ਭਾਈ ਬਖਸ਼ੀਸ਼ ਸਿੰਘ ਤੇ ਕਾਤਲਾਨਾ ਹਮਲਾ ਭਾਰਤੀ ਏਜੰਸੀਆਂ ਦੀ ਬੌਖਲਾਹਟ- ਯੂਨਾਈਟਿਡ ਖਾਲਸਾ ਦਲ
"ਪੀਲੀਭੀਤ ਵਿੱਚ ਸ਼ਹੀਦ ਕੀਤੇ ਤਿੰਨ ਨੌਜਵਾਨਾਂ ਦੀ ਅੰਤਿਮ ਅਰਦਾਸ ਵਿੱਚ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ"
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ - ਭਾਈ ਬਖਸ਼ੀਸ਼ ਸਿੰਘ ਬਾਬਾ ਤੇ ਭਾਰਤੀ ਏਜੰਸੀਆਂ ਨੇ ਆਪਣੇ ਭਾੜੇ ਦੇ ਟੱਟੂਆਂ ਤੋ ਕਾਤਲਾਨਾ ਹਮਲਾ ਕਰਵਾਇਆ ਹੈ , ਜਿਸਦੀ ਯੂਨਾਈਟਿਡ ਖਾਲਸਾ ਥਲ ਯੂ,ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਆਖਿਆ ਕਿ ਭਾਰਤ ਸਰਕਾਰ ਦੇ ਅਜਿਹੇ ਹੱਥਕੰਡੇ ਖਾਲਿਸਤਾਨ ਦੇ ਸੰਘਰਸ਼ ਦੇ ਰਾਹ ਵਿੱਚ ਰੋੜਾ ਨਹੀਂ ਬਣ ਸਕਣਗੇ । ਭਾਈ ਬਖਸ਼ੀਸ਼ ਸਿੰਘ ਬਾਬਾ ਨੇ ਜਿਥੇ ਹਥਿਆਰਬੰਦ ਸੰਘਰਸ਼ ਵਿੱਚ ਲੰਬਾ ਅਰਸਾ ਯੋਗਦਾਨ ਪਾਇਆ ਅਤੇ ਜੇਹਲਾਂ ਵਿੱਚ ਸਮਾਂ ਬਤੀਤ ਕਰਨਾ ਪਿਆ, ਪਰ ਸਰਕਾਰ ਦੇ ਹਰ ਜ਼ੁਲਮ ਖਿਲਾਫ ਬੇਬਾਕ ਨਾਲ ਬੋਲਣਾ ਜਾਰੀ ਰੱਖਿਆ ਹੋਇਆ ਹੈ , ਜੋ ਕਿ ਸਮੇਂ ਦੀ ਖਾਸ ਜਰੂਰਤ ਅਤੇ ਹਰੇਕ ਸਿੱਖ ਦਾ ਫਰਜ ਵੀ ਹੈ। ਭਾਵੇਂ ਕਿ ਬਹੁਤੇ " ਸਾਬਕਾ ਜੁਝਾਰੂ ਦੜ ਵੱਟ ਜਮਾਨਾ ਕੱਟ " ਦੀ ਨੀਤੀ ਤੇ ਚੱਲ ਰਹੇ ਹਨ ਜਾਂ ਗੋਲਮੋਲ ਗੱਲਾਂ ਦਾ ਕੜਾਹ ਬਣਾਉਣ ਵਿੱਚ ਮਾਹਿਰ ਹਨ । ਬਾਬਾ ਬਖਸ਼ੀਸ਼ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਪੀਲੀਭੀਤ ਵਿੱਚ ਸ਼ਹੀਦ ਕੀਤੇ ਗਏ ਤਿੰਨ ਨੌਜਵਾਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੋ ਜਨਵਰੀ ਨੂੰ ਕਲਾਨੌਰ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਹੀਦੀ ਸਮਾਗਮ ਕਰਨ ਦਾ ਐਲਾਨ ਕੀਤਾ ਸੀ । ਜਿਕਰਯੋਗ ਹੈ ਕਿ ਪਰਿਵਾਰਾਂ ਵਿੱਚ ਜਨਮ ਲੈ ਕੇ ਜਵਾਨੀ ਦੀਆਂ ਦਹਿਲੀਜ਼ਾਂ ਤੇ ਅੱਪੜੇ ਨੌਜਵਾਨ ਸਿੱਖ ਦੁਸ਼ਮਣ ਸਰਕਾਰਾਂ,ਪੰਜਾਬ ਪੁਲਿਸ ਅਤੇ ਸੁਰੱਖਿਆ ਦਸਤਿਆਂ ਨਿਗਾਹਾਂ ਵਿੱਚ ਲਗਾਤਾਰ ਰੜਕਦੇ ਰਹੇ ਹਨ। ਖਾਲਿਸਤਾਨ ਦੀ ਜੰਗ ਏ ਆਜਾਦੀ ਦੀ ਜੋਬਨ ਰੁੱਤੇ ਹਜਾਰਾਂ ਸਿੱਖ ਨੌਜਵਾਨ ਪੰਜਾਬ ਪੁਲਿਸ ਦੇ ਬੁੱਚੜਾਂ ਨੇ ਕੋਹ ਕੋਹ ਸ਼ਹੀਦ ਕਰ ਦਿੱਤੇ ਸਨ । ਇਹਨਾਂ ਬੁੱਚੜ ਪੁਲਸੀਆਂ ਨੇ ਆਰਥਿਕ ਭੁੱਖ ਦੀ ਪੂਰਤੀ ਅਤੇ ਤਰੱਕੀਆਂ ਦੇ ਹਲਕ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ,ਸਿੱਖ ਪਰਿਵਾਰਾਂ ਤੋਂ ਉਹਨਾਂ ਦੇ ਨੌਜਵਾਨ ਪੁੱਤਰਾਂ ਨੂੰ ਛੱਡਣ ਵਾਸਤੇ ਮੋਟੀਆਂ ਰਕਮਾਂ ਵਸੂਲੀਆਂ ਹਨ । ਇਹੀ ਕਾਰਨ ਹੈ ਕਿ ਅਣਗਿਣਤ ਸਿੱਖਾਂ ਦੇ ਕਾਤਲ ਸਵਰਨੇ ਘੋਟਣੇ ਵਰਗੇ ਸਿਪਾਹੀ ਭਰਤੀ ਹੋ ਕੇ ਐੱਸ. ਐੱਸ. ਪੀ ਦੇ ਅਹੁਦਿਆਂ ਤੱਕ ਅੱਪੜ ਗਏ ਸਨ ।
ਹਾਲ ਹੀ ਦੌਰਾਨ ਗੁਰਦਾਸਪੁਰ ਜਿਲੇ ਨਾਲ ਸਬੰਧਿਤ ਤਿੰਨ ਨੌਜਵਾਨਾਂ ਜਸਪ੍ਰੀਤ ਸਿੰਘ, ਵਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਤਸ਼ੱਦਦ ਢਾਹਿਆ ਅਤੇ ਬਾਅਦ ਵਿੱਚ ਉੱਤਰ ਪ੍ਰਦੇਸ਼ ( ਯੂ,ਪੀ ) ਵਿੱਚ ਲਿਜਾ ਕੇ ਝੂਠਾ ਪੁਲਿਸ ਮੁਕਾਬਲਾ ਦਿਖਾ ਹੈ। ਇਹਨਾਂ ਨੌਜਵਾਨਾਂ ਨੂੰ ਨਜਾਇਜ ਤੌਰ ਤੇ ਮਾਰਨ ਦੇ ਦੋਸ਼ੀਆਂ ਵਿੱਚ ਗੁਰਦਾਸਪੁਰ ਦੇ ਡੀ.ਆਈ.ਜੀ ਸਤਿੰਦਰ ਸਿੰਘ ਦੀ ਖਾਸ ਭੂਮਿਕਾ ਹੋਣ ਦਾ ਦੋਸ਼ ਲਗਾਇਆ ਹੈ। ਸਤਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਐੱਸ. ਐੱਸ .ਪੀ ਦੀ ਸਾਂਝ ਭਿਆਲੀ ਨਾਲ ਹੀ ਇਹਨਾਂ ਤਿੰਨ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਲਿਜਾ ਕੇ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਦਰਸਾਈ ਗਈ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇਹਨਾਂ ਨੌਜਵਾਨਾਂ ਦੇ ਵਾਰਸਾਂ ਨੂੰ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਡੀ.ਆਈ.ਜੀ ਸਤਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਐੱਸ. ਐੱਸ.ਪੀ ਖਿਲਾਫ ਹਾਈਕੋਰਟ ਵਿੱਚ ਰਿੱਟ ਦਾਇਰ ਕਰਵਾਈ ਜਾਵੇ ,ਤਾਂ ਇਹ ਲੋਕ ਭਵਿੱਖ ਵਿੱਚ ਅਜਿਹੇ ਘਿਨਾਉਣੇ ਕੰਮ ਨਾ ਕਰ ਸਕਣ । ਕਿੰਨੀ ਇਤਫਾਕ ਵਾਲੀ ਗੱਲ ਹੈ ਇਹਨਾਂ ਨੌਜਵਾਨਾਂ ਨੂੰ ਮਾਰਨ ਵਾਲਿਆਂ ਵਿੱਚ ਸ਼ਾਮਲ ਪੀਲੀਭੀਤ ਦਾ ਐੱਸ. ਪੀ ਅਵਿਨਾਸ਼ ਪਾਂਡੇ ਭਾਜਪਾ ਦੇ ਬਦਨਾਮ ਅਤੇ ਸਿੱਖ ਵਿਰੋਧੀ ਮੰਤਰੀ ਚੌਧਰੀ ਅਜੈ ਮਿਸ਼ਰਾ ਦਾ ਸਕਾ ਜਵਾਈ ਹੈ।ਇਥੇ ਦੱਸਣਾ ਬਣਦਾ ਹੈ ਕਿ ਅਜੈ ਮਿਸ਼ਰਾ ਦੇ ਬੇਟੇ ਅਤੇ ਐਸ ਪੀ ਅਵਿਨਾਸ਼ ਪਾਂਡੇ ਦੇ ਸਾਲੇ ਚੌਧਰੀ ਅਸ਼ੀਸ਼ ਮਿਸ਼ਰਾ ਨੇ ਦੋ ਸਾਲ ਪਹਿਲਾਂ ਜ਼ਿਲ੍ਹਾ ਲਖੀਮਪੁਰ ਖੀਰੀ ਵਿੱਚ ਆਪਣੀ ਗੱਡੀ ਹੇਠ ਦਰੜ ਕੇ ਅੱਧੀ ਦਰਜ਼ਨ ਸਿੱਖ ਕਿਸਾਨਾਂ ਦਾ ਕਤਲ ਕਰ ਦਿੱਤਾ ਸੀ।ਅਤੇ ਅੱਧੀ ਦਰਜ਼ਨ ਹੋਰ ਕਿਸਾਨਾਂ ਨੂੰ ਸਖ਼ਤ ਜ਼ਖ਼ਮੀ ਕਰਕੇ ਅਪਾਹਜ਼ ਕਰ ਦਿੱਤਾ ਸੀ।ਉਹ ਸਿੱਖ ਕਿਸਾਨ ਇੱਕ ਸ਼ਾਂਤਮਈ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਸੀ।ਉਹ ਕਿਸਾਨ ਜਦੋਂ ਸਥਾਨਕ ਕਸਬਾ ਤਕੋਣੀਆਂ ਵਿੱਚ ਪਹੁੰਚੇ ਤਾਂ ਇਲਾਕੇ ਦੇ ਬਦਨਾਮ ਗੁੰਡੇ ਅਤੇ ਭਾਜਪਾ ਦੀ ਸਿਆਸੀ ਸਰਪ੍ਰਸਤੀ ਪ੍ਰਾਪਤ ਅਸ਼ੀਸ ਮਿਸ਼ਰਾ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪਿੱਛੋਂ ਲਿਆ ਕੇ ਆਪਣੀ ਗੱਡੀ ਉਨ੍ਹਾਂ ਨੌਜਵਾਨ ਸਿੱਖ ਕਿਸਾਨਾਂ ਉਤੇ ਚੜਾਕੇ ਕਤਲੇਆਮ ਕਰ ਦਿੱਤਾ ਸੀ। ਦੂਜੇ ਪਾਸੇ ਗੁਰਦਾਸਪੁਰ ਦਾ ਨਵ ਨਿਯੁਕਤ ਡੀ.ਆਈ.ਜੀ ਸਤਿੰਦਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਵਪਰਵਾਨਿਤ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਸਮੇਤ ਅਣਗਿਣਤ ਸਿੱਖ ਨੌਜਵਾਨਾਂ ਦੇ ਕਾਤਲ ਬੁੱਚੜ ਸਵਰਨੇ ਘੋਟਣੇ ਦਾ ਮੁੰਡਾ ਹੈ । ਸਿੱਖ ਦੁਸ਼ਮਣ ਸਰਕਾਰਾਂ ਜਾਣਬੁੱਝ ਸਿੱਖਾਂ ਦੇ ਕਾਤਲਾਂ ਦੇ ਪਰਿਵਾਰਕ ਮੈਂਬਰਾਂ ਨੂੰ ਉੱਚ ਅਹੁਦਿਆਂ ਤੇ ਨਿਯੁਕਤ ਕਰ ਰਹੀਆਂ ਹਨ । ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਤਿੰਦਰ ਸਿੰਘ ਡੀ.ਆਈ.ਜੀ ਗੁਰਦਾਸਪੁਰ ਨੂੰ ਇਹਨਾਂ ਤਿੰਨ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਮੁੱਖ ਦੋਸ਼ੀ ਕਰਾਰ ਦਿੱਤਾ ਗਿਆ ਹੈ।











Comments (0)