ਨਿਊਜ਼ੀਲੈਂਡ ਵਿੱਚ ਖਾਲਸਾ ਪੰਥ ਦਾ ਬੋਲਬਾਲਾ

ਨਿਊਜ਼ੀਲੈਂਡ ਵਿੱਚ ਖਾਲਸਾ ਪੰਥ ਦਾ ਬੋਲਬਾਲਾ

*ਤੇਜ਼ੀ ਨਾਲ ਵਧ ਰਿਹਾ ਏ ਸਿੱਖ ਆਬਾਦੀ ਦੀ ਇਤਿਹਾਸਕ ਅਤੇ ਸੱਭਿਆਚਾਰਕ ਸਫਰ

*ਡੇਅਰੀ ਫਾਰਮਿੰਗ ਅਤੇ ਖੇਤੀਬਾੜੀ ਵਿੱਚ ਸਰਗਰਮ ਹਨ ਸਿੱਖ

ਨਿਊਜ਼ੀਲੈਂਡ ਵਿੱਚ ਸਿੱਖ ਪੰਥ ਸਭ ਤੋਂ ਤੇਜ਼ੀ ਨਾਲ ਵਧ ਰਹੀ ਧਾਰਮਿਕ ਆਬਾਦੀ ਵਜੋਂ ਉਭਰਿਆ ਹੈ। ਹਾਲ ਹੀ ਵਿੱਚ ਜਾਰੀ ਕੀਤੇ ਗਏ 2023 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ, ਨਿਊਜ਼ੀਲੈਂਡ ਵਿੱਚ ਸਿੱਖਾਂ ਦੀ ਗਿਣਤੀ 53,406 ਹੈ, ਜੋ ਕਿ ਦੇਸ਼ ਦੀ ਕੁੱਲ ਆਬਾਦੀ 49,93,923 ਦਾ 1% ਹੈ। ਪਿਛਲੇ ਦਹਾਕੇ ਦੌਰਾਨ, ਇਹ ਗਿਣਤੀ ਲਗਭਗ ਤਿੰਨ ਗੁਣਾ ਹੋ ਗਈ ਹੈ। ਹਾਲਾਂਕਿ, 2018 ਤੋਂ ਬਾਅਦ ਸਿੱਖ ਆਬਾਦੀ ਦੀ ਵਿਕਾਸ ਦਰ ਵਿੱਚ ਗਿਰਾਵਟ ਆਈ ਸੀ। 

ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ, 2013 ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਦੀ ਗਿਣਤੀ 19,191 ਸੀ, ਜੋ 2018 ਵਿੱਚ ਵੱਧ ਕੇ 40,908 ਹੋ ਗਈ। ਇਹ ਵਿਕਾਸ ਦਰ 113% ਸੀ। ਹਾਲਾਂਕਿ, 2018 ਅਤੇ 2023 ਦੇ ਵਿਚਕਾਰ, ਇਹ ਵਾਧਾ 31% ਸੀ। ਇਸ ਦੇ ਪਿੱਛੇ ਕਾਰਨ 2017 ਵਿੱਚ ਲਾਗੂ ਕੀਤੇ ਗਏ ਵਿਦਿਆਰਥੀ ਵੀਜ਼ਾ ਅਤੇ ਘੱਟ ਹੁਨਰਮੰਦ ਕਾਮਿਆਂ 'ਤੇ ਪਾਬੰਦੀਆਂ ਦੱਸਿਆ ਜਾ ਰਿਹਾ ਹੈ। ਇਸ ਦੇ ਬਾਵਜੂਦ, ਸਿੱਖ ਧਰਮ ਨਿਊਜ਼ੀਲੈਂਡ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਧਰਮ ਬਣਿਆ ਹੋਇਆ ਹੈ।

  ਹੋਰ ਧਾਰਮਿਕ ਕੌਮਾਂ ਦੀ ਸਥਿਤੀ ਮਰਦਮਸ਼ੁਮਾਰੀ ਦੇ ਅਨੁਸਾਰ, ਨਿਊਜ਼ੀਲੈਂਡ ਵਿੱਚ ਹਿੰਦੂਆਂ ਦੀ ਗਿਣਤੀ 1,42,008 ਹੋ ਗਈ ਹੈ, ਜੋ ਕਿ 2013 ਵਿੱਚ 89,085 ਅਤੇ 2018 ਵਿੱਚ 1,21,644 ਸੀ। ਹਾਲਾਂਕਿ, ਇਹਨਾਂ ਵਿੱਚੋਂ ਬਹੁਤ ਸਾਰੇ ਹਿੰਦੂ ਭਾਰਤੀ ਮੂਲ ਦੇ ਨਹੀਂ ਹਨ, ਕਿਉਂਕਿ ਉਹ ਫਿਜੀ ਤੋਂ ਆਏ ਪ੍ਰਵਾਸੀ ਹਨ। ਇਸ ਦੇ ਨਾਲ ਹੀ, ਨਿਊਜ਼ੀਲੈਂਡ ਦੀ ਈਸਾਈ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਐਂਗਲੀਕਨ, ਕੈਥੋਲਿਕ ਅਤੇ ਮੈਥੋਡਿਸਟ ਵਰਗੇ ਈਸਾਈ ਸੰਪਰਦਾਵਾਂ ਵਿੱਚ ਗਿਰਾਵਟ ਆਈ ਹੈ। ਇਸ ਤੋਂ ਇਲਾਵਾ, 50% ਤੋਂ ਵੱਧ ਨਿਊਜ਼ੀਲੈਂਡ ਵਾਸੀ ਹੁਣ ਆਪਣੇ ਆਪ ਨੂੰ ਧਰਮਹੀਣ ਦੱਸਦੇ ਹਨ। 

ਸਿੱਖ ਭਾਈਚਾਰੇ ਦਾ ਇਤਿਹਾਸ ਅਤੇ ਯੋਗਦਾਨ 

ਨਿਊਜ਼ੀਲੈਂਡ ਵਿੱਚ ਸਿੱਖਾਂ ਦੀ ਪਛਾਣ ਪਹਿਲੀ ਵਾਰ 1890 ਦੇ ਦਹਾਕੇ ਵਿੱਚ ਹੋਈ ਜਦੋਂ ਦੋ ਭਰਾ, ਫੁੰਮਣ ਸਿੰਘ ਅਤੇ ਬੀਰ ਸਿੰਘ ਗਿੱਲ, ਪੰਜਾਬ ਤੋਂ ਆਏ। ਸ਼ੁਰੂਆਤੀ ਦੌਰ ਦੌਰਾਨ ਸਿੱਖ ਪ੍ਰਵਾਸੀਆਂ ਨੇ ਵਾਈਕਾਟੋ, ਆਕਲੈਂਡ, ਵੈਲਿੰਗਟਨ ਅਤੇ ਕ੍ਰਾਈਸਟਚਰਚ ਵਰਗੇ ਖੇਤਰਾਂ ਵਿੱਚ ਆਪਣੀਆਂ ਜੜ੍ਹਾਂ ਸਥਾਪਿਤ ਕੀਤੀਆਂ। ਉਹ ਮੁੱਖ ਤੌਰ 'ਤੇ ਡੇਅਰੀ ਫਾਰਮਿੰਗ ਅਤੇ ਖੇਤੀਬਾੜੀ ਵਿੱਚ ਸਰਗਰਮ ਸਨ ਅਤੇ ਮਾਓਰੀ ਸੱਭਿਆਚਾਰ ਨੂੰ ਵੀ ਅਪਣਾਇਆ। 1980 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੀਤੀ ਬਦਲ ਗਈ, ਨਸਲੀ ਵਿਤਕਰੇ ਨੂੰ ਖਤਮ ਕਰਕੇ ਇਸਦੀ ਥਾਂ ਅੰਕ-ਆਧਾਰਿਤ ਪ੍ਰਣਾਲੀ ਲਾਗੂ ਕੀਤੀ ਗਈ। ਇਸ ਤੋਂ ਬਾਅਦ, ਸਿੱਖ ਭਾਈਚਾਰੇ ਦਾ ਵੱਡੇ ਪੱਧਰ 'ਤੇ ਪਰਵਾਸ ਸ਼ੁਰੂ ਹੋ ਗਿਆ। 1991 ਤੱਕ, ਨਿਊਜ਼ੀਲੈਂਡ ਵਿੱਚ ਸਿੱਖਾਂ ਦੀ ਗਿਣਤੀ 2,061 ਸੀ। ਸਿੱਖ ਗੁਰਦੁਆਰੇ ਅਤੇ ਸੱਭਿਆਚਾਰਕ ਵਿਰਾਸਤ ਨਿਊਜ਼ੀਲੈਂਡ ਵਿੱਚ ਪਹਿਲਾ ਸਿੱਖ ਗੁਰਦੁਆਰਾ 1977 ਵਿੱਚ ਤੇ ਰਾਪਾ (ਹੈਮਿਲਟਨ) ਵਿਖੇ ਬਣਾਇਆ ਗਿਆ ਸੀ। ਇਸ ਤੋਂ ਬਾਅਦ, 1986 ਵਿੱਚ, ਓਟਾਹੂਹ ਵਿੱਚ ਦੂਜਾ ਗੁਰਦੁਆਰਾ ਸਥਾਪਿਤ ਕੀਤਾ ਗਿਆ।

ਨਿਊਜ਼ੀਲੈਂਡ ਵਿੱਚ ਸਿੱਖ ਗੁਰਦੁਆਰਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।  18 ਸਤੰਬਰ, 2022 ਦੌਰਾਨ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ ਸੀ, ਜੋ ਕਿ 25 ਗੁਰਦੁਆਰਿਆਂ ਅਤੇ ਵੱਖ-ਵੱਖ ਸੰਗਠਨਾਂ ਦੀ ਨੁਮਾਇੰਦਗੀ ਕਰਦੀ ਸੀ।  ਇਹ 25 ਗੁਰੂ ਘਰਾਂ, ਸਮਾਜਿਕ ਭਲਾਈ ਦੇ ਖੇਤਰ ਕੰਮ ਕਰਦੀਆਂ ਸੰਸਥਾਵਾਂ ਤੇ ਖੇਡਾਂ ਵਿੱਚ ਗਤੀਸ਼ੀਲ ਕਲੱਬਾਂ ਵੱਲੋਂ ਰਲਕੇ '  ਗਠਨ ਕੀਤੀ ਗਈ ਸੀ । ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ (ਇਨਕਾਰਪੋਰੇਟਿਡ) ਦਾ ਪਹਿਲਾ ਪ੍ਰਧਾਨ ਸ. ਦਲਜੀਤ ਸਿੰਘ ਨੂੰ ਚੁਣਿਆ ਗਿਆ ਸੀ। ਬਜੁਰਗ ਆਗੂ ਸ. ਪਿ੍ਥੀਪਾਲ ਸਿੰਘ ਬਸਰਾ ਸੰਸਥਾ ਦੇ ਚੇਅਰਮੈਨ , ਸੈਕਟਰੀ ਜਰਨਲ . ਕਰਮਜੀਤ ਸਿੰਘ ਤਲਵਾਰ , ਮੀਤ ਪ੍ਰਧਾਨ.  ਇਸਤਰੀ ਵਿੰਗ ਦੇ ਚੇਅਰਪਰਸਨ ਬੀਬੀ ਜੀਤ ਕੌਰ, ਨੌਜਵਾਨ ਮਾਮਲਿਆਂ ਦੇ ਚੇਅਰਪਰਸਨ ਅੰਮ੍ਰਿਤਪਾਲ ਸਿੰਘ ਮਾਨ ਬਣਾਏ ਗਏ ਸਨ।ਇਨ੍ਹਾਂ ਦਾ ਮਨੋਰਥ ਮੁਲਕ ਭਰ ਤੋਂ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਮਸਲਿਆਂ 'ਤੇ ਨੀਤੀਗਤ ਤਰੀਕੇ ਨਾਲ ਕੰਮ ਕਰਨਾ ਹੈ।  ਸੰਸਥਾ ਦੇ ਸਾਰੇ ਚੁਣੇ ਮੁਢਲੇ ਮੈਂਬਰਾਂ ਦੀ ਪਿਛਲੇ ਦੋ ਸਾਲ ਦੀ ਕਾਰਗੁਜਾਰੀ ਨੂੰ ਦੇਖ ਕਿ ਚੋਣ ਕੀਤੀ ਗਈ ਸੀ। 

ਇੱਥੇ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਅਗਲੀ ਜਣਗਣਨਾ ਤੱਕ ਸਿੱਖ ਭਾਈਚਾਰਾ ਜਿੱਥੇ ਇੱਕ ਲੱਖ ਦੀ ਗਿਣਤੀ ਤੋਂ ਪਾਰ ਹੋ ਕੇ ਮੁਲਕ ਦੀ 2% ਅਬਾਦੀ ਹੋ ਜਾਵੇਗਾ। ਅਜਿਹੇ ਸਮੇ ਵਿਚ ਅਜਿਹੀ ਸੈਂਟਰਲ ਤੇ ਲੋਕਤੰਤਰਿਕ ਕੌਮੀ ਸੰਸਥਾ ਦੀ ਸਥਾਨਿਕ ਭਾਈਚਾਰੇ ਨੂੰ ਲੰਬੇ ਸਮੇਂ ਤੋਂ ਜ਼ਰੂਰਤ ਸੀ। ਜੋ ਹੁਣ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਮਾਧਿਅਮ ਰਾਹੀਂ ਪੂਰੇ ਸਿੱਖ ਭਾਈਚਾਰੇ ਲਈ ਸਰਬ ਸਾਂਝਾ ਮੰਚ ਸਾਬਿਤ ਹੋਵੇਗੀ। ਨਿਊਜ਼ੀਲੈਂਡ ਦੇ ਸਿੱਖਾਂ ਨੇ ਗੋਲਕਾਂ ਤੇ ਪ੍ਰਧਾਨਗੀਆਂ ਪਿੱਛੇ ਹੁੰਦੀਆਂ ਲੜਾਈਆਂ ਨੂੰ ਝੁਠਲਾਉਂਦੇ ਨਵੀ ਮਿਸਾਲ ਪੇਸ਼ ਕੀਤੀ ਹੈ।

ਆਕਲੈਂਡ ਦੇ ਪਾਪਾਟੋਏ ਇਲਾਕੇ ਨੂੰ ਸਿੱਖ ਭਾਈਚਾਰੇ ਦਾ ਕੇਂਦਰ ਮੰਨਿਆ ਜਾਂਦਾ ਹੈ, ਜਿੱਥੇ ਤਿੰਨ ਗੁਰਦੁਆਰੇ ਸਥਿਤ ਹਨ।

 ਆਰਥਿਕ ਅਤੇ ਸਮਾਜਿਕ ਯੋਗਦਾਨ

 ਸਿੱਖ ਭਾਈਚਾਰੇ ਨੇ ਨਿਊਜ਼ੀਲੈਂਡ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਿੱਖ ਪ੍ਰਵਾਸੀਆਂ ਨੇ ਸਖ਼ਤ ਮਿਹਨਤ ਕਰਕੇ, ਖਾਸ ਕਰਕੇ ਡੇਅਰੀ ਫਾਰਮਿੰਗ ਅਤੇ ਹੋਰ ਖੇਤੀਬਾੜੀ ਧੰਦਿਆਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਦੇ ਯਤਨਾਂ ਨੇ ਨਾ ਸਿਰਫ਼ ਸਿੱਖ ਭਾਈਚਾਰੇ  ਨੂੰ ਮਜਬੂਤ ਬਣਾਇਆ, ਸਗੋਂ ਉਸਨੂੰ ਸਥਾਨਕ ਮਾਓਰੀ ਅਤੇ ਹੋਰ ਭਾਈਚਾਰਿਆਂ ਵਿੱਚ ਵੀ ਸਤਿਕਾਰ ਮਿਲਿਆ ਹੈ। ਨਿਊਜੀਲੈਂਡ ਦੇ ਸਿੱਖ ਪੁਲਿਸ ਤੇ ਫੌਜ ਵਿਚ ਭਰਤੀ ਹੋ ਰਹੇ ਹਨ। 2024 ਦੌਰਾਨ 26 ਸਾਲਾ ਨਵਦੀਪ ਸਿੰਘ ਨਿਊਜ਼ੀਲੈਂਡ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ। ਨਵਦੀਪ ਇਸ ਸਮੇਂ ਫੌਜ ਵਿੱਚ ਇੱਕ ਲੌਜਿਸਟਿਕਸ ਮਾਹਿਰ ਵਜੋਂ ਸੇਵਾ ਨਿਭਾ ਰਿਹਾ ਹੈ।

ਲੂਈਸ ਸਿੰਘ ਖਾਲਸਾ, ਜੋ ਕਿ ਇੱਕ ਅੰਮ੍ਰਿਤਧਾਰੀ ਗੋਰਾ ਸਿੱਖ ਹੈ। ਉਸਦਾ ਅੰਗਰੇਜ਼ੀ ਨਾਮ ਲੂਈਸ ਟੈਲਬੋਟ ਸੀ , ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛਕਿਆ ਸੀ ਅਤੇ ਫਿਰ ਨਿਊਜ਼ੀਲੈਂਡ ਫੌਜ ਵਿੱਚ ਭਰਤੀ ਹੋ ਗਿਆ ਸੀ।

ਪ੍ਰਮੁੱਖ ਸਿੱਖਾਂ ਵਿੱਚ ਸੁੱਖੀ ਟਰਨਰ ਸ਼ਾਮਲ ਹਨ, ਜੋ 1995 ਤੋਂ 2004 ਤੱਕ ਡੁਨੇਡਿਨ ਦੇ ਮੇਅਰ ਰਹੇ ਸਨ, ਅਤੇ ਕੰਵਲਜੀਤ ਸਿੰਘ ਬਖਸ਼ੀ, ਜੋ 2008 ਵਿੱਚ ਨੈਸ਼ਨਲ ਪਾਰਟੀ ਦੀ ਸੂਚੀ ਵਿੱਚ ਚੁਣੇ ਜਾਣ 'ਤੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸੰਸਦ ਮੈਂਬਰ ਬਣੇ ਸਨ।

ਚੁਣੌਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ 

ਭਾਵੇਂ ਸਿੱਖ ਭਾਈਚਾਰਾ ਨਿਊਜ਼ੀਲੈਂਡ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ, ਪਰ 2018 ਤੋਂ ਬਾਅਦ ਉਨ੍ਹਾਂ ਦੀ ਵਿਕਾਸ ਦਰ ਵਿੱਚ ਗਿਰਾਵਟ ਆਈ ਹੈ। ਇਹ ਮੁੱਖ ਤੌਰ 'ਤੇ ਵੀਜ਼ਾ ਨੀਤੀਆਂ ਵਿੱਚ ਬਦਲਾਅ ਅਤੇ ਘੱਟ ਹੁਨਰਮੰਦ ਕਾਮਿਆਂ ਲਈ ਸੀਮਤ ਪਹੁੰਚ ਕਾਰਨ ਸੀ। ਇਸ ਦੇ ਬਾਵਜੂਦ, ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰਾ ਇਸਲਾਮ ਅਤੇ ਬੁੱਧ ਧਰਮ ਤੋਂ ਵੱਧ ਗਿਣਤੀ ਵਿੱਚ ਹੈ। ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦੀ ਵੱਧ ਰਹੀ ਗਿਣਤੀ ਅਤੇ ਉਨ੍ਹਾਂ ਦਾ ਸੱਭਿਆਚਾਰਕ ਯੋਗਦਾਨ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਦੇਸ਼ ਦੀ ਵਿਭਿੰਨਤਾ ਵਿੱਚ ਇੱਕ ਪਹਿਲੂ ਜੋੜਿਆ ਹੈ।

ਭਾਵੇਂ ਸਿੱਖਾਂ ਦੇ ਰਵਾਇਤੀ ਕੱਪੜੇ ਅਤੇ ਕਲਾਕ੍ਰਿਤੀਆਂ ਸਭਿਆਚਾਰ ਸਿੱਖ ਸਮਾਜਿਕ ਏਕਤਾ ਅਤੇ ਪਛਾਣ ਨੂੰ ਉਤਸ਼ਾਹਿਤ ਕਰਦੀਆਂ ਹਨ, ਪਰ ਉਨ੍ਹਾਂ ਨੂੰ ਦੂਜੇ ਨਿਊਜ਼ੀਲੈਂਡ ਵਾਸੀਆਂ ਤੋਂ ਵੱਖਰਾ ਵੀ ਕਰਦੀਆਂ ਹਨ ਅਤੇ ਕਈ ਵਾਰ ਚਿੰਤਾ ਦਾ ਕਾਰਨ ਬਣਦੀਆਂ  ਹਨ। ਉਦਾਹਰਣ ਵਜੋਂ, ਸਕੂਲਾਂ ਅਤੇ ਘਰੇਲੂ ਉਡਾਣਾਂ ਵਿੱਚ ਕਿਰਪਾਨ ਪਹਿਨਣਾ ਇੱਕ ਮੁੱਦਾ ਰਿਹਾ ਹੈ। 2008 ਵਿੱਚ ਨੈਲਸਨ ਵਿੱਚ ਇੱਕ ਸਿੱਖ ਪੁਲਿਸ ਕਰਮਚਾਰੀ ਆਪਣੀ ਵਰਦੀ ਵਿੱਚ ਪੱਗ ਨੂੰ ਸ਼ਾਮਲ ਕਰਨ ਵਾਲਾ ਪਹਿਲਾ ਵਿਅਕਤੀ ਬਣਿਆ ਸੀ। 2009 ਵਿੱਚ ਮੈਨੂਰੇਵਾ ਕੌਸਮੋਪੋਲਿਟਨ ਕਲੱਬ ਨੇ ਇੱਕ ਸਿੱਖ ਨੂੰ ਆਪਣੀ ਪੱਗ ਪਹਿਨਣ ਵਾਲੇ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਧਿਕਾਰਤ ਸ਼ਿਕਾਇਤ ਕੀਤੀ ਗਈ ਸੀ।  

ਭਾਵੇਂ ਇਹ ਧਾਰਮਿਕ ਸਹਿਣਸ਼ੀਲਤਾ ਹੋਵੇ, ਆਰਥਿਕ ਯੋਗਦਾਨ ਹੋਵੇ, ਜਾਂ ਸੱਭਿਆਚਾਰਕ ਆਦਾਨ-ਪ੍ਰਦਾਨ ਹੋਵੇ, ਸਿੱਖ ਭਾਈਚਾਰੇ ਨੇ ਹਰ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ।ਮਨੁੱਖੀ ਸੇਵਾ ਖੇਤਰ ਵਿਚ ਅਗਵਾਈ ਕਾਰਣ ਸਿੱਖਾਂ ਦੀ ਨਿਊਜੀਲੈਂਡ ਦੀ ਸਰਕਾਰ ਵਿਚ ਮਹਾਨਤਾ ਬਣੀ ਹੋਈ ਹੈ।

 

 ਪ੍ਰੋਫੈਸਰ ਬਲਵਿੰਦਰ ਪਾਲ ਸਿੰਘ