮੱਧ ਪ੍ਰਦੇਸ਼ ਦੇ ਮਹੂ 'ਚ ਇਸ ਦੇ ਕਾਰਨ ਦੋ ਗੁੱਟਾਂ ਦਰਮਿਆਨ ਦੰਗਾ ਭੜਕ ਉੱਠਿਆ। ਇਸ ਦਾ ਅਸਰ ਹੋਰ ਥਾਵਾਂ 'ਤੇ ਵੀ ਵੇਖਣ ਨੂੰ ਮਿਲਿਆ। ਜਿੱਤ ਦਾ ਜਸ਼ਨ ਮਨਾਉਣ ਦਾ ਇਹ ਤਰੀਕਾ ਨਹੀਂ ਹੈ, ਪਰ ਅਜਿਹੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦੇ ਕੇ ਦੇਸ਼ 'ਚ ਦੰਗੇ ਭੜਕਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ।
'ਅਸੀਂ ਮੁਸਲਮਾਨਾਂ ਦੇ ਨਾਲ ਨਹੀਂ ਰਹਾਂਗੇ,' ਇਹ ਜ਼ਹਿਰ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਵਿਚਾਰਧਾਰਾ ਨਾਲ ਜੁੜੇ ਲੋਕ ਖੁੱਲ੍ਹ ਕੇ ਫੈਲਾ ਰਹੇ ਹਨ। ਉਨ੍ਹਾਂ ਦਾ ਅਜਿਹਾ ਖੁੱਲ੍ਹਾ ਪ੍ਰਚਾਰ ਚੱਲ ਰਿਹਾ ਹੈ। ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਨੇ ਹਾਲ ਹੀ 'ਚ ਜਤਨਕ ਤੌਰ 'ਤੇ ਕਿਹਾ ਕਿ, 'ਹਿੰਦੂ ਅਤੇ ਮੁਸਲਮਾਨਾਂ ਦਾ 'ਡੀ.ਐੱਨ.ਏ.' ਇਕ ਹੀ ਹੈ। ਹਿੰਦੂ ਅਤੇ ਮੁਸਲਮਾਨਾਂ ਨੂੰ ਇਕੱਠਿਆਂ ਰਹਿਣਾ ਚਾਹੀਦਾ ਹੈ।' ਉਹ ਸ਼ੁਰੂ ਤੋਂ ਹੀ ਇਕੱਠੇ ਹਨ, ਪਰ ਸੰਘ ਦੀ ਵਿਚਾਰਧਾਰਾ ਨਾਲ ਜੁੜੇ ਨਵੇਂ ਲੋਕਾਂ ਨੂੰ ਇਹ ਵਿਚਾਰ ਸਵੀਕਾਰ ਨਹੀਂ ਹੈ। ਮਹਾਰਾਸ਼ਟਰ ਦੇ ਇਕ ਮੰਤਰੀ ਨਿਤੇਸ਼ ਰਾਣੇ ਨੇ ਮਹਾਰਾਸ਼ਟਰ 'ਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਲਈ ਵੱਖ-ਵੱਖ ਮਟਨ ਦੀਆਂ ਦੁਕਾਨਾਂ ਬਣਾਉਣ ਦੀ ਘੋਸ਼ਣਾ ਕੀਤੀ ਹੈ। ਕੀ ਸ੍ਰੀ ਭਾਗਵਤ ਨੂੰ ਇਹ ਮਨਜ਼ੂਰ ਹੈ?' ਉੱਤਰ ਪ੍ਰਦੇਸ਼ ਦੀ ਭਾਜਪਾ ਵਿਧਾਇਕ ਕੇਤਕੀ ਸਿੰਘ ਨੇ ਕਿਹਾ, 'ਮੁਸਲਮਾਨਾਂ ਲਈ ਹਸਪਤਾਲਾਂ 'ਚ ਵੱਖਰੇ ਵਾਰਡ ਬਣਾਉ।' ਇਹ ਜ਼ਹਿਰ ਫੈਲਾਉਣ ਦਾ ਸਿਲਸਿਲਾ ਇਵੇਂ ਹੀ ਚਲਦਾ ਰਿਹਾ ਤਾਂ ਭਾਰਤ ਦੇ ਹਿੰਦੂ ਪਾਕਿਸਤਾਨ ਬਣਨ ਦੀ ਗਤੀ ਹੋਰ ਤੇਜ਼ ਹੋ ਜਾਵੇਗੀ। ਇਨ੍ਹਾਂ ਸਾਰਿਆਂ ਨੇ ਲੋਕਾਂ ਦੇ ਮਨ 'ਚ ਮੁਸਲਿਮ ਸਮਾਜ ਪ੍ਰਤੀ ਤ੍ਰਿਸਕਾਰ ਤੇ ਨਫ਼ਰਤ ਪੈਦਾ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਦਾ ਸਮਾਜਿਕ ਅਤੇ ਕੌਮੀ ਮਾਹੌਲ ਜ਼ਹਿਰੀਲਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਚੋਣ ਪ੍ਰਚਾਰ ਦੌਰਾਨ ਕਹਿੰਦੇ ਹਨ, 'ਮੁਸਲਮਾਨ ਹਿੰਦੂ ਔਰਤਾਂ ਦੇ ਮੰਗਲਸੂਤਰ ਖੋਹ ਕੇ ਲੈ ਜਾਣਗੇ, ਇਸ ਲਈ ਭਾਜਪਾ ਨੂੰ ਵੋਟ ਦਿਉ।' ਪਰ ਜਦੋਂ ਮੁਸਲਿਮ ਦੇਸ਼ਾਂ ਦੇ ਨੇਤਾ ਭਾਰਤ ਆਉਂਦੇ ਹਨ, ਤਾਂ ਉਹੀ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਲੈਣ ਅਤੇ ਗਲੇ ਲਗਾਉਣ ਲਈ ਹਵਾਈ ਅੱਡੇ ਪਹੁੰਚ ਜਾਂਦੇ ਹਨ। ਅਮਰੀਕਾ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦਾ ਖੁੱਲ੍ਹ ਕੇ ਅਪਮਾਨ ਕੀਤਾ। ਰਾਸ਼ਟਰਪਤੀ ਟਰੰਪ ਮੁਸਲਮਾਨ ਨਹੀਂ ਹਨ, ਮੋਦੀ ਉਥੇ ਅਪਮਾਨ ਸਹਿ ਕੇ ਵਾਪਸ ਦੇਸ਼ ਆ ਗਏ ਹਨ ਅਤੇ ਲੋਕ ਉਸ ਅਪਮਾਨ ਨੂੰ ਭੁੱਲ ਜਾਣ ਇਸ ਲਈ ਦੇਸ਼ 'ਚ 'ਹਿੰਦੂ ਬਨਾਮ ਮੁਸਲਮਾਨ' ਦਾ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਮਹਾਂਕੁੰਭ ਦਾ ਗੰਗਾਜਲ ਲੈ ਕੇ ਮਾਰੀਸ਼ਸ ਦੇ ਲਈ ਰਵਾਨਾ ਹੋ ਗਏ। ਇਸ ਨਾਲ ਦੇਸ਼ ਦਾ ਕੀ ਵਿਕਾਸ ਹੋਵੇਗਾ? ਉੱਤਰ ਪ੍ਰਦੇਸ਼ ਜਿਹੇ ਸੂਬੇ ਵਿਚ ਮੁਸਲਿਮ ਮਾਫੀਆ ਤੇ ਗੁੰਡਿਆਂ ਦੇ 'ਐਨਕਾਉਂਟਰ' ਸ਼ੁਰੂ ਹੋ ਗਏ ਹਨ, ਪਰ ਯੋਗੀ ਜੀ ਜਿਸ ਜਾਤੀ ਦੇ ਹਨ ਉਸ ਜਾਤੀ ਦੇ ਗੁੰਡਿਆਂ ਤੇ ਮਾਫੀਆ ਨੂੰ ਪੂਰੀ ਛੋਟ ਮਿਲੀ ਹੋਈ ਹੈ। ਮਤਲਬ ਭਾਜਪਾ ਸ਼ਾਸਿਤ ਸੂਬੇ ਵਿਚ ਹਿੰਦੂ ਮਾਫੀਆ ਨੂੰ ਹਿੰਦੂਆਂ ਨੂੰ ਲੁੱਟਣ ਦਾ ਪੂਰਾ ਅਧਿਕਾਰ ਹੈ। ਪੱਛਮੀ ਬੰਗਾਲ ਵਿਚ ਭਾਜਪਾ ਦੇ ਨੇਤਾ ਸੁਵੇਂਦੂ ਅਧਿਕਾਰੀ ਕਹਿੰਦੇ ਹਨ, ਮੁਸਲਿਮ ਵਿਧਾਇਕਾਂ ਨੂੰ ਸੂਬੇ ਦੀ ਵਿਧਾਨ ਸਭਾ 'ਚੋਂ ਉਠਾ ਕੇ ਬਾਹਰ ਸੁੱਟ ਦਿਉ। ਕੀ ਇਹ ਭਾਜਪਾ ਦੇ ਹਿੰਦੂ ਰਾਸ਼ਟਰ ਮਤਲਬ ਹਿੰਦੂ ਪਾਕਿਸਤਾਨ ਦੀ ਸ਼ੁਰੂਆਤ ਹੈ? ਹਿੰਦੂ ਸਹਿਣਸ਼ੀਲ, ਸੰਜਮੀ ਤੇ ਸੰਸਕਾਰੀ ਹੁੰਦਾ ਹੈ, ਪਰ ਜੇ ਕੋਈ ਉਨ੍ਹਾਂ 'ਤੇ ਬੇਵਜ੍ਹਾ ਹਮਲਾ ਕਰਦਾ ਹੈ ਤਾਂ ਉਹ ਉਸ ਨੂੰ ਬਖਸ਼ਦੇ ਨਹੀਂ ਹਨ।
ਨਵੇਂ ਮਟਨ ਹਿਰਦੈ ਸਮਰਾਟ
ਮਹਾਰਾਸ਼ਟਰ ਵਿਚ ਹਿੰਦੂਆਂ ਦੇ ਲਈ ਮਾਸ (ਮਟਨ) ਦੀਆਂ ਵੱਖਰੀਆਂ ਦੁਕਾਨਾਂ ਹੋਣ, ਪਰ ਮੁੰਬਈ ਵਿਚ ਮੰਗਲ ਪ੍ਰਭਾਤ ਲੋਢਾ ਜਿਹੇ ਕਈ ਬਿਲਡਰ ਮਾਸ ਖਾਣ ਵਾਲੇ ਹਿੰਦੂਆਂ ਨੂੰ ਆਪਣੀਆਂ ਹਾਊਸਿੰਗ ਕਾਲੋਨੀਆਂ ਵਿਚ ਪੈਰ ਤੱਕ ਨਹੀਂ ਰੱਖਣ ਦਿੰਦੇ ਤੇ ਉਨ੍ਹਾਂ ਨੂੰ ਉਥੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਬਾਰੇ ਇਹ 'ਮਟਨ' ਵਾਲੇ 'ਬਾਲ ਹਿੰਦੂ ਹਿਰਦੇ ਸਮਰਾਟ' ਕੀ ਬੋਲਣਗੇ? ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਮੁਸਲਮਾਨ ਵੀ ਸ਼ਾਮਿਲ ਸਨ। ਕਈ ਮੁਸਲਿਮ ਕ੍ਰਾਂਤੀਕਾਰੀ ਫਾਂਸੀ 'ਤੇ ਚੜ੍ਹੇ ਸਨ ਤੇ ਕਈ ਮੁਸਲਿਮ ਸੁਤੰਤਰਤਾ ਸੈਨਾਨੀ 'ਅੰਡੇਮਾਨ' ਦੇ ਕਾਲੇ ਪਾਣੀ ਦੀ ਸਜ਼ਾ ਭੁਗਤਦਿਆਂ ਉਥੇ ਹੀ ਮਰ ਗਏ ਸਨ। ਅੰਗਰੇਜ਼ਾਂ ਨੇ ਉਨ੍ਹਾਂ ਨਾਲ ਵੀ ਧੱਕੇਸ਼ਾਹੀ ਕੀਤੀ ਸੀ, ਤਾਂ ਕੀ ਮੁਸਲਮਾਨਾਂ ਦੇ ਖੂਨ-ਪਸੀਨੇ ਨਾਲ ਹਾਸਿਲ ਕੀਤੀ ਗਈ ਆਜ਼ਾਦੀ ਤੋਂ ਅੱਜ ਦੇ 'ਨਵ ਹਿੰਦੂ ਮਟਨ ਹਿਰਦੇ ਸਮਰਾਟ' ਬਾਹਰ ਹੋਣ ਵਾਲੇ ਹਨ? ਤਾਂ ਕੀ ਮੁਸਲਮਾਨਾਂ ਦੇ ਯੋਗਦਾਨ ਨਾਲ ਹਾਸਿਲ ਕੀਤੇ ਭਾਰਤ ਵਿਚ ਅਸੀਂ ਸਾਹ ਵੀ ਨਹੀਂ ਲਵਾਂਗੇ, ਉਹ ਇਹ ਕਹਿ ਕੇ ਕਿਸ ਦੇਸ਼ 'ਚ ਜਾਣਗੇ? ਭਾਰਤ ਦੇ ਸੁਤੰਤਰਤਾ ਸੰਗਰਾਮ ਤੇ ਭਾਰਤ ਨਿਰਮਾਣ 'ਚ ਸਿਫਰ (0) ਯੋਗਦਾਨ ਦੇਣ ਵਾਲੇ ਲੋਕ ਹੀਣਭਾਵਨਾ ਨਾਲ ਗ੍ਰਸਤ ਹਨ ਤੇ ਹਿੰਦੂ-ਮੁਸਲਮਾਨ ਦੋ ਵੱਖਰੇ ਰਾਸ਼ਟਰ ਫਿਰ ਤੋਂ ਬਣਾ ਰਹੇ ਹਨ। ਇਸ ਖੇਡ ਨੂੰ ਨਾਕਾਮ ਕਰ ਦੇਣਾ ਚਾਹੀਦਾ ਹੈ।
ਇਹ ਵੀ ਔਰੰਗਜ਼ੇਬ ਹਨ-ਮਹਾਰਾਸ਼ਟਰ ਸਮੇਤ ਭਾਰਤ ਵਿਚ ਅਜਿਹੇ ਹਿੰਦੂਤਵੀ ਤੱਤਾਂ ਨੇ ਫਿਰ ਤੋਂ ਔਰੰਗਜ਼ੇਬ ਨੂੰ ਜਿਊਂਦਾ ਕਰ ਦਿੱਤਾ ਹੈ। ਇਸ ਦੇ ਪਿੱਛੇ ਰਾਜਨੀਤਕ ਸੁਆਰਥ ਹੈ। ਔਰੰਗਜ਼ੇਬ ਨੂੰ ਮਹਾਰਾਸ਼ਟਰ 'ਚ ਦਫਨਾ ਦਿੱਤਾ ਗਿਆ, ਉਹ ਮਿੱਟੀ ਵਿਚ ਮਿਲ ਗਿਆ ਸੀ। ਪਰ ਕਿਸੇ ਫਿਲਮ ਦੇ ਸਹਾਰੇ ਔਰੰਗਜ਼ੇਬ ਨੂੰ ਫਿਰ ਤੋਂ ਸਮਾਜ ਵਿਚ ਖੜ੍ਹਾ ਕਰਨਾ ਸ਼ਿਵਾਰਾਏ (ਸ਼ਿਵਾਜੀ) ਦਾ ਵੀ ਅਪਮਾਨ ਹੈ। 'ਸ੍ਰੀਮਾਨ ਯੋਗੀ' ਦੀ ਪ੍ਰਸਤਾਵਨਾ ਵਿਚ ਪ੍ਰੋ: ਨਰਹਰ ਕੁਰੂੰਦਕਰ ਕਹਿੰਦੇ ਹਨ ਕਿ ਔਰੰਗਜ਼ੇਬ ਨੂੰ ਸਮਝੇ ਬਗੈਰ ਸ਼ਿਵਾਜੀ ਨੂੰ ਠੀਕ ਤਰ੍ਹਾਂ ਨਾਲ ਸਮਝਿਆ ਹੀ ਨਹੀਂ ਜਾ ਸਕਦਾ। ਪਰ ਇਨ੍ਹਾਂ ਲੋਕਾਂ ਨੂੰ ਸ਼ਿਵਾਜੀ ਵੀ ਸਮਝ ਨਹੀਂ ਆਏ। ਸ਼ਿਵਾਜੀ ਨੇ ਹਿੰਦਵੀ ਸਵਰਾਜ ਦੇ ਲਈ ਪਹਿਲੀ ਲੜਾਈ ਹੀ ਚੰਦਰਰਾਵ ਮੋਰੇ ਨਾਲ ਕੀਤੀ ਸੀ, ਉਸੇ ਚੰਦਰਰਾਵ ਮੋਰੇ ਦੇ ਵੰਸ਼ਜ ਅੱਜ ਭਾਜਪਾ ਵਿਚ ਤੇ ਸ਼ਾਇਦ ਮਹਾਰਾਸ਼ਟਰ ਸਰਕਾਰ ਵਿਚ ਵੀ ਹਨ। ਗਾਵਾਂ-ਬਲਦਾਂ ਦਾ ਗੋਹਾ ਖਾਣਾ, ਗਊ ਮੂਤਰ ਨਾਲ ਨਹਾਉਣਾ ਤੇ ਉਸ ਨੂੰ ਪੀਣਾ, ਅਜਿਹਾ ਹਿੰਦੂਤਵ ਸਾਵਰਕਰ ਨੂੰ ਮਨਜ਼ੂਰ ਨਹੀਂ ਸੀ, ਪਰ ਇਹ ਗੋਹਾ ਖਾ ਕੇ ਕੁਝ ਲੋਕ ਭਾਰਤ ਦੇਸ਼ ਨੂੰ ਤੋੜਨ ਲਈ ਨਿਕਲ ਪੈਂਦੇ ਹਨ। ਇਨ੍ਹਾਂ ਲੋਕਾਂ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਤੇ ਸੰਭਾਜੀ ਰਾਜੇ ਦੇ ਬਾਰੇ ਝੂਠੀ ਜਾਣਕਾਰੀ ਦੇ ਕੇ ਇਤਿਹਾਸ ਨੂੰ ਤੋੜਨਾ-ਮਰੋੜਨਾ ਸ਼ੁਰੂ ਕਰ ਦਿੱਤਾ ਹੈ। ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਸੈਨਾ ਵਿਚ ਮੁਸਲਮਾਨ ਨਹੀਂ ਸਨ, ਇਹ ਫੜਨਵੀਸ ਦੇ ਮੰਤਰੀ-ਮੰਡਲ ਵਿਚ ਸ਼ਾਮਿਲ 'ਮਟਨ ਹਿਰਦੇ ਸਮਰਾਟ' ਨੇ ਕਿਹਾ ਹੈ। ਇਹ ਸ਼ਿਵਾਜੀ ਮਹਾਰਾਜ ਤੇ ਇਤਿਹਾਸ ਦਾ ਅਪਮਾਨ ਹੈ। ਅਬੂ ਆਜ਼ਮੀ ਦੇ ਦਿੱਤੇ ਗਏ ਬਿਆਨ ਦੇ ਮੁਕਾਬਲੇ ਇਹ ਬਿਆਨ ਬਹੁਤ ਹੀ ਗੰਭੀਰ ਹੈ। ਸ਼ਿਵਰਾਏ ਦੇ ਦਾਦਾ ਮਾਲੋਜੀ ਰਾਜੇ ਭੌਂਸਲੇ ਨੇ ਸੂਫੀ ਸੰਤ ਸ਼ਾਹ ਸ਼ਰੀਫ ਦੇ ਸਨਮਾਨ ਵਿਚ ਆਪਣੇ ਬੇਟਿਆਂ ਦੇ ਨਾਂਅ ਸ਼ਾਹ ਜੀ ਤੇ ਸ਼ਰੀਫ ਜੀ ਰੱਖੇ ਸਨ, ਅੱਗੇ ਸ਼ਿਵਾਜੀ ਨੇ ਵੀ ਆਪਣੇ ਹਿੰਦਵੀ ਸਵਰਾਜ ਵਿਚ ਸਭ ਧਰਮਾਂ ਦਾ ਸਨਮਾਨ ਕੀਤਾ ਸੀ। ਉਨ੍ਹਾਂ ਦੀ ਸੈਨਾ ਵਿਚ ਇਕ ਤਿਹਾਈ ਸੈਨਿਕ ਮੁਸਲਮਾਨ ਸਨ। ਸ਼ਿਵਾਜੀ ਦੀ 'ਜਲ ਸੈਨਾ' ਦੀ ਅਗਵਾਈ ਸਿੱਦੀ ਸੰਬਲ ਦੇ ਹੱਥਾਂ ਵਿਚ ਸੀ। ਸ਼ਿਵਾਜੀ ਮਹਾਰਾਜ ਨੂੰ ਜਦੋਂ ਔਰੰਗਜ਼ੇਬ ਨੇ ਆਗਰਾ ਵਿਚ ਨਜ਼ਰਬੰਦ ਕਰ ਲਿਆ ਸੀ ਤਾਂ ਉਨ੍ਹਾਂ ਨੂੰ ਉਥੋਂ ਛੁਡਵਾਉਣ ਦੇ ਲਈ ਮਦਦ ਕਰਨ ਵਾਲਾ ਮਦਾਰੀ ਮੇਹਤਰ ਇਕ ਮੁਸਲਮਾਨ ਸੀ। ਛੱਤਰਪਤੀ ਸ਼ਿਵਾਜੀ ਦੇ ਗੁਪਤਚਰ (ਸੂਹੀਆ) ਵਿਭਾਗ ਦਾ ਸਕੱਤਰ ਹੈਦਰ ਅਲੀ ਅਤੇ ਉਨਾਂ ਦੇ ਹਥਿਆਰ ਭੰਡਾਰ ਦਾ ਮੁਖੀ ਇਬਰਾਹੀਮ ਖਾਨ ਸੀ। ਸ਼ਿਵਾਜੀ ਮਹਾਰਾਜ ਨੇ ਕਦੇ ਵੀ 'ਧਰਮ ਆਧਾਰਿਤ' ਰਾਜਨੀਤੀ ਨਹੀਂ ਕੀਤੀ ਸੀ ਤੇ ਉਨ੍ਹਾਂ ਸਭ ਭਾਸ਼ਾਵਾਂ ਦਾ ਸਨਮਾਨ ਕੀਤਾ ਸੀ। ਹੁਣ ਸ਼ਿਵਾਜੀ ਨੂੰ ਵੱਖ-ਵੱਖ ਧਰਮ ਆਧਾਰਿਤ ਖਾਂਚਿਆਂ ਵਿਚ ਖੜ੍ਹਾ ਕਰਨਾ ਇਕ ਰਾਸ਼ਟਰੀ ਪਾਪ ਹੈ। ਮੁੱਖ ਮੰਤਰੀ ਫੜਨਵੀਸ ਜੇਕਰ ਮਹਾਰਾਸ਼ਟਰ ਤੋਂ ਸ਼ਿਵਾਜੀ ਮਹਾਰਾਜ ਦਾ ਇਤਿਹਾਸ ਮਿਟਾਉਣਾ ਨਹੀਂ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹੇ ਬੇਸਮਝ ਭੜਕਾਊ ਲੋਕਾਂ ਨੂੰ ਮੰਤਰੀ-ਮੰਡਲ ਤੋਂ ਬਾਹਰ ਕਰਨਾ ਚਾਹੀਦਾ ਹੈ। ਕੁਝ ਲੋਕ ਔਰੰਗਜ਼ੇਬ ਦੀ ਕਬਰ ਪੁੱਟਣਾ ਚਾਹੁੰਦੇ ਹਨ, ਪਰ ਮਹਾਰਾਸ਼ਟਰ ਵਿਚ ਜੋ ਹਿੰਦੂ ਪਾਕਿਸਤਾਨ ਵਾਲੇ ਹਿੰਦੂ ਔਰੰਗਜ਼ੇਬ ਪੈਦਾ ਕਰ ਰਹੇ ਹਨ, ਉਹ ਕਬਰ ਵਿਚ ਪਏ ਔਰੰਗਜ਼ੇਬ ਤੋਂ ਵੀ ਜ਼ਿਆਦਾ ਖ਼ਤਰਨਾਕ ਹਨ.
ਸੰਜੈ ਰਾਊਤ












Comments (0)